ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

30 September 2019

ਟਰੰਪ ਨੇ ਭਾਰਤ ਪਾਕਿ ਵਿਚੋਲਗੀ ਦੇ ਮੁੱਦੇ 'ਤੇ ਕੱਟਿਆ ਕੂਹਣੀ ਮੋੜ-ਇਕ ਖ਼ਬਰ
ਯਾਰੀ ਲੱਗੀ 'ਤੇ ਲਵਾ 'ਤੇ ਤਖ਼ਤੇ, ਟੁੱਟੀ 'ਤੇ ਚੁਗਾਠ ਪੁੱਟ ਲਈ।


ਪ੍ਰਕਾਸ਼ ਪੁਰਬ ਸਾਂਝੇ ਤੌਰ'ਤੇ ਮਨਾਉਣ ਦੇ ਯਤਨਾਂ ਨੂੰ ਢਾਅ ਲੱਗੀ- ਇਕ ਖ਼ਬਰ
ਮੋੜੀਂ ਮੋੜੀਂ ਵੇ ਗੁਲਜ਼ਾਰੀ, ਭੇਡਾਂ ਦੂਰ ਗਈਆਂ।


ਬਾਦਲਾਂ ਨੂੰ ਬਚਾਉਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹਨ ਕੈਪਟਨ- ਖਹਿਰਾ
ਕਾਲ਼ੀ ਗਾਨੀ ਮਿੱਤਰਾਂ ਦੀ, ਰਾਤੀਂ ਟੁੱਟ ਗਈ ਨੀਂਦ ਨਾ ਆਈ।


ਜੇ ਲੋੜ ਲਈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਵੀ ਲੜਾਂਗਾ- ਕੈਪਟਨ
ਬਈ ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।


ਕਸ਼ਮੀਰ ਮੁੱਦੇ 'ਤੇ ਭਾਰਤ ਨਾਲ਼ ਜੰਗ ਹੋ ਸਕਦੀ ਹੈ-ਇਮਰਾਨ
ਮੌਤੋਂ ਕੀ ਡਰਨਾ, ਬੋਤਾ ਪਾ ਲਿਆ ਚੁੜੇਲਾਂ ਵਾਲ਼ੀ ਸੜਕੇ।


ਹੈਰਾਨ ਹਾਂ ਬਾਦਲਕਿਆਂ ਨੇ ਦਸ ਸਾਲ ਸਰਕਾਰ ਕਿਵੇਂ ਚਲਾਈ-ਕੈਪਟਨ
ਸ਼ੌਂਕ ਗੱਭਰੂਆਂ ਦੇ, ਤੂੰ ਕੀ ਜਾਣਦੀ ਭੇਡੇ।


ਟਰੰਪ ਵਲੋਂ ਮੋਦੀ ਨੂੰ ਭਾਰਤ ਦਾ ਪਿਤਾ ਕਹਿਣ 'ਤੇ ਵਿਵਾਦ-ਇਕ ਖ਼ਬਰ
ਬੋਦੀ ਵਾਲ਼ਾ ਤਾਰਾ ਚੜ੍ਹਿਆ, ਘਰ ਘਰ ਹੋਣ ਵਿਚਾਰਾਂ।


ਦਿੱਲੀ ਤਖ਼ਤ ਅੱਗੇ ਨਹੀਂ ਝੁਕਾਂਗਾ- ਸ਼ਰਦ ਪਵਾਰ
ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।


ਕਸ਼ਮੀਰ ਬਾਰੇ ਵਿਚੋਲਗੀ ਕਰ ਕੇ ਮੈਂ ਭਾਰਤ ਤੇ ਪਾਕਿ ਦੀ ਮਦਦ ਕਰਨੀ ਚਾਹੁੰਦਾ ਹਾਂ-ਟਰੰਪ
ਇਹ ਤਾਂ ਬਈ ਇੰਜ ਐ ਜਿਵੇਂ ਬਘਿਆੜ ਕਹੇ ਕਿ ਲੇਲਿਆਂ ਦਾ ਜਨਮ ਦਿਨ ਮੈਂ ਮਨਾਉਂ।


ਹਰਿਆਣਾ ਚੋਣਾਂ:ਅਕਾਲੀਆਂ ਤੇ ਭਾਜਪਾ ਦਾ ਗੱਠਜੋੜ ਟੁੱਟਿਆ ਤੜੱਕ ਕਰ ਕੇ- ਇਕ ਖ਼ਬਰ
ਮੇਰੀ ਲਗਦੀ ਕਿਸੇ ਨਾ ਦੇਖੀ ਕਿ ਟੁੱਟਦੀ ਨੂੰ ਜੱਗ ਜਾਣਦਾ।


ਦੇਸ਼ ਆਰਥਕ ਪੱਖੋਂ ਬੇਹਾਲ, ਸਰਕਾਰ ਤਮਾਸ਼ੇ ਵਿਚ ਮਸਤ-ਕਮਿਊਨਿਸਟ ਨੇਤਾ ਯੇਚੁਰੀ
ਸਿਆਲ਼ਾਂ ਦੇ ਵਿਹੜੇ ਨਿੰਮ ਜੋ, ਉਹਦੇ ਪੱਤ ਗਏ ਕੁਮਲਾਅ।


ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੇ ਫੰਡ ਦੇ ਵਿਆਜ 'ਤੇ ਰੱਖੀ ਅੱਖ- ਇਕ ਖ਼ਬਰ
ਮੂੰਹ ਦਾ ਮਿੱਠੜਾ ਮੁੰਡਾ, ਦਿਲ 'ਚ ਰੱਖੇ ਬੇਈਮਾਨੀ।


ਭਾਜਪਾ ਨੇ ਗੱਠਜੋੜ ਦਾ ਧਰਮ ਤੋੜਿਆ ਅਤੇ ਵਿਸ਼ਵਾਸਘਾਤ ਕੀਤਾ-ਸੁਖਬੀਰ ਬਾਦਲ
ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।