ਕੈਨੇਡਾ ਦੇ ਸਿਆਸੀ ਮੰਚ 'ਤੇ ਜਗਮੀਤ ਸਿੰਘ ਦੀ ਚੜ੍ਹਤ - ਡਾ. ਗੁਰਵਿੰਦਰ ਸਿੰਘ
ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕਰੈਟਿਕ ਦਾ ਕੌਮੀ ਆਗੂ ਬਣਨ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ ਤੇ ਕਾਮਯਾਬੀ ਲਈ 'ਗੁਰ ਲੈਣ ਵਾਸਤੇ' ਕਿਸੇ ਨਾਮਵਰ ਰਾਜਸੀ ਨੇਤਾ ਤੋਂ ਸਲਾਹ ਮੰਗੀ, ਜਗਮੀਤ ਸਿੰਘ ਦੇ ਦੱਸਣ ਅਨੁਸਾਰ ਉਸ ਸਲਾਹਕਾਰ ਨੇ ਕਿਹਾ ਕਿ ਜੇਕਰ ਕੈਨੇਡਾ ਦਾ ਰਾਸ਼ਟਰੀ ਪੱਧਰ ਦਾ ਆਗੂ ਬਣਨਾ ਹੈ ਤਾਂ, ਉਸਨੂੰ ਕੁਝ ਤਬਦੀਲੀਆਂ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਆਪਣਾ ਪੂਰਾ ਨਾਂ ਜਗਮੀਤ ਸਿੰਘ ਲੈਣ ਦੀ ਬਜਾਏ 'ਜੈਗ' ਅਖਵਾਉਣਾ ਸ਼ੁਰੂ ਕਰ ਦੇਵੇ। ਦੂਜੀ ਉਪਨਾਮ 'ਸਿੰਘ' ਦੀ ਥਾਂ ਗੋਤ ਵਰਤੋਂ ਕਰੇ। ਤੀਜੀ ਦਾੜ੍ਹੀ ਖੁੱਲ੍ਹੀ ਰੱਖਣ ਦੀ ਬਜਾਏ ਬੰਨ੍ਹਣੀ ਸ਼ੁਰੂ ਕਰੇ ਅਤੇ ਚੌਥੀ ਗੱਲ ਆਪਣੀ ਪੱਗ ਦਾ ਸਟਾਈਲ ਗੋਲ ਤੇ ਦੁਮਾਲੇ ਵਾਲਾ ਛੱਡ ਕੇ, ਨੋਕਦਾਰ ਬਣਾਏ ਅਤੇ ਪੰਜਵੀਂ ਗੱਲ, ਕਿਰਪਾਨ ਉਪਰੋਂ ਪਹਿਨਣ ਦੀ ਥਾਂ ਕੱਪੜਿਆਂ ਦੇ ਹੇਠਾਂ ਦੀ ਪਹਿਨੇ। ਅਜਿਹਾ ਕਰਕੇ ਉਹ ਕੈਨੇਡੀਅਨ ਲੋਕਾਂ 'ਚ ਜੱਚ ਜਾਵੇਗਾ, ਨਹੀਂ ਤਾਂ ਉਸ ਲਈ ਕਾਮਯਾਬ ਹੋਣਾ ਔਖਾ ਹੈ। ਜਗਮੀਤ ਸਿੰਘ ਨੇ 'ਸਲਾਹਕਾਰ' ਨੂੰ ਬੜੇ ਅਦਬ ਨਾਲ ਕਿਹਾ ਕਿ ਉਹ ਨਹੀਂ ਸਮਝਦਾ ਕਿ ਕੈਨੇਡਾ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਉਸਦੇ ਨਾਂ ਨਾਲ ਕੋਈ ਔਖ ਮਹਿਸੂਸ ਹੋਵੇਗੀ, ਜੋ ਨਾਂ ਬਦਲ ਕੇ ਠੀਕ ਹੋ ਜਾਏਗੀ। ਉਪਨਾਮ ਉਹ ਗੋਤ ਜਾਂ ਇਲਾਕੇ ਦਾ ਵਰਤਣ ਦੀ ਥਾਂ, ਸਿੰਘ ਹੀ ਲਿਖਣਾ ਚਾਹੇਗਾ, ਕਿਉਂਕਿ ਇਹ ਉਸਦੀ ਪਛਾਣ ਹੈ। ਰਹੀ ਗੱਲ ਦਾਹੜੀ ਬੰਨਣ ਦੀ, ਉਹ ਸ਼ੁਰੂ ਤੋਂ ਹੀ 'ਦਾਹੜਾ ਪ੍ਰਕਾਸ਼' ਕਰਦਾ ਹੈ, ਇਸ ਨੂੰ ਬੰਨ੍ਹਣਾ ਨਹੀਂ ਚਾਹੁੰਦਾ। ਬਾਕੀ ਦਸਤਾਰ ਬੰਨਣ ਦੇ ਤਰੀਕੇ ਸਾਰੇ ਹੀ ਚੰਗੇ ਹਨ, ਪਰ ਉਸਦੇ ਲੰਮੇ ਚਿਹਰੇ 'ਤੇ ਗੋਲ ਦਸਤਾਰ ਵਧੇਰੇ ਜਚਦੀ ਹੈ ਤੇ ਉਸਨੇ ਇਤਿਹਾਸ ਪੜ੍ਹਦਿਆਂ ਵੀ ਜਾਣਿਆ ਹੈ ਕਿ ਸਦੀਆਂ ਤੋਂ ਸਿੱਖ ਗੋਲ ਦਸਤਾਰ ਜਾਂ ਦੁਮਾਲਾ ਹੀ ਸਜਾਉਂਦੇ ਆ ਰਹੇ ਹਨ। ਹੋਰ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਕਿਰਪਾਨ ਉਹ ਕਮੀਜ਼ ਦੇ ਉਪਰੋਂ ਪਾਉਂਦਾ ਹੈ ਤੇ ਉਸ ਨੂੰ ਅਜਿਹਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਆਪਣੀ ਪਛਾਣ ਨੂੰ ਬਦਲ ਕੇ ਉਹ ਕੈਨੇਡਾ ਦਾ ਰਾਸ਼ਟਰੀ ਨੇਤਾ ਨਹੀਂ ਬਣਨਾ ਚਾਹੇਗਾ। ਜੇਕਰ ਕੈਨੇਡਾ ਦੇ ਲੋਕ ਚਹੁੰਣਗੇ, ਤਾਂ ਉਸ ਨੂੰ ਇਉ ਹੀ ਸਵਿਕਾਰ ਕਰਨਗੇ। ਜਗਮੀਤ ਸਿੰਘ ਦੀ ਸੋਚ ਸਹੀ ਸਾਬਤ ਹੋਈ ਤੇ ਕੈਨੇਡਾ ਵਾਸੀਆਂ ਨੇ ਉਸਨੂੰ ਉਵੇਂ - ਜਿਵੇਂ ਨਾ ਸਿਰਫ਼ ਪ੍ਰਵਾਨ ਹੀ ਕੀਤਾ, ਸਗੋਂ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਨੈਸ਼ਨਲ ਪਾਰਟੀ ਦਾ ਕੌਮੀ ਨੇਤਾ ਵੀ ਬਣਾ ਦਿੱਤਾ। ਇਹ ਕੈਨੇਡਾ ਦੇ ਬਹੁ - ਸਭਿਆਚਾਰਕ ਢਾਂਚੇ 'ਚ ਵਸਦੇ ਲੋਕਾਂ ਦੀ ਮਹਾਨ ਸੋਚ ਦਾ ਨਤੀਜਾ ਹੀ ਸੀ ਕਿ ਜਿਥੇ ਵਿਅਕਤੀ ਦੇ ਪ੍ਰਵਾਸੀ ਪਿਛੋਕੜ, ਧਰਮ, ਪਹਿਰਾਵੇ ਅਤੇ ਬੋਲੀ ਦੇ ਵਖਰੇਵੇਂ ਕਾਰਨ ਉਸਨੂੰ ਨਕਾਰਨ ਦੀ ਥਾਂ, ਉਸ ਦੀ ਸੂਝ-ਬੂਝ , ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨਿਪੁੰਨਤਾ ਕਰਕੇ ਸਵਿਕਾਰ ਕੀਤਾ ਗਿਆ ਹੋਵੇ।
ਪੰਜਾਬ ਦੇ ਠੀਕਰੀਵਾਲੇ ਪਿੰਡ ਤੋਂ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਦੇ ਸਕਿਆਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਨਾਲ ਸਬੰਧਿਤ, 40 ਸਾਲਾ ਜਗਮੀਤ ਸਿੰਘ ਅੰਦਰ ਵੀ ਸਰਮਾਏਦਾਰੀ ਢਾਂਚੇ ਅਤੇ ਰਜਵਾੜਾ ਸ਼ਾਹੀ ਖ਼ਿਲਾਫ਼ ਬੇਬਕੀ ਨਾਲ ਲੜਨ ਦੀ ਭਾਵਨਾ ਝਲਕਦੀ ਹੈ। 2 ਜਨਵਰੀ 1979 ਨੂੰ ਜਗਤਰਨ ਸਿੰਘ ਅਤੇ ਹਰਮੀਤ ਕੌਰ ਧਾਲੀਵਾਲ ਦੇ ਘਰ ਸਕਾਰਬਰੋ ਸ਼ਹਿਰ 'ਚ ਜਨਮਿਆ ਜਗਮੀਤ ਸਿੰਘ ਬਚਪਨ ਤੋਂ ਲੈ ਕੇ ਸਕੂਲ ਕਾਲਜ ਤੱਕ ਨਸਲਵਾਦੀ ਵਤਕਰੇ ਦਾ ਸਾਹਮਣਾ ਕਰਦਾ ਰਿਹਾ ਹੈ। ਜਿਸ ਬਾਰੇ ਉਸ ਨੇ ਆਪਣੀ ਸਵੈ-ਜੀਵਨੀ 'ਲਵ ਐਂਡ ਕਰੇਜ' ਵਿੱਚ ਵਿਸਥਾਰ ਸਹਿਤ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਹੈ। ਉਸ ਨੇ ਆਪਣੇ ਨਾਲ ਹੋਏ ਜਿਸਮਾਨੀ ਸੋਸ਼ਣ ਤੋਂ ਲੈ ਕੇ ਘਰੇਲੂ ਹਾਲਤਾਂ ਬਾਰੇ ਬੇਬਾਕੀ ਅਤੇ ਨਿਰਪੱਖਤਾ ਨਾਲ ਲਿਖਣ ਦੀ ਹਿੰਮਤ ਦਿਖਾਈ ਜਿਸ ਦੀ ਪ੍ਰਸੰਸਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਵੀ ਸਿਆਸੀ ਹੱਦਾਂ ਤੋਂ ਉੱਪਰ ਉੱਠ ਕੇ ਕੀਤੀ।
ਪੇਸ਼ੇ ਵਜੋਂ ਵਕਾਲਤ 'ਚ ਸਫਲ ਰਹਿਣ ਵਾਲਾ ਇਹ ਨੌਜਵਾਨ ਸੰਨ 2011 ਵਿੱਚ ਪਹਿਲੀ ਵਾਰ ਉਂਟਾਰੀਓ ਵਿਧਾਨ ਸਭਾ 'ਚ ਵਿਧਾਇਕ ਬਣਿਆ ਅਤੇ ਮਗਰੋਂ ਸੂਬਾਈ ਨਿਊ ਡੈਮੋਕਰੈਟਿਕ ਪਾਰਟੀ ਦਾ ਉਪ- ਨੇਤਾ ਚੁਣਿਆ ਗਿਆ। ਉਸਦਾ ਅਗਾਂਹ-ਵਧੂ ਜਜ਼ਬਾ, ਸਖ਼ਤ ਚੁਣੌਤੀਆਂ ਨਾਲ ਟੱਕਰ ਲੈਣ ਦਾ ਦ੍ਰਿੜ ਇਰਾਦਾ ਅਤੇ ਸਿਆਸੀ ਨਿਪੁੰਨਤਾ ਨੇ 1 ਅਕਤੂਬਰ 2017 ਨੂੰ ਜਗਮੀਤ ਸਿੰਘ ਨੂੰ ਐਨ.ਡੀ.ਪੀ. ਦਾ ਕੌਮੀ ਆਗੂ ਬਣਾ ਦਿੱਤਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕਿਸੇ ਕੌਮੀ ਪਾਰਟੀ ਦਾ ਆਗੂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੁੰਦਾ ਹੈ ਤੇ ਚੋਣਾਂ ਵੇਲੇ ਕੌਮੀ ਪੱਧਰ ਦੀ ਬਹਿਸਾਂ 'ਚ ਸ਼ਾਮਿਲ ਹੁੰਦਾ ਹੈ। ਜਗਮੀਤ ਸਿੰਘ ਪਾਰਟੀ ਆਗੂ ਬਣਨ ਸਮੇਂ ਕੈਨੇਡਾ ਦੀ ਪਾਰਲੀਮੈਂਟ 'ਹਾਊਸ ਆਫ਼ ਕਾਮਨਜ਼' ਦਾ ਮੈਂਬਰ ਨਹੀਂ ਸੀ, ਜਿਸ ਕਾਰਨ ਉਸਨੇ ਬ੍ਰਿਟਿਸ਼ ਕੋਲੰਬੀਆਂ ਦੇ ਬਰਨਬੀ ਸਾਊਥ ਹਲਕੇ ਤੋਂ ਚੋਣ ਲੜੀ। ਚਾਹੇ ਕੈਨੇਡਾ 'ਚ ਸਮੇਂ- ਸਮੇਂ ਜ਼ਿਮਨੀ ਚੋਣਾਂ ਹੁੰਦੀਆਂ ਰਹਿੰਦੀਆਂ ਹਨ, ਪਰ 25 ਫਰਵਰੀ 2018 ਨੂੰ ਹੋਈ ਇਸ ਚੋਣ ਦਾ ਮਹੱਤਵ ਕੁਝ ਵੱਖਰਾ ਹੀ ਸੀ। ਇਕ ਪਾਸੇ ਕਿਸੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਉਮੀਦਵਾਰ, ਕੈਨੇਡਾ ਦੀਆਂ ਬਹੁ ਸਭਿਆਚਾਰਕ ਕਦਰਾਂ-ਕੀਮਤਾਂ ਦਾ ਸਤਿਕਾਰ ਕਰਦਾ ਹੋਇਆ, ਹਰ ਸ਼ਬਦ ਤੋਲ-ਤੋਲ ਕੇ ਬੋਲ ਰਿਹਾ ਸੀ, ਦੂਜੇ ਪਾਸੇ ਸੱਜੇ ਪੱਖੀ ਤਾਕਤਾਂ ਨੇ ਨਸਲੀ ਪੱਤਾ ਖੇਡਦਿਆਂ ਅਤੇ ਅਤਿ ਨੀਵੇਂ ਦਰਜੇ ਦੀ ਸਿਆਸਤ ਕਰਦਿਆਂ ਕੈਨੇਡਾ ਦੇ ਮਲਟੀ ਕਲਚਰਲਿਜ਼ਮ ਢਾਂਚੇ ਨੂੰ ਢਾਹ ਲਾ ਰਹੀਆਂ ਸਨ। ਚੋਣ ਪ੍ਰਚਾਰ ਸ਼ੁਰੂ ਹੁੰਦਿਆਂ ਸਾਰ ਲਿਬਰਲ ਉਮੀਦਵਾਰ ਕੈਰੇਨ ਵਾਂਗ ਨੇ ਬਿਆਨ ਦਾਗਿਆ ਕਿ ਬਰਨਬੀ ਹਲਕੇ 'ਚ ਵਸਦੇ ਚੀਨੀ ਮੂਲ ਦੇ ਲੋਕ ਉਸਨੂੰ ਹੀ ਜਿਤਾਉਣ, ਕਿਉਂਕਿ ਉਹ ਉਹਨਾਂ ਵਿੱਚੋਂ ਹੀ ਹੈ। ਇਸ ਕਾਰਨ ਹੀ ਉਸ ਉਮੀਦਵਾਰ ਨੂੰ ਮਗਰੋਂ ਅਸਤੀਫ਼ਾ ਦੇਣਾ ਪਿਆ। ਕੰਜ਼ਰਵਟਿਵ ਉਮੀਦਵਾਰ ਜੇ ਸ਼ਿਨ ਨੇ ਤਾਂ ਉਸ ਸਮੇਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਉਸਨੇ ਜਗਮੀਤ ਸਿੰਘ ਖ਼ਿਲਾਫ਼ ਭੱਦੇ ਪੋਸਟਰ ਛਾਪੇ ਤੇ ਲਿਖਿਆ ਕਿ ਜਗਮੀਤ ਸਿੰਘ ਨੂੰ ਹਰਾ ਕੇ ਐਨ.ਡੀ.ਪੀ. ਨੂੰ 'ਨਵਾਂ ਲੀਡਰ' ਦਿੱਤਾ ਜਾਵੇ । ਸੱਜੇ ਪੱਖੀ ਟੌਰੀ ਪਾਰਟੀ ਦੇ ਆਗੂ ਐਂਡਰੀਊ ਸ਼ੀਅਰ , ਉਸਦੇ ਕਿਸੇ ਵੀ ਭਾਰਤੀ ਮੂਲ ਦੇ ਮੈਂਬਰ ਜਾਂ ਅਗਲੀਆਂ ਫੈਡਰਲ ਚੋਣਾਂ ਦੇ ਬਣੇ ਉਮੀਦਵਾਰਾਂ ਨੇ ਅਜਿਹੇ ਪੋਸਟਰਾਂ ਦਾ ਵਿਰੋਧ ਨਾ ਕੀਤਾ। ਚਾਹੇ ਜਗਮੀਤ ਸਿੰਘ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣਾ ਧਿਆਨ ਕੈਨੇਡਾ ਦੀਆਂ ਸਿਹਤ ਸੇਵਾਵਾਂ , ਆਰਥਿਕ ਢਾਂਚੇ, ਕਰ ਨੀਤੀ, ਵਿਦਿਅਕ ਪਾਸਾਰ ਅਤੇ ਪਿਛੜੇ ਲੋਕਾਂ ਦੀ ਬਰਾਬਰਤਾ ਆਦਿ ਮੁੱਦਿਆਂ 'ਤੇ ਰੱਖਿਆ, ਪਰ ਫਾਸੀਵਾਦੀ ਤੇ ਨਸਲਵਾਦੀ ਤਾਕਤਾਂ ਨੇ ਉਸਨੂੰ ਉਸਦੀ ਪਛਾਣ, ਪ੍ਰਵਾਸੀ ਪਿਛੋਕੜ ਅਤੇ ਧਰਮ- ਰੰਗ 'ਤੇ ਹਮਲਾ ਕਰਦਿਆਂ ਭੰਡਣ ਦੀ ਹਰ ਚਾਲ ਖੇਡੀ । ਟੋਰੀਆਂ ਨੇ ਤਾਂ ਸੀਰੀਆ ਦੇ ਰਫ਼ਿਊਜੀ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਵੀ ਨਾ ਸਿਰਫ ਨਿੰਦਿਆ, ਬਲਕਿ ਗੋਰਿਆਂ, ਚੀਨਿਆ, ਮੁਸਲਮਾਨਾਂ ਤੇ ਹੋਰਨਾਂ 'ਚ ਪਾੜਾ ਪਾਉਣ ਦਾ ਪੱਤਾ ਵੀ ਖੇਡਿਆ। ਜਗਮੀਤ ਸਿੰਘ ਦੀ ਚੋਣ ਮੁਹਿੰਮ ਨੂੰ ਤਾਰਪੀਡੋ ਕਰਨ ਲਈ ਉਸਦੀ ਆਲੋਚਨਾ ਕੈਨੇਡਾ ਦੀਆਂ ਸੱਜੇ ਪੱਖੀ ਤਾਕਤਾਂ ਤੋਂ ਇਲਾਵਾ, ਭਾਰਤ ਨਾਲ ਸਬੰਧਿਤ ਫਾਸੀਵਾਦੀ ਤਾਕਤਾਂ ਨੇ ਵੀ ਖੁੱਲ ਕੇ ਕੀਤੀ। ਇਸਦਾ ਮੁੱਖ ਕਾਰਨ ਇਹ ਸੀ ਕਿ ਜਗਮੀਤ ਸਿੰਘ ਨੇ 2011 ਤੋਂ ਹੀ 'ਸਿੱਖ ਨਸਲਕੁਸ਼ੀ' ਸਬੰਧੀ ਮਤੇ ਦੀ ਖੁੱਲ ਕੇ ਹਮਾਇਤ ਹੀ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਸਨੇ ਮਨੁੱਖੀ ਅਧਿਕਾਰਾਂ ਦੇ ਮੱਦੇ 'ਤੇ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ 'ਤੇ ਹੁੰਦਾ ਜ਼ੁਲਮ ਦੀ ਵੀ ਨਿਖੇਧੀ ਕੀਤੀ। ਇਸ ਕਾਰਨ ਹੀ ਭਾਰਤ ਅਤੇ ਪੰਜਾਬ ਦੇ ਸੱਤਾਧਾਰੀ ਆਗੂਆਂ ਵੱਲੋਂ ਜਗਮੀਤ ਸਿੰਘ ਦਾ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ ਹੈ। ਸਿਤਮਜ਼ਰੀਫੀ ਦੀ ਗੱਲ ਇਹ ਹੈ ਕਿ ਇਕ ਪਾਸੇ ਕੈਨੇਡਾ ਨੇ ਪ੍ਰਵਾਸੀ ਮੂਲ ਦੇ ਪਿਛੋਕੜ ਵਾਲੇ ਨੌਜਵਾਨ ਨੂੰ ਰਾਸ਼ਟਰੀ ਪਾਰਟੀ ਦਾ ਨੇਤਾ ਚੁਣਿਆ, ਦੂਜੇ ਪਾਸੇ ਕੈਨੇਡਾ ਦੇ ਜੰਮਪਲ ਜਗਮੀਤ ਸਿੰਘ ਨੂੰ ਭਾਰਤ ਵਲੋਂ ਵੀਜ਼ਾ ਦੇਣ 'ਤੇ ਪਾਬੰਦੀ ਲਾ ਦਿੱਤੀ ਗਈ। ਅਜਿਹੀਆਂ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੋਈਆਂ, ਜਿਹੜੀਆਂ ਜਗਮੀਤ ਸਿੰਘ ਨੂੰ ਹਰ ਹਾਲ 'ਚ ਹਰਾਉਣ ਲਈ ਮਿਥ ਕੇ ਕੀਤੀਆਂ ਗਈਆਂ, ਪਰ ਅਖੀਰ ਨੂੰ ਜਿੱਤ ਕੈਨੇਡੀਅਨ ਕਦਰਾਂ, ਕੀਮਤਾਂ ਦੀ ਹੋਈ ਤੇ ਹਾਰ ਸੱਜੇ ਪੱਖੀ , ਫਿਰਕੂ ਤੇ ਫਾਸੀਵਾਦੀ ਤਾਕਤਾਂ ਦੀ, ਇਥੋਂ ਤੱਕ ਕਿ ਇਥੋਂ ਦੇ ਪ੍ਰਮੁੱਖ ਅੰਗਰੇਜ਼ੀ ਮੀਡੀਆ 'ਵੈਨਕੂਵਰ ਸੰਨ' ਸਮੇਤ ਸੱਜੇ ਪੱਖੀ ਪ੍ਰੈਸ ਨੇ ਵੀ ਜਗਜੀਤ ਸਿੰਘ ਨੂੰ ਹਰਾਉਣ ਦੀ ਹਰ ਵਾਹ ਲਾਈ, ਪਰ ਲੋਕਾਂ ਨੇ ਉਸਦੇ ਸਿਰ 'ਜਿੱਤ ਦਾ ਤਾਜ' ਸਜਾਇਆ।
ਜਗਮੀਤ ਸਿੰਘ ਦੀ ਕਾਮਯਾਬੀ ਅਸਲ ਵਿੱਚ ਕੈਨੇਡਾ ਦੀਆਂ ਬਹੁ- ਸਭਿਆਚਾਰਕ ਕਦਰਾਂ-ਕੀਮਤਾਂ ਦੀ ਹੀ ਜਿੱਤ ਹੈ। ਇਕ ਸਿੱਖ ਹੋਣ ਦੇ ਨਾਤੇ ਚਾਹੇ ਉਸਨੇ ਸਿੱਖੀ ਦੀ ਸ਼ਾਨ ਨੂੰ ਤਾਂ ਵਧਾਇਆ ਹੀ ਹੈ, ਪਰ ਕੈਨੇਡਾ ਦੇ ਸੰਦਰਭ 'ਚ ਉਸਦੀ ਜਿੱਤ ਇੰਮੀਗੈਰੰਟ ਲੋਕਾਂ ਤੇ ਘੱਟ ਗਿਣਤੀਆਂ ਲਈ ਨਵੀਆਂ ਸੰਭਾਵਨਾਵਾਂ ਦੀ ਪ੍ਰਤੀਕ ਹੈ।
ਨਿਊ ਡੈਮੋਕ੍ਰੇਟਿਵ ਪਾਰਟੀ ਦੇ ਆਗੂ ਵਜੋਂ ਜਗਮੀਤ ਸਿੰਘ ਲਈ ਵੱਡੀ ਚੁਣੌਤੀ ਹੈ ਕਿ 21 ਅਕਤੂਬਰ 2019 ਨੂੰ ਹੋ ਰਹੀਆਂ ਚੋਣਾਂ ਹਨ । ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਉਹ ਨਿਊ ਡੈਮੋਕਰੈਟਿਕ ਪਾਰਟੀ ਦੀ ਅਗਵਾਈ ਕਿੰਨੀ ਨਿਪੁੰਨਤਾ ਨਾਲ ਕਰ ਰਿਹਾ ਹੈ, ਇਸ ਦੀ ਮਿਸਾਲ ਉਸ ਨੇ 6 ਪਾਰਟੀਆਂ ਦੇ ਆਗੂਆਂ ਵਿਚਕਾਰ ਹੋਈ ਬਹਿਸ ਦੌਰਾਨ ਪੈਦਾ ਕਰ ਦਿੱਤੀ ਹੈ। ਕੈਨੇਡਾ ਭਰ ਦੇ ਨੈਸ਼ਨਲ ਮੀਡੀਏ ਨੇ ਡਿਬੇਟ ਵਿੱਚ ਜਗਮੀਤ ਸਿੰਘ ਦੀ ਹਾਜ਼ਰ-ਜੁਆਬੀ, ਨਾਪ-ਤੋਲ ਕੇ ਗੱਲ ਕਰਨ ਦੀ ਸਮਝ ਅਤੇ ਲੋੜ ਪੈਣ 'ਤੇ ਮਜ਼ਾਈਆ ਢੰਗ ਨਾਲ ਟਿਪਣੀ ਕਰਨ ਦਾ ਅੰਦਾਜ਼ ਨਾ ਸਿਰਫ਼ ਪੰਸਦ ਹੀ ਕੀਤਾ ਬਲਕਿ ਲੋਕਾਂ ਅੰਦਰ ਸਿਆਸੀ ਲੀਡਰਾਂ ਪ੍ਰਤੀ ਪੈਦਾ ਹੋ ਰਹੀ ਉਦਾਸੀਨਤਾ ਨੂੰ ਵੀ ਖਤਮ ਕਰਨ ਦਾ ਜ਼ਰੀਆ ਕਰਾਰ ਦਿੱਤਾ। ਜਗਮੀਤ ਸਿੰਘ ਵਲੋਂ ਇੰਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ ਆਗੂ ਮੈਕਸਿਮ ਬਰਨੀਏ ਨੂੰ ਉਸ ਦੀ ਨਸਲਵਾਦੀ ਪਹੁੰਚ ਲਈ ਖੁੱਲ੍ਹ ਕੇ ਨਿੰਦਣਾ ਅਤੇ ਡਿਬੇਟ 'ਚੋਂ ਬਾਹਰ ਹੋਣ ਤੱਕ ਦੀ ਗੱਲ ਕਹਿ ਦੇਣੀ ਉਸ ਦੀ ਨਿਡਰਤਾ ਅਤੇ ਪ੍ਰਭਾਵਸ਼ਾਲੀ ਪਹੁੰਚ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਨ ਵਾਲਾ ਪਹਿਲਾ ਗੈਰ-ਸਫੈਦ ਵਿਅਕਤੀ ਕੈਨੇਡਾ ਵਾਸੀਆਂ ਦੀਆਂ ਉਮੀਦਾਂ ਤੇ ਕਿੰਨਾ ਕੁ ਖਰਾ ਉੱਤਰੇਗਾ, ਇਸ ਦਾ ਪਤਾ ਤਾਂ 21 ਅਕਤੂਬਰ ਨੂੰ ਹੀ ਲੱਗੇਗਾ ਪਰ ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਨੇ ਉਨ੍ਹਾਂ ਸਿਆਸੀ ਪੰਡਤਾਂ ਨੂੰ ਝੂਠੇ ਕਰ ਦਿੱਤਾ ਹੈ ਜੋ ਇਹ ਕਹਿੰਦੇ ਸਨ ਕਿ ਉਸ ਅੰਦਰ ਚੰਗੀ ਲੀਡਰਸ਼ਿਪ ਅਤੇ ਅਨੁਭਵੀ ਪੱਖ ਦੇ ਗੁਣਾਂ ਦੀ ਘਾਟ ਹੈ। ਜਗਮੀਤ ਸਿੰਘ ਖਿਲਾਫ਼ ਗੋਰੇ ਵਿਅਕਤੀ ਵਲੋਂ ਕਿਊਬੈਕ 'ਚ ਕੀਤੀ ਗਈ ਇਹ ਟਿਪਣੀ ਕਿ ਉਹ ਆਪਣੀ ਪੱਗ ਉਤਾਰ ਦੇਵੇ ਅਤੇ 'ਜੇਹਾ ਦੇਸ ਤੇਹਾ ਭੇਸ' ਵਾਲਾ ਤਰੀਕਾ ਅਪਣਾਏ, ਦੀ ਜਵਾਬੀ ਟਿਪਣੀ ਜਗਮੀਤ ਸਿੰਘ ਵਲੋਂ ਬਹੁਤ ਸੁਲਝੇ ਢੰਗ ਨਾਲ ਦਿੱਤੀ ਗਈ। ਇਸ ਦੀ ਪ੍ਰਸੰਸਾ ਅਤੇ ਨਸਲੀ ਸੋਚ ਦੀ ਅਲੋਚਨਾ ਵਿਰੋਧੀ ਧਿਰ ਦੇ ਉਮੀਦਵਾਰਾਂ ਵਲੋਂ ਵੀ ਕੀਤੀ ਗਈ। ਇਸ ਦੌਰਾਨ ਫਾਸੀਵਾਦੀ ਸੋਚ ਵਾਲੇ ਮੋਦੀ ਭਗਤ ਅਤੇ ਆਰ. ਐਸ.ਐਸ. ਦੇ ਕੈਨੇਡਾ ਦੇ ਇੱਕ ਆਗੂ ਵਲੋਂ ਸਰੀ ਮੰਦਰ 'ਚ ਜਗਮੀਤ ਸਿੰਘ ਬਾਰੇ ਅਤਿ ਨੀਵੇਂ ਪੱਧਰ ਦੀਆਂ ਟਿਪਣੀਆਂ ਕੀਤੀਆਂ ਜਾਣਾ ਵੀ ਘਟੀਆਂ ਦੂਸ਼ਣਬਾਜ਼ੀ ਦਾ ਕੋਝਾ ਵਰਤਾਰਾ ਹੈ। ਪਰ ਦੁੱਖ ਇਸ ਗੱਲ ਦਾ ਹੈ ਕਿ ਨਾ ਕਿਸੇ ਐਨ.ਡੀ.ਪੀ. ਦੇ ਆਗੂ ਅਤੇ ਨਾ ਹੀ ਵਿਰੋਧੀ ਪਾਰਟੀ ਦੇ ਬੁਲਾਰੇ ਵਲੋਂ ਇਸ ਦੀ ਨਿਖੇਧੀ ਕੀਤੀ ਗਈ। ਜਗਮੀਤ ਸਿੰਘ ਨੇ ਕਸ਼ਮੀਰ 'ਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਮੇਤ ਦੁਨੀਆ ਦੇ ਹਰ ਮੁਲਕ ਦੀ ਫਾਸੀਵਾਦੀ ਨੀਤੀ ਦੀ ਅਲੋਚਨਾ ਕੀਤੀ ਹੈ, ਜੋ ਕਿ ਉਸ ਦੀ ਚੰਗੀ ਸੋਚ ਦਾ ਪ੍ਰਗਟਾਵਾ ਕਹੀ ਜਾ ਸਕਦੀ ਹੈ।
ਕੈਨੇਡਾ ਵਾਸੀਆਂ ਦੀ ਜਗਮੀਤ ਸਿੰਘ ਬਾਰੇ ਹੁਣ ਇਹ ਧਾਰਨਾ ਹੈ ਕਿ ਚਾਲੀ ਵਰ੍ਹਿਆਂ ਤੋਂ ਘੱਟ ਉਮਰ 'ਚ ਏਨਾ ਵੱਡਾ ਸਫ਼ਰ ਤੈਅ ਕਰਨਾ ਕੋਈ ਛੋਟੀ ਗੱਲ ਨਹੀਂ, ਪਰ ਅਜੇ ਉਸਨੇ ਲੰਮਾ ਪੈਂਡਾ ਤੈਅ ਕਰਨਾ ਹੈ। ਆਉਂਦੀਆਂ ਚੋਣਾਂ 'ਚ ਘੱਟ ਗਿਣਤੀ ਸਰਕਾਰ ਦੀ ਸੂਰਤ 'ਚ ਜਗਮੀਤ ਸਿੰਘ ਵਲੋਂ ਲਿਬਰਲ ਪਾਰਟੀ ਦੇ ਨੀਤੀ ਆਧਾਰ ਤੋਂ ਨਿਊ ਡੈਮੋਕ੍ਰੇਟਿਵ ਪਾਰਟੀ ਗਠਜੋੜ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ ਅਤੇ ਅਜਿਹੀ ਹਾਲਤ ਵਿੱਚ ਜਗਮੀਤ ਸਿੰਘ ਦੇ ਰੂਪ 'ਚ ਕੈਨੇਡਾ ਨੂੰ ਸਾਬਤ ਸੂਰਤ ਚੜ੍ਹਦੀ ਕਲਾ ਵਾਲਾ ਘੱਟ ਗਿਣਤੀਆਂ ਵਿੱਚੋਂ ਸੂਝਬੂਝ ਨਾਲ ਕਾਮਯਾਬ ਹੋਇਆ ਉੱਪ ਪ੍ਰਧਾਨ ਮੰਤਰੀ ਜਾਂ ਹੋਰ ਵੱਡੇ ਅਹੁੱਦੇ ਵਾਲਾ ਸਖਸ਼ ਮਿਲ ਸਕਦਾ ਹੈ। ਜਗਮੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਜਿਥੇ ਉਸਦੀ ਪਹਿਲ ਕੈਨੇਡਾ ਦੇ ਲੋਕਾਂ ਅਤੇ ਉਨ੍ਹਾਂ ਦੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਦੀ ਪ੍ਰਤਿਨਿਧਤਾ ਕਰਨੀ ਹੈ, ਉਥੇ ਦੁਨੀਆ ਦੇ ਹੋਰਨਾਂ ਸਾਰੇ ਦੇਸ਼ਾਂ ਪ੍ਰਤੀ ਉਸ ਦੀ ਪਾਰਟੀ ਦੀ ਨੀਤੀ ਇਕ ਬਰਾਬਰ ਹੈ, ਸਰਬੱਤ ਦੇ ਭਲੇ ਅਤੇ ਮਨੁੱਖੀ ਅਧਿਕਾਰਾਂ ਦੀ ਸੁਰਖਿਆ ਵਾਲੀ। ਸੱਚ ਤਾਂ ਇਹ ਹੈ ਕਿ ਜਗਜੀਤ ਸਿੰਘ ਨੂੰ ਜਿਵੇਂ - ਜਿਵੇਂ ਨਿੱਤ ਨਵੀਆਂ ਮੁਹਿੰਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਵੇਂ-ਉਵੇਂ ਉਹ ਮਜ਼ਬੂਤ ਆਗੂ ਬਣਕੇ ਸਾਹਮਣੇ ਆ ਰਿਹਾ ਹੈ। ਜਗਜੀਤ ਸਿੰਘ ਲਈ ਵੱਡੇ ਇਮਤਿਹਾਨ ਅਜੇ ਬਾਕੀ ਹਨ, ਜਿਨ੍ਹਾਂ 'ਚ ਉਸਦੀ ਕਾਬਲੀਅਤ ਪਰਖੀ ਜਾਣੀ ਹੈ ਤੇ ਦੁਨੀਆਂ ਨੇ ਉਸਦੀ ਸਮਰੱਥਾ ਨੂੰ ਅਜੇ ਜਾਨਣਾ ਹੈ।
Dr-Gurvinder-Singh-Dhaliwal-Canada
Vancouver Canada
President Punjabi press Club of BC
0016048251550