ਪੁੱਤ ਦੀ ਮੜ੍ਹੀ (ਮਿੰਨੀ ਕਹਾਣੀ) - ਡਾ.ਪਰਮਜੀਤ ਸਿੰਘ ਕਲਸੀ
"ਬਸ਼ੀਰਿਆ,ਤੇਰੇ ਵੱਡੇ ਭਰਾ ਨੇ ਬਹੁਤਾ ਸਮਾਂ ਹੁਣ ਨਈਂ ਕੱਢਣਾ।ਮੈਨੂੰ ਅੱਜ ਭਰੋਸਾ ਦੇ ਕਿ ਤੂੰ ਆਪਣਾ ਵਿਆਹ ਨਈਂ ਕਰਵਾਏਂਗਾ।ਏਦੇ ਤੁਰ ਜਾਣ ਤੋਂ ਬਾਅਦ ਤੂੰ ਵੱਡੇ ਦੀ ਵਹੁਟੀ ਨਾਲ ਚਾਦਰ ਪਾਏਂਗਾ"
ਇਹ ਲਫ਼ਜ਼ ਉਸ ਸੇਵਾਮੁਕਤ ਪਟਵਾਰੀ ਬਾਪ ਦੁਲਾਰਾ ਸਿਓਂ ਦੇ ਸਨ,ਜਿਹੜਾ ਇਹ ਜਾਣਦਾ ਸੀ ਕਿ ਉਸਦਾ ਵੱਡਾ ਪੁੱਤਰ ਦਲਬੀਰਾ ਸਾਲ-ਦੋ ਸਾਲਾਂ 'ਚ ਹੀ ਇਸ ਦੁਨੀਆਂ ਤੋਂ ਤੁਰ ਜਾਵੇਗਾ।ਸ਼ਰਾਬ ਨਾਲ ਉਸਦਾ ਜਿਗਰ ਪੂਰੀ ਤਰਾਂ ਖ਼ਰਾਬ ਹੋ ਚੁੱਕਾ ਸੀ।ਪਿਓ ਨੂੰ ਪਤਾ ਸੀ ਕਿ ਉਹ ਆਖ਼ਰੀ ਸਾਹਾਂ 'ਤੇ ਹੈ।
"ਭਾਪਾ,ਆਹ ਪਹਿਲਾ ਬਾਪ ਦੇਖਿਆ ਜੋ ਜਿਊਂਦੇ ਜੀਅ ਈ ਆਪਣੇ ਮੁੰਡੇ ਦੇ ਮਰਨ ਦੀ ਉਡੀਕ ਕਰੀ ਬੈਠਾ!ਮੇਰੇ ਕੋਲੋਂ ਨਈਂ ਸੁਣ ਹੁੰਦਾ ਏਹ ਸਭ!" ਬਸ਼ੀਰਾ ਆਪਣੇ ਬਾਪ ਦੀ ਇਸ ਗੱਲ ਤੋਂ ਪਰੇਸ਼ਾਨ ਹੁੰਦਾ ਹੈ ਅਤੇ ਬਹਾਨੇ ਨਾਲ ਘਰੋਂ ਬਾਹਰ ਚਲਿਆ ਜਾਂਦਾ ਹੈ।
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ।ਦੋ ਕੁ ਸਾਲਾਂ ਬਾਅਦ ਓਹੀ ਹੁੰਦਾ ਹੈ,ਜਿਸਦੀ ਪਿਓ ਦੁਲਾਰਾ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕਾ ਸੀ।ਉਸਦਾ ਵੱਡਾ ਮੁੰਡਾ ਦਲਬੀਰਾ ਸ਼ਰਾਬੀ ਹਾਲਤ ਵਿੱਚ ਹੀ ਮਰ ਜਾਂਦਾ ਹੈ।ਪਤਨੀ,ਬੱਚੇ,ਮਾਂ,ਭੈਣ ਸਭ ਧਾਹਾਂ ਮਾਰ ਮਾਰ ਰੋਂਦੇ ਹਨ,ਪਰ ਬਾਪ ਗੁੰਮ-ਸੁੰਮ ਪੁੱਤ ਦਲਬੀਰੇ ਦੀ ਅਰਥੀ ਨੂੰ ਮੋਢਾ ਦਿੰਦਾ ਹੈ, ਚਿਖਾ ਨੂੰ ਅਗਨੀ ਦੇਣ ਦੇ ਨਾਲ ਨਾਲ ਸਭ ਅੰਤਿਮ ਰਸਮਾਂ ਕਰਦਾ ਹੈ।ਦਸਵੇਂ 'ਤੇ ਭੋਗ ਪੈਂਦਾ ਹੈ।ਬਾਪ ਦੇ ਕਹੇ ਅਨੁਸਾਰ ਛੋਟਾ ਪੁੱਤ ਬਸ਼ੀਰਾ ਆਪਣੇ ਭਾਈਚਾਰੇ ਵਿੱਚ ਵੱਡੇ ਦੀ ਵਿਧਵਾ ਪਤਨੀ ਨਾਲ ਚਾਦਰ ਪਾ ਕੇ ਵਿਆਹ ਪ੍ਰਵਾਨ ਕਰ ਲੈਂਦਾ ਹੈ।
ਦਸਵੇਂ ਦੀ ਸ਼ਾਮ ਨੂੰ ਮੈਂ ਤੇ ਦੁਲਾਰਾ ਸਿਓਂ ਬੈਠਕ ਵਿੱਚ ਇਕੱਠੇ ਬੈਠੇ ਹੁੰਦੇ ਹਾਂ।"ਦੁਲਾਰੇ ਯਾਰ,ਆਪਣੇ ਆਪ ਨੂੰ ਅੰਦਰ ਈ ਅੰਦਰ ਮਾਰ ਲਏਂਗਾ ਹੁਣ?ਜੋ ਹੋਣਾ ਸੀ ਓਹ ਤਾਂ ਹੋ ਈ ਗਿਆ!ਰੋਜ਼ ਦੀ ਸ਼ਰਾਬ ਨੇ ਬੰਦੇ ਨੂੰ ਕਿੰਨਾਂ ਕੁ ਚਿਰ ਜੀਣ ਦੇਣਾ?"
ਮੇਰੀ ਇਹ ਗੱਲ ਸੁਣ ਕੇ ਦੁਲਾਰਾ ਵੀ ਬੈਠਕ 'ਚ ਬੈਠਾ ਭੁੱਬਾਂ ਮਾਰ ਮਾਰ ਰੋਣ ਲਗ ਪਿਆ।ਕਹਿੰਦਾ, "ਆਪਣੇ ਹੱਥੀਂ ਮੜੀ੍ਹ ਪੁੱਟੀ ਮੈਂ ਆਪਣੇ ਪੁੱਤ ਦਲਬੀਰੇ ਦੀ!ਪੰਦਰਾਂ ਸਾਲਾਂ ਦਾ ਸੀ ਜਦੋਂ ਮੈਂ ਆਪਣੇ ਹੱਥੀਂ ਬੋਤਲ ਦੇ ਢੱਕਣ 'ਚ ਸ਼ਰਾਬ ਪਾ ਕੇ ਪੀਣ ਲਈ ਦਿੱਤੀ ਸੀ... ਤੇ ਉਹ ਨਾ ਨਾ ਕਰਦਾ ਪੀ ਗਿਆ ਸੀ ਮੇਰੇ ਨਾਲ ਮੇਰੇ ਈ ਟੇਬਲ 'ਤੇ।ਸ਼ੇਰ ਪੁੱਤ ਕਹਿ ਕੇ ਪੈੱਗ 'ਤੇ ਪੈੱਗ ਸਾਂਝਾ ਕਰਦਾ ਰਿਆਂ।ੳਦੋਂ ਏਦੇ 'ਚੋਂ ਵੀ ਮੈਨੂੰ ਵਿਰਸੇ ਦਾ ਮਾਣ ਨਜ਼ਰ ਆਉਂਦਾ ਸੀ!ਨਈਂ ਸੰਭਸ ਸਕਿਆ ਓਹ।ਦਿਨ-ਬ-ਦਿਨ ਓਹਦੀ ਵਧਦੀ ਗਈ।ਮੇਰੇ ਨਾਲ ਥੋੜ੍ਹੀ ਤੇ ਯਾਰਾਂ ਦੋਸਤਾਂ ਦੀਆਂ ਮਹਿਫ਼ਲਾਂ 'ਚ ਰੱਜ ਰੱਜ ਪੀਣ ਲਗ ਪਿਆ ਓਹ... ਤੇ ਅੱਜ ਆਹ ਭਾਣਾ ਵਾਪਰ ਗਿਆ।...ਕਰਮਿਆਂ,ਉਹਨੂੰ ਸ਼ਰਾਬ ਨੇ ਨਈਂ ,ਮੈਂ ਮਾਰਿਆ ਮੈਂ!ਜੇ ਬਾਪ ਨੇ ਆਪ ਈ ਸ਼ਰਾਬ ਪਰੋਸਣੀ ਸੀ,ਤਾਂ ਪੁੱਤ ਪੀਂਦਾ ਵੀ ਕਿਵੇਂ ਨਾ?...ਲੋਕਾਂ ਲਈ ਇੱਕ ਨਸ਼ੇੜੀ ਮਰਿਆ,ਮੇਰੇ ਲਈ ਮੇਰਾ ਪੁੱਤ ਨਈਂ,ਇੱਕ ਬਾਪ ਅੰਦਰਲਾ ਬਾਪ ਮਰਿਆ!"
ਨੇੜੇ ਬੈਠਾ ਦੁਖੀ ਮਨ ਨਾਲ ਚੁੱਪ ਵੀ ਕਰਾ ਰਿਹਾ ਸਾਂ ਤੇ ਮਨ ਹੀ ਮਨ ਨਾਲ 'ਚ ਇਹ ਸੋਚਕੇ ਸਦਮੇਂ ਵਿੱਚ ਵੀ ਸਾਂ ਕਿ ਉਹ ਬਾਪ ਵੀ ਕਾਹਦਾ ਬਾਪ,ਜਿਹੜਾ ਜਿਊਂਦੇ ਜੀਅ ਆਪਣੇ ਹੀ ਪੁੱਤ ਦੀ ਆਪਣੇ ਹੱਥੀਂ ਸ਼ਰਾਬ ਦਾ ਐਬੀ ਬੀਜ ਬੀਜਦਾ???
ਡਾ.ਪਰਮਜੀਤ ਸਿੰਘ ਕਲਸੀ (ਸਟੇਟ ਅਤੇ ਨੈਸ਼ਨਲ ਐਵਾਰਡੀ),
ਲੈਕਚਰਾਰ ਪੰਜਾਬੀ,ਪਿੰਡ ਤੇ ਡਾਕਖਾਨਾ ਊਧਨਵਾਲ,ਤਹਿਸੀਲ ਬਟਾਲਾ,ਜ਼ਿਲਾ੍ਹ ਗੁਰਦਾਸਪੁਰ-143505, 7068900008,kalsi19111@gmail.com