19 ਸਤੰਬਰ 2019 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂਤਾ-ਗੱਦੀ ਦਿਵਸ ਤੇ ਵਿਸ਼ੇਸ਼ - ਡਾ. ਜਸਵਿੰਦਰ ਸਿੰਘ
ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਦਾ ਸਫਰ
ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਧਰਮ ਨੂੰ ਸਥਿਰਤਾ ਦੇਣ ਤੇ ਸਿੱਖੀ ਮਹਿਲ ਨੂੰ ਅੱਗੇ ਤੋਰਨ ਲਈ ਗੁਰੂ ਅੰਗਦ ਦੇਵ ਜੀ ਨੇ ਅਹਿਮ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਦਾ ਜਨਮ ਬਾਬਾ ਫੇਰੂਮਲ ਜੀ ਦੇ ਘਰ ਮੱਤੇ ਦੀ ਸਰਾਂ (ਜ਼ਿਲਾ ਮੁਕਤਸਰ) ਵਿਖੇ 31 ਮਾਰਚ, 1504 ਈ: ਨੂੰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ 'ਲਹਿਣਾ' ਸੀ।ਸਿੱਖ ਧਰਮ ਦੀ ਸਦੀਵੀ ਹੋਂਦ ਬਰਕਰਾਰ ਰੱਖਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਰ-ਦ੍ਰਿਸਟੀ ਤੇ ਦਾਨਸ਼ਮੰਦੀ ਨਾਲ ਗੁਰੂ-ਚੇਲੇ ਦੀ ਰੀਤ ਚਲਾ ਕੇ ਭਾਈ ਲਹਿਣੇ ਨੂੰ ਦੂਜੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸਥਾਪਤ ਕੀਤਾ।ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 62 ਸਲੋਕਾਂ ਦੇ ਰੂਪ ਵਿੱਚ ਮਿਲਦੀ ਹੈ। ਅੰਗਦ ਦਾ ਸ਼ਾਬਦਿਕ ਅਰਥ ਹੈ: ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸ਼ਣ, ਭੁਜਬੰਦ, ਬਾਜੂਬੰਦ ਆਦਿ। ਟਰੰਪ ਦੇ ਸ਼ਬਦਾਂ ਵਿਚ ਸਭ ਕੁਝ ਖਿਲਰ-ਪੁਲਰ ਤੇ ਉੱਡ-ਪੁਡ ਜਾਂਦਾ ਜੇ ਗੁਰੂ ਨਾਨਕ ਸਾਹਿਬ ਆਪਣੀ ਥਾਂ ਗੁਰੂ ਅੰਗਦ ਨੂੰ ਨਾ ਬਿਠਾਲਦੇ। ਗੋਕਲ ਚੰਦ ਨਾਰੰਗ ਦਾ ਕਹਿਣਾ ਹੈ ਕਿ ਜੇਕਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੂੰ ਗੁਰੂਤਾ-ਗੱਦੀ ਦੀ ਬਖਸ਼ਿਸ਼ ਨਾ ਕਰਦੇ ਤਾਂ ਅੱਜ ਸਿੱਖ ਧਰਮ ਦਾ ਨਾਮੋ-ਨਿਸ਼ਾਨ ਵੀ ਨਾ ਹੁੰਦਾ।
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪੂਰੀ ਤਰ੍ਹਾਂ ਯੋਗ ਜਾਣ ਕੇ ਗੁਰੂ ਅੰਗਦ ਨਾਮ ਦੇ ਕੇ ਸਤੰਬਰ 1539 ਈ: ਵਿਚ ਪ੍ਰਮੁੱਖ ਸਿੱਖਾਂ ਦੀ ਮੌਜੂਦਗੀ ਵਿਚ ਆਪਣੀ ਥਾਂ ਤੇ ਪ੍ਰਚਾਰ ਕਰਨ ਦੇ ਲਈ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਤਖਤ। ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤੇ ਬਾਕੀ ਸੰਗਤਾਂ ਨੂੰ ਮੱਥਾ ਟੇਕਣ ਲਈ ਕਿਹਾ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਖਤ ਤੇ ਬਿਠਾ ਕੇ ਸਭ ਸੰਗਤਾਂ ਦੇ ਸਾਹਮਣੇ ਬਾਣੀ ਦੀ ਪੋਥੀ ਸੌਂਪ ਕੇ ਐਲਾਨ ਕੀਤਾ ''ਮੇਰੀ ਜਗ੍ਹਾ ਹੁਣ ਗੁਰੂ ਅੰਗਦ ਦੇਵ ਜੀ ਨੂੰ ਸਮਝਣਾ। ਇਹਨਾਂ ਦਾ ਦਰਸ਼ਨ ਮੇਰਾ ਦਰਸ਼ਨ, ਇਹਨਾਂ ਦਾ ਬਚਨ ਹੀ ਮੇਰਾ ਬਚਨ ਹੋਵੇਗਾ। ਗੁਰੂ ਨਾਨਕ ਦੇਵ ਜੀ ਨੇ ਮਾਰੂ ਸੋਲਹੇ ਵਿਚ ਕਿਹਾ ਹੈ ਕਿ ਉਸ ਤਖਤ ਤੇ ਉਹੀ ਬੈਠਦਾ ਹੈ ਜੋ ਉਸ ਦੇ ਲਾਇਕ ਹੁੰਦਾ ਹੈ। ਜਿਸ ਨੇ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਨੂੰ ਮੁਕਾ ਲਿਆ ਹੋਵੇ, ਉਸ ਨੂੰ ਹੀ ਤਖਤ ਦੀ ਪ੍ਰਾਪਤੀ ਹੁੰਦੀ ਹੈ।
ਤਖਤਿ ਬਹੈ ਤਖਤੈ ਕੀ ਲਾਇਕ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 1039
ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਆਪਣੇ ਹੱਥੀਂ ਗੱਦੀ ਨਸ਼ੀਨ ਕੀਤਾ। ਪਰਚੀਆਂ ਭਾਈ ਸੇਵਾ ਦਾਸ ਦੇ ਅਨੁਸਾਰ ''ਆਪ ਹੋਤੇ ਗੁਰਾਈ ਕੈ ਤਖਤ ਉਪਰ ਬੈਠਾਇਆ।'' ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ਗੁਰ-ਗੱਦੀ ਦੀ ਪਰੰਪਰਾ ਨੂੰ ਇਵੇਂ ਦਰਸਾਉਂਦੇ ਹਨ:
ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ ਸਰੂਪ ਬਣਾਇਆ॥
ਵਾਰਾਂ ਭਾਈ ਗੁਰਦਾਸ ਜੀ,ਵਾਰ 1 ਪਉੜੀ 45
ਗੁਰਗੱਦੀ ਉਪਰੰਤ ਗੁਰੂ ਅੰਗਦ ਦੇਵ ਜੀ ਦਾ ਜੱਸ ਸੱਤਾਂ ਦੀਪਾਂ ਵਿੱਚ ਫੈਲ ਗਿਆ। ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸ ਕੇ 'ਜਗਤ ਗੁਰੂ' ਬਣ ਗਏ। ਭੱਟ 'ਕਲਸਹਾਰ' ਦਾ ਫੁਰਮਾਨ ਹੈ:
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 1391
ਜਨਮਸਾਖੀ ਮਿਹਰਬਾਨ ਵਿਚ ਬਹੁਤ ਸਪਸ਼ਟ ਅੰਕਿਤ ਹੈ ''ਤਬ ਗੁਰੂ ਅੰਗਦ ਕਉ ਸ਼ਬਦ ਦੀ ਥਾਪਨਾ ਦੇ ਕੇ ਸੰਮਤ 1596, ਅੱਸੂ ਵਦੀ ਦਸਮੀ ਕਉ ਆਪ ਸਚਖੰਡ ਸਿਧਾਰੇ॥ਸਭ ਸੰਗਤਾਂ ਅਤੇ ਗੁਰੂ ਅੰਗਦ ਦੇਵ ਜੀ ਦੇ ਕਰਤਾਰਪੁਰ ਵਿਖੇ ਗੁਰੂ ਪੁੱਤਰਾਂ ਦੇ ਸਖਤ ਵਿਰੋਧ ਕਾਰਨ ਖਡੂਰ ਸਾਹਿਬ ਨੂੰ ਆਪਣਾ ਟਿਕਾਣਾ ਬਣਾਇਆ:
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 967
ਸਿੱਖ ਮੱਤ ਨੂੰ ਆਪ ਜੀ ਨੇ ਸ੍ਰੀ ਚੰਦ ਦੁਆਰਾ ਚਲਾਏ ਉਦਾਸੀ ਮੱਤ ਦੇ ਪ੍ਰਭਾਵ ਤੋਂ ਬਚਾਇਆ। ਪਹਿਲੇ ਪਾਤਸ਼ਾਹ ਦੇ ਬਖਸ਼ੇ ਗੁਰਮਤਿ ਮਾਰਗ ਦਾ ਬਹੁਤ ਸੁਚੱਜੇ ਢੰਗ ਨਾਲ ਪਾਸਾਰ ਕੀਤਾ। ਗੁਰੂ ਅੰਗਦ ਦੇਵ ਜੀ ਨੇ ਦੀਨ-ਦੁਖੀਆਂ ਦੀ ਸੇਵਾ, ਲੰਗਰ ਦੀ ਮਰਿਆਦਾ ਅਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਅਤੇ ਬਾਲ-ਬੋਧ ਤਿਆਰ ਕਰ ਕੇ ਬੱਚਿਆਂ ਵਿਚ ਵੰਡਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ''ਗੁਰਮੁਖੀ ਲਿਪੀ ਤੋਂ ਭਾਵ ਜੋ ਵਾਕ ਗੁਰਮੁਖਾਂ ਨੇ ਲਿਖੇ, ਜਿਸ ਕਾਰਨ ਇਸ ਦਾ ਨਾਉਂ 'ਗੁਰਮੁਖੀ' ਪ੍ਰਸਿੱਧ ਹੋਇਆ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪ੍ਰਸੰਗ ਨੂੰ ਸੰਭਾਲਣ ਲਈ ਜਨਮਸਾਖੀ ਪਰੰਪਰਾ ਪ੍ਰਚੱਲਿਤ ਹੋਈ। ਗੁਰਬਾਣੀ ਕੀਰਤਨ, ਸੰਗਤ, ਲੰਗਰ-ਪੰਗਤ ਦੀ ਜੁਗਤ ਦਾ ਪ੍ਰਚਾਰ ਕਰਕੇ ਮਾਨਵਵਾਦੀ ਫ਼ਲਸਫੇ ਨੂੰ ਉਤਸ਼ਾਹਿਤ ਕੀਤਾ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਸਮਾਜ ਵਿਚੋਂ ਖਤਮ ਕਰਨ ਲਈ ਯਤਨਸ਼ੀਲ ਹੋਏ। ਗੁਰਬਾਣੀ ਇਸ ਗੱਲ ਦੀ ਗਵਾਹ ਹੈ ਕਿ ਗੁਰੂ ਅੰਗਦ ਦੇਵ ਜੀ ਆਪ ਗੁਰ ਸ਼ਬਦ ਦੇ ਲੰਗਰ ਨੂੰ ਵਰਤਾਇਆ ਕਰਦੇ ਸਨ।ਜਿਸ ਦੇ ਸਬੰਧ ਵਿੱਚ ਭਾਈ ਸੱਤਾ ਤੇ ਬਲਵੰਡ ਰਾਮਕਲੀ ਕੀ ਵਾਰ ਵਿੱਚ ਜਿਕਰ ਕਰਦੇ ਹਨ:
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 967
ਗੁਰੂ ਨਾਨਕ ਦੇਵ ਜੀ ਨੇ 20 ਰੁਪੈ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਲੰਗਰ ਦੀ ਪ੍ਰਥਾ ਨੂੰ ਆਰੰਭ ਕਰ ਦਿੱਤਾ ਸੀ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਪਹੁੰਚ ਕਰਕੇ ਲੰਗਰ ਦੀ ਪ੍ਰਥਾ ਦਾ ਵਿਕਾਸ ਕੀਤਾ। ਜਿਸ ਵਿੱਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ। ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
ਸਮਾਜ ਨੂੰ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਕਰਨ ਲਈ ਖੇਡਾਂ ਅਤੇ ਮੱਲਾਂ ਦੇ ਅਖਾੜਿਆਂ ਦਾ ਵਿਕਾਸ ਕੀਤਾ। ਗੁਰੂ ਜੀ ਦੁਆਰਾ ਪੈਦਾ ਕੀਤੀ ਗਈ ਨਰੋਈ ਦੇਹ ਵਿੱਚੋਂ ਹੀ ਇੱਕ ਵਿਲੱਖਣ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫੌਜ ਦੇ ਵਿਲੱਖਣ ਕਾਰਨਾਮਿਆਂ ਦਾ ਅਧਾਰ ਬਣਿਆ।
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 1280
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰਿਆਈ ਦੀ ਜ਼ਿੰਮੇਵਾਰੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਸੀ। ਇਸ ਜ਼ਿੰਮੇਵਾਰੀ ਦਾ ਮੰਤਵ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਿਖਾਰਨਾ, ਪ੍ਰਚਾਰਨਾ, ਮਨੁੱਖੀ ਭਾਈਚਾਰੇ ਵਿਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਾਰੀ ਕਰਨਾ, ਇਸੇ ਹੀ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਉਣਾ ਆਦਿ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ ਤੇਰਾਂ ਸਾਲ (ਸਤੰਬਰ 1539-1552) ਦੇ ਗੁਰਿਆਈ ਕਾਲ ਸਮੇਂ ਹਰੇਕ ਉਪਦੇਸ਼ ਅਤੇ ਹਰੇਕ ਕਾਰਜ ਵਿਚ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਿਆ।
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ, ਸਿੰਘਾਪੁਰ
ਮੋਬਾਇਲ ਨੰ. +65 98951996