ਬਾਦਲ ਪਰਿਵਾਰ ਦਾ ਅਜੋਕਾ ਸੰਕਟ ਅਤੇ ਅਕਾਲੀ ਦਲ - ਜਗਤਾਰ ਸਿੰਘ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਾਲ ਪੰਜਾਬ ਦੇ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਆਏ ਭੂਚਾਲ ਨੇ ਪੰਜ ਵਾਰੀ ਮੁੱਖ ਮੰਤਰੀ ਰਹੇ ਫ਼ਖ਼ਰ-ਏ-ਕੌਮ ਤੇ ਪੰਥ ਰਤਨ ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਵੱਕਾਰ ਅਤੇ ਸਿਆਸੀ ਵਿਰਾਸਤ ਲਈ ਖ਼ਤਰਾ ਖੜ੍ਹਾ ਹੋ ਗਿਆ ਹੈ। ਇਹ ਸੰਕਟ ਬਹੁ-ਪਰਤੀ ਹੈ ਕਿਉਂਕਿ ਇਸ ਨੇ ਉਸ ਦੇ ਪੁੱਤਰ ਅਤੇ ਸਿਆਸੀ ਵਾਰਸ ਸੁਖਬੀਰ ਸਿੰਘ ਬਾਦਲ ਨੂੰ ਵੀ ਲਪੇਟ ਵਿੱਚ ਲੈ ਲਿਆ ਹੈ, ਜਿਹੜਾ ਪਿਛਲੇ ਸਮੇਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਆਗੂ ਵਜੋਂ ਉਭਰਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਭਾਵੇਂ ਪਹਿਲੀ ਵਾਰੀ ਉਸ ਦੇ ਕੰਮ ਕਰਨ ਦੇ ਤਾਨਾਸ਼ਾਹੀ ਢੰਗ ਉੱਤੇ ਇਤਰਾਜ਼ ਪ੍ਰਗਟਾਇਆ ਹੈ, ਫਿਰ ਵੀ ਅਜੇ ਉਸ ਦੇ ਸਿਆਸੀ ਭਵਿੱਖ ਬਾਰੇ ਕੋਈ ਟਿੱਪਣੀ ਕਰਨੀ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਬਾਦਲ ਪਰਿਵਾਰ ਅਤੇ ਅਕਾਲੀ ਦਲ 'ਤੇ ਅਜੋਕੇ ਸੰਕਟ ਦੀ ਇੱਕ ਪਰਤ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਦਿਨਾਂ ਵਿਚ ਆਪਣੇ ਆਪ ਨੂੰ ਖਾੜਕੂ ਸਿਆਸਤ ਤੋਂ ਨਿਖੇੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ, ਜਦੋਂ ਕਿ ਇਤਿਹਾਸ ਗਵਾਹ ਹੈ ਕਿ ਨਾ ਸਿਰਫ਼ ਉਸ ਦੀ ਪਾਰਟੀ, ਬਲਕਿ ਉਹ ਖ਼ੁਦ ਵੀ ਖਾੜਕੂਵਾਦ ਨੂੰ ਸ਼ਹਿ ਤੇ ਹੱਲਾਸ਼ੇਰੀ ਦਿੰਦੇ ਰਹੇ ਹਨ। ਖਾੜਕੂ ਸੰਘਰਸ਼ ਦੇ ਪ੍ਰਤੀਕ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦਗਾਰ ਸ੍ਰੀ ਦਰਬਾਰ ਸਾਹਿਬ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਤਾਮੀਰ ਕਰਵਾਈ ਹੈ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਕਮੇਟੀ 'ਤੇ ਕੌਣ ਕਾਬਜ਼ ਹੈ, ਸਭ ਜਾਣਦੇ ਹਨ।
ਅਕਾਲੀ ਦਲ ਦੇ ਸੂਤਰਾਂ ਅਨੁਸਾਰ, ਵਿਧਾਨ ਸਭਾ ਸੈਸ਼ਨ ਦੌਰਾਨ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਦੇ ਬਾਈਕਾਟ ਦਾ ਫੈਸਲਾ ਕਿਸੇ ਹੋਰ ਦਾ ਨਹੀਂ, ਖੁਦ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਉਸ ਨੇ ਅਤੇ ਉਸ ਦੇ ਸਾਬਕਾ ਉਪ ਮੁੱਖ ਮੰਤਰੀ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਕੀਤੀ ਜਾ ਰਹੀ ਜਾਂਚ ਦਾ ਇਹ ਕਹਿ ਕੇ ਬਾਈਕਾਟ ਕੀਤਾ ਸੀ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਦੀ ਸਿਆਸੀ ਗਿਣਤੀ-ਮਿਣਤੀ ਪੂਰੀ ਤਰ੍ਹਾਂ ਗਲਤ ਨਿਕਲੀ ਅਤੇ ਉਨ੍ਹਾਂ ਨੂੰ ਮਹਿੰਗੀ ਵੀ ਪਈ। ਪੰਜਾਬ ਵਿੱਚ ਇਸ ਵੇਲੇ ਮੁੱਦਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨਹੀਂ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਸਿੱਟਾ ਕੋਟਕਪੂਰਾ ਤੇ ਬਹਿਬਲ ਕਲਾਂ ਵਿੱਚ ਗੋਲੀਕਾਂਡਾਂ ਦੇ ਰੂਪ ਵਿੱਚ ਨਿਕਲਿਆ। ਇਨ੍ਹਾਂ ਘਟਨਾਵਾਂ ਕਾਰਨ ਹੀ 2017 ਦੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਮਹਿਜ਼ 15 ਸੀਟਾਂ ਉੱਤੇ ਸਿਮਟ ਕੇ ਰਹਿ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਸਿਆਸੀ ਦਸਤਾਵੇਜ਼ ਹੈ ਪਰ ਹੁਣ ਇਸ ਨੂੰ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਦਿੱਤੀ ਗਈ ਪ੍ਰਵਾਨਗੀ ਹਾਸਿਲ ਹੈ। ਇਸ ਵਿੱਚ ਹੋਏ ਇੱਕ ਅਹਿਮ ਇੰਕਸਾਫ਼ ਤੋਂ ਬਿਨਾਂ ਇਹ ਰਿਪੋਰਟ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਵੇਰਵਾ ਮਾਤਰ ਹੀ ਹੈ, ਜਿਨ੍ਹਾਂ ਬਾਰੇ ਲੋਕ ਪਹਿਲਾਂ ਹੀ ਜਾਣਦੇ ਸਨ।
ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਉੱਤੇ ਸੱਤ ਘੰਟੇ ਲੰਮੀ ਚੱਲੀ ਬਹਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਸੀ। ਬਹਿਸ ਦੌਰਾਨ ਬਾਦਲ ਦੀ ਮੌਕਾਪ੍ਰਸਤ ਅਤੇ ਸਮਝੌਤਾਵਾਦੀ ਸਿਆਸਤ ਕਾਰਨ ਉਸ ਦੀ ਸਭ ਤੋਂ ਪਹਿਲੀ ਸਰਕਾਰ ਦੌਰਾਨ ਸੂਬੇ ਵਿੱਚ ਸ਼ੁਰੂ ਹੋਏ ਝੂਠੇ ਪੁਲੀਸ ਮੁਕਾਬਲਿਆਂ ਦਾ ਜ਼ਿਕਰ ਵੀ ਹੋਇਆ। ਵਰਨਣਯੋਗ ਹੈ ਕਿ ਗ਼ਦਰ ਪਾਰਟੀ ਦੇ 80 ਸਾਲਾ ਬਜ਼ੁਰਗ ਇਨਕਲਾਬੀ ਬਾਬਾ ਬੂਝਾ ਸਿੰਘ ਨੂੰ 28 ਜੁਲਾਈ 1970 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੇ 27 ਮਾਰਚ 1970 ਨੂੰ ਪਹਿਲੀ ਦਫ਼ਾ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਅਕਾਲੀ ਦਲ ਦੇ ਇਤਿਹਾਸ ਵਿੱਚ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੇ ਆਗੂਆਂ ਨੂੰ ਵੀ ਕਿਸੇ ਨਾ ਕਿਸੇ ਸਮੇਂ ਜਨਤਕ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਬਿਲਕੁਲ ਇਸੇ ਤਰ੍ਹਾਂ ਵਾਪਰਿਆ ਹੈ। ਸ਼ਾਇਦ ਇਸੇ ਅਹਿਸਾਸ ਕਰਕੇ ਹੀ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰੀ 9 ਸਤੰਬਰ ਨੂੰ ਅਬੋਹਰ ਰੈਲੀ ਨੂੰ ਸੰਬੋਧਿਤ ਹੋਏ ਪਰ ਇਸੇ ਸਿਲਸਿਲੇ ਵਿੱਚ ਉਹ ਹੋਰ ਵੱਡੀਆਂ ਗ਼ਲਤੀਆਂ ਕਰ ਬੈਠੇ ਅਤੇ ਇਨ੍ਹਾਂ ਵਿੱਚ ਸਭ ਤੋਂ ਉਘੜਵੀਂ ਇਹ ਸੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਖਾੜਕੂਵਾਦ ਪੈਦਾ ਕੀਤਾ ਅਤੇ ਫਿਰ ਇਸ ਨੂੰ ਸ਼ਹਿ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਤ ਭਿੰਡਰਾਂਵਾਲੇ ਦੀ ਯਾਦਗਾਰ ਬਣਾਉਣ ਦੀ ਇਜਾਜ਼ਤ ਕਿਉਂ ਦਿੱਤੀ?
ਪੰਜਾਬ ਵਿੱਚ ਤਕਰੀਬਨ ਡੇਢ ਦਹਾਕੇ ਤੱਕ ਝੁੱਲੀ ਖਾੜਕੂਵਾਦ ਦੀ ਹਨੇਰੀ ਦੀਆਂ ਜੜ੍ਹਾਂ ਅੰਮ੍ਰਿਤਸਰ ਵਿੱਚ 13 ਅਪਰੈਲ 1978 ਨੂੰ ਸਿੱਖਾਂ ਅਤੇ ਨਿਰੰਕਾਰੀਆਂ ਦਰਮਿਆਨ ਵਾਪਰੀ ਖੂਨੀ ਝੜਪ ਵਿੱਚ ਹਨ। ਇਸ ਘਟਨਾ ਨੇ ਸੰਤ ਜਰਨੈਲ ਸਿੰਘ ਨੂੰ ਪੰਜਾਬ ਦੇ ਧਾਰਮਿਕ ਤੇ ਸਿਆਸੀ ਸੀਨ 'ਤੇ ਲਿਆਂਦਾ। ਉਸ ਸਮੇਂ ਵੀ ਪ੍ਰਕਾਸ਼ ਸਿੰਘ ਬਾਦਲ ਹੀ ਮੁੱਖ ਮੰਤਰੀ ਸਨ। ਸੰਤ ਜਰਨੈਲ ਸਿੰਘ ਨੇ 25 ਅਗਸਤ 1977 ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਜਦੋਂ ਸੇਵਾ ਸੰਭਾਲੀ, ਉਸ ਸਮੇਂ ਕਾਂਗਰਸ ਕੇਂਦਰ ਦੀ ਸੱਤਾ ਤੋਂ ਬਾਹਰ ਹੋ ਚੁੱਕੀ ਸੀ। ਇੰਦਰਾ ਗਾਂਧੀ ਅਤੇ ਉਸ ਦੇ ਪੁੱਤਰ ਸੰਜੇ ਗਾਂਧੀ ਨੂੰ ਆਪਣੀ ਸਿਆਸੀ ਤੇ ਨਿੱਜੀ ਹੋਂਦ ਬਚਾਉਣ ਦੇ ਲਾਲੇ ਪਏ ਹੋਏ ਸਨ। ਕੀ ਉਸ ਸਮੇਂ ਇਹ ਦੋਵੇਂ ਮਾਂ-ਪੁੱਤ ਅਕਾਲੀਆਂ ਦੇ ਟਾਕਰੇ ਲਈ ਸੰਤ ਜਰਨੈਲ ਸਿੰਘ ਨੂੰ ਖੜ੍ਹਾ ਕਰ ਸਕਦੇ ਸਨ? ਕਦੇ ਵੀ ਨਹੀਂ। ਸੰਤ ਕਰਤਾਰ ਸਿੰਘ ਦੇ ਦੇਹਾਂਤ ਤੋਂ ਬਾਅਦ ਦਮਦਮੀ ਟਕਸਾਲ ਦੋ ਧੜਿਆਂ ਵਿੱਚ ਵੰਡੀ ਗਈ। ਇੱਕ ਧੜੇ ਨੇ ਜਦੋਂ ਸੰਤ ਜਰਨੈਲ ਸਿੰਘ ਨੂੰ ਆਪਣਾ ਮੁਖੀ ਥਾਪਣ ਦੀ ਰਸਮ ਅਦਾ ਕੀਤੀ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਅਕਾਲੀ ਆਗੂਆਂ ਵਿੱਚ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਸਮਾਗਮ ਵਿੱਚ ਭਾਗ ਲਿਆ ਅਤੇ ਸੰਤ ਜਰਨੈਲ ਸਿੰਘ ਨੂੰ ਸਿਰੋਪਾਓ ਦੇ ਕੇ ਦਮਦਮੀ ਟਕਸਾਲ ਦੇ ਮੁਖੀ ਵਜੋਂ ਪ੍ਰਵਾਨਗੀ ਦਿੱਤੀ।
ਸਿੱਖ ਖਾੜਕੂ ਸਿਆਸਤ ਨਾਲ ਜੁੜਿਆ ਪਹਿਲਾ ਕਤਲ 24 ਅਪਰੈਲ 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦਾ ਸੀ। ਅਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਦੀ 20 ਅਗਸਤ 1980 ਨੂੰ ਹੋਈ ਮੀਟਿੰਗ ਵਿੱਚ ਇਸ ਕਤਲ ਦੀ ਸ਼ਲਾਘਾ ਕਰਕੇ ਹਿੰਸਾ ਨੂੰ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਸੰਦ ਵਜੋਂ ਵਰਤਣ ਨੂੰ ਵਾਜਬੀਅਤ ਦਿੱਤੀ। ਪ੍ਰਕਾਸ਼ ਸਿੰਘ ਬਾਦਲ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਿਲ ਸੀ। ਉਸ ਨੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਉਸ ਮੈਮੋਰੰਡਮ ਉੱਤੇ ਵੀ ਦਸਤਖ਼ਤ ਕੀਤੇ ਹੋਏ ਹਨ, ਜਿਹੜਾ 22 ਅਪਰੈਲ 1992 ਨੂੰ ਯੂਐੱਨਓ ਦੇ ਸਕੱਤਰ ਜਨਰਲ ਬੁਤਰਸ ਘਾਲੀ ਨੂੰ ਸਿੱਖ ਆਗੂਆਂ ਵਲੋਂ ਦਿੱਤਾ ਗਿਆ ਸੀ।
ਇਸ ਸਿਆਸੀ ਸੰਕਟ ਦੀ ਇੱਕ ਪਰਤ ਇਹ ਵੀ ਹੈ ਕਿ ਬਾਦਲ ਦਲ ਵੱਲੋਂ ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਨੂੰ ਖ਼ਤਰਾ ਖੜ੍ਹਾ ਹੋਣ ਦਾ ਪਾਇਆ ਜਾ ਰਿਹਾ ਰੌਲਾ ਹੈ। ਅਜੋਕਾ ਵਾਵਰੋਲਾ ਸਿੱਖ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਖੜ੍ਹਾ ਹੋਇਆ ਹੈ, ਜਿਸ ਦਾ ਹਿੰਦੂ-ਸਿੱਖ ਸਬੰਧਾਂ ਤੇ ਸਾਂਝ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਬੋਹਰ ਵਿੱਚ ਹੋਈ ਪਾਰਟੀ ਰੈਲੀ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਨ ਦੌਰਾਨ ਦੋ ਹੀ ਨੁਕਤੇ ਉਭਾਰੇ- ਇੱਕ ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਖ਼ਤਰਾ ਅਤੇ ਦੂਜਾ ਕਾਂਗਰਸ ਪਾਰਟੀ ਹੀ ਪੰਜਾਬ ਵਿੱਚ ਪੈਦਾ ਹੋਏ ਖਾੜਕੂਵਾਦ ਦੀ ਜਨਮਦਾਤੀ ਹੈ। ਅਸਲੀਅਤ ਅਤੇ ਤੱਥ ਇਨ੍ਹਾਂ ਦੋਨਾਂ ਹੀ ਦਲੀਲਾਂ ਨੂੰ ਝੁਠਲਾਉਂਦੇ ਹਨ।
ਸਭ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਵੱਲੋਂ ਫਰੀਦਕੋਟ ਦੀ ਥਾਂ ਬਠਿੰਡਾ ਲੋਕ ਸਭਾ ਸੀਟ ਅਪਣਾਉਣ ਤੋਂ ਬਾਅਦ ਉਹ ਡੇਰਾ ਮੁਖੀ ਨਾਲ ਲੈਣ-ਦੇਣ ਕਰਦਾ ਰਿਹਾ ਹੈ। ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ 2009 ਵਿੱਚ ਪਹਿਲੀ ਵਾਰ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਹੁਣ ਤੱਕ ਇਸੇ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ। ਸੁਖਬੀਰ ਨੇ 2009 ਦੀ ਇਸ ਚੋਣ ਤੋਂ ਪਹਿਲਾਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਸਮਝੌਤਾ ਕਰ ਲਿਆ ਸੀ। ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਦੋਸ਼ੀ ਇਸ ਡੇਰੇ ਦੇ ਪੈਰੋਕਾਰ ਹੀ ਨਿਕਲੇ ਅਤੇ ਫੜ ਵੀ ਲਏ ਗਏ ਹਨ। ਇਸ ਡੇਰੇ ਦੇ ਮੁਖੀ ਨੂੰ 2015 ਵਿੱਚ ਮੁਆਫੀ ਦਿਵਾਉਣ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਵਰਗੀਆਂ ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕੀਤੀ ਗਈ ਪਰ ਇਸ ਮੁਆਫ਼ੀ ਵਿਰੁੱਧ ਪੈਦਾ ਹੋਏ ਰੋਸ ਕਾਰਨ ਕੁਝ ਦਿਨਾਂ ਬਾਅਦ ਹੀ ਅਕਾਲ ਤਖ਼ਤ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ। ਉਂਝ, ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਣ ਲਈ 97 ਲੱਖ ਰੁਪਏ ਇਸ਼ਤਿਹਾਰਬਾਜ਼ੀ ਉੱਤੇ ਖਰਚ ਦਿੱਤੇ ਸਨ।
ਸਿੱਖ ਧਾਰਮਿਕ ਤੇ ਸਿਆਸੀ ਖੇਤਰ ਨੂੰ ਹਮੇਸ਼ਾ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਆਗੂ ਦੀ ਲੋੜ ਰਹਿੰਦੀ ਹੈ, ਜਿਹੜਾ ਅਕਾਲੀ ਦਲ ਅਤੇ ਇਨ੍ਹਾਂ ਪੰਥਕ ਸੰਸਥਾਵਾਂ ਦੌਰਾਨ ਕੜੀ ਦਾ ਕੰਮ ਕਰਦਾ ਸੀ। ਮੂਲੋਂ ਹੀ ਹੌਲੇ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਇਸ ਅਹਿਮ ਕੜੀ ਨੂੰ ਖਤਮ ਕਰਨ ਦੀ ਬਾਦਲਾਂ ਨੂੰ ਹੁਣ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਅਜੋਕੇ ਸੰਕਟ ਵਿੱਚ ਅਸਲ ਖ਼ਤਰਾ ਸੂਬੇ ਵਿਚਲੀ ਫਿਰਕੂ ਇਕਸੁਰਤਾ ਜਾਂ ਭਾਈਚਾਰਕ ਸਾਂਝ ਨੂੰ ਨਹੀਂ, ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਨੂੰ ਹੈ।
*ਲੇਖਕ ਸੀਨੀਅਰ ਪੱਤਰਕਾਰ ਹੈ।
ਸੰਪਰਕ: 97797-11201
19 Sep. 2018