'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ - ਡਾ. ਗੁਰਵਿੰਦਰ ਸਿੰਘ

ਜਨਮ ਸ਼ਤਾਬਦੀ 'ਤੇ ਵਿਸ਼ੇਸ਼ ( 18 ਅਕਤੂਬਰ 1919--18 ਅਕਤੂਬਰ 2019)
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ : ਪੀਅਰੇ ਇਲੀਅਟ ਟਰੂਡੋ
ਡਾ. ਗੁਰਵਿੰਦਰ ਸਿੰਘ

ਵਿਸ਼ਵ ਇਤਿਹਾਸ ਵਿੱਚ ਕਈ ਅਜਿਹੇ ਸਿਆਸਤਦਾਨ ਹੋਏ ਹਨ, ਜਿੰਨਾਂ ਆਪਣੀ ਵਿਲੱਖਣ ਸ਼ਖ਼ਸੀਅਤ ,ਪ੍ਰੌੜ੍ਹ ਦ੍ਰਿਸ਼ਟੀ,ਮਹਾਨ ਨੀਤੀ ਤੇ ਸਵੱਛ ਰਾਜਨੀਤਕ ਪਹੁੰਚ ਨਾਲ ਦੁਨੀਆ 'ਚ ਨਵੇਂ ਦਿਸ-ਹੱਦੇ ਸਥਾਪਿਤ ਕੀਤੇ ਹਨ। 20ਵੀਂ ਸਦੀ ਦੇ ਕੈਨੇਡੀਅਨ ਇਤਿਹਾਸ ਵਿੱਚ ਪੀਅਰੇ ਇਲੀਅਟ ਟਰੂਡੋ ਅਜਿਹੇ ਹੀ ਪ੍ਰਤਿਭਾਵਾਨ ਰਾਜਨੇਤਾ ਹੋਏ ਹਨ, ਜਿਨ੍ਹਾਂ ਆਪਣੇ ਬਹੁਪੱਖੀ ਅਤੇ ਬਹੁਪਾਸਾਰੀ ਵਿਅਕਤੀਤਵ ਦੀ ਬਦੌਲਤ, ਇਸ ਭੂ-ਖੰਡ ਦਾ ਨਾਂ ਸੰਸਾਰ ਦੇ ਨਕਸ਼ੇ 'ਤੇ ਸ਼ਾਨਦਾਰ ਰੂਪ ਵਿੱਚ ਉਜਾਗਰ ਕੀਤਾ। ਘੱਟ ਗਿਣਤੀਆਂ ਦੇ ਰੱਖਿਅਕ ਅਤੇ ਸਮਾਜਿਕ ਸਮਾਨਤਾ ਦੇ ਪਹਿਰੇਦਾਰ ਟਰੂਡੋ ਨੇ ਜਿੱਥੇ ਕੈਨੇਡਾ ਦੇ ਮੂਲ ਵਸਨੀਕਾਂ ਦੇ ਸਭਿਆਚਾਰਕ ਵਿਕਾਸ ਦੇ ਪਰਿਪੇਖ ਵਿੱਚ ਅਹਿਮ ਭੂਮਿਕਾ ਨਿਭਾਈ, ਉੱਥੇ ਪ੍ਰਵਾਸੀਆਂ ਦੀ ਸਥਾਪਤੀ ਅਤੇ ਪਛਾਣ ਦੇ ਪ੍ਰਸੰਗ ਵਿੱਚ ਵੀ ਬੇਮਿਸਾਲ ਯੋਗਦਾਨ ਪਾਇਆ। ਪੀਅਰੇ ਇਲੀਅਟ ਟਰੂਡੋ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਸਿੱਖਾਂ ਦੀ ਬੇਮਿਸਾਲ ਸਹਾਇਤਾ ਦਾ ਹੀ ਇਹ ਨਤੀਜਾ ਹੈ ਕਿ ਅੱਜ ਸਿੱਖ ਭਾਈਚਾਰਾ ਟਰੂਡੋ ਦੇ ਵਡਮੁੱਲੇ ਮਾਪਦੰਡਾਂ ਨੂੰ ਆਪਣੇ ਵਿਕਾਸ ਲਈ ਚਾਨਣ ਮੁਨਾਰਾ ਮੰਨਦਾ ਹੈ।
'ਕੈਨੇਡੀਅਨ ਚਾਰਟਰ ਆਫ਼ ਰਾਈਟਸ' ਦੇ ਜਨਮਦਾਤਾ ਪੀਅਰੇ ਇਲੀਅਟ ਟਰੂਡੋ ਦਾ ਜਨਮ 18 ਅਕਤੂਬਰ 2919 ਈਸਵੀ ਨੂੰ ਪਿਤਾ ਚਾਰਸਲ ਟਰੂਡੋ ਦੇ ਘਰ, ਮਾਤਾ ਸਰੇਗ ਟਰੂਡੋ ਦੀ ਕੁੱਖੋਂ ਮੋਂਟਰੀਅਲ, ਕੈਨੇਡਾ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਅੰਦਰ ਦੁਨੀਆਂ ਦਾ ਮਹਾਨ ਵਿਅਕਤੀ ਬਣਨ ਦਾ ਬੇਹੱਦ ਚਾਅ ਤੇ ਦ੍ਰਿੜ੍ਹ ਵਿਸ਼ਵਾਸ ਮੌਜੂਦ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਪੀਅਰੇ ਟਰੂਡੋ ਨੇ ਅਣਥੱਕ ਮਿਹਨਤ ਕੀਤੀ ਤੇ ਤਾਲੀਮ ਦੇ ਚਿਰਾਗ ਤੋਂ ਪ੍ਰਕਾਸ਼ ਦੀਆਂ ਰਿਸ਼ਮਾਂ ਲੈ ਕੇ ਨਵੀਆਂ ਸੰਭਾਵਨਾਵਾਂ ਨੂੰ ਜਨਮ ਦਿੱਤਾ। ਪਹਿਲਾਂ ਤੋਂ ਬਣੀਆਂ ਪਗਡੰਡੀਆਂ ਦੇ ਪਾਂਧੀ ਬਣਨ ਦੀ ਥਾਂ ਬਿਖੜੇ ਪੈਂਡੇ ਤਹਿ ਕਰਕੇ, ਨਵੇਂ ਰਾਹ ਉਲੀਕਣ ਵਾਲੇ ਅਤੇ ਵਗਦੇ ਵਹਿਣਾਂ ਨਾਲ ਵਹਿ ਤੁਰਨ ਦੀ ਥਾਂ ਵਹਾਵਾਂ ਦੀ ਦਿਸ਼ਾ ਬਦਲਣ ਦੀ ਸਮਰੱਥਾ ਦੇ ਧਾਰਨੀ ਵਜੋਂ, ਉਹ ਹਮੇਸ਼ਾ ਇਨਕਲਾਬੀ ਨੌਜਵਾਨ ਦੇ ਰੂਪ ਵਿੱਚ ਉੱਭਰੇ । ਉਹਨਾਂ ਦੇ ਕਹੇ ਸ਼ਬਦ "ਮੈਂ ਇਰਾਦਾ ਬਣਾ ਲਿਆ ਹੈ ਕਿ ਸਦਾ ਧਾਰਾ ਦੇ ਉਲਟ ਹੀ ਤਰਾਂਗਾ " ਉਹਨਾਂ ਦੇ ਲੋਹ-ਪੁਰਖੀ ਕਿਰਦਾਰ ਦੀ ਗਵਾਹੀ ਭਰਦੇ ਹਨ।
ਨਿਰੰਤਰ ਘਾਲਣਾ, ਆਤਮ ਵਿਸ਼ਵਾਸ ਅਤੇ ਸਿਆਸੀ ਸੂਝਬੂਝ ਦੇ ਸਿੱਟੇ ਵਜੋਂ ਪੀਅਰੇ ਇਲੀਅਟ ਟਰੂਡੋ ਕੈਨੇਡਾ ਦੀ ਲਿਬਰਲ ਪਾਰਟੀ ਰਾਂਹੀ ਚੋਣਾਂ ਜਿੱਤਣ ਮਗਰੋਂ ਸੰਨ 1968 ਈਸਵੀ 'ਚ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਗਏ। 7 ਅਪ੍ਰੈਲ 1968 ਨੂੰ ਰਾਜਧਾਨੀ 'ਚੋਂ ਉਹਨਾਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਇਹ ਯਕੀਨ ਦੁਆਇਆ ਕਿ ਉਹ ਆਪਣੀ ਸੰਪੂਰਨ ਸ਼ਕਤੀ ਕੈਨੇਡਾ ਨੂੰ ਸੰਸਾਰ ਦਾ ਸਿਰਮੌਰ ਦੇਸ਼ ਬਣਾਉਣ 'ਚ ਲਾ ਦੇਣਗੇ। ਸੱਚਮੁੱਚ ਉਹ ਆਪਣੇ ਸ਼ਬਦਾਂ 'ਤੇ ਪੂਰੇ ਉਤਰੇ ਤੇ ਕੈਨੇਡਾ ਦੇ ਵਿਕਾਸ ਲਈ ਯੁੱਗ-ਪੁਰਸ਼ ਸਾਬਤ ਹੋਏ। ਉਹ ਸੰਨ 1979 ਤੱਕ ਲਗਾਤਾਰ ਗਿਆਰਾਂ ਸਾਲ ਅਤੇ ਮਗਰੋਂ 1980 ਤੋਂ 1984 ਤੱਕ ਚਾਰ ਵਰ੍ਹੇ ਹੋਰ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ। ਇਸ ਡੇਢ ਦਹਾਕੇ ਵਿੱਚ ਪੀਅਰੇ ਇਲੀਅਟ ਟਰੂਡੋ ਨੇ ਅਜੋਕੇ ਕੈਨੇਡੀਅਨ ਸੰਵਿਧਾਨ ਦੀ ਸਥਾਪਨਾ ਤੋਂ ਲੈ ਕੇ ਮਾਨਵੀ ਹੱਕਾਂ ਦੀ ਪੈਰਵੀ ਤੱਕ, ਮਹਾਨ ਪ੍ਰਸ਼ਾਸ਼ਕ ਵਜੋਂ ਲੰਮਾ ਪੈਂਡਾ ਬੇਹੱਦ ਕਾਮਯਾਬੀ ਨਾਲ ਤਹਿ ਕੀਤਾ।
ਮਹਾਨ ਸਿਆਸੀ ਆਗੂ ਤੋਂ ਇਲਾਵਾ ਟਰੂਡੋ ਇਕ ਸੱਚੇ-ਸੁੱਚੇ ਤੇ ਨੇਕ-ਦਿਲ ਇਨਸਾਨ ਵਜੋਂ ਵੀ ਬਹੁ-ਚਰਚਿਤ ਰਹੇ। ਉਹਨਾਂ ਕੈਨੇਡਾ ਦੇ ਮੁਖੀ ਦੇ ਅਹੁੱਦੇ 'ਤੇ ਬਿਰਾਜੇ ਹੋਇਆਂ ਵੀ ਇਸ ਰੁਤਬੇ ਨੂੰ ਆਪਣੀ ਸਾਦੀ ਪਰਿਵਾਰਕ ਜ਼ਿੰਦਗੀ ਤੋਂ ਅਲਹਿਦਾ ਰੱਖਿਆ। ਇਸ ਮਹਾਨਤਾ ਸਦਕਾ ਵੀ ਉਹ ਲੋਕਾਂ ਦੇ ਮਹਿਬੂਬ ਆਗੂ ਬਣੇ। ਅਜਿਹੀ ਹੀ ਇਕ ਮਿਸਾਲ ਹੈ ਕਿ ਪੀਅਰੇ ਇਲੀਅਟ ਟਰੂਡੋ ਇਕ ਵਾਰ ਆਪਣੇ ਪਰਿਵਾਰ ਸਮੇਤ ਕਿਸੇ ਸੈਰ-ਗਾਹ 'ਤੇ ਘੁੰਮਣ- ਫਿਰਨ ਗਏ। ਜਦੋਂ ਉਹ ਆਪਣੇ ਬੱਚਿਆ ਨਾਲ ਆਨੰਦ ਲੈ ਰਹੇ ਸਨ, ਤਾਂ ਅਚਾਨਕ ਸਥਾਨਕ ਕਰਮਚਾਰੀਆਂ ਨੂੰ ਪ੍ਰਧਾਨ ਮੰਤਰੀ ਦੀ ਆਮਦ ਦਾ ਪਤਾ ਲੱਗ ਗਿਆ। ਇਕਦਮ ਹਫੜਾ-ਦਫੜੀ ਮੱਚ ਗਈ ਤੇ ਟਰੂਡੋ ਦੇ ਨੇੜੇ- ਤੇੜੇ ਸੁਰੱਖਿਆ ਘੇਰਾ ਬਣਾ ਦਿੱਤਾ ਗਿਆ। ਅਜਿਹੇ ਪ੍ਰਬੰਧ ਬਾਰੇ ਜਦੋਂ ਟਰੂਡੋ ਨੂੰ ਪਤਾ ਲੱਗਿਆ, ਤਾਂ ਉਹਨਾਂ ਕਾਰਨ ਬੇ -ਵਜ੍ਹਾ ਹੀ ਹੋਰਨਾਂ ਸੈਲਾਨੀਆਂ ਨੂੰ ਆਈ ਸਮੱਸਿਆ ਲਈ ਟਰੂਡੋ ਨੇ ਬੁਰਾ ਮਨਾਇਆ। ਉਹਨਾਂ ਸੁਰੱਖਿਆ ਅਮਲੇ ਨੂੰ ਸਾਫ ਸ਼ਬਦਾਂ 'ਚ ਕਿਹਾ ਕਿ ਇਥੇ ਕੇਵਲ ਇਕ ਪਿਤਾ ਆਪਣੇ ਬੱਚਿਆਂ ਨਾਲ ਸੈਰ ਕਰਨ ਆਇਆ ਹੈ, ਜਿਸਨੂੰ ਆਪਣੇ ਵਰਗੇ ਹੋਰਨਾਂ ਨਾਗਰਿਕਾਂ ਤੋਂ ਕੋਈ ਖਤਰਾ ਨਹੀਂ। ਇੱਥੇ ਪ੍ਰਧਾਨ ਮੰਤਰੀ ਨਹੀਂ ਆਇਆ ਤੇ ਜੇਕਰ ਉਸਨੂੰ ਵੇਖਣਾ ਹੈ, ਤਾਂ ਜਾ ਕੇ ਪਾਰਲੀਮੈਂਟ ਹਿੱਲ 'ਤੇ ਵੇਖਣ।' ਆਪਣੀ ਪਦਵੀ ਨੂੰ ਨਿੱਜੀ ਜੀਵਨ ਤੋਂ ਵੱਖ ਕਰਕੇ, ਸਾਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਅਜਿਹੇ ਵਿਅਕਤੀ ਵਰਤਮਾਨ ਸਿਆਸਤ ਵਿੱਚ ਵਿਰਲੇ ਹੀ ਮਿਲਦੇ ਹਨ।
ਪੀਅਰੇ ਇਲੀਅਟ ਟਰੂਡੋ ਜਿੱਥੇ ਬੇਹੱਦ ਮਿਲਣਸਾਰ, ਹੱਸਮੁੱਖ ਅਤੇ ਮਜ਼ਾਹੀਆ ਸੁਭਾਅ ਵਾਲੇ ਇਨਸਾਨ ਸਨ, ਉੱਥੇ ਬੜੇ ਪ੍ਰੇਮ ਤੇ ਜਜ਼ਬੇ- ਭਰਪੂਰ ਦ੍ਰਿਸ਼ਟੀ ਦੇ ਮਾਲਕ ਵੀ ਸਨ। ਉਹ ਤਰਕ ਦੇ ਤਲਵਾਰੀਏ ਸਨ। ਵਿਰੋਧੀ ਵੀ ਉਹਨਾਂ ਦੀ ਦਲੀਲ ਤੋਂ ਪ੍ਰਭਾਵਿਤ ਹੁੰਦੇ। ਇਕ ਕੋਮਲ ਹਿਰਦੇ ਵਾਲੇ ਇਨਸਾਨ ਵਜੋਂ ਉਹਨਾਂ ਦੀ ਉਦਾਹਰਣ, ਨੌਜਵਾਨ ਪੁੱਤਰ ਮਿਸ਼ੈਲ ਟਰੂਡੋ ਦੇ ਸੰਨ 1998 ਈਸਵੀ 'ਚ ਬੀ.ਸੀ. ਦੀ ਕੋਕਨੀ ਲੇਕ 'ਚ ਸਕੇਟਿੰਗ ਕਰਦਿਆਂ ਡੁੱਬ ਜਾਣ ਮਗਰੋਂ , ਪੈਦਾ ਹੋਈ ਅਤਿ ਜਜ਼ਬਾਤੀ ਤੇ ਦੁੱਖਾਂਤਮਈ ਹਾਲਤ ਤੋਂ ਮਿਲਦੀ ਹੈ। ਉਹ ਆਪਣੀ ਪਤਨੀ ਸਮੇਤ ਬਹੁਤ ਸਮਾਂ ਝੀਲ ਦੇ ਡੂੰਘੇ ਵਾਹਣਾਂ ਵਿੱਚ ਪੁੱਤਰ ਨੂੰ ਖੋਜਦੇ ਰਹੇ ਤੇ ਵਿਚਾਰਵਾਨਾਂ ਅਨੁਸਾਰ ਇਹ ਦੁਖ ਟਰੂਡੋ ਲਈ ਗਹਿਰੇ ਸਦਮੇ ਦਾ ਕਾਰਨ ਬਣਿਆ। ਦੋ ਸਾਲ ਇਸ ਹਿਦਰੇਵੇਦਕ ਪੀੜਾਂ ਨੂੰ ਭੋਗਣ ਮਗਰੋਂ ਇਹ ਨੇਕ ਦਿਲ ਇਨਸਾਨ 28 ਸਤੰਬਰ 2000 ਨੂੰ ਸਦੀਵੀ ਵਿਛੋੜਾ ਦੇ ਗਿਆ। ਮਹਿਰੂਮ ਨੇਤਾ ਪੀਅਰੇ ਇਲੀਅਟ ਟਰੂਡੋ ਦੀ ਅੰਤਿਮ ਵਿਦਾਇਗੀ ਸਮੇਂ ਪਾਰਲੀਮੈਂਟ 'ਤੇ ਹਜ਼ਾਰਾਂ ਲੋਕਾਂ ਨੇ ਸੇਜਲ ਨੇਤਰਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਪੀਅਰੇ ਟਰੂਡੋ ਦੀ ਪੁੱਤਰ ਜਸਟਿਨ ਟਰੂਡੋ 4 ਨਵੰਬਰ 2015 ਨੂੰ ਲਿਬਰਲ ਪਾਰਟੀ ਵੱਲੋਂ ਕੈਨੇਡਾ ਦੀ ਪ੍ਰਧਾਨ ਮੰਤਰੀ ਬਣੇ ਤੇ ਹੁਣ ਵੀ ਇਸ ਅਹੁਦੇ ਲਈ ਮੁੜ ਮੈਦਾਨ ਵਿੱਚ ਹਨ। ਉਨ੍ਹਾਂ ਦੇ ਹੋਰਨਾਂ ਬੱਚਿਆਂ ਚ ਅਲੈਗਜੈਂਡਰ ਟਰੂਡੋ ਅਤੇ ਸਾਰਾਹ ਅਲਿਜ਼ਬੈਥ ਤੋਂ ਇਲਾਵਾ ਤੀਜੀ ਕੈਨੇਡਾ 'ਚ ਖੁਸ਼ਗਵਾਰ ਜ਼ਿੰਦਗੀ ਬਤੀਤ ਕਰ ਰਹੀ ਹੈ।
ਪੀਅਰੇ ਇਲੀਅਟ ਟਰੂਡੋ ਦੀ ਜਨਮ ਸ਼ਤਾਬਦੀ ਮੌਕੇ, ਉਨ੍ਹਾਂ ਵਲੋਂ ਕੈਨੇਡਾ ਵਸਦੇ ਪ੍ਰਵਾਸੀ ਭਾਈਚਾਰਿਆਂ ਲਈ ਕੀਤੀਆਂ ਅਣਥੱਕ ਸੇਵਾਵਾਂ ਤੇ 'ਚਾਰਟਰ ਆਫ ਰਾਇਟਸ' ਰਾਹੀਂ ਮਨੁੱਖੀ ਹੱਕਾਂ ਲਈ ਕੈਨੇਡਾ ਨੂੰ ਸੰਸਾਰ ਦੇ ਨਕਸ਼ੇ 'ਤੇ ਸਥਾਪਤ ਕਰਨ ਵਿੱਚ ਨਿਭਾਈ ਭੂਮਿਕਾ ਲਈ ਯਾਦ ਕੀਤਾ ਜਾਂਦਾ ਹੈ। ਸਾਬਕਾ ਪ੍ਰਧਾਨ ਮੰਤਰੀ ਦੀ ਜਨਮ ਸ਼ਤਾਬਦੀ ਮੌਕੇ ਕੈਨੇਡਾ ਦੀਆਂ ਵੱਖ- ਵੱਖ ਥਾਵਾਂ ਵਿੱਚ ਕੀਤੇ ਜਾ ਰਹੇ ਸਮਾਗਮ 'ਚ ਸਾਰੀਆਂ ਕਮਿਊਨਟੀਜ਼ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ।ਮਾਨਵੀ ਅਧਿਕਾਰਾਂ ਦੇ ਅਲੰਬਰਦਾਰ ਇਲੀਅਟ ਟਰੂਡੋ ਦੀ ਮਨੁੱਖੀ ਸੇਵਾ ਨੂੰ ਬਿਆਨ ਕਰਨ ਲਈ ਭਾਈ ਵੀਰ ਸਿੰਘ ਦੇ ਸ਼ਬਦ ਬੜੇ ਢੁੱਕਵੇਂ ਹਨ:
"ਦੁਨੀਆਂ ਦਾ ਦੁੱਖ ਦੇਖ ਦੇਖ, ਦਿਲ ਦਬਦਾ ਦਬਦਾ ਜਾਂਦਾ।
ਅੰਦਰਲਾ ਪੰਗਰ ਵਗ ਤੁਰਦਾ ਨੈਣੋਂ ਨੀਰ ਵਹਾਂਦਾ।
ਫਿਰ ਵੀ ਦਰਦ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ,
ਪਰ ਪੱਥਰ ਨਹੀਂ ਬਣਿਆਂ ਜਾਂਦਾ, ਦਰਦ ਦੇਖ ਦੁੱਖ ਆਂਦਾ"

ਡਾ.ਗੁਰਵਿੰਦਰ ਸਿੰਘ
ਪ੍ਰਧਾਨ, ਪ੍ਰੈਸ ਕਲੱਬ ਆਫ ਬੀ ਸੀ, ਕੈਨੇਡਾ
singhnews@gmail.com
+1-604-825-1550