8 ਨਵੰਬਰ 2019 ਨੂੰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਵਸ ਤੇ ਵਿਸ਼ੇਸ਼ : ਭਗਤ ਨਾਮਦੇਵ ਜੀ ਦੀ ਬਾਣੀ ਵਿਚ ' ਨੈਤਿਕ ਕਦਰਾਂ-ਕੀਮਤਾਂ' - ਡਾ. ਜਸਵਿੰਦਰ ਸਿੰਘ
ਹਰ ਧਰਮ ਵਿੱਚ ਸਾਂਝੇ ਸਦਾਚਾਰਕ ਆਦਰਸ਼ ਭਾਵ ਨੈਤਿਕ ਕਦਰਾਂ-ਕੀਮਤਾਂ, ਕੰਮ ਕਰਦੇ ਨਜ਼ਰ ਆਉਂਦੇ ਹਨ। ਭਗਤਾਂ ਨੇ ਨੈਤਿਕ ਸ਼ੁੱਧੀ ਦੁਆਰਾ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨ ਉਤੇ ਜ਼ੋਰ ਦਿੱਤਾ ਹੈ ਤਾਂ ਜੋ ਰੱਬ ਦੀ ਮਿਹਰ ਦਾ ਪਾਤਰ ਬਣਿਆ ਜਾ ਸਕੇ । ਭਗਤ ਨਾਮਦੇਵ ਜੀ ਦਾ ਜਨਮ ਸੰਨ 1270 ਈ. (1327 ਬਿ:) ਵਿੱਚ ਹੋਇਆ ਅਤੇ ਲੱਗਭੱਗ 80 ਵਰ੍ਹਿਆਂ ਦਾ ਜੀਵਨ ਬਿਤਾ ਕੇ ਸੰਨ 1350 ਈ. (1407 ਬਿ:) ਵਿੱਚ ਦੇਹਾਂਤ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਮਸੰਤੀ ਅਤੇ ਮਾਤਾ ਦਾ ਨਾਂ ਗੋਨਾਬਾਈ ਸੀ।ਨਾਮਦੇਵ ਜੀ ਨੇ ਆਪਣਾ ਗ੍ਰਹਿਸਤ ਜੀਵਨ ਬੀਬੀ ਰਾਜਾ ਬਾਈ ਨਾਲ ਜੀਵਿਆ।ਆਪ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ। ਆਪ ਦੀ ਬਾਣੀ ਨੈਤਿਕ ਗੁਣਾਂ ਨਾਲ ਭਰਪੂਰ ਹੈ। ਪੰਜਾਬੀ ਵਿੱਚ ਨੈਤਿਕਤਾ ਲਈ ਸਦਾਚਾਰ ਸ਼ਬਦ ਪ੍ਰਚਲਿਤ ਹੈ, ਜਿਸ ਦੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਅਰਥ ''ਸ਼ੁਭ'' ਜਾਂ ''ਚੰਗਾ ਆਚਾਰ'' ਹਨ। ਸਦਾਚਾਰ ਦਾ ਮਾਰਗ ਸੁਚੇਤ ਕਰਮ ਅਤੇ ਸਵੈ-ਭਰੋਸੇ ਦਾ ਮਾਰਗ ਹੈ, ਇਹ ਮਨੁੱਖੀ ਜੀਵਨ ਨੂੰ ਸੁਆਰਥੀ ਹਿੱਤਾਂ ਤਂੋ ਉਪਰ ਉੱਠ ਕੇ ਮਨੁੱਖ ਦੇ ਸਰਬ-ਸਾਂਝੇ ਲਾਭ ਹਿੱਤ ਯਤਨਸ਼ੀਲ ਹੋਣ ਲਈ ਪ੍ਰੇਰਣਾ ਦਿੰਦਾ ਹੈ।
ਭਗਤ ਨਾਮਦੇਵ ਜੀ ਨੇ ਚੰਗੇ ਸਮਾਜ ਦੀ ਉਸਾਰੀ ਲਈ ਸੁਚੇਤ ਕੀਤਾ ਹੈ।ਆਪ ਅਨੁਸਾਰ ਔਗੁਣਾਂ ਨੂੰ ਤਿਆਗ ਕੇ ਸੱਚਾ ਨੈਤਿਕ ਜੀਵਨ ਬਿਤਾਉਣਾ ਚਾਹੀਦਾ ਹੈ ਤਾਂ ਹੀ ਮਨੁੱਖ ਨੂੰ ਆਪਣੇ ਮੂਲ ਮਨੋਰਥ ਦੀ ਪ੍ਰਾਪਤੀ ਹੋ ਸਕਦੀ ਹੈ।ਸਮਾਜ ਤੋਂ ਭੱਜ ਕੇ ਜੰਗਲਾਂ ਵਿੱਚ ਜਾ ਕੇ ਨਹੀਂ, ਸਗੋਂ ਹੱਥਾਂ-ਪੈਰਾਂ ਨਾਲ ਕੰਮ ਕਰਦਿਆਂ ਹੋਇਆਂ ਆਪਣਾ ਚਿਤ ਉਸ ਨਿਰੰਜਨ ਨਾਲ ਜੋੜੀ ਰੱਖਣਾ ਚਾਹੀਦਾ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।।
ਆਚਰਣ ਦੀ ਸੁੱਚਮਤਾ ਤੋਂ ਭਾਵ ਹੈ 'ਸਦਾਚਾਰੀ' ਹੋਣਾ। ਭਗਤ ਨਾਮਦੇਵ ਨੇ ਮਨੁੱਖ ਨੂੰ ਸਦਾਚਾਰੀ ਰਹਿਣ ਦਾ ਉਪਦੇਸ਼ ਦਿੱਤਾ ਹੈ। ਜੇਕਰ ਹਰ ਮਨੁੱਖ ਸਦਾਚਾਰ ਦੀ ਪਾਲਣਾ ਕਰੇਗਾ ਤਾਂ ਇਕ ਸੁਖਮਈ ਸਮਾਜ ਦੀ ਸਿਰਜਨਾ ਹੋ ਸਕੇਗੀ। ਪਰਾਈ ਇਸਤਰੀ ਜਾਂ ਪੁਰਸ਼ ਦੇ ਨਾਜ਼ਾਇਜ ਸੰਬੰਧਾਂ ਨੂੰ ਬੁਰਾ ਮੰਨਿਆ ਗਿਆ ਹੈ ਅਤੇ ਕਾਮ-ਵਾਸ਼ਨਾ ਨੂੰ ਤਿਆਗਣ 'ਤੇੇ ਬਲ ਦਿੱਤਾ ਗਿਆ ਹੈ। ਇਥੇ ਭਗਤ ਨਾਮਦੇਵ ਜੀ ਨੇ ਮਿਸਾਲ ਦੇ ਕੇ ਸਾਨੂੰ ਸੰਸਾਰੀ ਜੀਵਾਂ ਨੂੰ ਵੀ ਇਹ ਸਿੱਖਿਆ ਦਿਤੀ ਹੈ ਕਿ ਪਰਾਈ ਇਸਤਰੀ ਨਾਲ ਸੰਬੰਧ ਰੱਖਣੇ ਠੀਕ ਨਹੀਂ ਹਨ।
ਜੈਸੇ ਬਿਖੈ ਹੇਤ ਪਰ ਨਾਰੀ
ਐਸੇ ਨਾਮੇ ਪ੍ਰੀਤਿ ਮੁਰਾਰੀ।।
ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦੱਸਿਆ ਹੈ ਕਿ ਨਾਰੀ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਕਿੳਂਕਿ ਨਾਰੀ ਮਨੁੱਖ ਦੀ ਜਨਨੀ ਹੈ। ਇਹ ਧੀ, ਭੈਣ, ਵਹੁਟੀ, ਮਾਂ ਅਤੇ ਦਾਦੀ ਜਾਂ ਨਾਨੀ ਦੇ ਰੂਪ ਵਿੱਚ ਮਨੁੱਖ ਦੀ ਹਰ ਦੁੱਖ-ਸੁੱਖ ਦੇ ਸਮੇਂ ਸੰਭਾਲ ਕਰਦੀ ਹੈ। ਆਪ ਅਨੁਸਾਰ ਅੰਨ੍ਹਾ (ਅਗਿਆਨੀ, ਪਾਪੀ) ਵਿਅਕਤੀ ਆਪਣੀ ਪਤਨੀ ਨੂੰ ਛੱਡ ਕੇ ਪਰਾਈ ਇਸਤਰੀ ਨਾਲ ਨਜ਼ਾਇਜ ਸੰਬੰਧ ਰੱਖਦਾ ਹੈ; ਪਰਾਈ ਔਰਤ ਨੂੰ ਵੇਖ ਕੇ ਉਹ ਇਉ ਹੀ ਖੁਸ਼ ਹੁੰਦਾ ਹੈ ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਆਪ ਨੇ ਉਪਦੇਸ਼ ਦਿੱਤਾ ਹੈ ਕਿ ਆਪਣੇ ਘਰ ਪਰਿਵਾਰ ਵਿੱਚ ਇਸਤਰੀ ਅਤੇ ਪੁਰਸ਼ ਨੂੰ ਗ੍ਰਹਿਸਥ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸੁਖਮਈ ਬਣਾਉਣਾ ਚਾਹੀਦਾ ਹੈ:
ਘਰ ਦੀ ਨਾਰਿ ਤਿਆਗੈ ਅੰਧਾ।।
ਪਰ ਨਾਰੀ ਸਿਉ ਘਾਲੈ ਧੰਧਾ।।
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।।
ਅੰਤ ਕੀ ਬਾਰਿ ਮੂਆ ਲਪਟਾਨਾ।।
ਮਨੁੱਖ ਨੂੰ ਦਸਾਂ ਨਹੁੰਆਂ ਦੀ ਭਾਵ ਹੱਕ-ਹਲਾਲ ਦੀ ਕਮਾਈ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਹੱਕ-ਹਲਾਲ ਦੀ ਕਮਾਈ ਕਰਨ ਤਂੋ ਭਾਵ ਹੈ, ਖ਼ੁਦ ਆਪਣੇ ਹੱਥਾਂ ਨਾਲ ਕੰਮ ਕਰਕੇ ਧਨ ਦੀ ਪ੍ਰਾਪਤੀ ਕਰਨਾ। ਜੋ ਮਨੁੱਖ ਪਰਾਏ ਧਨ ਅਤੇ ਪਰਾਈ ਇਸਤਰੀ ਦਾ ਤਿਆਗ ਕਰਦਾ ਹੈ, ਪਰਮਾਤਮਾ ਉਸਦੇ ਅੰਗ-ਸੰਗ ਵਸਦਾ ਹੈ:
ਪਰ ਧਨ ਪਰ ਦਾਰਾ ਪਰਹਰੀ।।
ਤਾ ਕੈ ਨਿਕਟਿ ਬਸੈ ਨਰਹਰੀ।।
ਕਿਸੇ ਵੀ ਮਨੁੱਖ ਨਾਲ ਜਾਤ, ਰੰਗ, ਨਸਲ, ਧਰਮ ਜਾਂ ਅਮੀਰੀ-ਗਰੀਬੀ ਦੇ ਅਧਾਰ ਤੇ ਭੇਦ-ਭਾਵ ਨਹੀਂ ਰੱਖਣਾ ਚਾਹੀਦਾ। ਜੋ ਮਨੁੱਖ ਈਸ਼ਵਰ ਪ੍ਰਤੀ ਸੱਚੀ ਸ਼ਰਧਾ ਰੱਖਦੇ ਹਨ ਅਤੇ ਅਰਾਧਨਾ ਕਰਦੇ ਹਨ, ਉਹ ਬਿਨ੍ਹਾਂ ਕਿਸੇ ਭੇਦ-ਭਾਵ ਸੱਚਖੰਡ ਦੇ ਭਾਗੀ ਹੋ ਜਾਂਦੇ ਹਨ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਕਿਸੇ ਵੀ ਕਿਸਮ ਦੇ ਭੇਦ-ਭਾਵ ਦੀ ਸਖ਼ਤ ਨਿਖੇਧੀ ਕੀਤੀ ਹੈ:
ਦੇਵਾ ਪਾਹਨ ਤਾਰੀਅਲੇ ।। ਰਾਮ ਕਹਤ ਜਨ ਕਸ ਨ ਤਰੇ।। ਰਹਾਉ।।
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ।। ਬਿਆਧਿ ਅਜਾਮਲੁ ਤਾਰੀਅਲੇ।।
ਕਿਸੇ ਖ਼ਾਸ ਪਹਿਰਾਵੇ ਨੂੰ ਪਹਿਨ ਕੇ ਪਰਮਾਤਮਾ ਦੇ ਮਿਲ ਜਾਣ ਦਾ ਦਾਅਵਾ ਕਰਨਾ ਭੇਖ ਹੈ, ਭੇਖ ਤੋਂ ਭਾਵ ਪਾਖੰਡ ਹੈ, ਕੋਈ ਅਜਿਹਾ ਰੂਪ ਧਾਰਨਾ ਜਿਸ ਨਾਲ ਪਰਮਾਤਮਾ ਦੇ ਜਲਦੀ ਮਿਲਣ ਦਾ ਦਾਅਵਾ ਕਰਨਾ। ਭੇਖ ਵਿੱਚ ਪਹਿਰਾਵਾ ਪਹਿਨਿਆਂ ਜਾਂਦਾ ਹੈ ਅਤੇ ਪਾਖੰਡ ਵਿੱਚ ਕਈ ਤਰ੍ਹਾਂ ਦੇ ਰੂਪ ਬਣਾਏ ਜਾਂਦੇ ਹਨ; ਜਿਵੇਂ ਜਟਾਂ ਵਧਾਉਣੀਆਂ, ਸਰੀਰ ਨੂੰ ਸੁਆਹ ਮਲਣੀ, ਨੰਗੇ ਪੈਰੀਂ ਜੰਗਲਾਂ ਵਿੱਚ ਘੁੰਮਣਾ, ਕੰਨ ਪੜਵਾਉਣੇ, ਚਮੜਾ ਪਹਿਨਣਾ, ਕਈ ਕਿਸਮ ਦੇ ਹਥਿਆਰ ਹੱਥ ਵਿੱਚ ਰੱਖਣੇ ਆਦਿ। ਇਨ੍ਹਾਂ ਭੇਖਾਂ ਅਤੇ ਪਾਖੰਡਾਂ ਦੀ ਭਗਤ ਜੀ ਨੇ ਨਿੰਦਿਆ ਕੀਤੀ ਹੈ। ਇਸ ਨੂੰ ਪ੍ਰਭੂ ਭਗਤੀ ਦਾ ਮਾਰਗ ਨਹੀਂ ਦੱਸਿਆ ਸਗੋਂ ਸੱਚਾ ਸੁੱਚਾ ਨੈਤਿਕ ਜੀਵਨ ਬਤੀਤ ਕਰਨਾ ਅਤੇ ਪਰਮਾਤਮਾ ਦੀ ਭਗਤੀ ਦੁਆਰਾ ਉਸ ਨਾਲ ਪਿਆਰ ਕਰਨਾ ਹੀ ਸੱਚਾ ਮਾਰਗ ਹੈ:
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ।। ਸਾਧਸੰਗਤਿ ਕਬਹੂ ਨਹੀ ਕਰੈ।।
ਕਹਤ ਨਾਮਦੇਉ ਤਾ ਚੀ ਆਣਿ।। ਨਿਰਭੈ ਹੋਇ ਭਜੀਐ ਭਗਵਾਨ।।
ਨਿਸ਼ਕਰਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਮਨੁੱਖੀ ਆਚਰਣ ਨੂੰ ਉਚਾ ਕਰਨ ਲਈ ਨੈਤਿਕ ਸੇਧਾਂ ਦਿੱਤੀਆਂ ਗਈਆਂ ਹਨ। ਭਗਤ ਜੀ ਦੀ ਬਾਣੀ ਉਚਤਮ ਗੁਣਾਂ ਦਾ ਭਰਪੂਰ ਖਜ਼ਾਨਾ ਹੈ। ਆਪ ਜੀ ਨੇ ਮਨੁੱਖ ਨੂੰ ਔਗੁਣਾਂ ਦਾ ਤਿਆਗ ਕਰਕੇ ਸਦਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿਤਾ ਹੈ। ਜਿਸ ਮਨੁੱਖ ਦਾ ਜੀਵਨ ਨੈਤਿਕਤਾ ਨਾਲ ਭਰਪੂਰ ਹੋਵੇਗਾ, ਉਸ ਦਾ ਲੋਕ ਅਤੇ ਪਰਲੋਕ ਵਿਚ ਆਦਰ ਸਤਿਕਾਰ ਹੋਵੇਗਾ ਕਿੳਂੁਕਿ ਉਚੇ ਤੇ ਸੁੱਚੇ ਜੀਵਨ ਦਾ ਧਾਰਨੀ ਮਨੁੱਖ ਹੀ ਪਰਮਾਤਮਾ ਨਾਲ ਪਿਆਰ ਪਾ ਸਕਦਾ ਹੈ। ਇਹ ਉਹ ਕਸਵੱਟੀ ਹੈ, ਜੋ ਮਨੁੱਖ ਨੂੰ ਪਰਮ ਮਨੋਰਥ ਦੀ ਪ੍ਰਾਪਤੀ ਵਿਚ ਸਹਾਇਤਾ ਕਰਦੀ ਹੈ।
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ, ਸਿੰਘਾਪੁਰ
ਮੋਬਾਇਲ ਨੰ. +65 98951996