ਅਣਖ ਖ਼ਾਤਰ ਹੋ ਰਹੇ ਕਤਲ - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬਹੁਤ ਸਾਰੇ ਖੋਜ ਪੱਤਰਾਂ ਵਿਚ ਸਪਸ਼ਟ ਹੋ ਚੁੱਕਿਆ ਹੈ ਕਿ ਇਸ ਮਰਦ ਪ੍ਰਧਾਨ ਸਮਾਜ ਵਿਚ ਧੀਆਂ ਉੱਤੇ ਲੱਗੀਆਂ ਬੰਦਸ਼ਾਂ ਘੱਟ ਨਹੀਂ ਹੋਈਆਂ। ਅੱਜ ਵੀ ਕਿਸੇ ਟੱਬਰ ਕੋਲੋਂ ਆਪਣੀ ਧੀ ਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਕਰਨਾ ਸਹਾਰਿਆ ਨਹੀਂ ਜਾਂਦਾ ਤੇ ਇਸ ਨੂੰ ਵੱਡਾ ਜੁਰਮ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਪੁੱਤਰ ਨੂੰ ਅਜਿਹਾ ਕਰਨ ਉੱਤੇ ਸ਼ਾਬਾਸ਼ੀ ਦਿੱਤੀ ਜਾਂਦੀ ਹੈ।
ਜੇ ਕਿਸੇ ਧੀ ਨੇ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆ ਤੇ ਜਾਤ-ਪਾਤ ਅੜਿੱਕੇ ਆ ਗਈ ਤਾਂ ਯਕੀਨਨ ਧੀ ਤਾਂ ਕਤਲ ਹੋਵੇਗੀ ਹੀ, ਮੁੰਡੇ ਵਾਲਿਆਂ ਦੀਆਂ ਧੀਆਂ ਭੈਣਾਂ ਦੀ ਵੀ ਸ਼ਾਮਤ ਆ ਜਾਣੀ ਹੈ।
ਟੱਬਰ ਪੂਰਾ ਹੀ ਵੱਢਿਆ ਜਾ ਸਕਦਾ ਹੈ। ਅਜਿਹਾ ਕਰਨ ਤੋਂ ਪਹਿਲਾਂ ਮੁੰਡੇ ਦੇ ਟੱਬਰ ਦੀਆਂ ਔਰਤਾਂ ਦੀ ਪੱਤ ਲਾਹੁਣ ਨੂੰ ਪਹਿਲ ਦਿੱਤੀ ਜਾਂਦੀ ਹੈ। ਕਮਾਲ ਦਾ ਦੋਗਲਾਪਨ ਵੇਖੋ ਕਿ ਆਪਣੀ ਧੀ ਉੱਤੇ ਬੰਦਸ਼ਾਂ ਲਾਉਣ ਵਾਲੇ ਬਹੁਤੇ ਪਿਓ ਆਪਣੇ ਪੁੱਤਰ ਨੂੰ ''ਮੌਜਾਂ ਕਰ'' ਕਹਿ ਕੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਇਸ ਦੇ ਨਾਲੋ ਨਾਲ ਇਹ ਹਦਾਇਤ ਵੀ ਹੁੰਦੀ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਕੁੜੀਆਂ ਨਾਲ ਯਾਰੀ ਕਰੀ ਜਾ ਪਰ ਵਿਆਹ ਸਾਡੀ ਮਰਜ਼ੀ ਨਾਲ ਹੋਣਾ ਹੈ!
ਜਿਹੜਾ ਮਰਜ਼ੀ ਪਾਸਾ ਵੇਖ ਲਵੋ, ਅਖ਼ੀਰ ਮਾਰ ਕੁੜੀਆਂ ਉੱਤੇ ਹੀ ਪੈਂਦੀ ਹੈ।
ਧੀ ਦੀ ਆਪਣੀ ਮਰਜ਼ੀ ਨਾਲ ਹੋਏ ਵਿਆਹ ਵਾਸਤੇ ਪਿਓ, ਭਰਾ, ਰਿਸ਼ਤੇਦਾਰੀ ਆਦਿ ਤੋਂ ਇਲਾਵਾ ਕੰਨਟਰੈਕਟ ਕਿੱਲਰ ਤੱਕ ਤਿਆਰ ਕਰ ਕੇ ਧੀ ਨੂੰ ਮਾਰ ਦੇਣ ਦੇ ਫੈਸਲੇ ਲਏ ਜਾਂਦੇ ਹਨ।
ਸਿਰਫ਼ ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਹੋਰ ਵੀ ਅਨੇਕ ਮੁਲਕਾਂ ਵਿਚ ਧੀਆਂ ਵੇਚੀਆਂ ਵੱਟੀਆਂ ਵੀ ਜਾਂਦੀਆਂ ਹਨ, ਦਾਜ ਖ਼ਾਤਰ ਸਾੜੀਆਂ ਵੀ ਜਾਂਦੀਆਂ ਹਨ ਤੇ ਆਪਣੀ ਮਰਜ਼ੀ ਦਾ ਵਿਆਹ ਕਰਨ ਉੱਤੇ ਕਤਲ ਵੀ ਕੀਤੀਆਂ ਜਾਂਦੀਆਂ ਹਨ।
ਅਣਖ ਖ਼ਾਤਰ ਹੋ ਰਹੇ ਕਤਲਾਂ ਵਿਚ ਸ਼ਾਮਲ ਮੁਲਕ ਹਨ :-ਇਰਾਨ, ਤੁਰਕੀ, ਅਫਗਾਨਿਸਤਾਨ, ਇਰਾਕ, ਸਾਊਦੀ ਅਰਬ, ਈਜਿਪਟ, ਪਲਸਤੀਨ, ਜਾਰਡਨ, ਬੰਗਲਾਦੇਸ, ਐਲਜੀਰੀਆ, ਬਰਾਜ਼ੀਲ, ਇਕੂਏਡਰ, ਮੌਰੋਕੋ, ਇਜ਼ਰਾਈਲ, ਇਥੀਓਪੀਆ, ਸੋਮਾਲੀਆ, ਯੂਗਾਂਡਾ, ਪਾਕਿਸਤਾਨ, ਬਲਕਨ, ਸਵੀਡਨ, ਹੌਲੈਂਡ, ਜਰਮਨੀ, ਇਟਲੀ, ਯੇਮੇਨ ਤੇ ਅਨੇਕ ਹੋਰ।
ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਅਨੁਸਾਰ 5000 ਔਰਤਾਂ ਤੇ ਬੱਚੀਆਂ ਹਰ ਸਾਲ ਅਣਖ ਖ਼ਾਤਰ ਦੁਨੀਆ ਭਰ ਵਿਚ ਕਤਲ ਕੀਤੀਆਂ ਜਾ ਰਹੀਆਂ ਹਨ (ਜੋ ਰਿਪੋਰਟ ਹੋ ਰਹੀਆਂ
ਹਨ) ਪਰ ਅਸਲ ਵਿਚ ਇਹ ਅੰਕੜਾ 20,000 ਪ੍ਰਤੀ ਸਾਲ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਵੱਡੀ ਗਿਣਤੀ ਕੇਸ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਤੇ ਅੰਦਰੋ ਅੰਦਰੀ ਕੁੜੀ ਦਾ ਜਿਸਮ ਵੀ ਖੁਰਦ ਬੁਰਦ ਕਰ ਦਿੱਤਾ ਜਾਂਦਾ ਹੈ।
ਭਾਰਤ ਵਿਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ਜ਼ਿਆਦਾਤਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ ਵਿਚ ਕਤਲ ਹੋ ਰਹੀਆਂ ਹਨ। ਅੱਜ ਦੇ ਦਿਨ ਸਭ ਤੋਂ ਵੱਧ ਕਤਲ ਭਾਰਤ ਵਿਚ ਹੀ ਹੋ ਰਹੇ ਹਨ। ਭਾਰਤ ਵਿਚ ਸਿਰਫ਼ ਧੀਆਂ ਹੀ ਨਹੀਂ ਉਸ ਮੁੰਡੇ ਦਾ ਵੀ ਕਤਲ ਹੋ ਰਿਹਾ ਹੈ ਜਿਸ ਨਾਲ ਧੀ ਭੱਜੀ ਹੋਵੇ। ਇਹ ਗਿਣਤੀ ਲਗਭਗ 1000 ਮੌਤਾਂ ਪ੍ਰਤੀ ਸਾਲ ਪਹੁੰਚ ਚੁੱਕੀ ਹੋਈ ਹੈ।
ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕੋਈ ਕਾਨੂੰਨ ਹਾਲੇ ਤਕ ਕਾਰਗਰ ਸਾਬਤ ਨਹੀਂ ਹੋਇਆ। ਸੰਨ 1835-37 ਵਿਚ ਬਰਤਾਨੀਆ ਹਕੂਮਤ ਨੇ ਵੀ ਅਣਖ ਖ਼ਾਤਰ ਹੋ ਰਹੇ ਕਤਲਾਂ ਲਈ ਕਾਨੂੰਨ ਬਣਾਇਆ ਸੀ।
ਅੱਜ ਦੇ ਦਿਨ ਜਿਹੜੀਆਂ 88 ਫੀਸਦੀ ਕੁੜੀਆਂ ਅਣਖ ਦੀ ਭੇਂਟ ਚੜ੍ਹ ਰਹੀਆਂ ਹਨ, ਉਨ੍ਹਾਂ ਵਿੱਚੋਂ ਅੱਗੋਂ 91 ਫੀਸਦੀ ਆਪਣੇ ਪਿਓ, ਭਰਾ, ਚਾਚੇ-ਤਾਏ ਦੇ ਹੱਥੋਂ ਹੀ ਮਰ ਰਹੀਆਂ ਹਨ।
ਇਨ੍ਹਾਂ ਵਿੱਚੋਂ 59 ਫੀਸਦੀ ਕੇਸਾਂ ਵਿਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਹਨ। ਕੁੜੀ ਦੇ ਰਿਸ਼ਤੇਦਾਰੀ ਵੱਲੋਂ ਮਾਰੇ ਜਾ ਰਹੇ ਮੁੰਡਿਆਂ ਦੀ ਗਿਣਤੀ 12 ਫੀਸਦੀ ਹੈ। ਜ਼ਿਆਦਾਤਰ ਕਤਲ ਹੋ ਰਹੀਆਂ ਬੱਚੀਆਂ ਦੀ ਉਮਰ 15-25 ਸਾਲਾਂ ਦੀ ਹੈ।
ਜਾਤ ਆਧਾਰਤ ਕਤਲ ਹੋ ਰਹੇ ਮੁੰਡਿਆਂ ਦੀ ਉਮਰ 20 ਤੋਂ 35 ਸਾਲਾਂ ਦੀ ਹੈ। ਮਾਰਨ ਵਾਲਿਆਂ ਵਿੱਚੋਂ 64 ਫੀਸਦੀ ਕੇਸਾਂ ਵਿਚ ਕੁੜੀ ਦਾ ਪਿਤਾ ਇਕੱਲਾ ਹੁੰਦਾ ਹੈ, 36 ਫੀਸਦੀ ਵਿਚ ਭਰਾ, 12 ਫੀਸਦੀ ਵਿਚ ਮਾਂ, 28 ਫੀਸਦੀ ਚਾਚੇ, ਮਾਮੇ, 8 ਫੀਸਦੀ ਜਾਤ ਬਿਰਾਦਰੀ ਵਾਲੇ ਵੀ ਨਾਲ ਰਲ ਜਾਂਦੇ ਹਨ ਤੇ 16 ਫੀਸਦੀ ਭਾੜੇ ਦੇ ਕਾਤਲ ਹੁੰਦੇ ਹਨ।
ਇਨ੍ਹਾਂ ਵਿੱਚੋਂ ਜਿਸ ਨੇ ਆਪਣੀ ਧੀ ਵੀ ਮੁੰਡੇ ਦੇ ਨਾਲ ਹੀ ਮਾਰੀ ਹੋਵੇ, ਉਸ ਵਿਚ ਵੀ 64 ਫੀਸਦੀ ਪਿਓ ਹੀ ਆਪਣੀ ਧੀ ਦਾ ਕਤਲ ਕਰਦਾ ਫੜਿਆ ਗਿਆ ਹੈ।
ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਕਤਲਾਂ ਤੋਂ ਬਾਅਦ ਕੋਈ ਅਫ਼ਸੋਸ ਨਹੀਂ ਕੀਤਾ ਜਾਂਦਾ, ਬਲਕਿ ਜਸ਼ਨ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੀ ਅਣਖ ਉੱਤੇ ਲੱਗਿਆ ਦਾਗ਼ ਮਿਟਾ ਦਿੱਤਾ ਹੈ।
ਖੋਜਾਂ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ, ਖ਼ਾਸ ਕਰ ਜੱਟ ਸਿੱਖ ਟੱਬਰਾਂ ਵਿੱਚ ਇਹ ਕਤਲ ਵੱਧ ਹੋ ਰਹੇ ਹਨ। ਜਿੰਨੇ ਵੀ ਕਤਲ ਸਾਹਮਣੇ ਆਏ ਹਨ, ਰਿਪੋਰਟ ਮੁਤਾਬਕ ਕਿਸੇ ਵਿਚ ਵੀ ਕੋਈ ਟੱਬਰ ਪਹਿਲਾਂ ਮੁਜਰਮ ਨਹੀਂ ਸੀ। ਪਰ, ਅਣਖ ਨੂੰ ਏਨਾ ਉਤਾਂਹ ਰੱਖਿਆ ਗਿਆ ਹੈ ਕਿ ਧੀ ਦੇ ਕਤਲ ਬਾਅਦ ਉਮਰ ਕੈਦ ਤਕ ਨੂੰ ਵੀ ਹੱਸਦੇ ਹੋਏ ਪਰਵਾਨ ਕਰ ਲਿਆ ਜਾਂਦਾ ਹੈ।
ਕੁੱਝ ਜਾਤੀਆਂ ਵਿਚ ਤਾਂ ਕੁੜੀ ਦੇ ਭੱਜਣ ਨੂੰ 'ਸੱਤ ਜਨਮਾਂ ਦਾ ਕਲੰਕ' ਮੰਨ ਗਿਆ ਹੈ।
ਇਸ ਸਾਰੇ ਵਰਤਾਰੇ ਤੋਂ ਕੁੱਝ ਗੱਲਾਂ ਬੜੀਆਂ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ :-
1. ਸਦੀਆਂ ਤੋਂ ਚੱਲ ਰਹੇ ਅਣਖ ਖ਼ਾਤਰ ਕਤਲ ਕਿਸੇ ਵੀ ਸਦੀ ਵਿਚ ਰੋਕੇ ਨਹੀਂ ਜਾ ਸਕੇ।
2. ਵਿਗਿਆਨਿਕ ਤਰੱਕੀ ਵੀ ਰੂੜੀਵਾਦੀ ਸੋਚ ਨੂੰ ਤਬਦੀਲ ਕਰਨ ਵਿਚ ਅਸਮਰਥ ਸਾਬਤ ਹੋ ਗਈ ਹੈ।
3. ਔਰਤ ਨੂੰ ਹਮੇਸ਼ਾ ਤੋਂ ਮਰਦ ਦੇ ਹੇਠਾਂ ਹੀ ਮੰਨਿਆ ਗਿਆ ਹੈ ਤੇ ਅੱਜ ਵੀ ਅਧੀਨਗੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।
4. ਦੋਗਲੀ ਸੋਚ ਅਧੀਨ ਟੱਬਰਾਂ ਵਿਚ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ ਪਰ ਕੁੜੀਆਂ ਨੂੰ ਆਪਣਾ ਜੀਵਨ ਸਾਥੀ ਤੱਕ ਚੁਣਨ ਦੀ ਇਜਾਜ਼ਤ ਨਹੀਂ ਹੈ।
5. ਆਪਣਾ ਹੀ ਖ਼ੂਨ ਯਾਨੀ ਅਣਖ ਖ਼ਾਤਰ ਧੀਆਂ ਨੂੰ ਕਤਲ ਕਰਨ ਵਿਚ ਪਿਓ ਇਕ ਮਿੰਟ ਵੀ ਨਹੀਂ ਲਾਉਂਦਾ ਤੇ ਸਕਾ ਭਰਾ ਵੀ ਓਨਾ ਹੀ ਜ਼ਹਿਰੀ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਧੀ ਨੂੰ ਟੱਬਰ ਦਾ ਜ਼ਰੂਰੀ ਅੰਗ ਕਦੇ ਮੰਨਿਆ ਹੀ ਨਹੀਂ ਜਾਂਦਾ! ਇਹੀ ਕਾਰਨ ਹੈ ਕਿ ਧੀਆਂ ਨੂੰ ਜੰਮਦੇ ਸਾਰ ਜਾਂ ਜੰਮਣ ਤੋਂ ਪਹਿਲਾਂ ਮਾਰ ਮੁਕਾਉਣ ਵਾਲੀ ਪ੍ਰਥਾ ਕਦੇ ਖ਼ਤਮ ਕੀਤੀ ਹੀ ਨਹੀਂ ਜਾ ਸਕੀ।
ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਟੱਬਰ ਆਪਣੀ ਸਕੀ ਧੀ ਨੂੰ ਵੱਢਣ ਵਿਚ ਇਕ ਪਲ ਵੀ ਨਹੀਂ ਲਾਉਂਦੇ, ਉਨ੍ਹਾਂ ਘਰਾਂ ਵਿਚ ਨੂੰਹਾਂ ਦਾ ਕੀ ਹਾਲ ਹੁੰਦਾ ਹੋਵੇਗਾ।
ਧੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਤਾਂ ਦੂਰ ਰਹੀ, ਹਾਲੇ ਤਾਂ ਆਪਣਾ ਖ਼ੂਨ ਵੀ ਨਹੀਂ ਮੰਨਿਆ ਜਾ ਰਿਹਾ। ਸਪਸ਼ਟ ਹੈ ਕਿ ਬਰਾਬਰੀ ਤੱਕ ਪਹੁੰਚਣ ਦੀ ਵਾਟ ਹਾਲੇ ਲੰਮੀ ਹੈ ਕਿਉਂਕਿ ਹਰ ਪਿਓ ਆਪਣੇ ਪੁੱਤਰ ਨੂੰ ਹੋਰ ਕੁੱਝ ਦੇ ਕੇ ਜਾਵੇ ਜਾਂ ਨਾ, ਪਰ ਜਾਤ-ਪਾਤ ਤੇ ਅਣਖ ਬਾਰੇ ਗੂੜ੍ਹ ਗਿਆਨ ਜ਼ਰੂਰ ਦੇ ਦਿੰਦਾ ਹੈ ਤਾਂ ਜੋ ਅਣਖ ਖ਼ਾਤਰ ਹੁੰਦੇ ਕਤਲ ਪੁਸ਼ਤ-ਦਰ-ਪੁਸ਼ਤ ਜਾਰੀ ਰਹਿ ਸਕਣ।
ਹੁਣ ਤਾਂ ਪਾਠਕ ਹੀ ਫ਼ੈਸਲਾ ਕਰਨ ਕਿ ਇੱਕੀਵੀਂ ਸਦੀ ਵਿਚ ਪਹੁੰਚ ਕੇ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਰੁੱਝਿਆਂ ਨੂੰ ਉਨ੍ਹਾਂ ਦਾ ਕੋਈ ਸੁਣੇਹਾ ਸਮਝਣ ਲਈ ਵੀ ਕਦੇ ਵਿਹਲ ਮਿਲੀ ਹੈ?
ਨਾ ਅਸੀਂ ਔਰਤ ਨੂੰ ਉਤਾਂਹ ਚੁੱਕਣ ਦੀ ਗੱਲ ਮੰਨੀ, ਨਾ ਜਾਤ-ਪਾਤ ਦਾ ਰੇੜਕਾ ਛੱਡਿਆ ਤੇ ਨਾ ਹੀ ਊਚ ਨੀਚ ਦਾ! ਨਾ ਧਾਰਮਿਕ ਪਾਖੰਡਾਂ ਤੋਂ ਅਸੀਂ ਪਰ੍ਹਾਂ ਹੋਏ ਤੇ ਨਾ ਹੀ ਕਿਰਤ ਕਰਨ ਦਾ ਰਾਹ ਅਪਣਾਇਆ! ਫੇਰ ਭਲਾ ਅਸੀਂ ਕਿਸ ਤਰੱਕੀ ਦੀ ਗੱਲ ਕਰਦੇ ਹਾਂ ਤੇ ਕਿਹੜੇ ਮੂੰਹ ਨਾਲ 550 ਸਾਲਾ ਜਸ਼ਨ ਮਨਾਉਣ ਵਾਲੇ ਹਾਂ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783