ਬੋਲਣ ਦੀ ਆਜ਼ਾਦੀ ਦੀ ਅਹਿਮੀਅਤ - ਡਾ. ਅਮਨਦੀਪ ਕੌਰ
ਸਭਿਆਚਾਰਕ ਤੌਰ 'ਤੇ ਪ੍ਰੋੜ੍ਹ ਸੱਭਿਅਕ ਕੌਮਾਂ ਸਿਰਫ਼ ਬੋਲਣ ਲਈ ਨਹੀਂ ਬੋਲਦੀਆਂ। ਗੁਫ਼ਤਾਰ, ਦਸਤਾਰ ਅਤੇ ਰਫ਼ਤਾਰ ਪੰਜਾਬੀ ਸਭਿਆਚਾਰ ਦੇ ਅੰਗ-ਪਹਿਲੂ ਹਨ ਜੋ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਅਕਤਿਤਵ ਨੂੰ ਸਮਾਜ ਵਿਚ ਸਥਾਨ ਅਤੇ ਸਥਾਪਤੀ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਸਿੱਧ ਹੁੰਦੇ ਹਨ। ਮਨੁੱਖ ਦੀ ਸੋਚ ਅਤੇ ਵਿਚਾਰ ਜੀਵਨ ਸ਼ੈਲੀ ਵਿਚੋਂ ਜਨਮ ਲੈਂਦੇ ਹਨ। ਭਾਰਤ ਦੇ ਪ੍ਰਾਚੀਨਤਮ ਧਰਮਾਂ ਵਿਚੋਂ ਬੁੱਧ ਧਰਮ ਸੁਣਨ, ਮਨਨ ਅਤੇ ਵਿਚਾਰ ਕਰਨ ਦੀ ਹਾਮੀ ਭਰਦਾ ਹੈ। ਆਧੁਨਿਕ ਅਤੇ ਵਿਗਿਆਨਕ ਲੀਹਾਂ 'ਤੇ ਸਮੁੱਚੀ ਮਾਨਵਤਾ ਦੀ ਰਹਿਨੁਮਾਈ ਕਰਦੇ ਸਿੱਖ ਧਰਮ ਵਿਚ ਗੋਸ਼ਟਿ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ 'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ'। ਸਾਰ ਤੱਤ ਇਹ ਹੈ ਕਿ ਸਾਰੇ ਧਰਮ ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਨੂੰ ਸਨਮਾਨ ਦਿੰਦੇ ਹਨ।
ਬੋਲਣ ਦੀ ਆਜ਼ਾਦੀ ਹਰ ਮਨੁੱਖ ਦਾ ਜਨਮ ਸਿੱਧ ਅਧਿਕਾਰ ਹੈ। ਇਹ ਹੱਕ ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ 19(1)(ਏ) ਜਾਤ-ਪਾਤ, ਰੰਗ, ਨਸਲ, ਧਰਮ ਅਤੇ ਲਿੰਗ ਦੇ ਭੇਦ-ਭਾਵ ਤੋਂ ਉਪਰ ਉੱਠ ਕੇ ਸਭ ਨੂੰ ਬਰਾਬਰ ਪ੍ਰਦਾਨ ਕਰਦੀ ਹੈ। ਪਰ ਅਜੋਕੇ ਅਤਿ-ਆਧੁਨਿਕ ਯੁੱਗ ਵਿਚ ਨਵ-ਪੂੰਜੀਵਾਦ ਦੇ ਪਸਾਰ ਅਤੇ ਤੇਜ਼ੀ ਨਾਲ ਵਧ ਰਹੀ ਬਾਜ਼ਾਰੀਕਰਨ ਦੀ ਪ੍ਰਕਿਰਿਆ ਨੇ ਮਾਨਵੀ ਸਰੋਕਾਰਾਂ ਨੂੰ ਮੁੱਢੋਂ ਹੀ ਬਦਲ ਦਿੱਤਾ ਹੈ। ਮਨੁੱਖ ਦਾ ਮਨੁੱਖ ਨਾਲੋਂ ਰਿਸ਼ਤਾ ਖ਼ਤਮ ਹੋ ਰਿਹਾ ਹੈ। ਪਣਪ ਰਹੇ ਨਵੇਂ ਰਿਸ਼ਤਿਆਂ ਦਾ ਆਧਾਰ ਸਿਰਫ਼ ਪੈਸਾ, ਸੁਆਰਥ ਅਤੇ ਥੋੜ੍ਹੇ ਸਮੇਂ ਵਿਚ ਜ਼ਿਆਦਾ ਕਾਮਯਾਬੀ ਪ੍ਰਾਪਤ ਕਰਨ ਲਈ ਇਕ ਦੂਜੇ ਨੂੰ ਵਰਤਣਾ ਹੈ। ਜਦੋਂ ਸਮਾਜ ਵਿਚ ਹਰ ਪਾਸੇ ਪੈਸਾ ਪ੍ਰਧਾਨ ਹੈ ਅਤੇ ਜ਼ਿਆਦਾਤਰ ਲੋਕ ਪੂੰਜੀ ਦੀ ਗ੍ਰਿਫ਼ਤ ਵਿਚ ਹਨ ਤਾਂ ਸਮਾਜ ਵਿਚ ਗ਼ੈਰ-ਸਮਾਜੀ ਵਰਤਾਰਾ ਫੈਲਣਾ ਸੁਭਾਵਿਕ ਹੈ। ਸਿੱਟੇ ਵਜੋਂ ਸਮਾਜ ਵਿਚ ਸਾਡੇ ਸਾਹਮਣੇ ਵਾਪਰਦੀਆਂ ਦੁਖਦਾਈ ਘਟਨਾਵਾਂ ਨਾਲ ਅਸੀਂ ਕੋਈ ਸਰੋਕਾਰ ਰੱਖਣਾ ਪਸੰਦ ਨਹੀਂ ਕਰਦੇ।
ਜਦੋਂ ਕਿਸੇ ਕੌਮ ਦੇ ਸੰਘਰਸ਼, ਸ਼ਾਨਾਮੱਤੇ ਕਾਰਨਾਮੇ ਅਤੇ ਪ੍ਰਾਪਤੀਆਂ ਪ੍ਰਤੀ ਉਸ ਕੌਮ ਦੇ ਲੋਕ ਸੰਵੇਦਨਸ਼ੀਲ ਨਾ ਰਹਿਣ ਤਾਂ ਇਹ ਵਤੀਰਾ ਸਮਾਜ ਲਈ ਅਤਿ ਘਾਤਕ ਹੁੰਦਾ ਹੈ। ਸਮਾਜ ਵਿਚ ਜੋ ਗ਼ਲਤ ਵਾਪਰ ਰਿਹਾ ਹੁੰਦਾ ਹੈ, ਅਸੀਂ ਉਸ ਨੂੰ ਵੇਖਦੇ ਅਤੇ ਗ਼ਲਤ ਸਮਝਦੇ ਹੋਏ ਵੀ ਉਸ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੇ। ਧਨਾਢ ਲੋਕ ਪੈਸੇ ਦੇ ਸਿਰ 'ਤੇ ਕਾਨੂੰਨ ਤੋਂ ਬੇਪ੍ਰਵਾਹ ਹੋ ਕੇ ਸਮਾਜ ਨੂੰ ਜਿਵੇਂ ਚਾਹੇ ਵਰਤਣ ਅਤੇ ਚਲਾਉਣ, ਪਰ ਅਸੀਂ ਚੁੱਪ ਰਹਿਣ ਦੀ ਕੋਸ਼ਿਸ਼ ਕਰਦੇ ਹਾਂ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਸਦਾਚਾਰਕ ਕੀਮਤਾਂ, ਪਿਆਰ, ਪਵਿੱਤਰਤਾ, ਸੱਚ, ਵਫ਼ਾਦਾਰੀ, ਸਹਿਜ ਅਤੇ ਹਮਦਰਦੀ ਆਦਿ ਦਾ ਘਾਣ ਹੁੰਦਾ ਵੇਖਦੇ ਹਾਂ, ਪਰ ਮੂੰਹ ਬੰਦ ਰੱਖ ਕੇ ਸਮਾਜ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਮੂੰਹ ਫੇਰ ਲੈਂਦੇ ਹਾਂ ਜੋ ਇਕ ਚੇਤੰਨ ਅਤੇ ਜਾਗੂਰਕ ਨਾਗਰਿਕ ਲਈ ਸ਼ਰਮਨਾਕ ਹੈ।
ਅਪਰਾਧ, ਅਨਿਆਂ ਅਤੇ ਜ਼ੁਲਮ ਜਦੋਂ ਸਾਫ਼-ਸੁਥਰੇ ਸਮਾਜ ਨੂੰ ਗੰਧਾਲਣ ਦਾ ਯਤਨ ਕਰਨ ਤਾਂ ਹਰ ਵਿਅਕਤੀ ਨੂੰ ਆਵਾਜ਼ ਉਠਾਉਣ ਦਾ ਅਧਿਕਾਰ ਹੈ। ਜੇਕਰ ਸਮਾਜ ਦੀ ਬਿਹਤਰੀ ਲਈ ਇਸ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਇਹ ਸਭ ਗ਼ੁਲਾਮੀ ਲਈ ਧਰਾਤਲ ਤਿਆਰ ਕਰਦਾ ਹੈ। ਕਾਬਿਲੇ-ਗੌਰ ਹੈ ਕਿ ਰਗਾਂ ਵਿਚ ਲਹੂ ਹਰ ਜੀਵ ਦੇ ਦੌੜਦਾ ਹੈ, ਪਰ ਮਹਾਨ ਸਿਰਫ਼ ਉਹੀ ਲਹੂ ਹੁੰਦਾ ਹੈ ਜੋ ਹੱਕ, ਸੱਚ ਅਤੇ ਇਨਸਾਨੀਅਤ ਦਾ ਇਕਬਾਲ ਬੁਲੰਦ ਕਰਨ ਲਈ ਰੋਹ ਭਰੀਆਂ ਅੱਖਾਂ ਵਿਚੋਂ ਛਲਕਦਾ ਹੈ। ਜੇਕਰ ਸਾਡਾ ਧਰਮ ਅਤੇ ਸੰਵਿਧਾਨ ਸਾਨੂੰ ਬੋਲਣ ਦੀ ਆਜ਼ਾਦੀ ਦਿੰਦੇ ਹਨ ਅਤੇ ਇਸ ਦੇ ਬਾਵਜੂਦ ਅਸੀਂ ਅਸੁਖਾਵੇਂ ਸਮਾਜਿਕ ਸਰੋਕਾਰਾਂ ਖ਼ਿਲਾਫ਼ ਬੋਲਣ ਦਾ ਹੀਆ ਨਹੀਂ ਕਰਦੇ ਤਾਂ ਇਹ ਸਾਡੀ ਆਜ਼ਾਦ ਜ਼ਹਿਨੀਅਤ ਦੇ ਮੂੰਹ 'ਤੇ ਜ਼ਬਰਦਸਤ ਚਪੇੜ ਹੋਣ ਦੇ ਨਾਲ ਨਾਲ ਸਮਾਜਿਕ ਨਿਘਾਰ ਦੀ ਪਹਿਲੀ ਪੌੜੀ ਹੈ।
ਸਾਡਾ ਦੇਸ਼ ਜਮਹੂਰੀ ਮੁਲਕ ਹੈ ਜਿਸ ਵਿਚ ਸਾਰੇ ਰਾਜਸੀ, ਆਰਥਿਕ ਅਤੇ ਸਮਾਜਿਕ ਤਾਣੇ-ਬਾਣੇ ਦਾ ਕੇਂਦਰ ਮਨੁੱਖ ਹੈ। ਲੇਕਿਨ ਬਸਤੀਵਾਦ ਦੇ ਪੁਨਰ ਜਨਮ ਨੇ ਮਨੁੱਖ ਨੂੰ ਮੰਡੀ ਦੀ ਵਸਤੂ ਬਣਾ ਕੇ ਬਿਮਾਰ ਮਾਨਸਿਕਤਾ ਅਤੇ ਛਲ-ਕਪਟ ਦੀ ਅਲਾਮਤ ਉਸ ਦੀ ਝੋਲੀ ਵਿਚ ਪਾ ਦਿੱਤੀ ਹੈ। ਮਾਨਵੀ ਬਿਰਤੀ ਬਦਲਣ ਨਾਲ ਮਨੁੱਖ ਦੇ ਸਮਾਜ ਪ੍ਰਤੀ ਅਹਿਸਾਸ ਅਤੇ ਜ਼ਿੰਮੇਵਾਰੀਆਂ ਵੀ ਬਦਲ ਗਈਆਂ। ਨਤੀਜੇ ਵਜੋਂ ਸਮਾਜ ਭ੍ਰਿਸ਼ਟਾਚਾਰ, ਚੋਰ-ਬਾਜ਼ਾਰੀ ਅਤੇ ਹੋਰ ਸਮਾਜਿਕ ਦੁਸ਼ਵਾਰੀਆਂ ਦਾ ਘਰ ਬਣਦਾ ਜਾ ਰਿਹਾ ਹੈ। ਇਹ ਸਮਾਜਿਕ ਗਿਰਾਵਟ ਸਾਹਮਣੇ ਦੇਖ ਕੇ ਵੀ ਅਸੀਂ ਬੋਲਣ ਤੋਂ ਘਬਰਾ ਜਾਂਦੇ ਹਾਂ। ਜਮਹੂਰੀ ਢੰਗ ਨਾਲ ਸਰਕਾਰ ਬਣਾ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ। ਜਮਹੂਰੀਅਤ ਦੀ ਰੱਖਿਆ ਲਈ ਹਮੇਸ਼ਾਂ ਹਰੇਕ ਵਿਅਕਤੀ ਵਿਸ਼ੇਸ਼ ਦਾ ਯੋਗਦਾਨ ਲੋੜੀਂਦਾ ਹੈ।
ਅਜੋਕੀ ਮਕਾਨਕੀ ਜ਼ਿੰਦਗੀ ਵਿਚ ਖ਼ੁਦ ਨੂੰ ਸਥਾਪਿਤ ਕਰਨ ਦੇ ਫ਼ਿਕਰ ਅਤੇ ਸਰੋਕਾਰ ਜਾਇਜ਼ ਹਨ। ਆਪਣੇ ਵਰਤਮਾਨ ਦੀਆਂ ਤਲਖ਼ ਹਕੀਕਤਾਂ ਦਾ ਸਾਹਮਣਾ ਕਰਦੇ ਹੋਏ ਭਵਿੱਖ ਬਾਰੇ ਸਜੱਗ ਅਤੇ ਚੇਤੰਨ ਹੋਣਾ ਗ਼ਲਤ ਨਹੀਂ, ਪਰ ਨਾਲ ਹੀ ਸਮਾਜ ਵਿਚ ਵਾਪਰ ਰਹੇ ਗ਼ਲਤ ਵਰਤਾਰਿਆਂ ਨੂੰ ਦੇਖ ਕੇ ਅਣਡਿੱਠ ਕਰਨਾ ਆਪਣੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਕੁਤਾਹੀ ਹੈ। ਜੇਕਰ ਸਮਾਜਿਕ ਵਰਤਾਰੇ ਵਿਚ ਹੋ ਰਹੇ ਦੁਰਾਚਾਰ ਨੂੰ ਗ਼ਲਤ ਕਹਿਣ ਦੀ ਹਿੰਮਤ ਨਹੀਂ ਕਰ ਸਕਦੇ ਤਾਂ ਪ੍ਰਦੂਸ਼ਿਤ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਨਹੀਂ ਹੋ ਸਕਦੀ। ਲੋਕ ਸਿਆਣਪਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਸੱਚ ਬੋਲਣ ਅਤੇ ਸੱਚ ਨਾਲ ਖੜ੍ਹਨ ਤੋਂ ਵੱਡੀ ਕੋਈ ਸਾਕਾਰਾਤਮਕ ਸੋਚ ਨਹੀਂ ਹੋ ਸਕਦੀ। ਪਰ ਸਮਕਾਲ ਵਿਚ ਸਥਿਤੀ ਦੀ ਸਮੀਖਿਆ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਬਹੁਗਿਣਤੀ ਲੋਕਾਂ ਦਾ ਰਿਜ਼ਕ ਹੀ ਅੱਧੇ ਸੱਚ ਦੇ ਸਹਾਰੇ ਚਲਦਾ ਹੈ। ਕਾਬਿਲੇ-ਗੌਰ ਹੈ ਕਿ ਅੱਧਾ ਸੱਚ ਪੂਰੇ ਝੂਠ ਨਾਲੋਂ ਵੱਧ ਖ਼ਤਰਨਾਕ ਹੁੰਦਾ ਹੈ। ਇਸ ਸਭ ਕੁਝ ਨੇ ਮਨੁੱਖੀ ਚਰਿੱਤਰ ਵਿਚ ਅਜਿਹੀ ਗਿਰਾਵਟ ਲਿਆਂਦੀ ਹੈ ਕਿ ਉਸ ਲਈ ਰਿਸ਼ਤਿਆਂ ਦੇ ਸਮੀਕਰਣ ਹੀ ਬਦਲ ਗਏ ਹਨ। ਹਰ ਰਿਸ਼ਤੇ ਨੂੰ ਅਸੀਂ ਮੌਕਾਪ੍ਰਸਤੀ ਅਤੇ ਮਤਲਬ ਦੇ ਤਰਾਜ਼ੂ ਵਿਚ ਤੋਲਣ ਲੱਗ ਪਏ ਹਾਂ।
ਬਾਜ਼ਾਰੀਕਰਨ ਦੇ ਮੱਕੜਜਾਲ ਵਿਚ ਉਲਝੀ ਮਾਨਸਿਕਤਾ ਨੇ ਸਿਰਫ਼ ਖੌਫ਼ ਦਾ ਅਹਿਸਾਸ ਹੀ ਦਿੱਤਾ ਹੈ। ਇਹੀ ਖੌਫ਼ ਬੋਲਣ ਦੀ ਆਜ਼ਾਦੀ ਵਿਚ ਸਭ ਤੋਂ ਵੱਡਾ ਅੜਿੱਕਾ ਹੈ। ਮੰਡੀ ਦਾ ਮੁੱਖ ਮਨੋਰਥ ਹੀ ਮਨੁੱਖ ਨੂੰ ਸ਼ਬਦਹੀਣ ਜਾਂ ਸ਼ਬਦਾਂ ਤੋਂ ਦੂਰ ਕਰਨਾ ਹੈ। ਡਰ ਦੇ ਅਹਿਸਾਸ ਵਿਚ ਅਸੀਂ ਕਸ਼ਟ ਸਹਿ ਲੈਂਦੇ ਹਾਂ, ਪਰ ਚੁੱਪ ਰਹਿੰਦੇ ਹਾਂ। ਇਹੀ ਚੁੱਪ ਮਨੁੱਖ ਅੰਦਰੋਂ ਉਸ ਦੀ ਹਸਤੀ ਖਾਰਿਜ ਕਰ ਰਹੀ ਹੈ। ਅਸੀਂ ਜ਼ਿੰਦਗੀ ਵਿਚ ਥੋੜ੍ਹ-ਚਿਰੇ ਰਸਾਂ ਨੂੰ ਮਾਣਨ ਲਈ ਆਪਣਾ ਮਾਨ-ਸਨਮਾਨ ਅਤੇ ਬੁਨਿਆਦੀ ਹੱਕ ਦਾਅ 'ਤੇ ਲਾ ਦਿੰਦੇ ਹਾਂ, ਪਰ ਆਪਣੇ ਨਿੱਜੀ ਅਤੇ ਹੀਣੇ ਸੁਆਰਥਾਂ ਨਾਲ ਸਮਝੌਤਾ ਨਾ ਕਰਦੇ ਹੋਏ ਇਨ੍ਹਾਂ ਦਾ ਪੱਲਾ ਨਹੀਂ ਛੱਡਦੇ। ਅਣਜਾਣੇ ਵਿਚ ਹੀ ਸਹਿਜ ਆਨੰਦ ਤੋਂ ਦੂਰ ਹੋ ਕੇ ਅਸੀਂ ਅਜਿਹੀ ਪ੍ਰਵਿਰਤੀ ਦਾ ਪਾਲਣ ਕਰ ਰਹੇ ਹਾਂ ਜੋ ਇਨਸਾਨੀਅਤ ਨੂੰ ਹੈਵਾਨੀਅਤ ਅਤੇ ਦਹਿਸ਼ਤ ਵੱਲ ਲਿਜਾ ਰਹੀ ਹੈ। ਅਸੀਂ ਕਿਸੇ ਲਈ ਤਾਂ ਕੀ, ਖ਼ੁਦ ਨਾਲ ਹੁੰਦੀ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਵੀ ਕੰਨੀ ਕਤਰਾਉਂਦੇ ਹਾਂ।
ਜੇਕਰ ਵਧੇਰੇ ਲੋਕ ਅੱਜ-ਕੱਲ੍ਹ ਆਪਣੀ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਦੀ ਵਰਤੋਂ ਨਹੀਂ ਕਰਦੇ ਤਾਂ ਇਸ ਵਿਚ ਸਾਡੀ ਸਿੱਖਿਆ ਪ੍ਰਣਾਲੀ ਦਾ ਦੋਸ਼ ਵੀ ਹੈ। ਸਕੂਲ ਭਾਸ਼ਾ ਦੀ ਜਾਣਕਾਰੀ ਅਤੇ ਬੋਲਚਾਲ ਸਿਖਾਉਂਦੇ ਹਨ ਅਤੇ ਕਾਲਜ ਤੇ ਯੂਨੀਵਰਸਿਟੀਆਂ ਸੰਵਾਦ ਨੂੰ ਪਰਪੱਕ ਕਰਦੀਆਂ ਹਨ, ਪਰ ਮੌਜੂਦਾ ਸਿੱਖਿਆ ਪ੍ਰਬੰਧ ਵਿਚ ਸੰਵਾਦ ਨਾਲੋਂ ਸਿਲੇਬਸ ਭਾਰੂ ਹੈ। ਪੜ੍ਹਣ-ਪੜ੍ਹਾਉਣ ਦੇ ਚੱਕਰ ਵਿਚ ਵਧੇਰੇ ਵਿਦਿਆਰਥੀ ਆਪਣੇ ਮੌਲਿਕ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਨੈਨੋਟੈਕਨੋਲੋਜੀ ਦੇ ਯੁੱਗ ਵਿਚ ਭਾਸ਼ਾ ਦਾ ਸਰੂਪ ਬਦਲ ਰਿਹਾ ਹੈ। ਸੰਵਾਦ ਲਈ ਸਿਆਣਪ, ਸੁਣਨ ਅਤੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਸਭ ਪ੍ਰਦਾਨ ਕਰਨ ਦਾ ਸਭ ਤੋਂ ਉੱਤਮ ਮਾਧਿਅਮ ਸਿੱਖਿਆ ਹੀ ਹੈ। ਇਸ ਲਈ ਸੰਵਾਦ ਦੇ ਮੱਦੇਨਜ਼ਰ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਬਦਲਾਅ ਕਰਨੇ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।
ਸ਼ਬਦ ਮਨੁੱਖ ਅੰਦਰ ਮਨੁੱਖਤਾ ਜਗਾਉਣ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ। ਗੁਰੂ ਨਾਨਕ ਦੇਵ ਜੀ ਨੇ ਆਪਣੀ ਇਨਕਲਾਬੀ ਵਿਚਾਰਧਾਰਾ ਨਾਲ ਨਾ ਸਿਰਫ਼ ਜ਼ੁਲਮ ਦੇ ਤਾਂਡਵ ਨੂੰ ਠੱਲ੍ਹ ਪਾਈ ਸਗੋਂ ਸਮੇਂ ਦੇ ਜ਼ਾਲਮ ਹਾਕਮਾਂ ਨੂੰ ਸਿੱਧੇ ਰਾਹ ਵੀ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਕੌਮ ਨੂੰ ਸ਼ਬਦ ਗੁਰੂ ਦੇ ਲੜ ਲਗਾ ਕੇ ਸ਼ਬਦ ਸ਼ਕਤੀ ਦੀ ਅਹਿਮੀਅਤ ਨੂੰ ਹੋਰ ਪ੍ਰਚੰਡਤਾ ਅਤੇ ਪਾਕੀਜ਼ਗੀ ਬਖ਼ਸ਼ੀ। ਆਵਾਜ਼ ਮਨੁੱਖਤਾ ਦਾ ਸਾਂਝਾ ਹੁੰਗਾਰਾ ਹੈ। ਆਪਣੀ ਸਰਬਸਾਂਝੀ ਹੋਂਦ ਨੂੰ ਖੁਸ਼ਹਾਲ ਅਤੇ ਸੁਰੱਖਿਅਤ ਰੱਖਣ ਲਈ ਲਬ ਖੋਲ੍ਹਣੇ ਪੈਣਗੇ ਅਤੇ ਚੁੱਪ ਤੋੜਣੀ ਪਵੇਗੀ। ਖ਼ੌਫ਼ ਅਤੇ ਦਬਾਅ ਥੱਲੇ ਪਲਣ ਵਾਲੀ ਮਾਨਸਿਕਤਾ ਬਿਮਾਰ, ਬੌਣੀ ਅਤੇ ਅਵਿਕਸਿਤ ਸ਼ਖ਼ਸੀਅਤ ਨੂੰ ਜਨਮ ਦਿੰਦੀ ਹੈ। ਤੰਦਰੁਸਤ, ਸਿਰਜਣਾਤਮਿਕ, ਸ਼ਕਤੀਸ਼ਾਲੀ ਤੇ ਇਨਕਲਾਬੀ ਸ਼ਖ਼ਸੀਅਤ ਦੀ ਉਸਾਰੀ ਅਤੇ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਲਈ ਸਹੀ ਗ਼ਲਤ ਦੀ ਪਛਾਣ ਕਰਕੇ ਆਵਾਜ਼ ਉਠਾਉਣੀ ਸਮੇਂ ਦੀ ਲੋੜ ਹੈ।
ਸਮਾਜਿਕ ਜੀਵ ਹੋਣ ਨਾਤੇ ਸਾਡਾ ਮੁੱਢਲਾ ਫ਼ਰਜ਼ ਹੈ ਕਿ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਸੰਵੇਦਨਾ ਭਰਪੂਰ ਅਤੇ ਗੰਭੀਰ ਹੋ ਕੇ ਵਿਚਾਰ ਮੰਥਨ ਕਰੀਏ। ਜਮਹੂਰੀਅਤ ਦੀ ਖ਼ੂਬਸੂਰਤੀ ਹੀ ਸੰਵਾਦ ਵਿਚ ਹੈ। ਜਮਹੂਰੀਅਤ ਦੀ ਰੱਖਿਆ ਲਈ ਜਮਹੂਰੀ ਢੰਗ ਨਾਲ ਵਿਚਾਰ ਵਿਟਾਂਦਰਾ ਹੀ ਸਭ ਵਰਗਾਂ ਦੀ ਆਵਾਜ਼ ਬੁਲੰਦ ਕਰਨ ਦਾ ਇਕੋ ਇਕ ਮਾਧਿਅਮ ਹੈ। ਮਨੁੱਖੀ ਹੋਂਦ ਅਤੇ ਗੌਰਵ ਲਈ ਆਵਾਜ਼ ਉਠਾਉਣੀ ਕਿਰਿਆਸ਼ੀਲ ਸਮਾਜਿਕ ਸੰਵੇਦਨਾ ਹੈ। ਸੋਚ ਤੇ ਸੱਚ ਨਿਧੜਕ ਤੇ ਨਿਰਪੱਖ ਜ਼ਿੰਦਗੀ ਵਿਚੋਂ ਹੀ ਪਨਪਦੇ ਹਨ। ਸੱਚ ਮਨੁੱਖ ਨੂੰ ਹਉਮੈਂ ਅਤੇ ਦੁਸ਼ਵਾਰੀਆਂ ਤੋਂ ਕੋਹਾਂ ਦੂਰ ਲੈ ਜਾਂਦਾ ਹੈ। ਇਹ ਮਨ ਵਿਚ ਪਣਪਦੀਆਂ ਅਹਿਸਾਸਾਂ ਦੀਆਂ ਸੂਖ਼ਮ ਤਰੰਗਾਂ ਨੂੰ ਅਪ੍ਰੋਖ ਹੀ ਸਾਡੀ ਵਿਵਸਥਾ ਦੀ ਤਰਜਮਾਨੀ ਕਰਦੇ ਗ਼ਲਤ ਸਿਧਾਂਤਾਂ ਖ਼ਿਲਾਫ਼ ਸੁਲਗ਼ਦੀ ਚੰਗਿਆੜੀ ਬਣਾ ਕੇ ਸਮਾਜ ਨੂੰ ਡੂੰਘੇ ਅਤੇ ਜਟਿਲ ਸੰਕਟਾਂ ਤੋਂ ਬਚਾਉਂਦਾ ਹੈ।
ਮਨੁੱਖ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਹੈ। ਜੇਕਰ ਅਸੀਂ ਮਾਨਵੀ ਚੇਤਨਾ ਦਾ ਨਾਅਰਾ ਬੁਲੰਦ ਕਰਨ ਲਈ ਬੋਲਦੇ ਹਾਂ ਤਾਂ ਜ਼ਿੰਦਗੀ ਦਾ ਸੁਹੱਪਣ ਕਾਇਮ ਰੱਖ ਸਕਦੇ ਹਾਂ। ਵਾਦ-ਵਿਵਾਦ ਵਿਚ ਤਰਕ ਦੇ ਨਾਲ ਨਾਲ ਜ਼ੁਬਾਨ ਦੀ ਮਿਠਾਸ ਅਤੇ ਬੋਲਣ ਦਾ ਸਲੀਕਾ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਕਿਸੇ ਵੀ ਜੰਗ ਦਾ ਅੰਤ ਆਪਸੀ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ ਹੈ। ਸਹੀ ਸਮੇਂ ਸਹੀ ਢੰਗ ਨਾਲ ਕੀਤੀ ਗੱਲਬਾਤ ਨਾਲ ਬਹੁਤ ਸਾਰੇ ਕਲੇਸ਼ਾਂ ਤੋਂ ਮੁਕਤੀ ਮਿਲਦੀ ਹੈ। ਸਾਡਾ ਸ਼ਕਤੀਸ਼ਾਲੀ ਅਤੇ ਪ੍ਰਪੱਕ ਪ੍ਰਵਚਨ ਹੀ ਸਮਾਜ ਨੂੰ ਮਜ਼ਬੂਤ ਆਧਾਰ ਪ੍ਰਦਾਨ ਕਰ ਸਕਦਾ ਹੈ।
ਸਮਾਜ ਵਿਚ ਸਹਿਜੇ ਹੀ ਆ ਰਹੀਆਂ ਦੁਸ਼ਵਾਰੀਆਂ ਅਤੇ ਕਦਰਾਂ-ਕੀਮਤਾਂ ਦੇ ਨਿਘਾਰ ਵਿਰੁੱਧ ਆਵਾਜ਼ ਉਠਾ ਕੇ ਅਸੀਂ ਖ਼ੁਦ ਨੂੰ ਹੀ ਨਹੀਂ ਸਗੋਂ ਸਮਾਜ ਨੂੰ ਵੀ ਖੇੜਾ ਅਤੇ ਵਿਸਮਾਦ ਬਖ਼ਸ਼ ਸਕਦੇ ਹਾਂ। ਆਪਣੀ ਹੋਂਦ ਦੀ ਮੌਲਿਕ, ਸੁਤੰਤਰ ਅਤੇ ਵਿਲੱਖਣ ਨੁਹਾਰ ਨੂੰ ਕਾਇਮ ਰੱਖਣ ਲਈ ਵਿਚਾਰਧਾਰਕ ਅਮਲ ਲਾਜ਼ਮੀ ਹਨ। ਇਹ ਅਮਲ ਲੋਕ-ਹਿੱਤ ਦੀ ਦਿਸ਼ਾ ਵਿਚ ਹੋਣੇ ਚਾਹੀਦੇ ਹਨ। ਸਦੀਵੀ ਸਮਾਜਿਕ ਖੁਸ਼ਹਾਲੀ ਲਈ ਸਾਨੂੰ ਗੁਰੂਆਂ-ਪੀਰਾਂ ਦੀ ਵਿਚਾਰਧਾਰਾ ਤੋਂ ਸੇਧ ਲੈਣੀ ਚਾਹੀਦੀ ਹੈ। ਆਪਣੀ ਬੋਲਣ ਦੀ ਆਜ਼ਾਦੀ ਦੇ ਹੱਕ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਨਾ ਸਾਡਾ ਇਖ਼ਲਾਕੀ ਫ਼ਰਜ਼ ਹੈ। ਮਹਿਜ਼ ਬੋਲਣ ਲਈ ਨਹੀਂ ਬੋਲਣਾ ਚਾਹੀਦਾ ਸਗੋਂ ਉਨ੍ਹਾਂ ਸਾਰੇ ਸੂਖ਼ਮ ਅਹਿਸਾਸਾਂ ਨੂੰ ਆਵਾਜ਼ ਦੇਣੀ ਚਾਹੀਦੀ ਹੈ ਜੋ ਲਫ਼ਜ਼ਾਂ ਦੀ ਉਡੀਕ ਵਿਚ ਦਮ ਤੋੜ ਰਹੇ ਹਨ।
ਸੰਪਰਕ : 88724-34512