ਪੰਜਾਬੀਆਂ ਨੂੰ ਜੋਸ਼ ਨਾਲ ਹੋਸ਼ ਦੀ ਵੀ ਲੋੜ - ਤਸਕੀਨ
ਅੱਜ ਪੰਜਾਬ ਆਪਣਾ ਇਤਿਹਾਸ ਦੁਹਰਾਉਂਦਿਆਂ ਆਪਣੇ ਆਪ ਨਾਲ ਤੇ ਹਾਕਮ ਹਿੰਦੂਤਵੀ ਵਿਚਾਰਧਾਰਾ ਦੇ ਪੈਂਤੜਿਆਂ ਨਾਲ ਜੂਝ ਰਿਹਾ ਹੈ। ਭਾਰਤ ਨੂੰ ਹਰ ਪਾਸੇ ਇਕਹਿਰੇ ਰੰਗ ਵਿਚ ਰੰਗਣ ਵਾਲੀ ਇਸ ਵਿਚਾਰਧਾਰਾ ਨੂੰ ਪੰਜਾਬ ਚੁਣੌਤੀ ਦੇ ਰਿਹਾ ਹੈ। ਮਜ਼ਲੂਮ ਬਣਾ ਦਿੱਤੀ ਗਈ ਕਸ਼ਮੀਰੀ ਕੌਮ ਦੇ ਹੱਕਾਂ ਲਈ ਡਟਿਆ ਖੜ੍ਹਾ ਹੈ। ਆਪਣੀ ਵਿਰਾਸਤ ਦੇ ਵਿਸਥਾਰ ਲਈ ਇਸ ਵੇਲੇ ਪੰਜਾਬੀਆਂ ਅੰਦਰ ਪੂਰਾ ਜੋਸ਼ ਹੈ। ਜੋਸ਼ ਨਾਲ ਹੋਸ਼ ਜਾਂ ਬੌਧਿਕ ਅਗਵਾਈ ਦੀ ਵੱਧ ਲੋੜ ਹੁੰਦੀ ਹੈ। ਇਸ ਲਈ ਜੋਸ਼ ਦੇ ਨਾਲ ਨਾਲ ਹੋਸ਼/ਚਿੰਤਨ ਦੇ ਵਿਰਸੇ ਨੂੰ ਫਰੋਲਣਾ ਵੀ ਜ਼ਰੂਰੀ ਹੈ, ਕਿਉਂਕਿ ਹੋਸ਼ ਤੋਂ ਬਿਨਾ ਜੋਸ਼ ਨੇ ਪੰਜਾਬ ਨੂੰ ਲੰਮਾ ਸਮਾਂ ਸੰਕਟ ਭੋਗਣ ਦੇ ਰਾਹ ਪਾਇਆ ਅਤੇ ਉਹ ਹੱਕੀ ਸਿਆਸੀ ਲੜਾਈ ਨੂੰ ਵੀ ਬਹਿਕਦੇ ਰੋਹ ਵਿਚ ਰੋੜ੍ਹਦਾ ਗਿਆ।
ਪੰਜਾਬੀ ਸਦੀਆਂ ਤੋਂ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਟੱਕਰ ਦੇਣ ਵਾਲੀ ਕੌਮ ਹਨ, ਇਸੇ ਲਈ ਮਨੂ ਸਮਰਿਤੀ ਇਸ ਨੂੰ 'ਮਲੇਸ਼ ਦੇਸ਼' ਵਜੋਂ ਸੰਬੋਧਿਤ ਹੁੰਦੀ ਹੈ। ਬਾਬਾ ਨਾਨਕ ਨੇ ਇਸ ਵਿਚਾਰਾਧਾਰਾ ਨਾਲ ਟੱਕਰਨ ਵਾਲੀ ਬਾਣੀ ਦੀ ਰਚਨਾ ਕੀਤੀ ਅਤੇ ਸਥਾਪਤੀ ਵਿਰੁੱਧ ਨੀਚਾਂ ਨਾਲ ਖੜ੍ਹੇ ਹੋਣ ਦਾ ਚਿੰਤਨ ਪੰਜਾਬੀਅਤ ਦੀਆਂ ਰਗਾਂ ਵਿਚ ਖੂਨ ਬਣ ਕੇ ਦੌੜਦਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਮਣੇ ਅਜਿਹੀ ਹਾਲਤ ਆ ਗਈ ਕਿ ਸਥਾਪਤੀ ਵਿਰੁੱਧ ਕੇਵਲ ਕਲਮ ਹੀ ਨਹੀਂ ਸਗੋਂ ਹਥਿਆਰਾਂ ਦੀ ਲੋੜ ਵੀ ਮਹਿਸੂਸ ਹੋਈ। ਹੋਸ਼ ਪਹਿਲਾਂ ਅਤੇ ਉਸ ਦੀ ਰਾਖੀ ਲਈ ਜੋਸ਼ ਦੀ ਲੋੜ ਨੇ ਪੰਜਾਬੀਅਤ ਨੂੰ ਨਵਾਂ ਹੁਲਾਰਾ ਦਿੱਤਾ। ਬਾਬਾ ਬੁੱਲ੍ਹੇ ਸ਼ਾਹ, ਸੁਲਤਾਨ ਬਾਹੂ, ਵਾਰਿਸ ਸ਼ਾਹ ਸਭ ਪੰਜਾਬੀਅਤ ਨੂੰ ਜੋਸ਼ ਨਾਲ ਹੋਸ਼ ਰਾਹੀਂ ਸਿੰਜਦੇ ਰਹੇ ਅਤੇ ਮੁੱਖਧਾਰਾ ਤੋਂ ਬੇਖੌਫ਼ ਉਸ ਖ਼ਿਲਾਫ਼ ਦਰਸ਼ਨ ਦਾ ਵਿਸਥਾਰ ਕਰਦੇ ਰਹੇ। ਉਨ੍ਹਾਂ ਦਾ ਚਿੰਤਨ ਸੰਸਾਰ ਨੂੰ ਸੰਬੋਧਨ ਕਰਦਾ ਹੈ, ਇਸੇ ਲਈ ਉਹ ਭਾਸ਼ਾਈ ਵਲਗਣਾਂ ਤੋਂ ਪਾਰ ਸਥਾਪਤੀ ਵਿਰੁੱਧ ਮਨੁੱਖ ਦੇ ਹੋਣ ਦੀ ਲੜਾਈ ਲੜਦੇ ਹਨ। ਭਗਤ ਸਿੰਘ ਨੇ ਬਸਤੀਵਾਦੀ+ਬੁਰਜੂਆ ਵਿਚਾਰਧਾਰਾ ਦੇ ਖਿਲਾਫ਼ ਜੋਸ਼ ਰਾਹੀਂ ਸਮਾਜਵਾਦੀ ਹੋਸ਼ (ਚਿੰਤਨ) ਨੂੰ ਅਗਲਾ ਵਿਸਥਾਰ ਦਿੱਤਾ, ਭਾਵ ਪੰਜਾਬੀਆਂ ਦਾ ਇਤਿਹਾਸ ਹਾਕਮ ਵਿਚਾਰਧਾਰਾ ਖ਼ਿਲਾਫ਼ ਜੋਸ਼ ਅਤੇ ਹੋਸ਼ ਨਾਲ ਟੱਕਰਨ ਦਾ ਇਤਿਹਾਸ ਬਣ ਕੇ ਮਜ਼ਲੂਮ ਨੂੰ ਤਾਕਤ ਦੇਣ ਦਾ ਇਤਿਹਾਸ ਹੈ ਅਤੇ ਅੱਜ ਨਵੇਂ ਮੋੜ 'ਤੇ ਪਹੁੰਚਦਿਆਂ ਹਿੰਦੂਤਵ ਦੇ ਵਿਕਰਾਲ ਸੰਸਾਰ ਨਾਲ ਟੱਕਰਨ ਦੇ ਦੌਰ ਵਿਚੋਂ ਲੰਘ ਰਿਹਾ ਹੈ। ਪੰਜਾਬ ਇਸ ਨੂੰ ਹਰ ਪੱਧਰ ਤੇ ਟੱਕਰ ਦੇਣ ਦੀ ਕੋਸ਼ਿਸ਼ 'ਚ ਹੈ।
ਰੌਲਾ ਇਹ ਪੈ ਰਿਹਾ ਹੈ ਕਿ 'ਪੰਜਾਬੀ ਗਾਇਕ ਗੁਰਦਾਸ ਮਾਨ ਨੇ ਰੇਡੀਓ ਇੰਟਰਵਿਊ ਵਿਚ ਹਿੰਦੀ ਬਾਰੇ ਕਿਹਾ ਕਿ ਇਹ ਸਾਰਿਆਂ ਨੂੰ ਬੋਲਣੀ ਚਾਹੀਦੀ ਹੈ। ਜੇ ਹਿੰਦੀ ਪੜ੍ਹਦੇ ਜਾਂ ਫਿਲਮਾਂ ਦੇਖਦੇ ਹਾਂ ਤਾਂ ਬੋਲਣ ਵਿਚ ਕੀ ਹਰਜ ਹੈ। ਜਦੋਂ ਜਰਮਨੀ ਵਿਚ ਸਾਰੇ ਜਰਮਨ ਬੋਲਦੇ ਹਨ ਅਤੇ ਫ਼ਰਾਂਸ ਵਿਚ ਸਾਰੇ ਫ਼ਰਾਂਸੀਸੀ ਤਾਂ ਹਿੰਦੋਸਤਾਨ ਵਿਚ ਹਿੰਦੀ ਕਿਉਂ ਨਹੀਂ।' ਬਦਕਿਸਮਤੀ ਨੂੰ ਇਹ ਬਿਆਨ ਉਦੋਂ ਆਇਆ ਹੈ ਜਦੋਂ 'ਹਿੰਦੂ-ਹਿੰਦੀ-ਹਿੰਦੋਸਤਾਨ' ਰਾਹੀਂ ਭਾਰਤ ਨੂੰ ਇਕਹਿਰੇ ਰੰਗ ਵਿਚ ਰੰਗਣ ਦਾ ਬੁਲਡੋਜ਼ਰ ਚੱਲ ਰਿਹਾ ਹੈ। ਅਮਿਤ ਸ਼ਾਹ ਨੇ ਹਿੰਦੀ ਨੂੰ ਸਾਰੇ ਭਾਰਤੀਆਂ ਨੂੰ ਪਹਿਲੀ ਭਾਸ਼ਾ ਵਜੋਂ ਵਰਤਣ ਦੀ ਤਾਕੀਦ ਕਰ ਦਿੱਤੀ (ਹਾਲਾਂਕਿ ਬਾਅਦ ਵਿਚ ਉਸ ਨੇ ਇਹ ਬਿਆਨ ਵਾਪਿਸ ਲੈ ਲਿਆ) ਅਤੇ ਪੰਜਾਬ ਵਿਚ ਇਕ ਹੋਰ ਲਿਖਾਰੀ ਇਸ ਦੀ ਤਾਕੀਦ ਕਰਦਾ ਫ਼ਤਵਾ, ਪੰਜਾਬੀ ਲੇਖਕ ਤੇਜਵੰਤ ਮਾਨ ਨੂੰ ਧਮਕੀ ਰਾਹੀਂ ਦਿੰਦਾ ਹੈ ਕਿ 'ਦੋ ਸਾਲ ਠਹਿਰੋ, ਫਿਰ ਦੱਸਾਂਗੇ।'
ਅਜਿਹੇ ਮਾਹੌਲ ਵਿਚ ਪੰਜਾਬੀ ਅਤੇ ਪੰਜਾਬੀਅਤ ਨੂੰ ਮਿਲ ਰਹੀ ਚੁਣੌਤੀ ਦੇ ਐਨ ਮੌਕੇ ਗੁਰਦਾਸ ਮਾਨ ਦਾ ਬਿਆਨ ਪੰਜਾਬੀ ਦੇ ਪਰਵਾਨਿਆਂ ਲਈ ਰੋਹ ਦਾ ਕਾਰਨ ਬਣਿਆ ਹੋਇਆ ਹੈ। ਇਹ ਮੌਕਾ ਮੇਲ ਹੀ ਇਸ ਰੋਹ ਦਾ ਮੁੱਖ ਕਾਰਨ ਹੈ। ਦੁਨੀਆ ਵਿਚ ਥਾਂ ਥਾਂ ਉਸ ਖ਼ਿਲਾਫ਼ ਵਿਖਾਵੇ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ਉੱਪਰ ਵੀ ਉਸ ਵਿਰੁੱਧ ਹਨੇਰੀ ਝੁੱਲ ਰਹੀ ਹੈ। ਉਸ ਖ਼ਿਲਾਫ਼ ਅਜਿਹੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਜੋ ਸੱਭਿਅਕ ਸਮਾਜ ਨੂੰ ਸੋਭਾ ਨਹੀਂ ਦਿੰਦੀ। ਉਸ ਦੇ ਵਿਚਾਰਾਂ ਨਾਲ ਸੰਵਾਦ ਰਾਹੀਂ ਵਿਰੋਧ ਜਿਤਾਇਆ ਜਾ ਸਕਦਾ ਹੈ, ਕਿਉਂਕਿ ਉਸ ਦੀਆਂ ਹਿੰਦੀ ਦੇ ਹੱਕ ਵਿਚ ਦਲੀਲਾਂ ਬਹੁਤ ਕਮਜ਼ੋਰ ਅਤੇ ਇਤਿਹਾਸ ਵਿਰੋਧੀ ਹਨ, ਹਾਲਾਂਕਿ ਉਸ ਨੇ ਹਿੰਦੀ ਦੀ ਬਜਾਏ ਹਿੰਦੋਸਤਾਨੀ ਭਾਸ਼ਾ ਦੀ ਵਕਾਲਤ ਕੀਤੀ ਜੋ ਪਹਿਲਾਂ ਬੌਲੀਵੁੱਡ ਦੀ ਭਾਸ਼ਾ ਹੈ ਅਤੇ ਉਹ ਵੀ ਦੱਖਣ ਦੇ ਪ੍ਰਸੰਗ ਵਿਚ। ਉਸ ਨੇ ਹਿੰਦੋਸਤਾਨੀ ਨੂੰ ਮਾਂ ਨਹੀਂ, ਮਾਸੀ ਕਿਹਾ ਹੈ ਅਤੇ ਕਦੇ ਪੰਜਾਬੀਆਂ ਦੀ ਇਹ ਮਾਸੀ ਫ਼ਾਰਸੀ ਅਤੇ ਉਰਦੂ ਵੀ ਰਹੀਆਂ ਹਨ। ਗੁਰਦਾਸ ਮਾਨ ਦੀ ਸਮੁੱਚੀ ਹੋਂਦ ਅਤੇ ਪੰਜਾਬੀ ਜ਼ਬਾਨ, ਸੱਭਿਆਚਾਰ ਅਤੇ ਸਮਾਜ 'ਚ ਪਾਏ ਉਸ ਦੇ ਯੋਗਦਾਨ ਨੂੰ ਇੱਕ ਵਾਢਿਉਂ ਰੱਦ ਕਰਨਾ ਅਕ੍ਰਿਤਘਣਤਾ ਹੋਏਗੀ। ਪੰਜਾਬੀ ਸਮਾਜ ਅਜਿਹਾ ਨਹੀਂ ਕਰ ਸਕਦਾ। ਪੰਜਾਬੀਆਂ ਦਾ ਅਜਿਹੇ ਬਿਆਨ 'ਤੇ ਗੁੱਸਾ ਕਰਨਾ ਜਾਇਜ਼ ਹੋ ਸਕਦਾ ਹੈ ਅਤੇ ਜੋਸ਼ 'ਚ ਆਉਣਾ ਵੀ ਜਾਇਜ਼ ਹੈ, ਮਗਰ ਹੋਸ਼ ਦੇ ਮੰਤਰ ਤੋਂ ਬਿਨਾ ਜੋਸ਼ ਗਲਤ ਲੀਹੇ ਚੜ੍ਹ ਜਾਂਦਾ ਹੈ।
ਗੁਰਦਾਸ ਮਾਨ ਨਾਲ ਸੰਵਾਦ ਰਚਾਉਣ ਲਈ ਥੋੜ੍ਹਾ ਇਤਿਹਾਸ ਵੱਲ ਮੁੜਨਾ ਪਵੇਗਾ। ਪੰਜਾਬੀਆਂ ਕੋਲ ਹਮੇਸ਼ਾ ਇਕ ਸੰਪਰਕ ਭਾਸ਼ਾ ਰਹੀ ਹੈ ਜੋ ਉਸ ਨੂੰ ਪੂਰੇ ਭਾਰਤ ਜਾਂ ਸੰਸਾਰ ਨਾਲ ਜੋੜਦੀ ਰਹੀ ਹੈ। ਮਾਨ ਖੁਦ ਕਹਿੰਦਾ ਹੈ, ''ਹਰ ਭਾਸ਼ਾ ਸਿੱਖੋ, ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ।" ਉਹ ਪੰਜਾਬੀ ਨੂੰ ਦੇਸ਼ ਦੀ 'ਰਕਾਨ' ਕਹਿਣ ਵਾਲਾ ਲੇਖਕ ਹੈ। ਜਿਸ ਨੂੰ ਰਕਾਨ ਦੇ ਅਰਥ ਨਹੀਂ ਪਤਾ, ਉਹ ਮਾਨ ਨੂੰ ਨਹੀਂ ਸਮਝ ਸਕਦਾ। ਭਾਰਤ ਵਿਚ ਲਿਖੀ ਜਾਣ ਵਾਲੀ ਕਿਤਾਬੀ ਹਿੰਦੀ ਹਿੰਦੋਸਤਾਨ ਦੇ ਕਿਸੇ ਵੀ ਖਿੱਤੇ ਦੀ ਭਾਸ਼ਾ ਨਹੀਂ। ਇਹ ਹਿੰਦੂਤਵ ਦੀ ਸਿਆਸਤ ਵਿਚੋਂ ਕੱਲ੍ਹ ਜੰਮੀ ਭਾਸ਼ਾ ਹੈ। ਫ਼ਿਲਮਾਂ ਦੀ ਭਾਸ਼ਾ ਹਿੰਦੀ ਨਹੀਂ, ਉਹ ਹਿੰਦੋਸਤਾਨੀ ਜਾਂ ਹਿੰਦਵੀ ਹੈ ਜੋ ਕਈ ਸਦੀਆਂ ਤੋਂ ਮੌਜੂਦ ਸੀ ਤੇ ਅੱਜ ਵੀ ਭਾਰਤ ਦੇ ਬਹੁਤ ਸਾਰੇ ਲੋਕ ਇਸ ਨੂੰ ਬੋਲ ਜਾਂ ਸਮਝ ਲੈਂਦੇ ਹਨ ਪਰ ਲਿਖੀ ਜਾਂ ਪੜ੍ਹੀ ਜਾਣ ਵਾਲੀ ਹਿੰਦੀ ਨੂੰ ਹਿੰਦੀ ਖੇਤਰ ਦੇ ਪੜ੍ਹੇ ਲੋਕ ਹੀ ਲਿਖ ਪੜ੍ਹ ਸਮਝ ਸਕਦੇ ਹਨ। ਮਾਨ ਦਾ ਜਰਮਨ ਦੀ ਭਾਸ਼ਾ ਜਰਮਨੀ ਅਤੇ ਫ਼ਰਾਂਸ ਦੀ ਭਾਸ਼ਾ ਫ਼ਰਾਂਸੀਸੀ ਵਾਲਾ ਨੁਕਤਾ ਯੂਰੋਪੀਅਨ ਇਤਿਹਾਸ ਬਾਰੇ ਨਾਸਮਝੀ ਵਿਚੋਂ ਪੈਦਾ ਹੋਇਆ ਹੈ। ਆਧੁਨਿਕ ਯੂਰੋਪ ਵਿਚ ਪੈਦਾ ਹੋਏ ਕੌਮੀਅਤ ਦੇ ਸਿਧਾਂਤ 'ਤੇ ਲੰਮੀ ਚੌੜੀ ਚਰਚਾ ਯੂਰੋਪ ਦੀਆਂ ਲਾਇਬਰੇਰੀਆਂ ਦੀ ਜ਼ੀਨਤ ਹੈ।
ਜੂਲੀਅਸ ਸੀਜ਼ਰ ਨੇ ਲੋਅਰ ਜਰਮਨ ਦੇ ਕਬੀਲਿਆਂ ਨੂੰ ਹਰਾ ਕੇ ਇਸ ਨੂੰ ਰੋਮਨ ਸਾਮਰਾਜ ਦਾ ਹਿੱਸਾ ਬਣਾ ਲਿਆ। ਇਹ ਚਾਰ ਕਬੀਲਿਆਂ ਜਰਮਨ, ਗਾਲ, ਇੰਗਲਿਸ਼ ਅਤੇ ਬੈਲਜੀਅਸ ਦਾ ਸਮੂਹ ਸੀ ਜਿਨ੍ਹਾਂ ਦੀ ਵੱਖ ਵੱਖ ਭਾਸ਼ਾ ਸੀ। ਰੋਮਨ ਸਾਮਰਾਜ ਦਾ ਉਪਰਲਾ ਵਰਗ ਲੈਟਿਨ ਬੋਲਦਾ ਸੀ, ਜਿਵੇਂ ਸਾਡੇ ਫ਼ਾਰਸੀ ਬੋਲੀ ਜਾਂਦੀ ਸੀ। ਇਨ੍ਹਾਂ ਕਬੀਲਿਆਂ ਦੀ ਜਨਤਾ ਆਪੋ-ਆਪਣੀ ਭਾਸ਼ਾ ਬੋਲਦੀ ਸੀ। ਇਸ ਆਮ ਜਨਤਾ ਨਾਲ ਉਪਰਲੇ ਵਰਗ ਨੂੰ ਸਥਾਨਕ ਸੰਪਰਕ ਭਾਸ਼ਾ ਸਿੱਖਣੀ ਪੈਂਦੀ, ਜਿਵੇਂ ਫ਼ਾਰਸੀਦਾਨਾਂ ਨੂੰ ਪੰਜਾਬੀ, ਗੁਜਰਾਤੀ, ਮਰਾਠੀ, ਬੰਗਾਲੀ ਆਦਿ। ਜਿਵੇਂ ਜਰਮਨੀ, ਫ਼ਰਾਂਸੀਸੀ, ਇੰਗਲਿਸ਼ ਕੌਮਾਂ ਆਧੁਨਿਕ ਯੁੱਗ ਦੀ ਦੇਣ ਹਨ ਅਤੇ ਉਨ੍ਹਾਂ ਦੀ ਇਕ ਕੌਮੀ ਭਾਸ਼ਾ ਹੈ, ਹਿੰਦੋਸਤਾਨ ਉਸ ਤਰ੍ਹਾਂ ਦਾ ਇਕ ਕੌਮੀ ਦੇਸ਼ ਨਹੀਂ। ਇਹ ਅਜਿਹੇ ਭੂਗੋਲਿਕ ਖਿੱਤੇ ਵਿਚ ਬੱਝਾ ਬਹੁਕੌਮੀ ਦੇਸ਼ ਹੈ ਜਿੱਥੇ ਪੰਜਾਬੀ, ਬੰਗਾਲੀ, ਮਰਾਠੀ, ਕਸ਼ਮੀਰੀ, ਤਮਿਲ, ਗੁਜਰਾਤੀ ਆਦਿ ਵੱਖ ਵੱਖ ਕੌਮਾਂ ਹਨ ਅਤੇ ਵੱਖ ਵੱਖ ਉਨ੍ਹਾਂ ਦੀ ਬੋਲੀ ਹੈ। ਸੰਪਰਕ ਭਾਸ਼ਾ ਹੋਣੀ ਚਾਹੀਦੀ ਪਰ ਹਿੰਦੀ ਹੀ ਕਿਉਂ? ਕਿਉਂਕਿ ਰਾਜ ਹਿੰਦੂਵਾਦੀ ਵਿਚਾਰਾਂ ਦੇ ਹੱਥ ਵਿਚ ਹੈ ਅਤੇ ਉਹ ਭਾਰਤ ਦੇ ਸੰਘੀ ਢਾਂਚੇ ਦੀ ਬਹੁਕੌਮੀ ਸੱਭਿਆਚਾਰਕ ਖੂਬਸੂਰਤੀ ਨੂੰ ਇਕੋ ਹਿਦੂਤਵੀ ਰੰਗ ਵਿਚ ਡੋਬਣ ਲਈ ਦ੍ਰਿੜ ਹਨ।
ਆਜ਼ਾਦੀ ਦਾ ਸੰਘਰਸ਼ ਆਜ਼ਾਦੀ ਦੇ ਨਾਲ ਨਾਲ ਫ਼ਿਰਕੂ ਰੰਗ ਗੂੜ੍ਹਾ ਕਰਨ ਦਾ ਇਤਿਹਾਸ ਵੀ ਹੈ। ਸਾਵਰਕਰ ਦੇ ਦੋ ਕੌਮਾਂ ਦੇ ਸਿਧਾਂਤ ਵਿਚੋਂ ਪਾਕਿਸਤਾਨ ਨੇ ਜਨਮ ਲਿਆ ਪਰ ਮਸਲਾ ਉੱਥੇ ਦਾ ਉੱਥੇ ਹੈ, ਭਾਵ ਧਰਮ ਕਦੇ ਕੌਮ ਨਹੀਂ ਹੋ ਸਕਦਾ। ਇਸ ਹਿਸਾਬ ਨਾਲ ਸਿੱਖ, ਬੋਧੀ, ਜੈਨ, ਪਾਰਸੀ, ਇਸਾਈ ਆਦਿ ਵੀ ਸਭ ਕੌਮਾਂ ਹਨ ਪਰ ਕੌਮ ਕਿਸੇ ਭਾਸ਼ਾ ਤੇ ਉਸ ਦੇ ਸੱਭਿਆਚਾਰ ਵਿਚੋਂ ਹੋਂਦ ਵਿਚ ਆਉਂਦੀ ਹੈ। ਧਰਮ ਨੂੰ ਕੌਮ ਮੰਨਿਆ ਜਾਵੇ ਤਾਂ ਇਸਾਈਆਂ, ਬੋਧੀਆਂ, ਮੁਸਲਮਾਨਾਂ ਦਾ ਇਕ ਇਕ ਦੇਸ਼ ਹੋਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋ ਸਕਦਾ, ਕਿਉਂਕਿ ਕੌਮ ਨੂੰ ਕੌਮ ਬਣਾਉਣ ਲਈ ਭਾਸ਼ਾ ਅਤੇ ਉਸ ਦਾ ਸੱਭਿਆਚਾਰ ਲਾਜ਼ਮੀ ਹੈ। ਪੰਜਾਬੀ ਨੂੰ ਹਿੰਦੀ ਦੇ ਰੰਗ ਵਿਚ ਨਹੀਂ ਰੰਗਿਆ ਜਾ ਸਕਦਾ। ਇਹ ਉਸੇ ਤਰ੍ਹਾਂ ਦਾ ਯਤਨ ਹੈ, ਜਿਵੇਂ ਲਹਿੰਦੇ ਪੰਜਾਬ ਵਿਚ ਜਗੀਰੂ ਇਲੀਤ (elite) ਨੇ ਉਰਦੂ ਦਾ ਜੂਲ਼ਾ ਪੰਜਾਬੀ ਦੇ ਗਲ ਵਿਚ ਪਾ ਰੱਖਿਆ ਹੈ ਅਤੇ ਆਮ ਲੋਕਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਖੋਹਣ ਦਾ ਯਤਨ ਹੁੰਦਾ ਆ ਰਿਹਾ ਹੈ।
ਪੰਜਾਬੀ ਜ਼ਬਾਨ ਨਾਲ ਪਿਆਰ ਕਰਨ ਵਾਲੇ ਗੁਰਦਾਸ ਮਾਨ ਨੂੰ ਕਈ ਲੋਕ ਭੱਦੇ ਵਿਸ਼ੇਸ਼ਣਾਂ ਨਾਲ ਨਵਾਜ ਰਹੇ ਹਨ। ਇਸ ਬਿਆਨ ਨਾਲੋਂ ਵੱਧ ਮਾਰੂ ਕਾਰਜ ਉਸ ਨੇ ਡੇਰਾਵਾਦੀ ਬਣ ਕੇ ਡੇਰਿਆਂ ਦੀ ਤਰੱਕੀ ਵਿਚ ਚੋਖਾ 'ਯੋਗਦਾਨ' ਪਾਉਂਦਿਆਂ ਕੀਤਾ। ਉਸ ਵੇਲੇ ਉਸ ਦੇ ਖ਼ਿਲਾਫ਼ ਕੋਈ ਨਹੀਂ ਬੋਲਿਆ ਕਿਉਂਕਿ ਉਹ ਇਹ ਕੌੜੀ ਦਵਾਈ ਪੀਰਵਾਦੀ ਜਗੀਰੂ ਵਿਚਾਰਧਾਰਾ ਦੀ ਚਾਸ਼ਨੀ ਵਿਚ ਡੋਬ ਕੇ ਖੁਆ ਰਿਹਾ ਸੀ। ਗੁਰਦਾਸ ਮਾਨ ਨੇ ਸ਼ਬਦ ਦੇ ਪੱਧਰ ਤੇ ਜਗੀਰੂ ਵੈਲੀਪੁਣੇ ਅਤੇ ਫ਼ਿਰਕੂ ਜ਼ਹਿਰ ਖ਼ਿਲਾਫ਼ ਲਗਾਤਾਰ ਚਾਰ ਦਹਾਕੇ ਕੰਮ ਕੀਤਾ ਹੈ ਅਤੇ ਆਪਣੇ ਨਿਵੇਕਲੇ ਵਿਚਾਰਾਂ ਨਾਲ ਪੰਜਾਬੀਅਤ ਦੀ ਫ਼ਸਲ ਨੂੰ ਸਿੰਜਿਆ ਹੈ। ਵੈਲੀ ਸੱਭਿਆਚਾਰ ਪੰਜਾਬ ਨੂੰ ਘੁਣ ਵਾਂਗ ਖਾ ਰਿਹਾ ਹੈ। ਗੁਰਦਾਸ ਮਾਨ ਦਾ ਲਿਖਣ ਅਤੇ ਗਾਉਣ ਦਾ ਨਿਵੇਕਲਾ ਤਰੀਕਾ ਜੈਵਿਕ ਬੁੱਧੀਵਾਨਾਂ ਵਾਲਾ ਹੈ ਜਿਸ ਨੂੰ ਕਦੇ ਵੀ ਖਾਰਿਜ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ। ਸਿੱਧੂ ਮੂਸੇਵਾਲਾ ਤੇ ਗੁਰਦਾਸ ਮਾਨ ਲਈ ਇਕੋ ਜਿਹੀ ਭਾਸ਼ਾ ਨਾਲ ਅਸੀਂ ਆਪਣਾ ਹੋਸ਼ ਨਾ ਗਵਾਈਏ। ਮੁਸ਼ਕਿਲ ਦੌਰ ਵਿਚੋਂ ਲੰਘ ਰਹੇ ਪੰਜਾਬੀਆਂ ਦੇ ਜੋਸ਼ ਨੂੰ ਸਲਾਮ ਪਰ ਹੋਸ਼/ਚਿੰਤਨ ਜੱਦੋ-ਜਹਿਦ ਵਿਚ ਬਹੁਤ ਜ਼ਰੂਰੀ ਹੁੰਦੇ ਹਨ। ਗੁਰਦਾਸ ਮਾਨ ਨੂੰ ਪੰਜਾਬੀ ਦੁਸ਼ਮਣ ਕਰਾਰ ਦੇ ਕੇ ਅਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਸਲੀ ਦੁਸ਼ਮਣਾਂ ਦੇ ਹੱਥ ਮਜ਼ਬੂਤ ਕਰ ਰਹੇ ਹੋਵਾਂਗੇ ਕਿਉਂਕਿ ਮਾਨ ਕਿਸੇ ਵੀ ਤਰ੍ਹਾਂ ਉਸ ਪਾਲੇ ਦਾ ਹਮਸਫ਼ਰ ਨਹੀਂ ਹੈ। ਉਹ ਸੋਸ਼ਲ ਮੀਡੀਆ ਨੂੰ ਵਿਅੰਗ ਨਾਲ ਸੰਬੋਧਿਤ ਸੀ ਪਰ ਮਾਨ ਲਈ ਅੱਜ ਦੇ ਟਰੌਲਿੰਗ ਯੁੱਗ ਵਿਚ ਨਜਿੱਠਣਾ ਸੌਖਾ ਨਹੀਂ ਜਿੱਥੇ ਸਾਰੇ ਹੀ ਮੁਨਸਿਫ਼ ਹਨ। ਇਸ ਮਾਧਿਅਮ ਨਾਲ ਜੁੜੇ ਲੋਕਾਂ ਦਾ ਆਪ ਭਾਵੇਂ ਸਮਾਜਿਕ ਸਰੋਕਾਰਾਂ ਵਿਚ ਕੋਈ ਯੋਗਦਾਨ ਹੋਵੇ ਜਾਂ ਨਾ ਹੋਵੇ ਪਰ ਉਹ ਰੋਮਿਲਾ ਥਾਪਰ ਨੂੰ ਫ਼ਿਕਸਨ ਲੇਖਕ ਲਿਖ ਕੇ ਉਸ ਨੂੰ ਡਿਗਰੀਆਂ ਪੁੱਛਣ ਦੀ ਆਦਤ ਜ਼ਰੂਰ ਰੱਖਦੇ ਹਨ। ਸਾਡੀ ਨਾਰਾਜ਼ਗੀ ਦੀ ਭਾਸ਼ਾ ਨੇ ਮਾਨ ਨੂੰ ਵੀ ਉਸੇ ਭਾਸ਼ਾ ਦੇ ਰਾਹੇ ਤੋਰ ਦਿੱਤਾ ਹੈ। ਗੁਰਦਾਸ ਮਾਨ ਨੂੰ ਵੀ ਗੁੱਸੇ ਤੋਂ ਨਹੀਂ, ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਦਲੀਲ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੀਦਾ ਹੈ। ਮਾਨ ਮਾਨਵੀ ਸਮਾਜਿਕ ਸਰੋਕਾਰਾਂ ਨੂੰ ਪ੍ਰਨਾਇਆ ਬੰਦਾ ਅਤੇ ਗੁਣਾਂ ਦੀ ਗੁਥਲੀ ਹੈ। ਪੰਜਾਬੀਆਂ ਦਾ ਉਸ ਲਈ ਇੰਨਾ ਗੁੱਸਾ ਜਾਇਜ਼ ਨਹੀਂ।
ਸੰਪਰਕ : 98140-99426