ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

07 Oct. 2019

ਹਿੰਦੀ ਭਾਸ਼ਾ ਵਿਵਾਦ ਮਗਰੋਂ ਮੋਦੀ ਵਲੋਂ ਤਾਮਿਲ ਭਾਸ਼ਾ ਦੀਆਂ ਸਿਫ਼ਤਾਂ- ਇਕ ਖ਼ਬਰ
ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ।


ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਲਾਮਬੰਦ ਹੋਣ ਲੱਗੇ ਕਾਂਗਰਸੀ ਆਗੂ- ਇਕ ਖ਼ਬਰ
ਗਿੱਟਿਆਂ ਤੋਂ ਛਾਂਗ ਸੁੱਟਣਾ, ਅਸੀਂ ਆਪਣੇ ਬਰੋਬਰ ਕਰਨਾ।


ਸ਼੍ਰੋਮਣੀ ਕਮੇਟੀ ਨਾਲ ਮੱਤਭੇਦ ਨਹੀਂ, ਅਕਾਲੀ ਦਲ ਨਾਲ਼ ਜ਼ਰੂਰ ਹਨ-ਸੁਖਜਿੰਦਰ ਸਿੰਘ ਰੰਧਾਵਾ
ਮੈਨੂੰ ਦਿਉਰ ਤੋਂ ਡਰ ਨਾ ਕੋਈ, ਜੇਠ ਭੈੜਾ ਰਹੇ ਘੂਰਦਾ।


ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਸਮੇਂ ਸਟੇਜ ਉੱਪਰ ਕੋਈ ਕੁਰਸੀ ਨਹੀਂ ਲੱਗੇਗੀ- ਲੌਂਗੋਵਾਲ
ਮੰਨਿਆਂ ਨਹੀਂ ਲੱਗਣਗੀਆਂ ਸਟੇਜ 'ਤੇ ਕੁਰਸੀਆਂ ਪਰ ਧੌਣਾਂ 'ਚ ਅੜੀਆਂ ਹੋਈਆਂ ਦਾ ਕੀ ਕਰੋਗੇ?


ਤਿਹਾੜ ਜੇਲ੍ਹ 'ਚ ਬੰਦ ਚਿਦੰਬਰਮ ਨੇ ਮੋਦੀ ਸਰਕਾਰ ਨੂੰ ਕੀਤਾ ਸਵਾਲ- ਇਕ ਖ਼ਬਰ
ਕਿਉਂ ਕਰਦਾਂ ਏਂ ਬਦੀਆਂ, ਕੈ ਦਿਨ ਦੀ ਜ਼ਿੰਦਗਾਨੀ?


ਸੰਗਤ ਦੀ ਕਚਹਿਰੀ ਵਿਚ ਬਾਦਲਾਂ ਦੇ ਪੋਤੜੇ ਫਰੋਲਾਂਗੇ-ਜੀ.ਕੇ.
ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਚੰਦਰੀ ਦੇ ਰੁਦਨ ਸੁਣਾਵਾਂ।


ਅਕਾਲੀ ਭਾਜਪਾ ਦਾ ਰਿਸ਼ਤਾ ਚੱਟਾਨ ਦੀ ਤਰ੍ਹਾਂ ਮਜਬੂਤ- ਸ਼ਵੇਤ ਮਲਿਕ
ਪੰਜਾਬ 'ਚ ਚੱਟਾਨ ਤੇ ਹਰਿਆਣੇ 'ਚ ਗੋਹਾ।


ਵੈਸ਼ਨੋ ਦੇਵੀ ਪਹੁੰਚੇ ਨਵਜੋਤ ਸਿੱਧੂ ਨਾਲ ਸ਼ਿਵ ਸੈਨਿਕਾਂ ਨੇ ਕੀਤੀ ਧੱਕਾ-ਮੁੱਕੀ- ਇਕ ਖ਼ਬਰ
ਰਾਹੀਆਂ ਨੇ ਰਾਤ ਕੱਟਣੀ, ਤੇਰੀ ਚੁੱਕ ਨਾ ਮਸੀਤ ਲਿਜਾਣੀ।


ਪੰਜਾਬ ਕਾਂਗਰਸ ਦੇ ਬਹੁਤੇ ਆਗੂ ਭਾਜਪਾ 'ਚ ਆਉਣ ਲਈ ਕਾਹਲ਼ੇ- ਸ਼ਵੇਤ ਮਲਿਕ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।


ਹਰਿਆਣਾ 'ਚ ਅਕਾਲੀ ਦਲ ਨੇ ਬਲਕੌਰ ਸਿੰਘ ਦੇ ਬਦਲੇ ਭਾਜਪਾ ਦੇ ਹਲਕਾ ਇੰਚਾਰਜ ਨੂੰ ਪੱਟ ਲਿਆ-ਇਕ ਖ਼ਬਰ
ਮੁੰਡਾ ਕੱਚੀ ਉਮਰੇ ਕਮਾਲ ਕਰ ਗਿਆ ਨੀਂ, ਸੁੱਤੀ ਪਈ ਦੇ ਸਿਰ੍ਹਾਣੇ ਰੁਮਾਲ ਧਰ ਗਿਆ ਨੀਂ।


ਦੁਨੀਆਂ ਦੀ ਕੋਈ ਤਾਕਤ ਚੀਨ ਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ-ਜ਼ਿੰਨਪਿੰਗ
ਬੱਚੀਆਂ ਪਾਉਂਦਾ ਰਹਿੰਦਾ, ਨੀਂ ਮੁੰਡਾ ਮੁਟਿਆਰ ਦੀਆਂ।


ਹਰਿਆਣਾ ਵਿਚ ਅਕਾਲੀਆਂ ਨੇ ਇਨੈਲੋ ਨਾਲ਼ ਕੀਤਾ ਗੱਠਜੋੜ- ਇਕ ਖ਼ਬਰ
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ਼ ਲਾਈਆਂ।


ਬਾਦਲਾਂ ਦੇ ਫ਼ੈਸਲੇ 'ਤੇ ਕੈਪਟਨ ਸਰਕਾਰ ਨੇ ਫੁੱਲ ਚੜ੍ਹਾਏ-ਇਕ ਖ਼ਬਰ
ਸੱਦੀ ਹੋਈ ਮਿੱਤਰਾਂ ਦੀ, ਨੀਂ ਮੈਂ ਪੈਰ ਜੁੱਤੀ ਨਾ ਪਾਵਾਂ।


ਰਾਹੁਲ ਦੇ ਹਟਣ ਨਾਲ ਯੂਥ ਕਾਂਗਰਸ ਦੀ ਬਹੁਤੀ ਪੁੱਛ ਨਾ ਰਹੀ-ਇਕ ਖ਼ਬਰ
ਚੁੱਕ ਚਾਦਰਾ ਚਰ੍ਹੀ ਵਿਚ ਚਲੀਏ, ਮੱਕੀ ਵਿਚ ਪੱਛ ਲੜਦੇ।


ਪੁਲਿਸ ਦਾ ਮੁਢਲਾ ਫਰਜ਼ ਜੰਨਤਾ ਨੂੰ ਇਨਸਾਫ਼ ਤੇ ਕਾਨੂੰਨੀ ਕਦਰਾਂ ਕੀਮਤਾਂ ਦੀ ਬਰਕਰਾਰੀ-ਪ੍ਰਕਾਸ਼ ਸਿੰਘ ਬਾਦਲ
ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।