ਭੈਅ ਦੀ ਮਾਨਸਿਕਤਾ - ਸਵਰਾਜਬੀਰ
ਦਿੱਲੀ ਵਿਚ ਦਾਰਾ ਸ਼ਿਕੋਹ ਬਾਰੇ ਹੋਏ ਇਕ ਸੈਮੀਨਾਰ ਵਿਚ ਬੋਲਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਨੇ ਸਵਾਲ ਪੁੱਛਿਆ ਕਿ ਇਸ ਧਾਰਨਾ ਕਿ ਮੁਸਲਮਾਨ ਸਾਡੇ ਦੇਸ਼ ਵਿਚ ਭੈਅ ਵਿਚ ਰਹਿ ਰਹੇ ਹਨ, ਨੂੰ ਸਮਝਣਾ ਮੁਸ਼ਕਲ ਹੈ। ਕ੍ਰਿਸ਼ਨ ਗੋਪਾਲ ਅਨੁਸਾਰ ਇਸ ਫ਼ਿਰਕੇ ਦੀ ਗਿਣਤੀ 15-16 ਕਰੋੜ ਹੋਣ ਦੇ ਬਾਵਜੂਦ ਉਹ ਡਰ ਕਿਉਂ ਮਹਿਸੂਸ ਕਰਦੇ ਹਨ ਜਦੋਂਕਿ 40-50 ਲੱਖ ਦੀ ਗਿਣਤੀ ਵਾਲੇ ਜੈਨੀਆਂ, 50 ਹਜ਼ਾਰ ਦੀ ਸੰਖਿਆ ਵਾਲੇ ਪਾਰਸੀਆਂ ਅਤੇ 50 ਲੱਖ ਬੋਧੀਆਂ ਨੇ ਕਦੀ ਵੀ ਅਜਿਹੀ ਭਾਵਨਾ ਪ੍ਰਗਟ ਨਹੀਂ ਕੀਤੀ।
ਅਜਿਹੇ ਬਿਆਨ ਰਾਸ਼ਟਰੀ ਸਵੈਮਸੇਵਕ ਸੰਘ ਦੀ ਉਸ ਸੋਚ-ਸਮਝ ਦਾ ਹਿੱਸਾ ਹਨ ਜਿਸ ਨੂੰ ਉਹ ਬਹੁਗਿਣਤੀ ਫ਼ਿਰਕੇ ਦੀ ਸਮਾਜਿਕ ਸਮਝ ਬਣਾਉਣਾ ਚਾਹੁੰਦਾ ਹੈ ਅਤੇ ਉਹ ਇਸ ਵਿਚ ਬਹੁਤ ਹੱਦ ਤਕ ਕਾਮਯਾਬ ਵੀ ਹੋਇਆ ਹੈ। ਆਪਣੇ ਭਾਸ਼ਣਾਂ ਵਿਚ ਕ੍ਰਿਸ਼ਨ ਗੋਪਾਲ ਨੇ ਪੁਰਾਤਨ ਹਿੰਦੂ ਸਮਾਜ ਦੇ ਗੌਰਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦਾ ਪਤਨ ਉਦੋਂ ਹੋਇਆ ਜਦੋਂ ਉੱਥੇ ਬਾਹਰਲਿਆਂ ਨੇ ਆ ਕੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਸੰਘ ਦੀ ਵਿਚਾਰਧਾਰਾ ਅਨੁਸਾਰ ਮੁਸਲਮਾਨਾਂ ਤੇ ਇਸਾਈਆਂ ਨੂੰ ਬਾਹਰਲੇ ਗਿਣਦਿਆਂ ਉਨ੍ਹਾਂ ਨੂੰ ਸਮਾਜ ਵਿਚ ਆਏ ਵਿਗਾੜਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਇਸ ਲਈ ਭੈਅ ਵਿਚ ਰਹਿ ਰਹੇ ਹਨ ਕਿਉਂਂਕਿ ਉਨ੍ਹਾਂ ਨੂੰ ਕਈ ਵਰ੍ਹਿਆਂ ਤੋਂ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਕਦੇ ਗਊ-ਮਾਸ ਦੇ ਨਾਂ ਉੱਤੇ ਅਤੇ ਕਦੇ ਕਿਸੇ ਹੋਰ ਸ਼ੱਕ ਦੀ ਬਿਨਾਅ 'ਤੇ ਲੋਕਾਂ ਨੂੰ ਕੁੱਟਿਆ-ਮਾਰਿਆ ਗਿਆ ਹੈ ਤੇ ਉਨ੍ਹਾਂ ਤੋਂ ਜ਼ਬਰਦਸਤੀ ਧਾਰਮਿਕ ਨਾਅਰੇ ਲਗਵਾਏ ਗਏ ਹਨ। ਇਹੀ ਨਹੀਂ, ਮੀਡੀਆ ਚੈਨਲਾਂ ਅਤੇ ਸੰਚਾਰ ਦੇ ਹੋਰ ਮਾਧਿਅਮਾਂ ਵਿਚ ਵੀ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀ ਸੋਚ ਅਤੇ ਜੀਵਨ-ਜਾਚ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਦੇਸ਼ ਭਗਤੀ 'ਤੇ ਸਵਾਲ ਉਠਾਏ ਜਾਂਦੇ ਹਨ। ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਜਾਂਦਾ ਹੈ। ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਦਾ ਜਨਤਕ ਤੌਰ 'ਤੇ ਸਨਮਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਵਰਤਾਓ ਜੈਨੀਆਂ, ਬੋਧੀਆਂ ਜਾਂ ਪਾਰਸੀਆਂ ਨਾਲ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਖ਼ਾਸ ਤਰ੍ਹਾਂ ਦਾ ਭੈਅ ਮਹਿਸੂਸ ਕਰਦੇ ਹਨ।
ਪੰਜਾਬ ਦੇ ਲੋਕਾਂ ਨੇ ਵੀ ਪਿਛਲੀ ਸਦੀ ਦੇ ਅੰਤਲੇ ਦੋ ਦਹਾਕਿਆਂ ਵਿਚ ਇਹੋ ਜਿਹਾ ਸੰਤਾਪ ਹੰਢਾਇਆ। 1982 ਵਿਚ ਏਸ਼ੀਅਨ ਖੇਡਾਂ ਦੇ ਸਮੇਂ ਪੰਜਾਬ ਤੋਂ ਆ-ਜਾ ਰਹੇ ਸਿੱਖ ਯਾਤਰੀਆਂ ਨਾਲ ਕੀਤਾ ਗਿਆ ਵਿਵਹਾਰ ਉਸ ਲੰਮੇ ਸੰਤਾਪ ਦੀਆਂ ਪਹਿਲੀਆਂ ਕੜੀਆਂ ਵਿਚੋਂ ਸੀ ਜਿਸ ਦੌਰਾਨ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਰਹਿੰਦੇ ਸਿੱਖ ਵੀ ਅਜਿਹੀ ਸਥਿਤੀ ਵਿਚੋਂ ਗੁਜ਼ਰੇ ਜਿਸ ਨੂੰ ਲਗਾਤਾਰ ਡਰ ਤੇ ਸਹਿਮ ਦੀ ਸਥਿਤੀ ਕਿਹਾ ਜਾ ਸਕਦਾ ਹੈ। 1984 ਵਿਚ ਹੋਏ ਸਾਕਾ ਨੀਲਾ ਤਾਰਾ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਨੇ ਇਸ ਡਰ, ਸਹਿਮ ਅਤੇ ਰੋਹ ਨੂੰ ਵਧਾਇਆ। ਹਜ਼ਾਰਾਂ ਸਿੱਖ ਪਰਿਵਾਰ ਹਿਜਰਤ ਕਰਕੇ ਵਾਪਸ ਪੰਜਾਬ ਵਿਚ ਆ ਵਸੇ।
ਇਸ ਤਰ੍ਹਾਂ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਘੱਟਗਿਣਤੀਆਂ ਨਾਲ ਸਬੰਧਤ ਲੋਕ ਭੈਅ ਤੇ ਸਹਿਮ ਦੀ ਸਥਿਤੀ ਵਿਚੋਂ ਗੁਜ਼ਰਦੇ ਰਹੇ ਹਨ। ਕਿਸੇ ਭਾਈਚਾਰੇ ਵਿਚ ਭੈਅ ਲੰਮੇ ਸਮੇਂ ਤਕ ਵਿਤਕਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੈਦਾ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਵੱਖ ਵੱਖ ਸ਼ਹਿਰਾਂ 'ਚ ਹੋਏ ਹਿੰਦੂ-ਮੁਸਲਮਾਨ ਦੰਗੇ ਅਤੇ ਉਨ੍ਹਾਂ ਵਿਚ ਸਰਕਾਰ ਤੇ ਪੁਲੀਸ ਦੁਆਰਾ ਘੱਟਗਿਣਤੀ ਦੇ ਲੋਕਾਂ ਨਾਲ ਕੀਤਾ ਗਿਆ ਵਰਤਾਓ ਇਸ ਡਰ ਤੇ ਸਹਿਮ ਦਾ ਕਾਰਨ ਹੈ। ਦੇਸ਼ ਦੀ ਰਾਜਨੀਤੀ ਵਿਚ ਵੱਡਾ ਮੋੜ 2002 ਵਿਚ ਆਇਆ ਜਦ ਬਹੁਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਨੂੰ ਸਬਕ ਸਿਖਾਉਣ ਦਾ ਵੇਲ਼ਾ ਆ ਗਿਆ ਹੈ। 2002 ਵਿਚ ਹੋਏ ਦੰਗਿਆਂ ਨੇ ਡਰ ਤੇ ਸਹਿਮ ਦੇ ਇਸ ਮਾਹੌਲ ਨੂੰ ਸਾਰੇ ਦੇਸ਼ ਵਿਚ ਫੈਲਾਇਆ ਅਤੇ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਨੇ ਇਸ ਭਾਵਨਾ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ। ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਬਹੁਗਿਣਤੀ ਫ਼ਿਰਕੇ ਦੇ ਆਗੂਆਂ ਤੇ ਲੋਕਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੁੰਦੀ ਹੈ ਪਰ ਸੰਘ ਪਰਿਵਾਰ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆਗੂਆਂ ਨੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਤ੍ਰਿਸਕਾਰ ਕੀਤਾ ਹੈ। ਕਸ਼ਮੀਰ ਵਾਲੇ ਮਸਲੇ ਦੇ ਸਬੰਧ ਵਿਚ ਵੀ ਇਹ ਧਾਰਨਾ ਹੈ ਕਿ ਸੂਬੇ ਦੇ ਟੋਟੇ-ਟੋਟੇ ਇਸ ਲਈ ਕੀਤੇ ਗਏ ਕਿਉਂਕਿ ਇਸ ਵਿਚ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਜ਼ਿਆਦਾ ਸੀ।
ਫ਼ਿਰਕਾਪ੍ਰਸਤ ਤਾਕਤਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਆਪਣੇ ਆਪ ਨੂੰ ਆਜ਼ਾਦ ਤੇ ਬਰਾਬਰ ਦੇ ਸ਼ਹਿਰੀ ਮਹਿਸੂਸ ਕਰਨ। ਮੁਸਲਮਾਨਾਂ ਨੂੰ ਇਸ ਦੇਸ਼ ਵਿਚ ਰਹਿੰਦਿਆਂ ਹਜ਼ਾਰ ਵਰ੍ਹੇ ਤੋਂ ਉੱਪਰ ਹੋ ਗਏ ਹਨ ਅਤੇ ਇਸ ਫ਼ਿਰਕੇ ਨਾਲ ਸਬੰਧਤ ਬਾਦਸ਼ਾਹਾਂ ਅਤੇ ਹੋਰ ਰਾਜਿਆਂ-ਰਜਵਾੜਿਆਂ ਨੇ ਸੈਂਕੜੇ ਵਰ੍ਹੇ ਦੇਸ਼ 'ਤੇ ਹਕੂਮਤ ਕੀਤੀ ਹੈ। ਉਨ੍ਹਾਂ ਵਿਚੋਂ ਅਕਬਰ ਵਰਗੇ ਸਹਿਣਸ਼ੀਲ ਬਾਦਸ਼ਾਹ ਵੀ ਹੋਏ ਤੇ ਔਰੰਗਜ਼ੇਬ ਵਰਗੇ ਕੱਟੜਪੰਥੀ ਵੀ ਪਰ ਉਹ ਜ਼ਮਾਨਾ ਰਜਵਾੜਾਸ਼ਾਹੀ ਦਾ ਸੀ। ਹੁਣ ਦੇਸ਼ ਵਿਚ ਜਮਹੂਰੀਅਤ ਹੈ ਅਤੇ ਸੰਵਿਧਾਨ ਅਨੁਸਾਰ ਸਭ ਫ਼ਿਰਕਿਆਂ ਦੇ ਲੋਕ ਬਰਾਬਰ ਹਨ। ਇਸ ਦੇ ਬਾਵਜੂਦ ਆਰਐੱਸਐੱਸ ਤੇ ਭਾਜਪਾ ਧਰਮ ਦੇ ਨਾਂ 'ਤੇ ਸਿਆਸਤ ਕਰਕੇ ਤਾਕਤ ਉੱਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਇਸ ਤਰ੍ਹਾਂ ਆਰਐੱਸਐੱਸ ਦੇ ਆਗੂਆਂ ਦਾ ਇਹ ਸਵਾਲ ਪੁੱਛਣਾ ਬੇਮਾਅਨਾ ਹੈ ਕਿਉਂਕਿ ਘੱਟਗਿਣਤੀ ਫ਼ਿਰਕਿਆਂ ਵਿਚ ਡਰ ਅਤੇ ਸਹਿਮ ਪੈਦਾ ਕਰਨ ਦੀ ਫ਼ਸਲ ਉਨ੍ਹਾਂ ਦੇ ਆਪਣੇ ਵਿਚਾਰਾਂ ਵਿਚੋਂ ਹੀ ਉਗਮੀ ਹੈ।
ਰਾਸ਼ਟਰੀ ਸਵੈਮਸੇਵਕ ਸੰਘ ਦੁਆਰਾ ਬਣਾਈ ਗਈ ਸਮਾਜਿਕ ਸਮਝ ਦਾ ਟਾਕਰਾ ਕਿਵੇਂ ਕੀਤਾ ਜਾਏ? 1947 ਵਿਚ ਮੁਲਕ ਧਰਮ ਦੇ ਆਧਾਰ 'ਤੇ ਵੰਡਿਆ ਗਿਆ ਸੀ, ਧਰਮ ਸਿਆਸਤ ਦਾ ਹਿੱਸਾ ਬਣ ਗਿਆ ਅਤੇ ਸਮੇਂ ਦੇ ਬੀਤਣ ਨਾਲ ਇਸ ਦੀ ਭੂਮਿਕਾ ਵਧਦੀ ਗਈ। ਦੇਸ਼ ਵਿਚ ਅੰਧ-ਰਾਸ਼ਟਰਵਾਦ ਅਤੇ ਧਾਰਮਿਕ ਭਾਵਨਾਵਾਂ ਨੂੰ ਮਿਲਾ ਕੇ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨ ਵਿਚ ਇਹ ਵਿਸ਼ਵਾਸ ਦ੍ਰਿੜ੍ਹ ਕਰਾ ਦਿੱਤਾ ਗਿਆ ਹੈ ਕਿ ਸਦੀਆਂ ਦੇ ਜ਼ੁਲਮ ਬਾਅਦ ਉਨ੍ਹਾਂ ਦਾ ਰਾਜ ਆਇਆ ਹੈ। ਇਸ ਤਰ੍ਹਾਂ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਤਿਹਾਸਕ ਤੌਰ 'ਤੇ ਪੀੜਤ ਹੋਣ ਤੇ ਵਰਤਮਾਨ ਵਿਚ ਤਾਕਤਵਰ ਹੋਣ ਦਾ ਇਕ ਅਜਿਹਾ ਦੁਜੈਲਾ ਵਿਚਾਰਧਾਰਕ ਜੁੱਟ ਸਿਰਜਿਆ ਗਿਆ ਹੈ ਜਿਹੜਾ ਇਕੋ ਵੇਲੇ ਉਨ੍ਹਾਂ ਨੂੰ ਪੀੜਤ ਤੇ ਸ਼ਕਤੀਸ਼ਾਲੀ ਹੋਣ ਦੀ ਭਾਵਨਾ ਦਿੰਦਾ ਹੈ। ਇਸ ਭਾਵਨਾ ਸਦਕਾ ਬਹੁਗਿਣਤੀ ਫ਼ਿਰਕੇ ਦੇ ਲੋਕ ਇਕ ਖ਼ਾਸ ਤਰ੍ਹਾਂ ਦੀ ਏਕਤਾ, ਸਮੂਹਿਕਤਾ ਤੇ ਸਾਂਝਾਪਣ ਮਹਿਸੂਸ ਕਰਦੇ ਹਨ। ਇਸ ਵਰਤਾਰੇ ਨੂੰ ਸਿਆਸੀ ਮਾਹਿਰ ਹਿੰਦੂ ਸਮੂਹਿਕਤਾ (Hindu consolidation) ਦਾ ਨਾਂ ਦਿੰਦੇ ਹਨ।
ਜਦੋਂ ਮਾਨਸਿਕ ਇਤਿਹਾਦ ਦਾ ਅਜਿਹਾ ਜਟਿਲ ਬਿੰਬ ਲੋਕਾਂ ਦੇ ਵਿਚਾਰਾਂ ਦਾ ਹਿੱਸਾ ਬਣ ਜਾਏ ਤਾਂ ਉਸ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਹਾਲਾਤ ਏਦਾਂ ਦੇ ਹਨ ਕਿ ਵਿਰੋਧੀ ਧਿਰਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਵਿਰੋਧ ਇਸ ਵਿਚਾਰਧਾਰਕ ਜੁੱਟ/ਬਿੰਬ ਨੂੰ ਹੋਰ ਮਜ਼ਬੂਤ ਕਰਦਾ ਹੈ, ਉਦਾਹਰਨ ਦੇ ਤੌਰ 'ਤੇ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਤੇ ਸੂਬੇ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਵਿਰੁੱਧ ਕੀਤਾ ਗਿਆ ਵਿਰੋਧ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਜਗਾਉਂਦਾ ਹੈ ਕਿ ਇਹ ਲੋਕ ਦੇਸ਼ ਦੀ ਅਖੰਡਤਾ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਤਰ੍ਹਾਂ ਹਿੰਦੂ ਸਮੂਹਿਕਤਾ ਦੀ ਭਾਵਨਾ (Hindu consolidation) ਹੋਰ ਮਜ਼ਬੂਤ ਹੁੰਦੀ ਹੈ। ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਟੁਕੜੇ ਟੁਕੜੇ ਗੈਂਗ ਅਤੇ ਸ਼ਹਿਰੀ ਨਕਸਲੀ (ਅਰਬਨ ਨਕਸਲਾਈਟ) ਜਿਹੇ ਲਕਬ ਦਿੱਤੇ ਗਏ ਹਨ, ਅਜਿਹੇ ਲੋਕਾਂ ਦੇ ਕੁਝ ਕਹਿਣ 'ਤੇ ਮੀਡੀਆ ਪ੍ਰਚਾਰ ਰਾਹੀਂ ਇਹ ਪ੍ਰਭਾਵ ਬਣਾਇਆ ਜਾਂਦਾ ਹੈ ਕਿ ਇਹ ਲੋਕ ਦੇਸ਼ ਦੇ ਟੁਕੜੇ ਟੁਕੜੇ ਕਰਨ ਦੇ ਹਮਾਇਤੀ ਹਨ। ਇਸ ਤਰ੍ਹਾਂ ਅਜਿਹੇ ਲੋਕਾਂ ਦੇ ਬਿਆਨਾਂ ਨਾਲ ਵੀ ਹਿੰਦੂ ਸਮੂਹਿਕਤਾ ਦੀ ਭਾਵਨਾ ਨੂੰ ਹੋਰ ਪਕਿਆਈ ਮਿਲਦੀ ਹੈ। ਤਾਮਿਲ, ਕੰਨੜ ਅਤੇ ਹੋਰ ਸੂਬਿਆਂ ਦੇ ਲੋਕਾਂ ਵੱਲੋਂ ਕੀਤਾ ਗਿਆ ਹਿੰਦੀ ਥੋਪਣ ਦਾ ਵਿਰੋਧ ਵੀ ਇਸ ਭਾਵਨਾ ਨੂੰ ਪਰਪੱਕ ਕਰਦਾ ਹੈ।
ਸੰਘ ਦੀ ਵਿਚਾਰਧਾਰਾ ਵਿਰੁੱਧ ਲੜਾਈ ਦਾ ਪੈਂਡਾ ਬਹੁਤ ਲੰਮਾ ਹੋਵੇਗਾ। ਇਸ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਇਹ ਦੱਸਣ ਲਈ ਵੱਡੀ ਕੋਸ਼ਿਸ਼ ਕਰਨੀ ਪਵੇਗੀ ਕਿ ਅੰਧ-ਰਾਸ਼ਟਰਵਾਦ ਦੇਸ਼ ਅਤੇ ਲੋਕਾਂ ਲਈ ਕਿਵੇਂ ਖ਼ਤਰਨਾਕ ਹੈ, ਕਿਵੇਂ ਗਵਾਂਢੀ ਦੇਸ਼ਾਂ ਨੂੰ ਨੁੱਕਰੇ ਲਾਉਣ ਦੀ ਮਾਨਸਿਕਤਾ ਦੀ ਥਾਂ ਗਵਾਂਢੀ ਦੇਸ਼ਾਂ ਨਾਲ ਵਪਾਰ ਅਤੇ ਸੱਭਿਆਚਾਰਕ ਰਿਸ਼ਤੇ ਕਾਇਮ ਕਰਨਾ ਸਾਡੇ ਤੇ ਗਵਾਂਢੀ ਦੇਸ਼ਾਂ ਦੇ ਲੋਕਾਂ ਦੇ ਹੱਕ ਵਿਚ ਜਾਂਦਾ ਹੈ, ਕਿਵੇਂ ਅਜਿਹਾ ਪ੍ਰਚਾਰ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਨਹੀਂ ਜਾਣ ਦਿੰਦਾ, ਕਿਵੇਂ ਹਜੂਮੀ ਹਿੰਸਾ ਕਾਰਨ ਸਮਾਜ ਦੀ ਊਰਜਾ ਡੀਕ ਲਈ ਜਾਂਦੀ ਹੈ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਵਿਚ ਅਜਿਹੇ ਵਿਸ਼ਵਾਸ ਪੈਦਾ ਕਰਨ ਵਿਚ ਵੱਡੀ ਭੂਮਿਕਾ ਉਸੇ ਫ਼ਿਰਕੇ ਦੇ ਲੋਕਾਂ ਦੀ ਹੋਣੀ ਹੈ। ਇਹ ਵਿਸ਼ਵਾਸ ਸਾਧਾਰਨ ਤੌਰ 'ਤੇ ਸੰਘ ਦੀ ਵਿਚਾਰਧਾਰਾ ਵਿਰੁੱਧ ਲਾਏ ਜਾਂਦੇ ਨਾਅਰਿਆਂ ਅਤੇ ਉਨ੍ਹਾਂ ਨੂੰ ਫਾਸ਼ੀ ਕਹਿ ਕੇ ਮਾਰੀਆਂ ਜਾਂਦੀਆਂ ਕੂਕਾਂ ਨਾਲ ਪੈਦਾ ਨਹੀਂ ਕੀਤੇ ਜਾ ਸਕਦੇ।
ਇਸ ਲਈ ਲੰਮੀ ਸਿਧਾਂਤਕ ਲੜਾਈ ਲੜਨੀ ਪਵੇਗੀ। ਲੋਕਾਂ ਦੀਆਂ ਹਕੀਕੀ ਮੰਗਾਂ ਨੂੰ ਕੇਂਦਰ ਬਣਾ ਕੇ ਸੰਘਰਸ਼ ਕਰਨੇ ਪੈਣਗੇ। ਆਪਣੇ ਸੱਭਿਆਚਾਰ ਵਿਚੋਂ ਹਾਂ-ਪੱਖੀ ਰਵਾਇਤਾਂ ਨੂੰ ਲੱਭਣਾ ਤੇ ਉਭਾਰਨਾ ਪਵੇਗਾ, ਆਪਣੀ ਸਥਾਨਿਕਤਾ ਤੇ ਸੱਭਿਆਚਾਰ ਦੀ ਪਿੱਠਭੂਮੀ 'ਚੋਂ ਨਵੀਂ ਪੀੜ੍ਹੀ ਨੂੰ ਸਮਝ ਆਉਣ ਵਾਲੀ ਊਰਜਾਮਈ ਭਾਸ਼ਾ ਤਲਾਸ਼ ਕਰਨੀ ਪਵੇਗੀ, ਸਮਾਜ ਵਿਚ ਪਸਰੇ ਹੋਏ ਜਾਤੀਵਾਦ ਅਤੇ ਮਰਦ-ਪ੍ਰਧਾਨ ਸੋਚ ਦਾ ਖੰਡਨ ਅਤੇ ਅਮਲੀ ਤੌਰ 'ਤੇ ਵਿਰੋਧ ਕਰਨਾ ਪਵੇਗਾ। ਇਸ ਸਭ ਲਈ ਵੱਡੇ ਜਮਹੂਰੀ ਏਕੇ ਦੀ ਜ਼ਰੂਰਤ ਹੈ ਜਿਸ ਦੀਆਂ ਆਵਾਜ਼ਾਂ ਅੱਜ ਖੰਡਿਤ ਰੂਪ ਵਿਚ ਸੁਣਾਈ ਦੇ ਰਹੀਆਂ ਹਨ।