ਸ਼ਿਵ ਪੂਜਾ ਦਾ ਪਿਛੋਕੜ - ਡਾ. ਨਰਿੰਦਰ ਕੌਰ
ਮਨੁੱਖ ਦੀ ਦਿਲਚਸਪੀ ਹਮੇਸ਼ਾਂ ਤੋਂ ਹੀ ਭਾਰਤੀ ਮਿਥਿਹਾਸਕ ਪ੍ਰੰਪਰਾਵਾਂ ਵਿਚ ਰਹੀ ਹੈ। ਭਾਰਤੀ ਮਿਥਿਹਾਸਕ ਪ੍ਰੰਪਰਾਵਾਂ ਤੋਂ ਹੀ ਸਾਨੂੰ ਇੰਦਰ, ਬ੍ਰਹਮਾ, ਵਿਸ਼ਨੂੰ, ਸ਼ਿਵ, ਕ੍ਰਿਸ਼ਨ, ਦੇਵੀ ਮਾਤਾ, ਲਕਸ਼ਮੀ, ਦੁਰਗਾ ਆਦਿ ਦੇਵੀ-ਦੇਵਤਿਆਂ ਬਾਰੇ ਪਤਾ ਚਲਦਾ ਹੈ ਮਿਥਿਹਾਸਕ ਪ੍ਰੰਪਰਾ ਦੇ ਅੰਤਰਗਤ ਆਉਂਦੇ ਇਹਨਾਂ ਦੇਵੀ-ਦੇਵਤਿਆਂ ਵਿਚੋਂ ਸ਼ਿਵ ਨੂੰ ਸਰਵ-ਸ੍ਰੇਸ਼ਟ ਮੰਨਿਆ ਗਿਆ ਹੈ। ਇਸ ਕਰਕੇ ਇਸ ਨੂੰ ਮਹਾਂਦੇਵ ਵੀ ਕਿਹਾ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਸ਼ਿਵ ਹੀ ਆਦਿ ਅਤੇ ਅਨੰਤ ਹੈ ਮਿਥਿਹਾਸਕ ਪ੍ਰੰਪਰਾ ਵਿਚ ਸ਼ਿਵ ਹੀ ਇਕ ਅਜਿਹਾ ਦੇਵਤਾ ਹੈ ਜਿਸਦੀ ਲਿੰਗ ਦੇ ਰੂਪ ਵਿਚ ਪੂਜਾ ਹੁੰਦੀ ਹੈ
ਭਾਰਤੀ ਸੰਸਕ੍ਰਿਤੀ ਵਿਚ ਸ਼ਿਵ ਨੂੰ ਆਦਿ ਦੇਵ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੈ 'ਸੰਸਕ੍ਰਿਤ ਵਿਚ ਸ਼ਿਵ ਦਾ ਅਰਥ ਪਵਿੱਤਰ, ਸ਼ੁੱਭ ਅਤੇ ਮੰਗਲਕਾਰੀ ਹੈ। ਸ਼ਿਵ ਪੁਰਾਣ ਅਨੁਸਾਰ 'ਸ਼ਿਵ' ਸ਼ਬਦ ਦਾ ਅਰਥ ਹੈ: ਸ਼ = ਸੁਖ ਅਤੇ ਅਖੰਡ ਅਨੰਦ; ੲ = ਪਰਮਾਤਮਾ, ਵ = ਅੰਮ੍ਰਿਤ ਸ਼ਕਤੀ। ਜਿਸ ਵਿਚ ਇਹ ਤਿੰਨੇ ਮਿਲਦੇ ਹਨ ਉਹ 'ਸ਼ਿਵ' ਹੈ। ਮਹਾਨ ਕੋਸ਼ ਵਿਚ ਸ਼ਿਵ ਦੇ ਅਰਥ ਸੁਖ, ਮੁਕਤਿ, ਮਹਾਂਦੇਵ (ਪਾਰਵਤੀ ਦਾ ਪਤਿ), ਜਲ, ਸੇਧਾਂ ਲੂਣ, ਗੁੱਗਲ, ਬਾਲੂਰੇਤ, ਪਾਰਾ, ਸ਼ਾਂਤਿ, ਪਾਰਬ੍ਰਹਮ, ਆਤਮ ਗਿਆਨ, ਬ੍ਰਹਮਾ (ਮਹੇਸ਼), ਗਿਆਰਾਂ ਸੰਖਯਾਬੋਧਕ (ਕਿਉਂਕਿ ਸ਼ਿਵ 11 ਮੰਨੇ ਗਏ ਹਨ), ਗੁਣ, ਸ਼ਿਵਾ (ਸ਼ਵਦਾਹ ਦੀ ਚਿਤਾ) ਆਦਿ ਕੀਤੇ ਗਏ ਹਨ।
ਸ਼ਿਵ ਸ਼ਬਦ ਦੀ ਮਹੱਤਤਾ ਕਈ ਰੂਪਾਂ ਵਿਚ ਹੈ ਸ਼ਿਵ ਹੀ ਸੱਚ, ਗਿਆਨ, ਸ਼ੁੱਭ, ਖੁਸ਼ੀ, ਸੁੰਦਰ ਅਤੇ ਹੋਰ ਬਹੁਤ ਸਾਰੀਆਂ ਭਾਵਨਾਵਾਂ ਨਾਲ ਸੰਬੰਧਿਤ ਹੈ ਸ਼ਿਵ ਇਕ ਮੂਲ ਸ਼ਕਤੀ ਹੈ ਜੋ ਕਿ ਆਪਣੇ ਵਿਭਿੰਨ ਗੁਣਾਂ ਦੇ ਅਨੁਸਾਰ ਕੰਮ ਕਰਦੀ ਹੈ। ਸ਼ਿਵ ਸ਼ਬਦ ਆਮ ਜਨ-ਜੀਵਨ ਅਤੇ ਰੁਜ਼ਾਨਾਂ ਦੇ ਕਾਰ-ਵਿਹਾਰ ਨਾਲ ਬੜਾ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਇਸ ਸੰਸਾਰ ਵਿਚ ਮਨੁੱਖ ਜੋ ਸ਼ਾਤੀ ਅਤੇ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਉਹ ਸ਼ਿਵ ਹੈ ਮਨੁੱਖੀ ਜੀਵਨ ਵਿਚ ਸ਼ਿਵ ਅਤੇ ਗੁਣਾਂ ਕਰਕੇ ਮਹੱਤਵਤਾ ਦਾ ਧਾਰਨੀ ਬਣ ਜਾਂਦਾ ਹੈ।
ਸ਼ਿਵ ਦੇਵਤੇ ਦੀ ਉਤਪਤੀ ਕਦੋਂ ਹੋਈ ਜਾਂ ਸ਼ਿਵ ਦੀ ਪੂਜਾ ਸ਼ੁਰੂ ਹੋਣ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਮਿਲਦੇ ਪ੍ਰੰਤੂ ਸ਼ਿਵ ਦੀ ਪੂਜਾ ਅਤੇ ਉਤਪਤੀ ਬਾਰੇ ਵਿਦਿਵਾਨਾਂ ਨੇ ਬਹੁਤ ਸਾਰੇ ਇਤਿਹਾਸਕ ਤੇ ਮਿਥਿਹਾਸਕ ਹਵਾਲੇ ਦਿੱਤੇ ਹਨ। ਵਿਦਵਾਨਾਂ ਦੁਆਰਾ ਇਹ ਮੰਨਿਆ ਜਾਂਦਾ ਹੈ ਕਿ ਸ਼ਿਵ ਦ੍ਰਾਵਿੜ ਮੂਲ ਦਾ ਦੇਵਤਾ ਸੀ ਜਿਸਨੂੰ ਬਾਅਦ ਵਿਚ ਬਾਹਰੋਂ ਆਏ ਆਰੀਆ ਲੋਕਾਂ ਨੇ ਆਪਣਾ ਦੇਵਤਾ ਬਣਾ ਲਿਆ। ਸਿੰਧੂ ਘਾਟੀ ਦੀ ਖੋਜ ਦੌਰਾਨ ਜੋ ਇਮਾਰਤਾਂ, ਮੂਰਤੀਆਂ, ਮੋਹਰਾਂ ਅਤੇ ਹੋਰ ਬਹੁਤ ਸਾਰੀਆਂ ਪ੍ਰਾਚੀਨ ਨਿਸ਼ਾਨੀਆਂ ਮਿਲੀਆਂ ਹਨ। ਉਹਨਾਂ ਵਿਚ ਇਕ ਮੋਹਰ ਅਜਿਹੀ ਮਿਲੀ ਹੈ ਜਿਸ ਵਿਚ ਇਕ ਵਿਅਕਤੀ ਯੋਗ ਮੁਦਰਾ ਵਿਚ ਚੌਕੜੀ ਮਾਰ ਕੇ ਬੈਠਾ ਹੈ ਇਸ ਵਿਅਕਤੀ ਦੇ ਦੁਆਲੇ ਗੈਂਡਾ, ਹਾਥੀ, ਸ਼ੇਰ ਆਦਿ ਵਰਗੇ ਜਾਨਵਰਾਂ ਨੇ ਘੇਰਾ ਪਾਇਆ ਹੋਇਆ ਹ,ੈ ਵਿਦਵਾਨਾਂ ਨੂੰ ਇਸ ਮੂਰਤੀ ਵਿਚ ਸ਼ਿਵ ਦਾ ਰੂਪ ਨਜ਼ਰ ਆਇਆ ਹੈ।ਡਾ. ਰਤਨ ਸਿੰਘ ਜੱਗੀ ਅਨੁਸਾਰ "ਹੜੱਪਾ ਅਤੇ ਮਹਿੰਜੋਦਾਰੋ ਦੀ ਖੁਦਾਈ ਤੋਂ ਜਿਸ ਸਭਿਆਚਾਰ ਦਾ ਪਰਿਚੈ ਪ੍ਰਾਪਤ ਹੁੰਦਾ ਹੈ ਉਸ ਤੋਂ ਸਪੱਸ਼ਟ ਹੈ ਕਿ ਸ਼ਿਵ ਦਾ ਉਦੋਂ ਜਨ-ਜੀਵਨ ਉਤੇ ਵਿਆਪਕ ਪ੍ਰਭਾਵ ਸੀ। ਸ਼ਿਵ ਅਸਲ ਵਿਚ ਅਨਾਰਯ ਦੇਵਤਾ ਹਨ ਅਤੇ ਭਾਰਤ ਵਿਚ ਆਰਯਾਂ ਦੇ ਪ੍ਰਵੇਸ਼ ਤੋਂ ਬਾਦ ਸਿੰਧੂ ਘਾਟੀ ਦੇ ਸਭਿਆਚਾਰ ਦਾ ਸਥਾਨ ਆਰਯ ਸਭਿਆਚਾਰ ਨੇ ਲੈ ਲਿਆ ਜਿਸ ਵਿਚ ਅਨੇਕ ਨਵੇਂ ਦੇਵਤਿਆਂ ਦੀ ਕਲਪਨਾ ਕੀਤੀ ਜਾਣ ਲੱਗੀ।"
ਵਿਦਵਾਨਾਂ ਅਨੁਸਾਰ ਆਰੀਆ ਲੋਕ ਉਤਰ-ਪੱਛਮ ਵਲੋਂ ਆ ਕੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਵਸ ਗਏ ਸਨ। ਆਰੀਆ ਲੋਕਾਂ ਦੇ ਬਾਰੇ ਜਾਣਕਾਰੀ ਸਾਨੂੰ ਰਿਗਵੇਦ ਵਿਚੋਂ ਮਿਲਦੀ ਹੈ ਜਿਸ ਵਿਚ ਇਹਨਾਂ ਲੋਕਾਂ ਦੇ ਧਰਮ ਅਤੇ ਸਮਾਜ ਦੇ ਪੁਰਾਣੇ ਸਰੂਪ ਦਾ ਵਰਣਨ ਹੈ।ਵੈਦਿਕ ਕਾਲ ਤੋਂ ਹੀ ਦੇਵਤਿਆਂ ਦੀ ਪੂਜਾ, ਬਲੀਦਾਨ ਦੀਆਂ ਰਸਮਾਂ ਅਤੇ ਭਜਨਾਂ ਦਾ ਬੋਲਬਾਲਾ ਹੋ ਗਿਆ ਸੀ। ਵੈਦਿਕ ਧਰਮ ਤੋਂ ਹੀ ਵੈਦਿਕ ਦੇਵਤਿਆਂ ਦਾ ਪਤਾ ਚਲਦਾ ਹੈ ਜਿਨ੍ਹਾਂ ਵਿਚ ਇੰਦਰ, ਵਰੁਣ, ਵਾਯੂ, ਅਗਨੀ, ਰੁਦਰ ਆਦਿ ਪ੍ਰਮੁੱਖ ਦੇਵਤੇ ਸਨ। ਵੈਦਿਕ ਧਰਮ ਦੀ ਸਭ ਤੋਂ ਪੁਰਾਣੀ ਮੰਨੀ ਜਾਣ ਵਾਲੀ ਰਚਨਾ ਵਿਚੋਂ ਹੀ ਸ਼ਿਵ ਦੇ ਰੂਪ ਰੁਦਰ ਦਾ ਜ਼ਿਕਰ ਮਿਲਦਾ ਹੈ। ਭਾਰਤੀ ਜਨ-ਜੀਵਨ ਵਿਚ ਸ਼ਿਵ-ਪਾਰਬਤੀ ਗ੍ਰਹਿਸਥੀ ਜੀਵਨ ਦੇ ਆਦਰਸ਼ ਮੰਨੇ ਗਏ ਹਨ। ਇਹ ਆਦਰਸ਼ ਤਿਉਹਾਰਾਂ, ਮੌਸਮਾਂ ਦੇ ਨਾਲ ਸੰਸਕ੍ਰਿਤੀ ਉਲਾਸ ਦੇ ਰੂਪ ਵਿਚ ਸਾਰੇ ਮਨੁੱਖਾਂ ਦੇ ਜੀਵਨ ਵਿਚ ਸਾਮਾਨ ਰੂਪ ਵਿਚ ਸਮਾਇਆ ਹੋਇਆ ਹੈ ਭਗਵਾਨ ਸ਼ਿਵ ਦਾ ਵਿਆਹ ਦੋ ਵਾਰੀ ਹੋਇਆ ਮੰਨਿਆ ਗਿਆ ਹੈ ਪਹਿਲਾਂ ਵਿਆਹ ਬ੍ਰਹਮਾਂ ਦੀ ਪੋਤਰੀ ਅਤੇ ਦਕਸ਼ ਦੀ ਪੁੱਤਰੀ ਸਤੀ ਨਾਲ ਹੋਇਆ ਅਤੇ ਦੂਜਾ ਵਿਆਹ ਪਾਰਬਤੀ ਨਾਲ ਹੋਇਆ ਜੋ ਕਿ ਸਤੀ ਦਾ ਹੀ ਪੂਰਬਲਾ ਜਨਮ ਹੈ, ਪੁਰਾਣਿਕ ਸਾਹਿਤ ਅਤੇ ਰਮਾਇਣ, ਮਹਾਂਭਾਰਤ ਵਿੱਚ ਸ਼ਿਵ ਪਰਿਵਾਰ ਨਾਲ ਸੰਬੰਧਤ ਬਹੁਤ ਸਾਰੀਆਂ ਮਿੱਥ ਕਥਾਵਾਂ ਪ੍ਰਚਲਿੱਤ ਹਨ।
ਬਹੁਤ ਸਾਰੇ ਦੇਵੀ ਦੇਵਤਿਆਂ ਅਤੇ ਹੋਰ ਪਰਾਸਰੀਰਕ ਸ਼ਕਤੀਆਂ ਦੀ ਪੂਜਾ ਪੰਜਾਬੀ ਲੋਕ ਧਰਮ ਵਿਚ ਕੀਤੀ ਜਾਂਦੀ ਹੈ ਲੋਕਾਂ ਵਿਚ ਇਹ ਧਾਰਮਿਕ ਵਿਸ਼ਵਾਸ਼ ਬਣ ਗਿਆ ਹੈ ਕਿ ਉਹ ਮੁਸੀਬਤ ਵਿਚੋਂ ਤਾਂ ਹੀ ਬਚ ਸਕਦੇ ਹਨ ਜੇਕਰ ਉਹ ਇਨ੍ਹਾਂ ਦੀ ਪੂਜਾ ਜਾਂ ਮੰਨਤ ਆਦਿ ਮੰਨਣਗੇ। ਲੋਕ ਮਾਨਸਿਕਤਾ ਵਿਚ ਇਨ੍ਹਾਂ ਪਰਾਭੌਤਿਕ ਸ਼ਕਤੀਆਂ ਵਿਚ ਵਿਸ਼ਵਾਸ਼ ਇੰਨ੍ਹਾ ਪੱਕਾ ਹੋ ਗਿਆ ਹੈ ਕਿ ਉਹ ਵੱਖ-ਵੱਖ ਢੰਗਾਂ ਨਾਲ ਇਹਨਾਂ ਦੀ ਪੂਜਾ ਕਰਕੇ ਇਨ੍ਹਾਂ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਆ ਰਿਹਾ ਹੈ ਲੋਕ ਜੀਵਨ ਵਿਚ ਪ੍ਰਚਲਿਤ ਇਹ ਰਿਵਾਇਤੀ ਪੂਜਾ ਵਿਧੀਆਂ ਸਾਡੇ ਜੀਵਨ ਦਾ ਅਨਿੱਖੜ ਅੰਗ ਬਣ ਚੁੱਕੀਆਂ ਹਨ।
ਸ਼ਿਵ ਦੀ ਪੂਜਾ ਦਾ ਸਭ ਤੋਂ ਪਵਿੱਤਰ ਦਿਨ ਸੋਮਵਾਰ ਮੰਨਿਆ ਗਿਆ ਹੈ ਇਸ ਦਿਨ ਸ਼ਿਵ ਮੰਦਰਾਂ ਵਿਚ ਸ਼ਿਵ ਭਗਤਾਂ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ ਸ਼ਿਵ ਪੂਜਾ ਵਿਚ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹਨ ਜੋ ਕਿ ਸਿਰਫ਼ ਸ਼ਿਵ ਨੂੰ ਚੜ੍ਹਾਈਆਂ ਜਾਂਦੀਆਂ ਹਨ ਹੋਰ ਕਿਸੇ ਦੇਵਤੇ ਨੂੰ ਇਹ ਵਸਤਾਂ ਨਹੀਂ ਚੜ੍ਹਾਈਆਂ ਜਾਂਦੀਆਂ ਜਿਵੇਂ ਕਿ ਅੱਕ, ਬਿਲ ਪੱਤਰ, ਭੰਗ ਆਦਿ। ਸ਼ਿਵ ਨੂੰ ਭੰਗ, ਧਤੂਰੇ ਆਦਿ ਨਸ਼ਿਆਂ ਨਾਲ ਬੜਾ ਪ੍ਰੇਮ ਹੈ ਮੰਨਿਆ ਗਿਆ ਹੈ ਸ਼ਿਵ ਮੰਦਰਾਂ ਦੇ ਬਾਹਰ ਜਦੋਂ ਸ਼ਿਵ ਨਾਲ ਸੰਬੰਧਤ ਕੋਈ ਤਿਉਹਾਰ ਹੁੰਦਾ ਤਾਂ ਮੰਦਰਾਂ ਦੇ ਬਾਹਰ ਭੰਗ ਦੇ ਪੱਤੇ ਅਤੇ ਭੰਗ ਦੇ ਘੋਟੇ ਵਾਲੀਆਂ ਦੁਕਾਨਾਂ ਆਮ ਹੀ ਦੇਖਿਆ ਜਾ ਸਕਦੀਆਂ ਹਨ। ਸ਼ਿਵਜੀ ਦੀ ਇਹ ਸਾਰੀ ਪੂਜਾ ਅਤੇ ਵਸਤਾਂ ਆਯੂਰਵੈਦ ਨਾਲ ਵੀ ਸੰਬੰਧਤ ਹਨ। ਭੰਗ ਤਕਰੀਬਨ ਹਰ ਦਵਾਈ ਵਿਚ ਵਰਤੀ ਜਾਂਦੀ ਹੈ ਆਯੂਰਵੈਦਿਕ ਦਵਾਈਆਂ ਵਿਚ ਵੀ ਇਸ ਦੀ ਵਰਤੋਂ ਹੁੰਦੀ ਹੈ। ਅੱਕ, ਧਤੂਰਾ ਜਦੋਂ ਸੱਪ ਜਾਂ ਬਿੱਛੂ ਡੰਗ ਮਾਰ ਦੇਵੇ ਤਾਂ ਉਸ ਜਗ੍ਹਾਂ ਤੇ ਅੱਕ ਦਾ ਦੁੱਧ ਜਾਂ ਧਤੂਰੇ ਦਾ ਰਸ ਲਗਾ ਦਿੱਤਾ ਜਾਵੇ ਤਾਂ ਤੁਹਾਡੇ ਸਰੀਰ ਤੇ ਇਸ ਦੇ ਜ਼ਹਿਰ ਦਾ ਅਸਰ ਨਹੀਂ ਹੋਵੇਗਾ। ਇਸ ਤਰ੍ਹਾਂ ਦੇਖਦੇ ਹਾਂ ਕਿ ਭੰਗ ਕੇਵਲ ਨਸ਼ੇ ਵਾਸਤੇ ਨਹੀਂ ਇਹ ਤਾਂ ਦੁਨਿਆਂ ਦੇ ਕਲਿਆਣ ਵਾਸਤੇ ਹੈ ਤਾਂ ਹੀ ਸ਼ਿਵ ਨੂੰ ਇਹ ਪਸੰਦ ਹੈ ਸ਼ਿਵ ਨੂੰ ਪੰਚ ਅੰਮ੍ਰਿਤ ਚੜ੍ਹਾਇਆ ਜਾਂਦਾ ਹੈ ਬਰਸਾਤ ਦੇ ਦਿਨ੍ਹਾਂ ਵਿਚ ਸਰੀਰ ਬਹੁਤ ਨਾਜ਼ੁਕ ਹੋ ਜਾਂਦਾ ਹੈ ਕਈ ਤਰ੍ਹਾਂ ਦੀਆਂ ਚਮੜ੍ਹੀ ਦੀਆਂ ਬੀਮਾਰੀਆਂ ਵੀ ਇਨ੍ਹਾਂ ਦਿਨਾਂ ਵਿਚ ਲਗਦੀਆਂ ਹਨ। ਇਸ ਲਈ ਜਿਹੜਾ ਪੰਚ ਅੰਮ੍ਰਿਤ ਅਸੀਂ ਚੜ੍ਹਾਉਂਦੇ ਹਾਂ ਉਸ ਵਿਚ ਕੱਚਾ ਦੁੱਧ, ਦਹੀਂ, ਸ਼ਹਿਦ, ਗੰਗਾ ਜਲ ਅਤੇ ਘਿਉ ਸ਼ਾਮਿਲ ਹੁੰਦਾ ਹੈ ਜਦੋਂ ਅਸੀਂ ਇਸ ਨੂੰ ਲਿੰਗ ਦੇ ਚੜ੍ਹਾਉਂਦੇ ਹਾਂ ਤਾਂ ਸਾਡੀਆਂ ਉਂਗਲੀਆਂ ਇਹਨਾਂ ਵਸਤਾਂ ਨਾਲ ਲਗਦੀਆਂ ਹਨ। ਇਸ ਨਾਲ ਸਾਡੀ ਸਰੀਰਕ ਸ਼ਕਤੀ ਵਿਚ ਵਾਧਾ ਹੁੰਦਾ ਹੈ ਚਮੜੀ ਵੀ ਇਸ ਨਾਲ ਸਾਫ਼ ਹੁੰਦੀ ਹੈ ਇਸ ਨਾਲ ਸਰੀਰ ਦੀ ਪ੍ਰਤੀਰਕਸ਼ਾ ਹੁੰਦੀ ਹੈ । ਸ਼ਿਵ ਦੀ ਪੂਜਾ ਸ਼ਿਵ ਨੂੰ ਚੜ੍ਹਾਈਆਂ ਜਾਣ ਵਾਲੀਆਂ ਵਸਤਾਂ ਕਰਕੇ ਵੀ ਸ਼ਿਵ ਪੂਜਾ ਵਿਲੱਖਣਤਾ ਦੀ ਧਾਰਨੀ ਬਣਦੀ ਹੈ ਕਿਉਂਕਿ ਬਾਕੀ ਦੇਵਤੇ ਜਿਹਨਾਂ ਵਸਤਾਂ ਨੂੰ ਨਕਾਰਦੇ ਹਨ ਸਿਰਫ਼ ਸ਼ਿਵ ਨੂੰ ਹੀ ਇਹ ਵਸਤਾਂ ਪਿਆਰੀਆਂ ਹਨ। ਇਹ ਵਸਤਾਂ ਮਿਲ ਵੀ ਆਮ ਹੀ ਜਾਂਦੀਆਂ ਹਨ।
ਸ਼ਿਵਜੀ ਸੰਬੰਧੀ ਵਰਤਾਂ ਦੀ ਕਾਫ਼ੀ ਭਰਮਾਰ ਅਤੇ ਮਾਨਤਾ ਹੈ ਹਫ਼ਤੇ ਦੇ ਹਰੇਕ ਸੋਮਵਾਰ ਵਰਤ ਰੱਖਣ ਦਾ ਵਿਧਾਨ ਪ੍ਰਚਲਿਤ ਹੈ। ਇਹ ਵਰਤ ਸ਼ਿਵ ਦੀ ਪੂਜਾ ਦੇ ਰੂਪ ਵਿੱਚ ਰੱਖਿਆ ਜਾਂਦਾ ਹੈ ਲੋਕਾਂ ਵਿਚ ਇਹ ਧਾਰਨਾ ਪ੍ਰਚਲਿਤ ਹੈ ਕਿ ਸੋਲਾਂ ਸੋਮਵਾਰ ਲਗਾਤਾਰ ਵਰਤ ਰੱਖਿਆ ਜਾਵੇ ਤਾਂ ਵਿਅਕਤੀ ਨੂੰ ਮਨ-ਇੱਛਿਤ ਫਲ ਮਿਲਦਾ ਹੈ। ਲੋਕ ਧਰਮ ਵਿਚ ਇਹ ਵੀ ਧਾਰਨਾ ਹੈ ਕਿ ਸਾਉਣ ਮਹੀਨੇ ਦੇ ਸਾਰੇ ਸੋਮਵਾਰ ਵਰਤ ਰੱਖਣ ਨਾਲ ਸੋਲਾਂ ਸੋਮਵਾਰ ਵਰਤਾਂ ਜਿਨ੍ਹਾਂ ਫਲ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਸ਼ਿਵ ਨਾਲ ਸੰਬੰਧਤ ਪ੍ਰਦੋਸ਼ ਦਾ ਵਰਤ ਅਤੇ ਸ਼ਿਵਰਾਤਰੀ ਦਾ ਵਰਤ ਵੀ ਰੱਖਿਆ ਜਾਂਦਾ ਹੈ। ਸ਼ਿਵਜੀ ਇਨ੍ਹਾਂ ਸਾਰੇ ਵਰਤਾਂ ਦੌਰਾਨ ਸੋਮਵਾਰ ਨੂੰ ਕਥਾ ਸੁਣਨ ਅਤੇ ਪੜ੍ਹਨ ਨਾਲ ਭਗਤਾਂ ਦੇ ਸਾਰੇ ਦੁੱਖ ਦੂਰ ਹੁੰਦੇ ਹਨ ਅਤੇ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ। ਲੋਕ-ਧਰਮ ਵਿਚ ਸ਼ਿਵ ਬਹੁਤ ਹੀ ਲੋਕਪ੍ਰਿਯ ਦੇਵਤਾ ਹੈ ਜਿਸ ਨੂੰ ਭੋਲੇ-ਭੰਡਾਰੀ ਵੀ ਕਿਹਾ ਜਾਂਦਾ ਹੈ ਇਸ ਲਈ ਮੰਨਿਆ ਜਾਂਦਾ ਹੈ ਸ਼ਿਵ ਆਪਣੇ ਭਗਤਾਂ ਦੀ ਭਗਤੀ ਤੋਂ ਜਲਦੀ ਖੁਸ਼ ਹੋ ਜਾਂਦਾ ਹੈ ਤੇ ਫਲ ਵੀ ਜਲਦੀ ਹੀ ਦਿੰਦਾ ਹੈ
ਪੰਜਾਬੀ ਲੋਕ ਧਰਮ ਨੂੰ ਮੇਲੇ ਵਾਂਗ ਹੀ ਸਮਝਦੇ ਹਨ। ਪੰਜਾਬੀਆਂ ਲਈ ਧਰਮ ਸ਼ਕਤੀ ਵੀ ਹੈ ਪੰਜਾਬ ਦੀ ਮਿੱਟੀ ਵਿਚ ਧਰਮ ਦੀ ਬਹੁਤਾਂਤ ਹੈ ਪੰਜਾਬ ਦੇ ਪ੍ਰਾਚੀਨ ਮੇਲੇ ਸਿੱਧਾ, ਜੋਗੀਆਂ ਦੇ ਨਾਲ ਸੰਬੰਧਤ। ਇਸ ਤਰ੍ਹਾਂ ਸ਼ਿਵ ਪੂਜਾ ਪੰਜਾਬੀ ਲੋਕ ਧਰਮ ਵਿਚ ਪਰੰਪਰਾਗਤ, ਵਿਸ਼ਵਾਸ਼ਾਂ, ਤਿਉਹਾਰਾਂ ਅਤੇ ਅਨੁਸ਼ਠਾਨਾਂ ਦਾ ਪ੍ਰਤਿਰੂਪ ਹੋ ਜਾਂਦੀ ਹੈ ।
ਸ਼ਿਵ ਮੰਦਰਾਂ ਵਿਚ ਵੀ ਸਮੇਂ-ਸਮੇਂ ਆਰਤੀ ਕੀਤੀ ਜਾਂਦੀ ਹੈ। ਆਰਤੀ ਇਕ ਧਾਰਮਿਕ ਰਸਮ ਹੈ ਅਤੇ ਆਰਤੀ ਉਤਾਰਨ ਲਈ ਸ਼ਿਵਲਿੰਗ ਅੱਗੇ ਥਾਲ ਵਿਚ ਘਿਉ ਦੀ ਜੋਤ ਜਗ੍ਹਾ ਕੇ ਫੁੱਲ, ਅਤੇ ਹੋਰ ਵਿੰਭਿੰਨ ਪ੍ਰਕਾਰ ਦੀ ਸਮੱਗਰੀ ਆਦਿ ਰੱਖ ਕੇ ਥਾਲ ਨੂੰ ਦੋਹਾਂ ਹੱਥਾਂ ਨਾਲ ਘੁੰਮਾ ਕੇ ਅਰਾਧਨਾ ਕੀਤੀ ਜਾਂਦੀ ਹੈ ਜਿਸ ਨਾਲ ਸ਼ਿਵ ਨੂੰ ਖੁਸ਼ ਕਰਕੇ ਆਪਣੀਆਂ ਮਾਨਤਾਵਾਂ ਦੀ ਪੂਰਤੀ ਤੇ ਦੁੱਖ-ਦਰਦਾਂ ਦਾ ਨਾਸ਼ ਕੀਤਾ ਜਾਂਦਾ ਹੈ।
ਪੰਜਾਬੀ ਲੋਕ ਧਰਮ ਵਿਚ ਆਰਤੀ ਦੀ ਪ੍ਰਥਾ ਸਦੀਆਂ ਤੋਂ ਚਲੀਆ ਰਹੀ। ਆਰਤੀ ਦੌਰਾਨ ਕਈ ਕਿਸਮ ਦੇ ਭਜਨ ਵੀ ਗਾਏ ਜਾਂਦੇ। ਇਸ ਤਰ੍ਹਾਂ ਸ਼ਿਵਜੀ ਦੇ ਆਤਰੀ ਸਮੇਂ ਵੀ ਭਜਨ ਗਾਏ ਜਾਂਦੇ ਹਨ। ਪ੍ਰੰਤੂ ਸ਼ਿਵਜੀ ਦੀ ਆਰਤੀ ਪੰਜਾਬੀ ਲੋਕ ਧਰਮ ਵਿਚ ਵਿਲੱਖਣਤਾ ਦੀ ਧਾਰਨੀ ਹੈ ਕਿਉਂਕਿ ਸ਼ਿਵਜੀ ਦੀ ਆਰਤੀ ਦੌਰਾਨ ਭਜਨ ਗਾਈਨ ਕਰਦੇ ਸਮੇਂ ਸ਼ਿਵ ਭਗਤ ਕਈ ਪ੍ਰਕਾਰ ਦੀਆਂ ਮੁਦਰਾਵਾਂ ਵੀ ਕਰਕੇ ਹਨ। ਜਿਵੇਂ ਇੱਕ ਲੱਤ ਤੇ ਖੜੇ ਹੋਣਾ, ਤਾੜੀ ਵਜਾਉਣੀ, ਕੰਨਾਂ ਨੂੰ ਹੱਥ ਲਗਾਉਣੇ ਆਦਿ। ਇਹ ਸਾਰੀਆਂ ਮੁਦਰਾਵਾਂ ਸ਼ਿਵ ਦੇ ਯੋਗੀ ਰੂਪ ਨੂੰ ਦਰਸਾਉਂਦੀਆਂ ਹਨ। ਸ਼ਿਵ ਇਕ ਅਜਿਹਾ ਦੇਵਤਾ ਹੈ ਜਿਸ ਦਾ ਹਰ ਰੂਪ ਲੋਕ-ਪਰੰਪਰਾ ਵਿਚ ਧਾਰਮਿਕ ਸ਼ਰਧਾ ਨਾਲ ਜੁੜਿਆ ਹੋਇਆ ਹੈ ਸ਼ਿਵ ਪੂਜਾ ਦੇ ਬਹੁਤ ਸਾਰੇ ਪਾਸਾਰ ਹਨ। ਲੋਕ ਧਰਮ ਵਿੱਚ ਸ਼ਿਵ ਦੀ ਮਿਥ ਲੰਮੇ ਸਮੇਂ ਤੱਕ ਪ੍ਰਚਲਿਤ ਰਹਿਣ ਕਰਕੇ ਬਹੁਤ ਗੁੰਝਲਦਾਰ ਬਣ ਗਈ ਹੈ
ਪੰਜਾਬ ਵਿਚ ਜਗ੍ਹਾ-ਜਗ੍ਹਾ ਤੇ ਸ਼ਿਵ ਨਾਲ ਸੰਬੰਧਤ ਪੌਰਾਣਿਕ ਸਥਾਨ ਮਿਲਦੇ ਹਨ। ਪੰਜਾਬ ਵਿਚ ਸ਼ਿਵ ਪੂਜਾ ਬਹੁਤ ਪ੍ਰਚਲਿਤ ਹੋਣ ਕਰਕੇ ਇਸ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾ ਵਿਚ ਸ਼ਿਵ ਮੰਦਰ ਆਮ ਹੀ ਮਿਲ ਜਾਂਦੇ ਹਨ। ਪੰਜਾਬੀ ਲੋਕ ਧਰਮ ਵਿਚ ਸ਼ਿਵ ਦੀ ਪੂਜਾ ਪੂਰਵ ਇਤਿਹਾਸਕਾਲ ਤੋਂ ਹੁੰਦੀ ਆ ਰਹੀ ਹੈ ਲੋਕ ਮਨਾ ਉਤੇ ਸ਼ਿਵ ਪੂਜਾ ਤੇ ਕਰਮ-ਕਾਡਾਂ ਦਾ ਸ਼ੁਰੂ ਤੋਂ ਹੀ ਬਹੁਤ ਪ੍ਰਭਾਵ ਰਿਹਾ ਹੈ ਲੋਕ ਧਰਮ ਵਿਚ ਸ਼ਿਵ ਪੂਜਾ ਨਿਯਮਾਂ ਦੀ ਜਗ੍ਹਾਂ ਭਗਤੀ ਭਾਵ ਤੇ ਸ਼ਰਧਾ ਦੀ ਧਾਰਣੀ ਹੈ। ਸ਼ਿਵ ਮਹਾਨ ਸ਼ਕਤੀ ਦਾ ਸੋਮਾ ਹੈ ਇਸ ਲਈ ਇਸ ਨੂੰ ਖੁਸ਼ ਕਰਨ ਅਤੇ ਰਿਝਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਕੋਸ਼ਿਸ਼ਾ ਕੀਤੀਆਂ ਜਾਂਦੀਆਂ ਹਨ ਜਿਵੇਂ ਸ਼ਿਵ ਨਾਲ ਸੰਬੰਧਤ ਕਈ ਤਰ੍ਹਾਂ ਦੇ ਵਰਤ ਰੱਖੇ ਜਾਂਦੇ ਹਨ। ਲੋਕ ਧਰਮ ਵਿਚ ਸ਼ਿਵ ਨਾਲ ਸੰਬੰਧਤ ਬਹੁਤ ਸਾਰੀਆਂ ਪੂਜਾ ਵਿਧੀਆਂ, ਮਾਨਤਾਵਾਂ, ਤਿਉਹਾਰ, ਵਰਤ ਆਦਿ ਸ਼ਾਮਿਲ ਹਨ। ਸ਼ਿਵ ਪੂਜਾ ਮਨੁੱਖੀ ਵਿਸ਼ਵਾਸ ਉਸਦੀ ਮਾਨਸਿਕਤਾ ਦੀਆਂ ਮਨੌਤਾਂ ਦਾ ਆਧਾਰ ਬਣ ਚੁੱਕੀ ਹੈ ਸ਼ਿਵ ਦੀ ਪੂਜਾ, ਰਸਮਾਂ-ਰੀਤਾਂ, ਸੰਸਕਾਰਾਂ ਤੇ ਭਾਈਚਾਰਕ ਸਾਂਝ ਦੀ ਧਾਰਨੀ ਹੈ ਇਸ ਕਰਕੇ ਇਹ ਵਿਲੱਖਣ ਪੂਜਾ ਪੰਜਾਬ ਲੋਕ ਧਰਮ ਵਿਚ ਵਿਸ਼ੇਸ ਮਹੱਤਵ ਰੱਖਦੀ ਹੈ
ਡਾ ਨਰਿੰਦਰ ਕੌਰ
ਮੋਬਾਇਲ 9988138529