ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
14 Oct. 2019
ਭਾਰਤ ਨਾਲ ਗੱਲਬਾਤ ਦਾ ਫਿਲਹਾਲ ਸਵਾਲ ਹੀ ਨਹੀਂ- ਇਮਰਾਨ
ਮੈਨੂੰ ਨਾ ਬੁਲਾਇਓ ਕੁੜੀਓ, ਜੀਅ ਨਹੀਂ ਮੇਰਾ ਟਿਕਾਣੇ।
ਚਿਤਾਵਨੀ ਦੇ ਬਾਵਜੂਦ ਪਾਕਿਸਤਾਨ ਨੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ-ਇਕ ਖ਼ਬਰ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਏ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਰਾਫੇਲ ਦੀ ਰਖਿਆ ਕਈ ਨਿੰਬੂ ਲਾਉਣਾ ਭਾਰਤੀ ਸਭਿਆਚਾਰ ਦਾ ਹਿੱਸਾ- ਸੀਤਾਰਮਨ
ਫਿਰ ਬਾਰਡਰ 'ਤੇ ਵੀ ਨਿੰਬੂਆਂ ਦੀ ਵਾੜ ਕਰ ਦਿਉ ਬੀਬੀ ਜੀ, ਅਰਬਾਂ ਦਾ ਬਜਟ ਬਚਾਉ।
ਪਾਨਾਮਾ ਪੇਪਰ: ਟੈਕਸ ਚੋਰਾਂ ਦੇ ਨਾਮ ਦੱਸਣ ਤੋਂ ਨਾਂਹ ਕਰ ਸਕਦਾ ਹੈ ਈ.ਡੀ.- ਸੂਚਨਾ ਕਮਿਸ਼ਨਰ ਜੁਲਕਾ
ਓਹੀ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ।
ਭਾਰਤ 'ਤੇ ਸਭ ਤੋਂ ਜ਼ਿਆਦਾ ਗਲੋਬਲ ਮੰਦੀ ਦਾ ਅਸਰ ਦਿਖ਼ਾਈ ਦੇਣ ਲੱਗਾ- ਇਕ ਖ਼ਬਰ
ਰਾਤੀਂ ਧਾੜ ਪਈ, ਲੁੱਟਿਆ ਤਖ਼ਤ ਹਜ਼ਾਰਾ।
ਸਾਡੇ ਨੇਤਾ ਸਾਨੂੰ ਛੱਡ ਗਏ, ਕਾਂਗਰਸ ਮਾੜੇ ਦੌਰ 'ਚ- ਖ਼ੁਰਸ਼ੀਦ
ਕਾਫ਼ ਕਰਮ ਜਦ ਬੰਦੇ ਦੇ ਹੋਣ ਮਾੜੇ, ਭਾਵੇਂ ਸਿਰ 'ਤੇ ਲਾਲਾਂ ਦੀ ਪੰਡ ਹੋਵੇ।
ਚੀਨ ਅਤੇ ਪਾਕਿ ਦੀ ਦੋਸਤੀ ਅਟੁੱਟ ਅਤੇ ਚਟਾਨ ਵਰਗੀ ਮਜ਼ਬੂਤ- ਚੀਨੀ ਰਾਸ਼ਟਰਪਤੀ
ਕੁੜੀਏ ਹਾਣ ਦੀਏ, ਆ ਜਾ ਕਰੀਏ ਦਿਲਾਂ ਦੇ ਸੌਦੇ।
ਸਰਕਾਰੀ ਮਾਲੀਆ ਘਟਣ ਨਾਲ਼ 'ਮੋਤੀਆਂ ਵਾਲ਼ੀ' ਸਰਕਾਰ 'ਚ ਕੰਬਣੀ ਛਿੜੀ- ਇਕ ਖ਼ਬਰ
ਮੈਂ ਤਾਂ ਹੋ ਗਈ ਹਕੀਮ ਜੀ, ਅੱਗੇ ਨਾਲ਼ੋਂ ਤੰਗ।
ਡੈਨਮਾਰਕ ਜਾਣ ਲਈ ਕੇਂਦਰ ਸਰਕਾਰ ਨੇ ਕੇਜਰੀਵਾਲ ਨੂੰ ਇਜਾਜ਼ਤ ਨਹੀਂ ਦਿਤੀ-ਇਕ ਖ਼ਬਰ
ਹੁਣ ਰੱਬ ਡਾਢਾ ਵੀ ਡਰਿਆ, ਠਾਣੇਦਾਰਾਂ ਤੋਂ।
ਸ਼੍ਰੋਮਣੀ ਕਮੇਟੀ ਨੇ ਵੱਖਰੀ ਸਟੇਜ ਲਗਾਉਣ ਦਾ ਐਲਾਨ ਕਰ ਦਿਤਾ- ਇਕ ਖ਼ਬਰ
ਬਾਪੂ ਵੇ ਅੱਡ ਹੁੰਨੀ ਆਂ......................
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਰੰਪ ਤੋਂ ਕੂਟਨੀਤਕ ਸਹਾਇਤਾ ਮੰਗੀ- ਇਕ ਖ਼ਬਰ
ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।
ਸ਼੍ਰੋਮਣੀ ਕਮੇਟੀ ਮੋਹਨ ਭਾਗਵਤ ਦੀ ਭਗਵਾਂਕਰਨ ਦੀ ਸੋਚ ਦਾ ਡਟ ਕੇ ਵਿਰੋਧਤਾ ਕਰੇਗੀ-ਲੌਂਗੋਵਾਲ
ਹੁਕਮ ਜੋ ਉੱਪਰੋਂ ਆਵੇਗਾ, ਉਸ 'ਤੇ ਫੁੱਲ ਚੜ੍ਹਾਵਾਂਗੇ।
ਮੰਦੀ ਦੇ ਸਵਾਲ 'ਤੇ ਵਿਤ ਮੰਤਰੀ ਸੀਤਾਰਮਨ ਨੇ ਚੁੱਪ ਧਾਰੀ- ਇਕ ਖ਼ਬਰ
ਚੋਰ ਦੀ ਮਾਂ, ਕੋਠੀ 'ਚ ਮੂੰਹ।
ਸ਼੍ਰੋਮਣੀ ਕਮੇਟੀ ਵੱਖਰੇ ਤੌਰ 'ਤੇ ਮਨਾਏਗੀ ਸ਼ਤਾਬਦੀ ਸਮਾਗਮ- ਜਗੀਰ ਕੌਰ
ਪਿੱਪਲਾਂ ਹੇਠ ਦੀ ਜਾਵੇ, ਪੈੜ ਜਗੀਰੋ ਦੀ।
ਰਾਜਨਾਥ ਵਲੋਂ ਫਰਾਂਸ ਫੇਰੀ ਲਾਹੇਵੰਦ ਕਰਾਰ-ਇਕ ਖਬਰ
ਫਰਾਂਸ ਆਪਣੇ ਜੰਗੀ ਜਹਾਜ਼ਾਂ ਲਈ ਭਾਰਤ ਤੋਂ ਮੰਤਰੇ ਹੋਏ ਨਿੰਬੂ ਮੰਗਵਾਏਗਾ।