ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 Sep. 2018
ਵਿਧਾਨ ਸਭਾ 'ਚ ਕਾਂਗਰਸੀਆਂ ਵਲੋਂ ਬੋਲਿਆ ਕੂੜ ਇਤਿਹਾਸ 'ਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ-ਢੀਂਡਸਾ
'ਕਾਰਨਾਮੇ' ਤੁਹਾਡੇ ਵੀ ਅਕਾਲੀਓ ਸੁਨਹਿਰੀ ਅੱਖਰਾਂ 'ਚ ਨਹੀਂ ਲਿਖੇ ਜਾਣੇ।
ਭਾਰਤ 'ਚ ਸੱਚ ਬੋਲਣ ਵਾਲ਼ਿਆਂ ਲਈ ਖ਼ਤਰਨਾਕ ਸਮਾਂ- ਅਮਨੈਸਟੀ ਇੰਟਰਨੈਸ਼ਨਲ
ਘਰ ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗੁਆਂਢਣ ਕਰ ਕੇ।
ਦੋ ਹਫ਼ਤਿਆਂ ਮਗਰੋਂ ਸੰਗਤ 'ਚ ਦਿਖ਼ਾਈ ਦਿੱਤੇ ਅਕਾਲ ਤਖ਼ਤ ਦੇ ਜਥੇਦਾਰ- ਇਕ ਖ਼ਬਰ
ਜੇਠ ਕੋਲ਼ੋਂ ਸੰਗ ਲਗਦੀ, ਨੀਂ ਮੈਂ ਕਿਵੇਂ ਗਿੱਧੇ ਵਿਚ ਆਵਾਂ।
ਗਿਆਨੀ ਗੁਰਮੁਖ ਸਿੰਘ ਗੁਰੂ ਕੀ ਗੋਲਕ 'ਤੇ ਬੋਝ ਸਾਬਤ ਹੋ ਰਹੇ ਹਨ- ਇਕ ਖ਼ਬਰ
ਬੱਚੀਆਂ ਪਾਉਂਦਾ ਰਹਿੰਦਾ ਨੀਂ, ਮੁੰਡਾ ਮੁਟਿਆਰ ਦੀਆਂ।
'ਆਪ' ਵਲੋਂ ਪੰਜਾਬ 'ਚ ਕਾਂਗਰਸ ਨਾਲ਼ ਗੱਠਜੋੜ ਦੇ ਆਸਾਰ ਬਹੁਤ ਮੱਧਮ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।
ਪੰਥ ਦੇ ਨਾਂ 'ਤੇ ਰਾਜਨੀਤੀ ਕਰਨ ਵਾਲ਼ਾ ਬਾਦਲ ਪਰਵਾਰ ਸੰਕਟ ਵਿਚ- ਇਕ ਖ਼ਬਰ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ, ਹੁਣ ਨਹੀਂ ਟਪੀਂਦੀਆਂ ਖਾਈਆਂ।
ਸਿੱਧੂ ਨੇ ਵੀਡੀਓ ਜਾਰੀ ਕਰ ਕੇ ਕੋਟ ਕਪੂਰਾ ਗੋਲ਼ੀ ਕਾਂਡ ਦੇ ਦੱਬੇ ਵਰਕੇ ਫ਼ਰੋਲੇ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਮੁੱਖ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ- ਪੰਜੌਲੀ
ਨਾਮ ਜਪਿਆ ਨਾ ਭਗਤੀ ਕੀਤੀ, ਕਿੱਥੋਂ ਭਾਲ਼ੇਂ ਰਾਜਗੱਦੀਆਂ
ਖਾਧ-ਪਦਾਰਥਾਂ 'ਚ ਮਿਲਾਵਟ ਕਰਨ ਵਾਲ਼ਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਬ੍ਰਹਮ ਮਹਿੰਦਰਾ
ਚਾਰ ਦਿਨ ਦੇ ਫੋਕੇ ਦਮਗ਼ਜ਼ੇ ਜੀ, ਖੋਤੀ ਬੋਹੜ ਹੇਠਾਂ ਮੁੜ ਆਵਣੀ ਏਂ।
ਖਹਿਰਾ ਦੀ ਰੈਲੀ 'ਚ ਸ਼ਾਮਲ ਹੋਣਗੇ ਡਾ.ਧਰਮਵੀਰ ਗਾਂਧੀ- ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ ਮਿੱਤਰਾ।
ਲੋਕ ਸਭਾ ਚੋਣਾਂ 'ਚ ਸਾਨੂੰ ਕੋਈ ਚੁਣੌਤੀ ਨਹੀਂ ਦਿਸਦੀ- ਮੋਦੀ
ਪਰ ਅੰਦਰੋਂ ਡਰ ਲਗਦਾ, ਬੁਰਛਾ ਦਿਓਰ ਕੁਆਰਾ।
ਰਾਮ ਮੰਦਰ ਬਣ ਕੇ ਰਹੇਗਾ ਕਿਉਂਕਿ ਸੁਪਰੀਮ ਕੋਰਟ ਵੀ ਸਾਡੀ ਹੈ- ਭਾਜਪਾ ਵਿਧਾਇਕ
ਮੈਂ ਡਿਪਟੀ ਦੀ ਸਾਲ਼ੀ, ਕੈਦ ਕਰਾ ਦਊਂਗੀ।
ਆਰ.ਬੀ.ਆਈ ਨੂੰ ਕਿਉਂ ਨਹੀਂ ਦਿਸਦੀ ਕਾਰਪੋਰੇਟ ਸੈਕਟਰ ਦੀ ਕਰਜ਼ਾ ਮੁਆਫ਼ੀ- ਇਕ ਸਵਾਲ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਵੇ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਲਈ ਸਭ ਕੁਰਬਾਨ- ਬਾਦਲ
ਇਹ ਤਾਂ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਬਾਦਲ ਸਾਹਿਬ ਜੀ।
ਸਰਕਾਰ ਦੀਆਂ ਗ਼ਲਤ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ 'ਚ ਆਰਥਿਕ ਸੰਕਟ 'ਚ-ਡਾ.ਦਿਆਲ
ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਸਰਕਾਰਾਂ।