ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

16 September 2019

ਆਗਾਮੀ ਚੋਣਾਂ ਵਿਚ ਮਨੋਹਰ ਲਾਲ ਖੱਟੜ ਦੀ ਛੁੱਟੀ ਕਰੇਗੀ ਜੰਤਾ- ਕੁਮਾਰੀ ਸ਼ੈਲਜਾ
ਉਡ ਕੇ ਚਿੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।


ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜ਼ਮਾਨਤ ਪਟੀਸ਼ਨ ਰੱਦ- ਇਕ ਖ਼ਬਰ
ਛੜਿਆਂ ਦੇ ਗਈ ਅੱਗ ਨੂੰ, ਉਹਨੀਂ ਚੱਪਣੀ ਵਗਾਹ ਕੇ ਮਾਰੀ।


ਮੈਨੂੰ ਅਰਥਚਾਰੇ ਦੀ ਚਿੰਤਾ, ਰੱਬ ਦੇਸ਼ ਦੀ ਰਾਖੀ ਕਰੇ- ਚਿਦੰਬਰਮ
ਨਿੱਤ ਖ਼ੈਰ ਮੰਗਾਂ ਸੋਹਣਿਆਂ ਮੈਂ ਤੇਰੀ, ਦੁਆ ਨਾ ਕੋਈ ਹੋਰ ਮੰਗਦੀ।


ਅਕਾਲ ਤਖ਼ਤ ਨੂੰ ਕਮਜ਼ੋਰ ਕਰਨ ਦੇ ਯਤਨ 'ਚ ਹੈ ਕੈਪਟਨ ਸਰਕਾਰ- ਹਰਸਿਮਰਤ ਬਾਦਲ
ਅਕਾਲ ਤਖ਼ਤ 'ਚ ਤਾਂ ਬੀਬੀ ਜੀ ਤੁਸੀਂ ਪਹਿਲਾਂ ਹੀ ਕੁਝ ਨਹੀਂ ਛੱਡਿਆ।


ਹੁੱਡਾ ਅਤੇ ਮਾਇਆਵਤੀ ਦੀ ਬੰਦ ਕਮਰਾ ਮੀਟਿੰਗ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।


ਸਿਹਤ ਖ਼ਰਾਬ ਹੋਣ ਕਾਰਨ ਹਨੀਪ੍ਰੀਤ ਅਦਾਲਤ 'ਚ ਹਾਜ਼ਰ ਨਹੀਂ ਹੋ ਸਕੀ- ਇਕ ਖ਼ਬਰ
ਮਾਏਂ ਮੇਰਾ ਢਿੱਡ ਦੁਖ਼ਦਾ, ਨਾਲ਼ੇ ਅੱਜ ਮੇਰਾ ਮੂਡ ਖ਼ਰਾਬ।


ਕੈਂਟਰਬਰੀ ਦੇ ਆਰਚਬਿਸ਼ਪ ਨੇ ਜੱਲ੍ਹਿਆਂਵਾਲ਼ਾ ਬਾਗ਼ ਦੇ ਸਾਕੇ ਲਈ ਮੰਗੀ ਮਾਫ਼ੀ-ਇਕ ਖ਼ਬਰ
ਨਹੀਉਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫ਼ਰੋਲ ਜੋਗੀਆ।


ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਉਤਸਵ ਦੇ ਇਸ਼ਤਿਹਾਰ ਅੰਗਰੇਜ਼ੀ ਵਿਚ-ਇਕ ਖ਼ਬਰ
ਪੂਛ ਕੁੱਤੇ ਦੀ ਕਦੇ ਨਾ ਹੋਏ ਸਿੱਧੀ, ਸਾਲ ਬਾਰਾਂ ਚਾਹੇ ਰੱਖੀਏ ਵਿਚ ਨੌਲ਼ਕੇ ਜੀ।


ਕਾਨਪੁਰ ਸਿੱਖ ਕਤਲੇਆਮ ਕੇਸਾਂ ਦੀਆਂ ਅਹਿਮ ਫ਼ਾਈਲਾਂ ਗੁੰਮ-ਇਕ ਖ਼ਬਰ
ਨਾ ਰਹੇ ਬਾਂਸ, ਨਾ ਵੱਜੇ ਬੰਸਰੀ।


ਚੋਣਾਂ ਦਾ ਬਿਗਲ ਵੱਜਦਿਆਂ ਹੀ ਕੈਨੇਡਾ ਦੀ ਸਿਆਸਤ ਭਖਣ ਲੱਗੀ- ਇਕ ਖ਼ਬਰ
ਗਲ਼ੀ ਦੇ ਵਿਚੋਂ ਲੰਘੀ ਹੱਸ ਕੇ, ਪੈੜ ਨੱਪਦੇ ਫਿਰਨ ਪਟਵਾਰੀ।   


ਯੂ.ਕੇ. ਦੇ ਸਾਬਕਾ ਪ੍ਰਧਾਨ ਮੰਤਰੀ ਕੈਮਰਨ ਨੂੰ ਬ੍ਰੈਗਜ਼ਿੱਟ ਰੈਫ਼ਰੈਂਡਮ ਕਰਵਾਉਣ ਦਾ ਅਫ਼ਸੋਸ- ਇਕ ਖ਼ਬਰ
ਟੁੱਟ ਗਈ ਯਾਰੀ ਤੋਂ, ਰਹਿੰਦੀ ਉਮਰ ਦੇ ਹਾਵੇ।


ਸਰਕਾਰ ਨੂੰ ਆਰਥਿਕ ਮੰਦੀ ਦਾ ਅਹਿਸਾਸ ਹੀ ਨਹੀਂ- ਡਾ. ਮਨਮੋਹਨ ਸਿੰਘ
ਕੰਤ ਨਿਆਣੇ ਨੂੰ, ਦੱਸੋ ਕਿਵੇਂ ਸਮਝਾਵਾਂ।


ਅਕਾਲੀ ਦਲ ਅਤੇ ਭਾਜਪਾ 'ਚ ਮੈਂਬਰ ਬਣਾਉਣ ਦੀ ਦੌੜ- ਇਕ ਖ਼ਬਰ
ਦੁੱਧ ਰਿੜਕੇ ਝਾਂਜਰਾਂ ਵਾਲ਼ੀ, ਕੈਂਠੇ ਵਾਲ਼ਾ ਧਾਰ ਕੱਢਦਾ।


ਬੈਂਸ ਨੇ ਵਿਧਾਨ ਸਭਾ ਦੇ ਸਪੀਕਰ ਕੋਲ਼ ਕੀਤੀ ਡੀ.ਸੀ. ਦੀ ਸ਼ਿਕਾਇਤ- ਇਕ ਖ਼ਬਰ
ਤੈਨੂੰ ਨਜ਼ਰ ਨਹੀਂ ਆਉਂਦੀ ਫ਼ਕਰਦੀਨਾਂ, ਬੁਲਬੁਲ ਲੁੱਟ ਕੇ ਬਾਗ਼ ਨੂੰ ਖਾਂਵਦੀ ਏ।


ਸੰਸਦੀ ਰਵਾਇਤਾਂ ਸਿੱਖਣ ਲਈ ਵਿਧਾਇਕਾਂ ਨੂੰ ਵਿਦੇਸ਼ ਭੇਜਿਆ ਜਾਵੇਗਾ- ਇਕ ਖ਼ਬਰ
ਜਿੱਥੋਂ ਮਰਜ਼ੀ ਵੰਙਾਂ ਚੜ੍ਹਵਾ ਲੈ, ਮਿੱਤਰਾਂ ਦਾ ਨਾਂ ਚਲਦਾ।