ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਜੇ ਮਨੁੱਖ ਸਿਰਫ਼ ਰੁੱਖੇ ਹੀ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਤੇ ਅਜਿਹਾ ਮਨੁੱਖ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ। ਪ੍ਰੇਮ ਵਿਹੂਣਾ ਅਜਿਹਾ ਮਨੁੱਖ ਯਾਦ ਵੀ ਰੁੱਖੇ ਬਚਨਾਂ ਨਾਲ ਹੀ ਕੀਤਾ ਜਾਂਦਾ ਹੈ। ਦਰਗਾਹ ਤੋਂ ਤਾਂ ਰੱਦ ਹੋ ਹੀ ਜਾਂਦਾ ਹੈ ਪਰ ਇਸ ਤਰ੍ਹਾਂ ਦੇ ਮਨੁੱਖ ਦੇ ਮੂੰਹ ਉੱਤੇ ਵੀ ਥੁੱਕਾਂ ਤੇ ਫਿਟਕਾਰਾਂ ਪੈਂਦੀਆਂ ਹਨ। ਪ੍ਰੇਮ ਹੀਣ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੀ ਸਦਾ ਹੀ ਬੇਇੱਜ਼ਤੀ ਹੁੰਦੀ ਹੈ ਤੇ ਜੁੱਤੀਆਂ ਦੀ ਮਾਰ ਪੈਂਦੀ ਹੈ।
ਓਹੀਓ ਸਟੇਟ ਯੂਨੀਵਰਸਿਟੀ ਵਿਚ ਜੋਨ ਕੇਸੀਓਪੋ ਨੇ ਖੋਜ ਰਾਹੀਂ ਇਹ ਤੱਥ ਲੱਭੇ ਕਿ ਇਨਸਾਨੀ ਮਨ ਮਾੜਾ ਸੁਣ ਕੇ ਵੱਧ ਖਿੱਚਿਆ ਜਾਂਦਾ ਹੈ। ਇਸੇ ਲਈ ਜਿਹੜੇ ਸਿਆਸਤਦਾਨ ਦੂਜੇ ਨੂੰ ਭੰਡਦੇ ਹੋਣ, ਉਹ ਵੱਧ ਮਕਬੂਲ ਹੁੰਦੇ ਹਨ ਪਰ ਜਿਹੜੇ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦੇ ਹੋਣ, ਉਹ ਬਹੁਤਾ ਧਿਆਨ ਨਹੀਂ ਖਿੱਚਦੇ।
ਕਿਸੇ ਬਾਰੇ ਮਾੜਾ ਸੁਣ ਕੇ, ਬੁਰੀ ਖ਼ਬਰ ਪੜ੍ਹ ਕੇ ਜਾਂ ਮਾੜੀ ਘਟਨਾ ਵੇਖ ਕੇ ਦਿਮਾਗ਼ ਦੀ ਬਿਜਲਈ ਹਰਕਤ ਵਿਚ ਤੂਫ਼ਾਨ ਆ ਜਾਂਦਾ ਹੈ।
ਅਜਿਹਾ ਚੰਗੀ ਖ਼ਬਰ ਪੜ੍ਹ ਕੇ ਨਹੀਂ ਹੁੰਦਾ। ਪੱਥਰ ਯੁੱਗ ਸਮੇਂ ਤੋਂ ਹੀ ਖ਼ਤਰਾ ਭਾਂਪ ਕੇ ਨਵੀਂ ਚੀਜ਼ ਈਜਾਦ ਕੀਤੀ ਜਾਂਦੀ ਰਹੀ ਹੈ। ਸਭ ਕੁੱਝ ਚੰਗਾ ਵੇਖ ਸੋਚ ਕੇ ਹੌਲੀ-ਹੌਲੀ ਮਨ ਢਿੱਲਾ ਪੈ ਜਾਂਦਾ ਹੈ।
ਵਿਆਹੁਤਾ ਜ਼ਿੰਦਗੀ ਵਿਚ ਵੀ ਨਿੱਘੇ ਰਿਸ਼ਤੇ ਉਹੀ ਹੁੰਦੇ ਹਨ ਜਿਨ੍ਹਾਂ ਵਿਚ ਸਭ ਕੁੱਝ 'ਠੀਕ' ਨਾ ਹੋਵੇ ਬਲਕਿ ਨਿੱਕੀ ਮੋਟੀ 'ਖਟਪਟ' ਚੱਲਦੀ ਰਹੇ। ਇਹ 'ਖਟਪਟ' ਰਿਸ਼ਤਿਆਂ ਦਾ 'ਥਰਮੋਸਟੈਟ' ਸਾਬਤ ਹੋ ਚੁੱਕੀ ਹੈ। ਜੇ ਖਟਪਟ ਲੜਾਈ ਵਿਚ ਜਾਂ ਮੰਦੀ ਸ਼ਬਦਾਵਲੀ ਵਿਚ ਤਬਦੀਲ ਹੋ ਜਾਏ ਤਾਂ ਰਿਸ਼ਤੇ ਵਿਚ ਫਿੱਕ ਪੈ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਖਟਪਟ ਨੂੰ ਲੜਾਈ ਵਿਚ ਤਬਦੀਲ ਹੋਣ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ ਹੈ।
ਇਹ ਹੀ ਸਭ ਤੋਂ ਗੁੰਝਲਦਾਰ ਨੁਕਤਾ ਹੈ ਕਿ ਕਿਸ ਗੱਲ ਉੱਤੇ ਰਿਸ਼ਤੇ ਵਿਚ ਫਿੱਕ ਪੈਣ ਤੋਂ ਰੋਕਣ ਦੀ ਲੋੜ ਹੁੰਦੀ ਹੈ।
ਮਨੋਵਿਗਿਆਨੀਆਂ ਅਨੁਸਾਰ ਇਹ 5:1 ਅਨੁਪਾਤ ਨਾਲ ਠੀਕ ਰਹਿੰਦਾ ਹੈ। ਯਾਨੀ 5 ਚੰਗੀਆਂ ਸਾਂਝ ਵਾਲੀਆਂ ਗੱਲਾਂ ਤੇ ਇੱਕ ਅਣਬਣ, ਵਿਅੰਗ ਜਾਂ ਝਗੜੇ ਵਾਲੀ।
ਜੇ ਇਹ ਅਨੁਪਾਤ 2:3 ਹੋ ਜਾਏ ਤੇ ਅਣਬਣ ਤਿੰਨ ਤੱਕ ਪਹੁੰਚ ਜਾਏ ਤਾਂ ਰਿਸ਼ਤੇ ਦਾ ਅਗਾਂਹ ਤੁਰਨਾ ਨਾਮੁਮਕਿਨ ਹੋ ਜਾਂਦਾ ਹੈ।
ਲੰਬੇ ਸਮੇਂ ਤਕ ਨਿਭਣ ਵਾਲੀਆਂ ਦੋਸਤੀਆਂ ਵਿਚ ਵੀ ਇਹੀ ਕੁੱਝ ਸਹੀ ਸਾਬਤ ਹੋਇਆ ਹੈ। ਜੇ ਦੋਸਤਾਂ ਵਿਚ ਉੱਕਾ ਹੀ ਅਣਬਣ ਨਾ ਹੋਵੇ ਤਾਂ ਰਿਸ਼ਤਾ ਨਿੱਘਾ ਹੁੰਦਾ ਹੀ ਨਹੀਂ ਕਿਉਂਕਿ ਹਰ ਜਣਾ ਗਲ ਦਿਲ ਵਿਚ ਹੀ ਲੁਕਾਉਂਦਾ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦਾ ਰਹਿੰਦਾ ਹੈ ਜੋ ਰਿਸ਼ਤੇ ਵਿਚਲੀ ਖਿੱਚ ਖ਼ਤਮ ਕਰ ਦਿੰਦਾ ਹੈ।
ਜੇ ਅਨੁਪਾਤ ਵਿਗੜ ਰਿਹਾ ਹੋਵੇ ਤਾਂ ਰਿਸ਼ਤਾ ਟਿਕਾਊ ਕਰਨ ਲਈ ਸਾਰਥਕ ਕਦਮ ਪੁੱਟਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਮਨ ਅੰਦਰ ਭਰੀ ਕੌੜ ਨੂੰ ਕਿਸੇ ਹੋਰ ਢੰਗ ਨਾਲ ਬਾਹਰ ਕੱਢਣ ਤੇ ਦੋਸਤ ਨੂੰ ਨਿੱਘੀ ਜੱਫੀ ਜਾਂ ਕੁੱਝ ਚੰਗੇ ਸੁਣੇਹੇ ਭੇਜਣ ਨਾਲ ਰਿਸ਼ਤੇ ਵਿਚ ਨਿੱਘ ਭਰਿਆ ਜਾ ਸਕਦਾ ਹੈ।
ਅਜਿਹਾ ਉਦੋਂ ਤੱਕ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤਕ ਅਨੁਪਾਤ 5:1 ਨਾ ਹੋ ਜਾਵੇ।
ਹੁਣ ਗੱਲ ਕਰੀਏ ਸਿਫਰ ਨਕਾਰਾਤਮਕ ਸੋਚ ਵਾਲੇ ਮਨੁੱਖ ਦੀ ਜੋ ਅਲੋਚਨਾ ਤੋਂ ਇਲਾਵਾ ਕੁੱਝ ਜਾਣਦਾ ਹੀ ਨਾ ਹੋਵੇ ਤੇ ਕਦੇ ਵੀ ਸਾਰਥਕ ਗੱਲ ਨਾ ਕਰਦਾ ਹੋਵੇ। ਅਜਿਹਾ ਮਨੁੱਖ ਆਪਣੇ ਮਨ ਨੂੰ ਇਹ ਸਮਝਾ ਲੈਂਦਾ ਹੈ ਕਿ ਰੁੱਖਾ ਬੋਲਣਾ ਉਸ ਦਾ ਖਾਸ ਗੁਣ ਹੈ ਤੇ ਇੰਜ ਹੀ ਉਹ ਆਪਣੇ ਆਪ ਨੂੰ ਬਾਕੀਆਂ ਤੋਂ ਵੱਖ ਤੇ ਉੱਚਾ ਸਮਝਣ ਲੱਗ ਪੈਂਦਾ ਹੈ। ਹੌਲੀ-ਹੌਲੀ ਅਜਿਹੇ ਮਨੁੱਖ ਦੀ ਸੋਚ ਹੀ ਤਬਦੀਲ ਹੋ ਜਾਂਦੀ ਹੈ ਤੇ ਹਉਮੈ ਉਸ ਨੂੰ ਜਕੜ ਲੈਂਦੀ ਹੈ। ਉਸ ਨੂੰ ਆਪਣੇ ਸਾਹਮਣੇ ਸਾਰੇ ਬੌਣੇ ਜਾਪਣ ਲੱਗ ਪੈਂਦੇ ਹਨ।
ਦੂਜੇ ਦੀ ਚੀਸ ਨਾ ਸਮਝਣਾ ਤੇ ਦੂਜੇ ਨੂੰ ਨੀਵਾਂ ਵਿਖਾ ਕੇ ਖ਼ੁਸ਼ ਮਹਿਸੂਸ ਹੋਣਾ ਹੀ ਕਿਸੇ ਕਿਸੇ ਦਾ ਸੁਭਾਓ ਬਣ ਜਾਂਦਾ ਹੈ।
ਅਜਿਹਾ ਮਨੁੱਖ ਰੁੱਖਾ ਹੋਣ ਦੇ ਨਾਲ ਅੜਬ ਤੇ ਆਪਣੇ ਆਲੇ-ਦੁਆਲੇ ਭੇਦ ਨਾ ਸਕਣ ਵਾਲਾ ਚੱਕਰਵਿਊ ਸਿਰਜ ਲੈਂਦਾ ਹੈ ਜਿਸ ਨੂੰ ਪਾਰ ਨਾ ਕਰ ਸਕਣ ਵਾਲਾ ਕਿਨਾਰਾ ਕਰਨ ਲੱਗ ਪੈਂਦਾ ਹੈ ਤੇ 'ਅੰਗੂਰ ਖੱਟੇ ਹਨ' ਵਾਂਗ ਹੀ ਉਸ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਪਰ੍ਹਾਂ ਹੋ ਜਾਂਦਾ ਹੈ। ਇਹੋ ਨਿੰਦਾ ਅਗਾਂਹ ਤੁਰਦੀ ਹੋਈ ਉਸ ਮਨੁੱਖ ਨੂੰ ਰੁੱਖਾ ਤੇ ਨਕਾਰਾਤਮਕ ਸਾਬਤ ਕਰ ਦਿੰਦੀ ਹੈ ਤੇ ਲੋਕਾਂ ਵਿਚ ਅਜਿਹੇ ਮਨੁੱਖ ਦੇ ਜ਼ਿਕਰ ਨਾਲ ਹੀ ਉਸ ਨੂੰ ਭੰਡਿਆ ਜਾਣ ਲੱਗ ਪੈਂਦਾ ਹੈ।
ਇਹ ਸਾਰੀ ਖੋਜ ਮਨੋਵਿਗਿਆਨੀਆਂ ਨੇ ਸਿਰਫ਼ ਇਸ ਨੁਕਤੇ ਨੂੰ ਸਾਬਤ ਕਰਨ ਉੱਤੇ ਲਾਈ ਹੈ ਕਿ ਇਨਸਾਨੀ ਮਨ ਨਿੰਦਿਆ ਵੱਲ ਛੇਤੀ ਖਿੱਚਿਆ ਜਾਂਦਾ ਹੈ ਤੇ ਆਪ ਵੀ ਸੁਣੀ ਸੁਣਾਈ ਨਿੰਦਿਆ ਦਾ ਹਿੱਸਾ ਅਚੇਤ ਮਨ ਰਾਹੀਂ ਬਣ ਜਾਂਦਾ ਹੈ। ਪਰ, ਲਗਾਤਾਰ ਸੁਣੀ ਜਾ ਰਹੀ ਨਿੰਦਿਆ ਤੋਂ ਅਕੇਵਾਂ ਹੁੰਦੇ ਸਾਰ ਮਨੁੱਖੀ ਮਨ ਸਹਿਜ ਹੋਣ ਲਈ ਕੁੱਝ ਸੁਖਾਵੇਂ ਸ਼ਬਦ ਭਾਲਣ ਲੱਗ ਪੈਂਦਾ ਹੈ। ਯਾਨੀ ਬਹੁਤੀ ਦੇਰ ਰੁੱਖਾਪਨ ਸੁਣਿਆ ਨਹੀਂ ਜਾਂਦਾ ਤੇ ਦਿਮਾਗ਼ ਵਿਚਲੀਆਂ ਬਿਜਲਈ ਤਰੰਗਾਂ ਨੂੰ ਸ਼ਾਂਤ ਕਰਨ ਲਈ ਕੁੱਝ ਚੰਗਾ ਸੁਣਨਾ ਇਨਸਾਨੀ ਮਨ ਦੀ ਫਿਤਰਤ ਹੈ।
ਜਿਹੜਾ ਮਨੁੱਖ ਸਦਾ ਹੀ ਰੁੱਖੇ ਬਚਨ ਉਚਾਰਦਾ ਰਹੇ, ਉਸ ਦੀ ਬਾਕੀਆਂ ਨਾਲ ਸਾਂਝ ਹੌਲੀ-ਹੌਲੀ ਟੁੱਟਣ ਲੱਗ ਪੈਂਦੀ ਹੈ ਤੇ ਲੋਕ ਉਸ ਤੋਂ ਪਾਸਾ ਵੱਟਣ ਲੱਗ ਪੈਂਦੇ ਹਨ।
ਹੁਣ ਤਾਂ ਸੌਖਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਸਮਝ ਆ ਸਕਦਾ ਹੈ-
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।
(ਅੰਗ 473)
ਅੱਗੇ ਤੋਂ ਜਿਹੜਾ ਜਣਾ ਸਿਰਫ਼ ਹੀ ਸਿਫ਼ਤ ਕਰਦਾ ਮਿਲੇ ਤਾਂ ਉਸ ਉੱਪਰ ਝੂਠ ਦੇ ਚੜ੍ਹੇ ਮੁਖੌਟੇ ਬਾਰੇ ਸਮਝ ਲੈਣਾ ਚਾਹੀਦਾ ਹੈ ਤੇ ਇਸ 'ਫੂਕ ਸ਼ਸਤਰ' ਤੋਂ ਬਚਾਓ ਹੀ ਬਿਹਤਰ ਹੁੰਦਾ ਹੈ।
ਕਿਸੇ ਅੰਦਰ ਸਿਰਫ਼ ਹੀ ਗੁਣ ਹੋਣ, ਇਹ ਸੰਭਵ ਨਹੀਂ ਪਰ ਸਿਰਫ਼ ਔਗੁਣ ਹੋਣ, ਇਹ ਵੀ ਸਹੀ ਨਹੀਂ ਹੈ। ਰਿਸ਼ਤਿਆਂ ਨੂੰ ਲੰਮੇ ਸਮੇਂ ਤੱਕ ਚੱਲਦੇ ਰੱਖਣ ਲਈ 5:1 ਦੀ ਸਹੀ ਮਿਕਦਾਰ ਜ਼ਰੂਰ ਚਾਹੀਦੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783