ਪਰਗਟ ਫਿਰ ਪਰਗਟ ਨਿਕਲਿਆ - ਪ੍ਰਿੰ. ਸਰਵਣ ਸਿੰਘ
2016 ਵਿਚ ਬਾਦਲ ਨੇ ਪਰਗਟ ਸਿੰਘ ਨੂੰ ਮੁੱਖ ਸੰਸਦੀ ਸਕੱਤਰ ਬਣਾਉਣ ਦਾ ਚੋਗਾ ਪਾਇਆ ਗਿਆ ਸੀ ਜੋ ਉਸ ਨੇ ਨਹੀਂ ਸੀ ਚੁਗਿਆ। ਉਦੋਂ ਦੋਸਤਾਂ ਮਿੱਤਰਾਂ ਨੇ ਉਹਨੂੰ ਸੁਚੇਤ ਕਰਦਿਆਂ ਕਿਹਾ ਸੀ, ਪਰਗਟ, ਤੂੰ ਪਰਗਟ ਈ ਰਹੀਂ! ਬਾਦਲ ਸਰਕਾਰ ਵੇਲੇ ਪਰਗਟ, ਪਰਗਟ ਹੀ ਰਿਹਾ! ਹੁਣ ਪਰਗਟ ਫਿਰ ਉਹੀ ਪੁਰਾਣਾ ਪਰਗਟ ਨਿਕਲਿਆ। ਕੈਪਟਨ ਦਾ ਪਾਇਆ ਚੋਗਾ ਵੀ ਉਸ ਨੇ ਨਹੀਂ ਚੁਗਿਆ ਤੇ ਕੈਪਟਨ ਦੇ ਜਾਲ ਵਿਚ ਨਹੀਂ ਫਸਿਆ। ਕਦੇ ਬਾਦਲ ਦਲ ਨੇ ਉਸ ਨੂੰ ਬਿਨਾਂ ਵਜ੍ਹਾ ਪਾਰਟੀ 'ਚੋਂ ਕੱਢ ਦਿੱਤਾ ਸੀ। ਕੱਢੇਗਾ ਕਿਸੇ ਦਿਨ ਕੈਪਟਨ ਵੀ ਕਿਉਂਕਿ ਖਰੇ ਬੰਦੇ ਨਹੀਂ ਚਾਹੀਦੇ ਇਨ੍ਹਾਂ ਭੱਦਰ ਪੁਰਸ਼ਾਂ ਨੂੰ। ਸੰਭਵ ਹੈ ਕੈਪਟਨ ਦੇ ਕੱਢਣ ਤੋਂ ਪਹਿਲਾਂ ਹੀ ਪਰਗਟ ਸਿੰਘ, ਨਵਜੋਤ ਸਿੰਘ ਸਿੱਧੂ ਵਾਂਗ ਕਿਨਾਰਾ ਕਰ ਲਵੇ।
ਤਿੰਨ ਸਾਲ ਪਹਿਲਾਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇਣ ਵਾਲੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਤੇ ਬੈਂਸ ਭਰਾਵਾਂ ਨੇ ਪੰਜਾਬ ਮੋਰਚੇ ਦੀ ਨੀਂਹ ਰੱਖੀ ਸੀ ਜਿਸ ਉਤੇ ਕੋਈ ਉਸਾਰੀ ਨਾ ਹੋ ਸਕੀ। ਸਗੋਂ ਨੀਹਾਂ ਹੀ ਪੂਰ ਦਿੱਤੀਆਂ ਗਈਆਂ ਅਤੇ ਬੈਂਸ ਭਰਾਵਾਂ ਨੇ ਲੋਕ ਇਨਸਾਫ਼ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਸੀ ਜੋ ਬਾਅਦ ਵਿਚ ਟੁੱਟ ਗਿਆ।
ਉਦੋਂ ਨਵਜੋਤ ਸਿੱਧੂ ਤੇ ਪਰਗਟ ਕਾਫੀ ਦੇਰ ਦਲੀਲਾਂ ਵਿਚ ਪਏ ਰਹੇ ਸਨ ਪਈ ਆਪ ਤੇ ਕਾਂਗਰਸ ਦੀਆਂ ਟੀਮਾਂ 'ਚੋਂ ਕੀਹਦੇ ਵੱਲੋਂ ਖੇਡੀਏ? ਟੀਮ ਦਾ ਕਪਤਾਨ/ਉਪ ਕਪਤਾਨ ਬਣਾਉਣ ਦੀ ਗੱਲ ਚਲਦੀ ਰਹੀ। ਜਿਵੇਂ ਅੱਜ ਕੱਲ੍ਹ ਲੀਗਾਂ ਲਈ ਕ੍ਰਿਕਟ ਤੇ ਹਾਕੀ ਦੇ ਖਿਡਾਰੀ ਖਰੀਦੇ ਜਾਂਦੇ ਹਨ ਉਵੇਂ ਨਵਜੋਤ ਤੇ ਪਰਗਟ ਵੀ ਬਿਨਾਂ ਖਰੀਦੇ ਕਾਂਗਰਸ ਦੀ ਟੀਮ ਵਿਚ ਪਾ ਲਏ ਗਏ। ਫਿਰ ਉਨ੍ਹਾਂ ਨੇ ਉਹੀ ਕਰ ਵਿਖਾਇਆ ਜਿਸ ਦੀ ਆਸ ਰੱਖੀ ਸੀ। ਨਵਜੋਤ ਦੇ ਚੌਕੇ ਛੱਕੇ ਤੇ ਪਰਗਟ ਦੇ ਪੈਨਲਟੀ ਕਾਰਨਰਾਂ ਨੇ ਕਾਂਗਰਸ ਦੀ ਟੀਮ ਨੂੰ ਤਕੜੀ ਜਿੱਤ ਦਿਵਾਈ। ਫਿਰ ਜੋ ਇਨਾਮ ਮਿਲਿਆ ਉਹ ਸਭ ਦੇ ਸਾਹਮਣੇ ਹੈ!
ਪਰਗਟ ਨੇ ਹਾਕੀ ਦੇ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ 'ਚੋਂ 168 ਮੈਚਾਂ ਵਿਚ ਉਹ ਭਾਰਤੀ ਟੀਮਾਂ ਦਾ ਕਪਤਾਨ ਬਣਿਆ। ਉਹ ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਵੀ ਕਪਤਾਨ ਰਿਹਾ। ਉਹ ਅਰਜਨਾ ਅਵਾਰਡੀ ਅਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ ਹੋਇਐ। ਉਹ ਪੰਜਾਬ ਦਾ ਸਪੋਰਟਸ ਡਾਇਰੈਕਟਰ ਵੀ ਰਿਹਾ ਅਤੇ ਲਗਾਤਾਰ ਹਾਕੀ ਦੀ ਖੇਡ ਨਾਲ ਜੁੜਿਆ ਆ ਰਿਹੈ। ਨਵਜੋਤ ਦੀਆਂ ਖੇਡ ਪ੍ਰਾਪਤੀਆਂ ਵੀ ਬਥੇਰੀਆਂ ਹਨ।
ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2012 ਵਿਚ ਜਲੰਧਰ ਛਾਉਣੀ ਦੀ ਸੀਟ ਜਿੱਤਣ ਲਈ ਹੀ ਉਹਤੋਂ ਖੇਡਾਂ ਦੀ ਡਾਇਰੈਕਟਰੀ ਛੁਡਾਈ ਸੀ। ਉਦੋਂ ਉਹ ਈਮਾਨਦਾਰੀ ਨਾਲ ਖੇਡਾਂ ਦੀ ਸੇਵਾ ਕਰ ਰਿਹਾ ਸੀ ਪਰ ਉਸ ਨੂੰ ਸਿਆਸਤ ਵਿਚ ਆਉਣ ਲਈ ਮਜਬੂਰ ਕੀਤਾ ਗਿਆ। ਜਲੰਧਰ ਛਾਉਣੀ ਦੀ ਸੀਟ ਕਾਂਗਰਸ ਦੀ ਪੱਕੀ ਸੀਟ ਸਮਝੀ ਜਾਂਦੀ ਸੀ। ਉਦੋਂ ਪਰਗਟ ਵਰਗਾ ਹਰਮਨ ਪਿਆਰਾ ਖਿਡਾਰੀ ਹੀ ਇਹ ਸੀਟ ਅਕਾਲੀ ਦਲ ਨੂੰ ਜਿਤਾ ਸਕਦਾ ਸੀ। ਜਿਹੜੇ ਕਹਿੰਦੇ ਸਨ ਕਿ ਅਕਾਲੀ ਦਲ ਨੇ ਪਰਗਟ ਨੂੰ ਟਿਕਟ ਦੇ ਕੇ ਅਹਿਸਾਨ ਕੀਤਾ ਸੀ ਉਨ੍ਹਾਂ ਨੂੰ ਅਗਲੀ ਚੋਣ ਵਿਚ ਪਤਾ ਲੱਗ ਗਿਆ ਕਿ ਡਾਇਰੈਕਟਰੀ ਤਿਆਗ ਕੇ ਉਲਟਾ ਪਰਗਟ ਸਿੰਘ ਨੇ ਅਕਾਲੀ ਦਲ 'ਤੇ ਅਹਿਸਾਨ ਕੀਤਾ ਸੀ।
5 ਮਾਰਚ 1965 ਨੂੰ ਪਿੰਡ ਮਿੱਠਾਪੁਰ ਵਿਚ ਉਹਦਾ ਜਨਮ ਹੋਇਆ। 2005 ਵਿਚ ਉਹ ਪੁਲਿਸ ਕਪਤਾਨੀ ਛੱਡ ਕੇ ਪੰਜਾਬ ਦਾ ਖੇਡ ਡਾਇਰੈਕਟਰ ਬਣਿਆ। ਪੁਲਿਸ ਵਿਚ ਰਹਿੰਦਾ ਤਾਂ ਹੁਣ ਨੂੰ ਆਈ ਜੀ ਦੇ ਅਹੁਦੇ ਤਕ ਪੁੱਜਾ ਹੁੰਦਾ। 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਹੋਇਆ ਤਾਂ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਉਦੋਂ ਮੈਂ ਉਸ ਨੂੰ ਨੇੜਿਓਂ ਜਾਣਿਆਂ। ਉਹ ਡਿਸਿਪਲਿਨ ਦਾ ਪੱਕਾ ਸੀ। ਕਬੱਡੀ ਦਾ ਸੁਧਾਰ ਕਰਨ ਲਈ ਉਸ ਨੇ ਖਿਡਾਰੀਆਂ ਦੇ ਸਹੀ ਡੋਪ ਟੈੱਸਟ ਕਰਾਉਣ ਦੀ ਸਲਾਹੁਣਯੋਗ ਭੂਮਿਕਾ ਨਿਭਾਈ। ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਭਗਵੰਤ ਮਾਨ ਤੋਂ ਲੈ ਕੇ ਨਵਜੋਤ ਸਿੱਧੂ ਤਕ ਸਾਰੇ ਹੀ ਪਰਗਟ ਸਿੰਘ ਦੀ ਕਦਰ ਕਰਦੇ ਹਨ।
ਕੈਸੀ ਵਿਡੰਬਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਐੱਮ. ਐਲ. ਏ. ਬਣੇ ਪਰਗਟ ਸਿੰਘ ਤੋਂ ਖੇਡਾਂ ਦਾ ਕੋਈ ਕੰਮ ਨਹੀਂ ਸੀ ਲਿਆ ਜਿਸ ਵਿਚ ਉਹ ਮਾਹਿਰ ਸੀ। ਹੁਣ ਕੈਪਟਨ ਸਰਕਾਰ ਨੇ ਵੀ ਉਸ ਤੋਂ ਖੇਡਾਂ ਦਾ ਕੋਈ ਕੰਮ ਲਿਆ। ਖੇਡ ਪ੍ਰੇਮੀਆਂ ਨੂੰ ਆਸ ਸੀ ਕਿ ਉਸ ਨੂੰ ਪੰਜਾਬ ਵਿਚ ਖੇਡਾਂ ਦਾ ਪੱਧਰ ਉਪਰ ਚੁੱਕਣ ਲਈ ਕੋਈ ਵਿਸ਼ੇਸ਼ ਜ਼ਿੰਮੇਵਾਰੀ ਦਿੱਤੀ ਜਾਵੇਗੀ ਜੋ ਬਿਲਕੁਲ ਨਹੀਂ ਦਿੱਤੀ ਗਈ। ਸਗੋਂ ਪਰਗਟ ਨੇ ਖੇਡ ਡਾਇਰੈਕਟਰ ਹੁੰਦਿਆਂ ਜਿੰਨੀ ਕੁ ਜਾਨ ਖੇਡ ਵਿਭਾਗ ਵਿਚ ਪਾਈ ਸੀ ਉਹ ਵੀ ਕੱਢ ਲਈ ਗਈ। ਖੇਡ ਵਿਭਾਗ ਨੂੰ ਸਸਤੀ ਸਿਆਸੀ ਸ਼ੁਹਰਤ ਲਈ ਲੋਕ ਸੰਪਰਕ ਵਿਭਾਗ ਹੀ ਬਣਾ ਲਿਆ ਗਿਆ।
ਸਿਆਸਤ ਵਿਚ ਭਾਵੇਂ ਉਹਨੂੰ ਮਜਬੂਰੀ ਬਸ ਲਿਆਂਦਾ ਗਿਆ ਸੀ ਪਰ ਸਮੇਂ ਨਾਲ ਉਹ ਸਿਆਸਤ ਦਾ ਵੀ ਤਕੜਾ ਖਿਡਾਰੀ ਬਣ ਗਿਆ। ਜਲੰਧਰ ਛਾਉਣੀ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤਿਆ। ਅਕਾਲੀ ਦਲ ਦੇ ਚੌਧਰੀ, ਨੌਜੁਆਨਾਂ ਨੂੰ ਨਸ਼ੇ ਛੁਡਾ ਕੇ ਵਧੀਆ ਖਿਡਾਰੀ ਬਣਾਉਣ ਦਾ ਉਹਤੋ ਕੋਈ ਕੰਮ ਨਹੀਂ ਸੀ ਲੈ ਸਕੇ। ਹੁਣ ਕਾਂਗਰਸ ਵਾਲੇ ਵੀ ਉਸੇ ਰਾਹ ਤੁਰੇ ਹੋਏ ਹਨ। ਪਰਗਟ ਨੂੰ ਕੋਈ ਅਜਿਹੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਜਿਸ ਨਾਲ ਪੰਜਾਬ ਦੀ ਜੁਆਨੀ ਮੁੜ ਭਾਰਤ ਦੇ ਖੇਡ ਨਕਸ਼ੇ ਉਤੇ ਛਾ ਜਾਂਦੀ। ਹਾਲ ਦੀ ਘੜੀ ਤਾਂ ਹਰਿਆਣਾ ਹੀ ਖੇਡਾਂ ਵਿਚ ਪੰਜਾਬ ਨੂੰ ਅੱਗੇ ਨਹੀਂ ਲੰਘਣ ਦੇ ਰਿਹਾ। ਨਸ਼ਿਆਂ ਦੇ ਖ਼ਾਤਮੇ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਚੰਗੀ ਸਿੱਖਿਆ ਤੇ ਚੰਗੀਆਂ ਸਿਹਤ ਸਹੂਲਤਾਂ ਦੇ ਨਾਲ ਖੇਡਾਂ ਦੀ ਵੀ ਬੜੀ ਅਹਿਮੀਅਤ ਹੈ। ਕੈਪਟਨ ਸਰਕਾਰ ਪਰਗਟ ਸਿੰਘ ਨੂੰ ਖੇਡ ਮੰਤਰੀ ਬਣਾਉਣ ਦੀ ਥਾਂ ਅਕਾਲੀ ਦਲ ਵਾਂਗ ਹੀ ਟਰਕਾਉਂਦੀ ਰਹੀ ਆ ਰਹੀ ਹੈ। ਹੁਣ ਸਲਾਹਕਾਰ ਬਣਨ ਦਾ ਚੋਗਾ ਪਾ ਕੇ ਫਾਹੁਣ ਲੱਗੀ ਸੀ ਪਰ ਪਰਗਟ ਨਹੀਂ ਫਾਹਿਆ ਗਿਆ। ਜਿਨ੍ਹਾਂ ਨੇ ਫਸਣਾ ਸੀ ਫਸ ਗਏ ਜਿਸ ਦਾ ਪਤਾ ਅਗਲੀਆਂ ਚੋਣਾਂ ਵੇਲੇ ਲੱਗੇਗਾ। ਕਦੇ ਅਸੀਂ ਕਿਹਾ ਸੀ, 'ਪਰਗਟ, ਤੂੰ ਪਰਗਟ ਹੀ ਰਹੀਂ'। ਫਿਰ ਕਿਹਾ, 'ਪਰਗਟ, ਤੂੰ ਪਰਗਟ ਹੀ ਰਿਹਾ'! ਹੁਣ ਕਹਿੰਦੇ ਹਾਂ, 'ਪਰਗਟ ਫਿਰ ਪਰਗਟ ਨਿਕਲਿਆ'!