ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

25 September 2019

ਹਰਿਆਣਾ 'ਚ ਅਕਾਲੀ ਤੇ ਭਾਜਪਾ ਮਿਲ ਕੇ ਚੋਣਾਂ ਲੜਨ- ਪ੍ਰਕਾਸ਼ ਸਿੰਘ ਬਾਦਲ
ਕਹੇ ਬਾਣੀਆ ਥੜ੍ਹੇ 'ਤੋਂ ਪਰੇ ਹੋ ਜਾ, ਜੱਟ ਕਹਿੰਦਾ ਘੱਟ ਤੋਲੀਂ ਨਾ।


ਹਿੰਦੀ ਦਿਵਸ 'ਤੇ ਡਾ. ਤੇਜਵੰਤ ਮਾਨ ਨਾਲ਼ ਬਦਕਲਾਮੀ ਕਰਨ ਵਾਲ਼ੇ ਲੇਖ਼ਕਾਂ ਨੇ ਮੰਗੀ ਮੁਆਫ਼ੀ- ਇਕ ਖ਼ਬਰ
ਬੜ੍ਹਕਾਂ ਮਾਰਦੇ ਓ, ਸਾਨ੍ਹ ਹੁੰਨੇ ਆ।ਹੁਣ ਮੋਕ ਮਾਰਦੇ ਓ, ਗਊ ਦੇ ਜਾਏ ਆਂ।


ਨਰਿੰਦਰ ਮੋਦੀ ਵਰਗਾ ਸਮਰੱਥ ਅਤੇ ਸੂਝਵਾਨ ਪ੍ਰਧਾਨ ਮੰਤਰੀ ਨਹੀਂ ਦੇਖਿਆ-ਪ੍ਰਕਾਸ਼ ਸਿੰਘ ਬਾਦਲ
ਤੁਹਾਡੇ ਵਰਗਾ ਵੀ ਲੂੰਬੜ ਮੁੱਖ ਮੰਤਰੀ ਨਹੀਂ ਦੇਖਿਆ ਬਾਦਲ ਸਾਹਿਬ।


ਵਿਤ ਮੰਤਰੀ ਸੀਤਾਰਮਨ ਵਲੋਂ ਕੰਪਨੀਆਂ ਨੂੰ ਡੇਢ ਲੱਖ ਕਰੋੜ ਰੁਪਏ ਦੀਆਂ ਰਿਆਇਤਾਂ- ਇਕ ਖ਼ਬਰ
ਅੰਨ੍ਹਾ ਵੰਡੇ ਰਿਉੜੀਆਂ.........................


'ਹਾਊਡੀ ਮੋਦੀ' ਪ੍ਰੋਗਰਾਮ ਦੇਸ਼ ਦੀ ਮੰਦੀ ਆਰਥਿਕ ਹਾਲਤ ਨੂੰ ਨਹੀਂ ਲੁਕਾ ਸਕਦਾ-ਰਾਹੁਲ ਗਾਂਧੀ
ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।


ਮਕਬੂਜ਼ਾ ਕਸ਼ਮੀਰ ਦੀ ਹੋਂਦ ਲਈ ਨਹਿਰੂ ਜ਼ਿੰਮੇਵਾਰ- ਅਮਿਤ ਸ਼ਾਹ
ਟੁੱਟ ਪੈਣੇ ਦਰਜੀ ਨੇ, ਫਿੱਟ ਸੂਟ ਨਾ ਸੀਤਾ।


80 ਰੁਪਏ ਕਿੱਲੋ ਤੱਕ ਪੁੱਜਿਆ ਗੰਢਿਆਂ ਦਾ ਭਾਅ-ਇਕ ਖ਼ਬਰ
ਮਾਰ ਲੈ ਪੁੱਠੀਆਂ ਛਾਲ਼ਾਂ, 'ਅੱਛੇ ਦਿਨ' ਆ ਗਏ ਮਿੱਤਰਾ।


ਲਿਬਰਲ ਪਾਰਟੀ ਨੂੰ ਜਗਮੀਤ ਸਿੰਘ ਦੀਆਂ ਸ਼ਰਤਾਂ ਪ੍ਰਵਾਨ- ਇਕ ਖ਼ਬਰ
ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਤੂੰ ਮੰਨੇ ਤਾਂ ਜਾਣਾ।


ਨੌਂ ਲੱਖ ਨੌਕਰੀਆਂ ਦੇਣ ਦੇ ਅੰਕੜੇ ਤੋਂ ਭੱਜਣ ਲੱਗੀ ਪੰਜਾਬ ਸਰਕਾਰ- ਇਕ ਖ਼ਬਰ
ਕਿੱਲੀ ਉੱਤੇ ਟੰਗਿਆ ਰਿਹਾ, ਜੱਗੇ ਜੱਟ ਦਾ ਜਾਂਘੀਆ ਪੱਟ ਦਾ।


ਪੰਜਾਬ ਨੂੰ ਬਚਾਉਣ ਲਈ ਲੋਕ ਹੱਕਾਂ ਨੂੰ ਬਚਾਉਣਾ ਜ਼ਰੂਰੀ- ਡਾ. ਜੌਹਲ
ਝਾਕਦੀ ਦੀ ਅੱਖ ਪੱਕ ਗਈ, ਕਦੀ ਪਾ ਵਤਨਾਂ ਵਲ ਫੇਰਾ।


ਉਧਾਰ ਲਏ ਜਹਾਜ਼ ਰਾਹੀਂ ਅਮਰੀਕਾ ਪਹੁੰਚੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ- ਇਕ ਖ਼ਬਰ
ਬਾਂਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।


ਭਗਵੇਂ ਕੱਪੜੇ ਪਾ ਕੇ ਲੋਕ ਜਬਰ ਜਨਾਹ ਕਰ ਰਹੇ ਹਨ- ਦਿੱਗਵਿਜੈ ਸਿੰਘ
ਕੀ ਕਰਨਾ ਕੱਪੜੇ ਰੰਗਿਆਂ ਨੂੰ ,ਜੇ ਮਨ ਰੰਗਿਆ ਨਾ ਜਾਵੇ।


ਹਰਿਆਣਾ 'ਚ ਅਕਾਲੀ ਦਲ ਨਾਲ਼ ਗੱਠਜੋੜ ਸਬੰਧੀ ਭਾਜਪਾ ਨੇ ਖ਼ਾਮੋਸ਼ੀ ਧਾਰੀ- ਇਕ ਖ਼ਬਰ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਕਿ ਅੱਧੀ ਰਾਤੋਂ ਰਾਤ ਟੱਪ ਗਈ।


ਡੀ.ਸੀ. ਨਾਲ ਮਾਮਲੇ 'ਚ ਬੈਂਸ ਨੂੰ ਰਾਹਤ ਨਹੀਂ, ਜ਼ਮਾਨਤ ਦੀ ਅਪੀਲ ਰੱਦ- ਇਕ ਖ਼ਬਰ
ਬੱਚੀਆਂ ਪਾਉਂਦਾ ਰਹਿੰਦਾ ਨੀਂ, ਮੁੰਡਾ ਮੁਟਿਆਰ ਦੀਆਂ।


ਮੋਦੀ ਲਈ ਹਵਾਈ ਲਾਂਘਾ ਖੋਲ੍ਹਣ ਲਈ ਭਾਰਤ ਦੀ ਅਪੀਲ ਪਾਕਿ ਵਲੋਂ ਰੱਦ- ਇਕ ਖ਼ਬਰ
ਹੱਟੀ ਖੋਲ੍ਹ ਹੱਟੀ ਵਾਲਿਆ, ਸਾਡੇ ਛੜੇ ਨੇ ਪਤਾਸੇ ਲੈੇਣੇ।


ਸਿੱਖ ਕੈਦੀਆਂ ਦੀ ਰਿਹਾਈ ਲਈ ਸੁਖਬੀਰ ਬਾਦਲ ਨੇ ਮੋਦੀ ਨੂੰ ਪੱਤਰ ਲਿਖਿਆ- ਇਕ ਖ਼ਬਰ
ਕਿਉਂ ਪਿਛਲੇ ਦਸ ਸਾਲ ਪੈੱਨ 'ਚੋਂ ਸਿਆਹੀ ਮੁੱਕੀ ਹੋਈ ਸੀ।