...ਹੁਣ ਤਾਂ ਗਲਾਂ ਹੀ ਰਹਿ ਗਈਆਂ ਨੇ ਆਤਮ-ਸਨਮਾਨ ਦੀਆਂ? - ਜਸਵੰਤ ਸਿੰਘ 'ਅਜੀਤ'

ਅੱਜ ਦੀ ਸਿੱਖ ਰਾਜਨੀਤੀ ਪੁਰ ਚਰਚਾ ਅਰੰਭ ਕਰਨ ਤੋਂ ਪਹਿਲਾਂ ਸਿੱਖ ਇਤਿਹਾਸ ਵਿਚਲੇ ਕੁਝ ਅਜਿਹੇ ਤੱਥ ਪੇਸ਼ ਕਰਨਾ ਬਹੁਤ ਹੀ ਜ਼ਰੂਰੀ ਜਾਪਦਾ ਹੈ, ਜੋ ਅੱਗੇ ਕੀਤੀ ਜਾਣ ਵਾਲੀ ਚਰਚਾ ਲਈ ਬਹੁਤ ਹੀ ਉਪਯੋਗੀ, ਸਾਰਥਕ ਤੇ ਮਹਤੱਵਪੂਰਣ ਹੋ ਸਕਦੇ ਹਨ। ਸਿੱਖ ਇਤਿਹਾਸ ਅਨੁਸਾਰ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖਤ ਦੀ ਸਿਰਜਨਾ ਕੀਤੀ, ਜਿਥੋਂ ਸਿੱਖਾਂ ਨੂੰ ਆਪਣੇ ਆਤਮ-ਸਨਮਾਨ ਦੀ ਰਖਿਆ, ਜਬਰ-ਜ਼ੁਲਮ ਅਤੇ ਅਨਿਆਇ ਦੇ ਨਾਸ ਲਈ ਜੂਝ ਮਰਨ ਦਾ ਆਤਮ-ਵਿਸ਼ਵਾਸ ਪ੍ਰਾਪਤ ਹੋਇਆ ਕਰਦਾ ਸੀ। ਉਸੇ ਆਤਮ-ਵਿਸ਼ਵਾਸ ਦੇ ਬਲਬੂਤੇ ਹੀ ਉਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਅਗਵਾਈ ਵਿੱਚ ਹਰ ਉਸ ਹਮਲੇ ਦਾ ਜਵਾਬ ਦ੍ਰਿੜ੍ਹਤਾ ਨਾਲ ਦੇ ਜਿੱਤ ਹਾਸਲ ਕੀਤੀ, ਜੋ ਸਮੇਂ ਦੇ ਹਾਕਮਾਂ ਵਲੋਂ ਉਨ੍ਹਾਂ ਨੂੰ ਦਬਾ ਅਤੇ ਕੁਚਲ ਦੇਣ ਦੇ ਉਦੇਸ਼ ਨਾਲ, ਉਨ੍ਹਾਂ ਪੁਰ ਕੀਤਾ ਗਿਆ। ਇਸੇ ਤਰ੍ਹਾਂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਂਟ ਕਰਨ ਦੀ ਮੰਗ ਕਰਦਿਆਂ, ਉਸੇ ਆਤਮ-ਵਿਸ਼ਵਾਸ ਦੀ ਪ੍ਰੀਖਿਆ ਲੈ, ਅਜਿਹੇ 'ਖਾਲਸਾ' ਰੂਪੀ 'ਸੰਤ-ਸਿਪਾਹੀ' ਦੀ ਸਿਰਜਨਾ ਕੀਤੀ, ਜਿਸਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਆਤਮ-ਸਨਮਾਨ, ਗਰੀਬ-ਮਜ਼ਲੂਮ ਤੇ ਇਨਸਾਫ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ ਕਰਨ ਲਈ ਸਦੀਵੀ ਸੰਘਰਸ਼ ਜਾਰੀ ਰਖਣ ਦੇ ਅਪਨਾਏ ਸੰਕਲਪ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ। ਉਨ੍ਹਾਂ ਦੇ ਇਸੇ ਸੰਕਲਪ ਨਾਲ ਮਜ਼ਬੂਤੀ ਨਾਲ ਖੜੇ ਰਹਿਣ ਨੂੰ ਸਮੇਂ ਦੀਆਂ ਹਕੂਮਤਾਂ ਅਤੇ ਹੁਕਮਰਾਨ ਬਰਦਾਸ਼ਤ ਨਾ ਕਰ ਸਕੇ। ਉਨ੍ਹਾਂ ਵਲੋਂ ਉਨ੍ਹਾਂ (ਸਿੱਖਾਂ) ਦਾ ਖੁਰਾ-ਖੋਜ ਮਿਟਾਣ ਲਈ ਸ਼ਿਕਾਰ ਮੁਹਿੰਮਾਂ ਚਲਾਈਆਂ ਗਈਆਂ, ਉਨ੍ਹਾਂ ਦੇ ਸਿਰਾਂ ਦੇ ਮੁੱਲ ਮੁਕਰੱਰ ਕੀਤੇ ਗਏ, ਇਸਤੋਂ ਇਲਾਵਾ ਸ਼ਾਇਦ ਕੋਈ ਅਜਿਹਾ ਜ਼ੁਲਮ ਬਾਕੀ ਰਹਿ ਗਿਆ ਹੋਵੇ, ਜੋ ਸਿੱਖਾਂ ਪੁਰ ਅਜ਼ਮਾਇਆ ਨਹੀਂ ਸੀ ਗਿਆ। ਇਸ ਸਭ-ਕੁਝ ਦੇ ਬਾਵਜੂਦ ਸਿੱਖ ਆਪਣੇ ਆਦਰਸ਼ ਅਤੇ ਉਦੇਸ਼ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਰਹੇ, ਭਾਵੇਂ ਇਸ ਸਭ-ਕੁਝ ਦੇ ਚਲਦਿਆਂ ਉਨ੍ਹਾਂ ਨੂੰ ਅੰਤਹੀਨ ਸ਼ਹੀਦੀਆਂ ਵੀ ਦੇਣੀਆਂ ਪਈਆਂ।
ਜਦੋਂ ਇਸੇ ਆਦਰਸ਼ ਅਤੇ ਉਦੇਸ਼ ਦੀ ਰੋਸ਼ਨੀ ਵਿੱਚ ਅੱਜ ਦੀ ਗਲ ਕਰਦੇ ਹਾਂ, ਤਾਂ ਵੇਖਣ ਨੂੰ ਮਿਲਦਾ ਹੈ ਕਿ ਸਿੱਖਾਂ ਦੀ ਪ੍ਰਤੀਨਿਧਤਾ ਦਾ ਦਾਅਵਾ ਕਰਨ ਵਾਲੀਆਂ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਮੁੱਖੀ ਸਿੱਖਾਂ ਦੀ ਅਲਗ ਪਛਾਣ ਅਤੇ ਸਿੱਖੀ ਦੀ ਸੁਤੰਤਰ ਹੋਂਦ ਦੀ ਰਖਿਆ ਕਰਨ ਦੇ ਪ੍ਰਤੀ ਵਚਨਬੱਧ ਬਣੇ ਰਹਿਣ ਦਾ ਦਾਅਵਾ ਕਰਦਿਆਂ ਸਿੱਖਾਂ ਵਿੱਚ ਇਹ ਅਹਿਸਾਸ ਪੈਦਾ ਕੀਤੀ ਰਖਣਾ ਚਾਹੁੰਦੇ ਹਨ ਕਿ ਉਹ ਉਨ੍ਹਾਂ ਦੇ ਆਤਮ-ਵਿਸ਼ਵਾਸ ਅਤੇ ਆਤਮ-ਸਨਮਾਨ ਨੂੰ ਕਾਇਮ ਰਖੀ ਰਹਿਣ ਪ੍ਰਤੀ ਦ੍ਰਿੜ੍ਹ ਹਨ। ਪ੍ਰੰਤੂ ਜਦੋਂ ਉਨ੍ਹਾਂ ਦੇ ਦਾਅਵੇ ਨੂੰ ਉਨ੍ਹਾਂ ਵਲੋਂ ਹੀ ਅਪਨਾਈ ਰਣਨੀਤੀ ਅਤੇ ਕਾਰਜ-ਪ੍ਰਣਾਲੀ ਦੀ ਘੋਖ ਕਰਦੇ ਹਾਂ ਤਾਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ ਵਿਚੋਂ ਕਿਸੇ ਨੇ ਕਾਂਗ੍ਰਸ ਦਾ ਹੱਥ ਫੜਿਆ ਹੋਇਆ ਹੈ ਤੇ ਕੋਈ ਭਾਜਪਾ ਦੀ ਝੋਲੀ ਵਿੱਚ ਦੁਬਕਿਆ ਬੈਠਾ ਹੈ, ਕੋਈ ਖਾਲਿਸਤਾਨ ਦੇ ਨਾਹਰੇ ਲਾ ਸਿੱਖਾਂ ਦਾ ਭਾਵਨਾਤਮਕ ਸ਼ੋਸ਼ਣ ਕਰਨ ਵਿੱਚ ਜੁਟਿਆ ਚਲਿਆ ਆ ਰਿਹਾ ਹੈ। ਕੁਝ ਅਜਿਹੇ ਛੋਟੇ-ਮੋਟੇ ਦਲ ਵੀ ਹਨ, ਜਿਨ੍ਹਾਂ ਦੀ ਪੂਰੀ ਟੀਮ ਇੱਕ 'ਬਾਈਕ' ਜਾਂ 'ਕਾਰ' ਵਿੱਚ ਸਿਮਟ ਕੇ ਰਹਿ ਜਾਂਦੀ ਹੈ। ਉਨ੍ਹਾਂ ਨੇ ਤਾਂ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਨਾਂ 'ਤੇ ਦੁਕਾਨਾਂ ਖੋਲ੍ਹ, ਉਸੇ ਨੂੰ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਬਣਾ ਰਖਿਆ ਹੈ।
ਜਦੋਂ ਇਨ੍ਹਾਂ ਸਾਰੀਆਂ ਜੱਥੇਬੰਦੀਆਂ ਦੀ ਕਾਰਗੁਜ਼ਾਰੀ ਪੁਰ ਨਜ਼ਰ ਮਾਰੀ ਜਾਂਦੀ ਹੈ ਤਾਂ ਸਹਿਜੇ ਹੀ ਦਿਲ ਵਿੱਚ ਇਹ ਸੁਆਲ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਕੀ ਸਮਾਂ ਆਉਣ ਤੇ ਇਨ੍ਹਾਂ ਜੱਥੇਬੰਦੀਆਂ ਕੇ ਮੁੱਖੀ ਸਿੱਖਾਂ ਦੇ ਆਤਮ-ਸਨਮਾਨ ਦੇ ਨਾਲ ਉਨ੍ਹਾਂ ਦੇ ਧਰਮ (ਸਿੱਖੀ) ਦੀ ਸੁਤੰਤਰ ਹੋਂਦ ਅਤੇ ਉਨ੍ਹਾਂ ਦੀ ਅੱਡਰੀ ਪਛਾਣ ਨੂੰ ਕਾਇਮ ਰਖਣ ਪ੍ਰਤੀ ਈਮਾਨਦਾਰ ਰਹਿ ਸਕਣਗੇ? ਜਦੋਂ ਸਿੱਖ ਹਿਤਾਂ ਦੇ ਸੁਆਲ ਦੇ ਨਾਲ ਹੀ ਉਨ੍ਹਾਂ ਦੀ ਸਰਪ੍ਰਸਤ ਪਾਰਟੀ ਦੇ ਹਿਤਾਂ ਦੀ ਗਲ ਸਾਹਮਣੇ ਆ ਜਾਇਗੀ, ਤਾਂ ਕੀ ਉਹ ਆਪਣੀ ਸਰਪ੍ਰਸਤ ਪਾਰਟੀ ਨਾਲ ਖੜੇ ਰਹਿੰਦਿਆਂ ਉਸਦੇ ਹਿਤਾਂ ਲਈ, ਆਪਣੇ (ਸਿੱਖ) ਹਿਤਾਂ ਨੂੰ ਕੁਰਬਾਨ ਕਰਨ ਤੋਂ ਇਨਕਾਰ ਕਰ ਦੇਣ ਦੀ ਦਲੇਰੀ ਵਿਖਾ ਸਕਣਗੇ? ਇਹ ਕੁਝ ਅਜਿਹੇ ਸੁਆਲ ਹਨ ਜਿਨ੍ਹਾਂ ਦਾ ਜਵਾਬ ਦਿੰਦਿਆਂ, ਉਨ੍ਹਾਂ ਸਿੱਖ ਜੱਥੇਬੰਦੀਆਂ ਦੇ ਮੁੱਖੀ ਸ਼ਾਇਦ ਹੀ ਈਮਾਨਦਾਰ ਰਹਿ ਸਕਣ, ਜੋ ਨਿਜ ਸਵਾਰਥ ਦੇ ਅਧਾਰ 'ਤੇ ਇੱਕ ਜਾਂ ਦੂਸਰੀ ਰਾਜਸੀ ਪਾਰਟੀ ਦਾ ਹੱਥ ਫੜ ਅੱਗੇ ਵਧਣ ਦੀ ਦੌੜ ਵਿੱਚ ਜੁਟੇ ਚਲੇ ਆ ਰਹੇ ਹਨ।

ਜਦੋਂ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ: ਅੱਜ ਜਦੋਂ ਉਨ੍ਹਾਂ ਫਾਈਲਾਂ ਨੂੰ ਫੋਲਿਆ ਜਿਨ੍ਹਾਂ ਵਿੱਚ ਬੀਤੇ ਦੀਆਂ ਕਈ ਕੌੜੀਆਂ-ਮਿਠੀਆਂ ਯਾਦਾਂ ਦਫਨ ਚਲੀਆਂ ਆ ਰਹੀਆਂ ਹਨ, ਤਾਂ ਅਚਾਨਕ ਹੀ ਇਕ ਅਜਿਹੀ ਫਾਈਲ਼ ਸਾਹਮਣੇ ਆ ਗਈ, ਜਿਸ ਵਿੱਚ ਪੰਜ-ਕੁ ਵਰ੍ਹੇ ਪਹਿਲਾਂ, ਸੰਨ-1965 ਵਿੱਚ ਪਾਕਿਸਤਾਨ ਨਾਲ ਹੋਏ ਯੁੱਧ ਦੀ ਪੰਜਾਵੀਂ ਸਾਲਾਨਾ ਯਾਦ ਮਨਾਏ ਜਾਣ ਦੀਆਂ ਖਬਰਾਂ ਦਬੀਆਂ ਪਈਆਂ ਸਨ। ਇਨ੍ਹਾਂ ਖਬਰਾਂ ਅਨੁਸਾਰ ਪੰਜ-ਕੁ ਸਾਲ ਪਹਿਲਾਂ 1965 ਵਿੱਚ ਪਾਕਿਸਤਾਨ ਨਾਲ ਹੋਏ ਯੁਧ ਦੀ ਜਿੱਤ ਦੀ ਯਾਦ, ਦੇਸ਼ ਵਲੋਂ ਬੜੇ ਹੀ ਉਤਸਾਹ ਅਤੇ ਜੋਸ਼ ਨਾਲ ਮਨਾਈ ਗਈ। ਪ੍ਰੰਤੂ ਜਦੋਂ ਇਸ ਯਾਦ ਨੂੰ ਮਨਾਏ ਜਾਣ ਲਈ ਕੀਤੇ ਗਏ ਜਸ਼ਨਾਂ ਦੀਆਂ ਸੁਰਖੀਆਂ ਪੜ੍ਹਨ ਤੋਂ ਬਾਅਦ ਖਬਰਾਂ ਵਿੱਚ ਦਿੱਤੇ ਗਏ ਜਸ਼ਨਾਂ ਦੇ ਵੇਰਵੇ ਪੜ੍ਹੇ ਤਾਂ ਬਹੁਤ ਹੀ ਨਿਰਾਸ਼ਾ ਹੋਈ। ਇਸਦਾ ਕਾਰਣ ਇਹ ਸੀ 1965 ਦੇ ਯੁੱਧ ਦੇ ਜਸ਼ਨਾਂ ਨਾਲ ਸੰਬੰਧਤ ਛਪੀਆਂ ਇਨ੍ਹਾਂ ਸਾਰੀਆਂ ਖਬਰਾਂ ਤੋਂ ਇਉਂ ਜਾਪਿਆ, ਜਿਵੇਂ ਇਸ ਯੁੱਧ ਵਿੱਚ ਹੋਈ ਜਿੱਤ ਦੇ ਜਸ਼ਨ ਮਨਾਂਦਿਆਂ, ਇਸ ਯੁੱਧ ਵਿੱਚ ਪੰਜਾਬੀਆਂ ਨੇ ਜਿਸ ਬਹਾਦਰੀ, ਦਲੇਰੀ ਅਤੇ ਦੇਸ਼ ਪਿਆਰ ਦੇ ਜੋਸ਼ ਦਾ ਸਬੂਤ ਦਿੱਤਾ ਸੀ, ਉਸਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ। ਇਤਿਹਾਸ ਗੁਆਹ ਹੈ ਕਿ ਇਸ ਯੁੱਧ ਵਿੱਚ ਪੰਜਾਬੀਆਂ ਨੇ ਜੋ ਭੂਮਿਕਾ ਨਿਭਾਈ, ਉਹ ਆਪਣੇ-ਆਪ ਵਿੱਚ ਇੱਕ ਇਤਿਹਾਸ ਸੀ। ਪਰ ਇਸ ਯੁੱਧ ਦੀ ਯਾਦ ਮਨਾਉਂਦਿਆਂ, ਪੰਜਾਬੀਆਂ ਵਲੋਂ ਨਿਭਾਈ ਗਈ ਭੂਮਿਕਾ ਨੂੰ ਜਿਤਨੀ ਮਹਤੱਤਾ ਮਿਲਣੀ ਚਾਹੀਦੀ ਸੀ, ਉਹ ਮਿਲੀ ਵੇਖਣ, ਸੁਣਨ ਜਾਂ ਪੜ੍ਹਨ ਨੂੰ ਨਹੀਂ ਮਿਲੀ। ਜਿਸਦੇ ਫਲਸਰੂਪ ਨਿਰਾਸ਼ਾ ਹੋਣਾ ਕੁਦਰਤੀ ਸੀ। ਉਸ ਯੁੱਧ ਦੇ ਦਰਸ਼ਕ ਰਹੇ ਸੱਜਣ ਗੁਆਹ ਹਨ ਕਿ ਪਾਕਿਸਤਾਨ ਵਲੋਂ ਜਿਸਤਰ੍ਹਾਂ ਸਮੇਂ ਦੇ ਅਤਿ-ਆਧੁਨਿਕ ਪੈਂਟਨ ਟੈਂਕਾਂ ਅਤੇ ਹਥਿਅਰਾਂ ਨਾਲ ਲੈੱਸ ਹੋ, ਭਾਰਤੀ ਸੀਮਾ ਦੇ ਇਸ ਪਾਰ ਪੰਜਾਬ 'ਤੇ ਜ਼ੋਰਦਾਰ ਹਮਲਾ ਕੀਤਾ ਗਿਆ, ਉਸਤੋਂ ਭਾਰਤੀ ਜਰਨੈਲ ਤਕ ਘਬਰਾ ਉਠੇ ਸਨ ਅਤੇ ਉਹ ਇਹ ਮੰਨ ਬੈਠੇ ਸਨ ਕਿ ਉਨ੍ਹਾਂ ਲਈ ਇਸ ਹਮਲੇ ਨੂੰ ਰੋਕ ਪਾਣਾ ਸਹਿਜ ਨਹੀਂ ਹੋਵੇਗਾ। ਦਸਿਆ ਗਿਆ ਹੈ ਕਿ ਸ਼ਾਇਦ ਇਹੀ ਕਾਰਣ ਸੀ ਭਾਰਤੀ ਜਰਨੈਲ ਰਾਵੀ ਛੱਡ ਬਿਆਸ ਨਦੀ ਦੇ ਇਸ ਪਾਰ ਆ ਮੋਰਚਾ ਸੰਭਾਲਣ ਬਾਰੇ ਵਿਚਾਰ ਕਰਨ ਲਗ ਪਏ ਸਨ। ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤ੍ਰੀ ਵੀ ਆਪਣੇ ਨਿਰਾਸ਼ ਫੌਜੀ ਜਰਨੈਲਾਂ ਦੀ ਸਲਾਹ ਮੰਨ, ਫੌਜਾਂ ਨੂੰ ਮੈਦਾਨ ਛੱਡ ਪਿਛੇ ਹੱਟ ਆਉਣ ਦਾ ਆਦੇਸ਼ ਦੇਣ ਨੂੰ ਤਿਆਰ ਹੋ ਗਏ ਸਨ। ਪ੍ਰੰਤੂ ਅਜਿਹੇ ਸਮੇਂ ਫੌਜੀ ਜਰਨੈਲ ਹਰਬਖਸ਼ ਸਿੰਘ ਨੇ ਇੱਕ ਤਾਂ ਇਹ ਆਖ, ਪ੍ਰਧਾਨ ਮੰਤਰੀ ਸਹਿਤ ਉੱਚ ਫੌਜੀ ਅਧਿਕਾਰੀਆਂ ਦੀ ਇਸ ਸਲਾਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹਾ ਕਰਨ ਨਾਲ ਆਪਣੀਆਂ ਫੌਜਾਂ ਦੇ ਹੌਂਸਲੇ ਟੁੱਟ ਜਾਣਗੇ ਅਤੇ ਦੂਸਰਾ ਉਹ ਕਿਸੇ ਵੀ ਕੀਮਤ ਤੇ ਸ੍ਰੀ ਦਰਬਾਰ ਸਾਹਿਬ ਨੂੰ ਦੁਸ਼ਮਣਾਂ ਦੇ ਹਵਾਲੇ ਕਰ, ਪਿਛੇ ਹਟਣ ਲਈ ਤਿਆਰ ਨਹੀਂ, ਤੀਸਰਾ ਸਰਹੱਦੀ ਪਿੰਡਾਂ ਦੇ ਪੰਜਾਬੀ ਕਮਰ ਕਸ, ਭਾਰਤੀ ਫੌਜ ਨਾਲ ਆ ਖੜੇ ਹੋਏ ਤੇ ਉਨ੍ਹਾਂ ਬੜੇ ਵਿਸ਼ਵਾਸ ਭਰੇ ਦਾਅਵੇ ਨਾਲ ਕਿਹਾ ਕਿ ਉਹ ਭਾਰਤੀ ਫੌਜੀਆਂ ਦੇ ਮੌਢੇ ਨਾਲ ਮੌਢਾ ਡਾਹ ਖੜੇ ਹੋਣਗੇ, ਜਦੋਂ ਤਕ ਉਨ੍ਹਾਂ ਦੀ ਜਾਨ ਵਿੱਚ ਜਾਨ ਹੈ, ਉਹ ਦੁਸ਼ਮਣ ਨੂੰ ਇੱਕ ਵੀ ਕਦਮ ਭਾਰਤੀ ਧਰਤੀ ਤੇ ਰੱਖ ਅੱਗੇ ਨਹੀਂ ਵਧਣ ਦੇਣਗੇ।

...ਅਤੇ ਅੰਤ ਵਿੱਚ: ...ਤੇ ਫਿਰ ਸੰਸਾਰ ਨੇ ਵੇਖਿਆ ਕਿ ਪੰਜਾਬੀਆਂ ਦੇ ਇਸ ਦਲੇਰੀ ਭਰੇ ਜਜ਼ਬੇ ਨੇ ਭਾਰਤੀ ਫੌਜੀਆਂ ਦੇ ਹੌਂਸਲੇ ਇਤਨੇ ਬੁਲੰਦ ਕਰ ਦਿੱਤੇ ਕਿ ਉਨ੍ਹਾਂ ਸਾਹਮਣੇ ਪਾਕਿਸਤਾਨ ਦੇ ਆਧੁਨਿਕਤਮ ਪੈਂਟਨ ਟੈਂਕ ਅਤੇ ਹਥਿਆਰ ਇੱਕ-ਇੱਕ ਕਰ ਹਵਾ ਦੇ ਬੁਲਿਆਂ ਵਾਂਗ ਉਡਦੇ ਚਲੇ ਗਏ। ਅੱਜ ਵੀ ਖੇਮਕਰਨ ਦੇ ਮੈਦਾਨ ਵਿੱਚ ਪਾਕਿਸਤਾਨ ਦੇ ਪੈਂਟਨ ਟੈਂਕਾਂ ਦਾ ਕਬਰਸਤਾਨ, ਭਾਰਤੀ ਫੌਜੀਆਂ ਨਾਲ ਪੰਜਾਬੀਆਂ ਦੀ ਵੀਰਗਾਥਾ ਦੀ ਗੁਆਹੀ ਭਰਦਾ ਨਜ਼ਰ ਆਉਂਦਾ ਹੈ।


Mobile : + 91 95 82 71 98 90 
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085