ਸਿੱਖੀ ਦਾ ਵਿਰਸਾ, ਗੌਰਵ ਅਤੇ ਉਸਦੀ ਪ੍ਰਾਪਤੀ - ਜਸਵੰਤ ਸਿੰਘ 'ਅਜੀਤ'
ਸਿੱਖੀ ਨੂੰ ਲਗ ਰਹੀ ਢਾਹ ਦੇ ਸਬੰਧ ਵਿਚ ਆਮ ਤੋਰ ਤੇ ਬਹੁਤ ਹੀ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਲਗ ਰਹੀ ਢਾਹ ਨੂੰ ਠਲ੍ਹ ਪਾਣ ਅਤੇ ਲਗ ਚੁਕੀ ਢਾਹ ਵਿਚੋਂ ਉਭਰਨ ਲਈ ਸਮੇਂ-ਸਮੇਂ ਗੰਭੀਰ ਵਿਚਾਰ-ਵਟਾਂਦਰੇ ਵੀ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੌਰਾਨ ਰਾਹ ਵੀ ਤਲਾਸ਼ੇ ਜਾਂਦੇ ਹਨ ਤੇ ਸਾਧਨ ਵੀ। ਫਿਰ ਵੀ ਗਲ ਅਗੇ ਨਹੀਂ ਵਧ ਪਾਂਦੀ। ਕਾਰਣ ਇਹ ਹੈ ਕਿ ਜੋ ਰਾਹ ਤਲਾਸ਼ੇ ਗਏ ਹੁੰਦੇ ਹਨ ਅਤੇ ਸਾਧਨ ਵਰਤੇ ਜਾਣੇ ਹੁੰਦੇ ਹਨ, ਉਹ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਨੂੰ ਅਸਾਨ ਨਹੀਂ ਜਾਪਦੇ। ਇਨ੍ਹਾਂ ਦੇ ਮੁਕਾਬਲੇ ਉਨ੍ਹਾਂ ਨੂੰ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਉਣੇ ਹੀ ਅਸਾਨ ਜਾਪਦੇ ਹਨ।
ਇਸ ਗਲ ਦੀ ਕਦੀ ਵੀ ਘੋਖ ਨਹੀਂ ਕੀਤੀ ਜਾਂਦੀ ਕਿ ਇਨ੍ਹਾਂ, ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਵਿਚ ਉਹ ਨੌਜਵਾਨ ਤਾਂ ਆਉਂਦੇ ਹੀ ਨਹੀਂ ਜੋ ਸਿੱਖੀ ਵਿਰਸੇ ਨਾਲੋਂ ਟੁੱਟ ਚੁਕੇ ਹੁੰਦੇ ਹਨ ਅਤੇ ਰੋਜ਼ ਦਿਨ ਪੈਦਾ ਕੀਤੇ ਜਾ ਰਹੇ ਵਿਵਾਦਾਂ ਕਾਰਣ ਉਪਰਾਮ ਹੋ ਵਿਰਸੇ ਨਾਲੋਂ ਟੁੱਟਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਜੋ ਇਨ੍ਹਾਂ ਸਮਾਗਮਾਂ ਵਿਚ ਆਉਂਦੇ ਵੀ ਹਨ, ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵਿਦਵਾਨਾਂ ਤੇ ਬੁਧੀਜੀਵੀਆਂ ਦੇ 'ਉੱਚ-ਪਧਰੀ' ਭਾਸ਼ਣ ਸਮਝ ਹੀ ਨਹੀਂ ਆਉਂਦੇ ਅਤੇ ਰਾਜਸੀ ਭਾਸਣ ਤਾਂ ਉਨ੍ਹਾਂ ਲਈ ਪਹਿਲਾਂ ਤੋਂ ਹੀ ਦੁਬਿੱਧਾ ਦਾ ਕਾਰਣ ਬਣੇ ਚਲੇ ਆ ਰਹੇ ਹੁੰਦੇ ਹਨ।
ਆਮ ਤੋਰ ਤੇ ਅਜਿਹੇ ਸਮਾਗਮਾਂ ਵਿਚ ਜੇ ਕੋਈ ਧਰਮ ਦੀ ਗਲ ਕੀਤੀ ਵੀ ਜਾਂਦੀ ਹੈ, ਤਾਂ ਉਸ ਵਿਚ ਵੀ ਸਿੱਖ ਆਗੂਆਂ, ਧਾਰਮਕ ਮੁੱਖੀਆਂ ਅਤੇ ਪ੍ਰਚਾਰਕਾਂ ਵਲੋਂ ਇਸੇ ਗਲ ਤੇ ਜ਼ੋਰ ਦਿਤਾ ਜਾਂਦਾ ਹੈ ਕਿ ਹਰ ਸਿੱਖ ਲਈ ਦਸਮੇਸ਼ ਪਿਤਾ ਦੀ ਦਾਤ, ਅੰਮ੍ਰਿਤ, ਛਕਣਾ ਬਹੁਤ ਜ਼ਰੂਰੀ ਹੈ। ਜੋ ਅੰਮ੍ਰਿਤ ਨਹੀਂ ਛਕਦਾ ਉਹ ਸਿੱਖ ਨਹੀਂ ਹੋ ਸਕਦਾ। ਇਸਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਦਾ ਆਦੇਸ਼ ਦਿਤਾ ਹੈ, ਇਸ ਕਰ ਕੇ ਇਸ ਪੁਰ ਕਿੰਤੂ ਨਹੀਂ ਕੀਤਾ ਜਾ ਸਕਦਾ।
ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਕੀਤੀ, ਸਗੋਂ ਉਨ੍ਹਾਂ ਨੇ ਤਾਂ ਉਸ ਪੰਥ ਦੀ ਸਿਰਜਣਾ ਨੂੰ ਸੰਪੂਰਨ ਕੀਤਾ ਸੀ, ਜਿਸਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਖੀ ਸੀ ਅਤੇ ਜਿਸਦੀ ਉਸਾਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਅੱਠ ਜੋਤਾਂ ਨੇ ਯੋਗਦਾਨ ਪਾਇਆ ਸੀ। ਇਸਤਰ੍ਹਾਂ ਤਕਰੀਬਨ ਦੋ ਸੌ ਤੀਹ ਵਰ੍ਹਿਆਂ ਦੀ ਘਾਲਣਾ ਤੋਂ ਬਾਅਦ ਹੀ ਖਾਲਸਾ ਪੰਥ (ਸੰਤ-ਸਿਪਾਹੀ) ਦੀ ਸਿਰਜਣਾ ਸੰਪੂਰਣ ਹੋਈ ਸੀ। ਉਹ ਵੀ ਐਂਵੇ ਹੀ ਨਹੀਂ ਹੋ ਗਈ। ਇਸਨੂੰ ਸੰਪੂਰਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਭੇਂਟ ਲਈ ਸੀ। ਇਹ ਗਲ ਵੀ ਯਾਦ ਰਖਣ ਵਾਲੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ਰਖਦਿਆਂ ਹੀ ਇਹ ਸਪਸ਼ਟ ਕਰ ਦਿਤਾ ਸੀ ਕਿ ਇਹ ਮਾਰਗ ਬਹੁਤ ਕਠਨ ਹੈ : 'ਇਤੁ ਮਾਰਗ ਪੈਰ ਧਰੀਜੇ ਸਿਰ ਦੀਜੈ ਕਾਣ ਨਾ ਕਜਿੈ'। ਇਸ ਤਰ੍ਹਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕਰ ਦਿਤਾ ਸੀ ਕਿ ਸਿੱਖੀ ਵਿਚ 'ਸਿਰ ਭੇਂਟ' ਪਹਿਲੀ ਸ਼ਰਤ ਹੈ। ਇਸੇ ਸ਼ਰਤ ਦੇ ਆਧਾਰ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਲੈ ਕੇ ਸਿੱਖੀ ਦੇ ਮਹਿਲ ਦੀ ਸਿਰਜਣਾ ਨੂੰ ਸੰਪੂਰਨਤਾ ਦਿਤੀ।
ਸਿਖੀ ਦਾ ਨਿਸ਼ਾਨਾ ਰਾਜਸੱਤਾ ਨਹੀਂ : ਇਤਿਹਾਸ ਗੁਆਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਨਾ ਤਾਂ ਗੁਰੂ ਸਾਹਿਬ ਕੋਲ ਅਤੇ ਨਾ ਹੀ ਉਨ੍ਹਾਂ ਦੇ ਸਿੱਖਾਂ ਪਾਸ ਕੋਈ ਰਾਜਸੱਤਾ ਸੀ। ਜਿਸ ਸਮੇਂ ਸਿੱਖ ਸੰਘਰਸ਼ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ, ਉਸ ਸਮੇਂ ਸਿੱਖੀ ਮਜ਼ਬੂਤ ਸੀ, ਜਿਸਦੇ ਸਹਾਰੇ ਸਿੱਖ ਜਬਰ-ਜ਼ੁਲਮ ਦਾ ਨਾਸ਼ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਨਾਲ ਜੁਟੇ ਹੋਏ ਸਨ। ਇਹ ਮੰਨਿਆ ਜਾਂਦਾ ਹੈ ਕਿ ਰਾਜਸੱਤਾ ਅਤੇ ਸਿੱਖਾਂ ਵਿਚਕਾਰ ਕਦੀ ਵੀ ਤਾਲਮੇਲ ਨਹੀਂ ਬੈਠ ਸਕਿਆ। ਇਸਦਾ ਕਾਰਣ ਇਹ ਹੈ ਕਿ ਜਿਥੇ ਰਾਜਸੱਤਾ ਜਬਰ ਤੇ ਜ਼ੁਲਮ ਦਾ ਸਹਾਰਾ ਲਏ ਬਿਨਾਂ ਨਾ ਤਾਂ ਕਾਇਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸਤੋਂ ਬਿਨਾਂ ਕਾਇਮ ਹੀ ਰਖੀ ਜਾ ਸਕਦੀ ਹੈ, ਉਥੇ ਹੀ ਸਿੱਖ ਸੁਭਾਉੇ ਤੋਂ ਹੀ ਵਿਦਰੋਹੀ ਹੈ, ਉਹ ਸੌੜੀ ਧਾਰਮਕ ਸੋਚ, ਕਰਮ-ਕਾਂਡਾਂ, ਪਖੰਡਾਂ ਅਤੇ ਜਬਰ-ਜ਼ੁਲਮ ਦੇ ਵਿਰੁਧ ਜੂਝਦਾ ਆਇਆ ਹੈ। ਸਿੱਖ ਮਾਨਤਾਵਾਂ ਅਨੁਸਾਰ ਰਾਜਸੱਤਾ ਨੇ ਸਦਾ ਹੀ ਸਿੱਖੀ ਨੂੰ ਨੁਕਸਾਨ ਪਹੁੰਚਾਇਆ ਹੈ।
ਕਈ ਸਿੱਖ ਵਿਦਵਾਨਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਵਧ ਗਈ ਸੀ। ਪਰ ਉਹ ਇਸ ਗਲ ਨੂੰ ਨਜ਼ਰ-ਅੰਦਾਜ਼ ਕਰ ਜਾਂਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿਤਾਰਾ ਡੁਬਦਿਆਂ ਹੀ ਉਹ ਸਾਰੇ ਲੋਕੀ, ਜੋ ਰਾਜਸੱਤਾ ਦਾ ਸੁਖ ਮਾਨਣ ਲਈ ਸਿੱਖੀ ਸਰੂਪ ਦੇ ਧਾਰਣੀ ਬਣੇ ਸਨ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਗਏ ਅਤੇ ਸਿੱਖਾਂ ਦੀ ਗਿਣਤੀ ਤਕਰੀਬਨ ਪੰਜ ਹਜ਼ਾਰ ਹੀ ਰਹਿ ਗਈ ਸੀ।
ਆਜ਼ਾਦੀ ਤੋਂ ਬਾਅਦ ਕਈ ਵਾਰ ਅਕਾਲੀ ਸੱਤਾ ਵਿਚ ਆਏ। ਉਨ੍ਹਾਂ ਨੇ ਸਿੱਖਾਂ ਪਾਸੋਂ ਰਾਜ-ਭਾਗ ਦੀ ਮੰਗ ਕਰਦਿਆਂ ਉਨ੍ਹਾਂ ਵਿਚ ਇਹ ਭਰਮ ਪੈਦਾ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ ਕਿ 'ਰਾਜ ਬਿਨਾਂ ਨਹਿ ਧਰਮ ਚਲੈ ਹੈਂ', ਪਰ ਹਾਲਾਤ ਗੁਆਹ ਹਨ ਕਿ ਕਿਸੇ ਵੀ ਸਮੇਂ ਰਾਜ-ਸੱਤਾ ਧਰਮ ਦੀ ਰਖਿਆ ਨਹੀਂ ਕਰ ਸਕੀ। ਜੇ ਰਾਜ-ਸੱਤਾ ਧਰਮ ਦੀ ਰਖਿਆ ਕਰ ਸਕਦੀ ਤਾਂ ਅਜ ਪੰਜਾਬ ਦਾ ਅੱਸੀ ਪ੍ਰਤੀਸ਼ਤ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟ ਨਾ ਗਿਆ ਹੁੰਦਾ। ਇਨ੍ਹਾਂ ਹਾਲਾਤ ਵਿਚ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਸਿਖ ਧਰਮ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਸੰਭਵ ਹੈ, ਜੇ ਉਹ ਰਾਜ-ਸੱਤਾ ਦੇ ਪ੍ਰਭਾਵ ਤੋਂ ਮੁਕਤ ਹੋਣ।
ਪੰਥ ਵਿਚ ਢਹਿੰਦੀ-ਕਲਾ : ਇਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ 'ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ' ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂਅ ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।
ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਇਕ ਥਾਂ ਲਿਖਿਆ ਹੈ ਕਿ 'ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ 'ਤੇ ਰਖੀਆਂ ਗਈਆਂ ਸਨ। ਗਵਾਹੀ ਹੈ ਕਿ 'ਸੰਤੋਖਸਰ' ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ। ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ ਏਕਤਾ ਦੇ, ਚਾਰ ਵਰਨਾਂ ਦੇ, ਹਰ ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ ਖਾਸ ਕੂੰਟ ਵਿਚ ਨਹੀਂ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ) ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਤੇ ਉਸਦੇੇ ਗ਼ੁੰਬਦਾਂ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰਕੇ, ਉਸ ਵਿੱਚ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।
ਉਨ੍ਹਾਂ ਨੇ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਭੁਲਾ ਨਾ ਦੇਵੇ। ਸ਼ਕਤੀ {ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ। ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਸਿੱਖ ਸ਼ਕਤੀ (ਸੱਤਾ) ਹਾਸਲ ਕਰ, ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।
...ਅਤੇ ਅੰਤ ਵਿੱਚ : ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਵਿਚਾਰਿਆ ਜਾਏ ਤਾਂ ਇਹ ਸੁਆਲ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਆਖਿਰ ਅੱਜ ਹੋ ਕੀ ਰਿਹਾ ਹੈ? ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਬਿਲਕੁਲ ਹੀ ਵਿਸਾਰ ਦਿਤਾ ਜਾਂਦਾ ਹੈ।000
Mobile : +91 95 82 71 98 90
E-mail : jaswantsinghajit@gmail.com Address : Jaswant Singh ‘Ajit’, Flat No. 51, Sheetal Apartment, Plot No. 12,
Sector – 14, Rohini, DELHI-110085