ਅਰਥ ਸ਼ਾਸਤਰ ਦਾ ਨੋਬੇਲ ਇਨਾਮ : ਆਲੋਚਨਾਤਮਕ ਵਿਸ਼ਲੇਸ਼ਣ - ਪ੍ਰੋ. ਪ੍ਰੀਤਮ ਸਿੰਘ
ਇਸ ਵਰ੍ਹੇ ਦਾ ਅਰਥ ਸ਼ਾਸਤਰ ਦਾ ਨੋਬੇਲ ਇਨਾਮ ਮੈਸਾਚਿਉਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਅਭੀਜੀਤ ਬੈਨਰਜੀ ਤੇ ਐਸਥਰ ਡੁਫਲੋ ਅਤੇ ਹਾਰਵਰਡ ਯੂਨੀਵਰਸਿਟੀ ਦੇ ਮਾਈਕਲ ਕਰੇਮਰ ਨੂੰ ਮਿਲਣ ਉਤੇ ਖ਼ੁਸ਼ ਤਾਂ ਹੋਣਾ ਚਾਹੀਦਾ ਹੈ ਪਰ ਇਸ ਦੀ ਆਲੋਚਨਾਤਮਕ ਨਿਰਖ-ਪਰਖ ਵੀ ਜ਼ਰੂਰੀ ਹੈ।
ਪਹਿਲਾਂ, ਇਸ ਗੱਲ ਦੀ ਖ਼ੁਸ਼ੀ ਮਨਾਈ ਜਾਣੀ ਚਾਹੀਦੀ ਹੈ ਕਿ 1969 ਵਿਚ ਇਹ ਐਵਾਰਡ ਸ਼ੁਰੂ ਹੋਣ ਤੋਂ ਬਾਅਦ ਐਸਥਰ ਡੁਫਲੋ ਇਸ ਨੂੰ ਜਿੱਤਣ ਵਾਲੀ ਦੂਜੀ ਔਰਤ ਹੈ। ਅਰਥ ਸ਼ਾਸਤਰ ਦਾ ਨੋਬੇਲ ਜਿੱਤਣ ਵਾਲੀ ਪਹਿਲੀ ਔਰਤ ਐਲਿਨੋਰ ਓਸਟਰੋਮ ਸੀ, ਜੋ ਉਸ ਨੂੰ ਆਰਥਿਕ ਪ੍ਰਬੰਧਨ ਦੇ ਆਪਣੇ ਵਿਸ਼ਲੇਸ਼ਣ ਵਾਸਤੇ ਮਿਲਿਆ ਸੀ, ਖ਼ਾਸਕਰ ਸਾਂਝੇ ਵਾਤਾਵਰਨੀ ਵਸੀਲਿਆਂ ਨੂੰ ਸੰਭਾਲਣ ਲਈ, ਜਿਸ ਨਾਲ ਵਾਤਾਵਰਨੀ ਅਰਥ ਸ਼ਾਸਤਰ ਦਾ ਰੁਤਬਾ ਉੱਚਾ ਹੋਇਆ। ਐਸਥਰ ਡੁਫਲੋ ਇਸ ਇਨਾਮ ਦੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਜੇਤੂ ਵੀ ਹੈ ਤੇ ਇਸ ਸਾਲ ਦੇ ਕੁੱਲ 16 ਨੋਬੇਲ ਇਨਾਮ ਜੇਤੂਆਂ ਵਿਚੋਂ ਵੀ ਇਕੋ-ਇਕ ਔਰਤ। ਲਿੰਗ ਵਿਤਕਰਾ ਇਸ ਐਵਾਰਡ ਦੀ ਪੁਰਾਣੀ ਸਮੱਸਿਆ ਹੈ। ਦੁਨੀਆਂ ਦੀ ਹੁਣ ਤੱਕ ਦੀ ਸਭ ਤੋਂ ਨਾਮੀ ਔਰਤ ਅਰਥ ਸ਼ਾਸਤਰੀ, ਕੈਂਬਰਿਜ ਯੂਨੀਵਰਸਿਟੀ ਦੀ ਜੋਆਨ ਰੌਬਿਨਸਨ ਨੂੰ ਵਿਚਾਰਧਾਰਕ ਕਾਰਨਾਂ ਕਰ ਕੇ ਇਹ ਇਨਾਮ ਦਿੱਤਾ ਹੀ ਨਹੀਂ ਗਿਆ, ਹਾਲਾਂਕਿ ਨਾਮੁਕੰਮਲ ਮੁਕਾਬਲੇ ਸਬੰਧੀ ਉਸ ਦਾ ਕੰਮ ਪੂਰੀ ਤਰ੍ਹਾਂ ਮੁਕਾਬਲੇ ਵਾਲੇ ਬਾਜ਼ਾਰਾਂ ਬਾਰੇ ਧਾਰਨਾਵਾਂ ਨੂੰ ਤੋੜਨ ਪੱਖੋਂ ਮੋਹਰੀ ਸੀ।
ਵਿਕਾਸ ਅਰਥ ਸ਼ਾਸਤਰ ਪੜ੍ਹਾਉਂਦਿਆਂ ਇਹ ਮੇਰਾ ਤਜਰਬਾ ਰਿਹਾ ਹੈ ਕਿ ਜਦੋਂ ਵੀ ਮੈਂ ਅਰਥ ਸ਼ਾਸਤਰ ਸਿਧਾਂਤ ਤੇ ਨੀਤੀ ਵਿਚ ਲਿੰਗੀ ਵਿਤਕਰੇ ਦੇ ਵਿਸ਼ੇ ਉਤੇ ਪੜ੍ਹਾਇਆ ਤਾਂ ਜਮਾਤ ਵਿਚਲੀਆਂ ਵਿਦਿਆਰਥਣਾਂ (ਕੁੜੀਆਂ) ਨੇ ਇਸ ਨੂੰ ਬਹੁਤ ਪਸੰਦ ਕੀਤਾ ਅਤੇ ਪ੍ਰੇਰਿਤ ਵੀ ਮਹਿਸੂਸ ਕੀਤਾ। ਦੂਜੇ ਪਾਸੇ ਬਹੁਤੇ (ਸਾਰੇ ਨਹੀਂ) ਵਿਦਿਆਰਥੀਆਂ (ਮੁੰਡਿਆਂ) ਨੇ ਇਹ ਦੱਸੇ ਜਾਣ 'ਤੇ ਅਸਹਿਜ ਮਹਿਸੂਸ ਕੀਤਾ ਕਿ ਮੈਕਰੋ-ਇਕਨੌਮਿਕਸ (ਸਥੂਲ-ਅਰਥ ਸ਼ਾਸਤਰ) ਦਾ ਕੇਂਦਰੀ ਸਿਧਾਂਤ ਭਾਵ ਜੀਡੀਪੀ (ਕੁੱਲ ਘਰੇਲੂ ਪੈਦਾਵਾਰ) ਤੱਕ ਲਿੰਗੀ ਪੱਖ ਤੋਂ ਪੱਖਪਾਤੀ ਹੈ, ਕਿਉਂਕਿ ਇਹ ਸਿਰਫ਼ ਮੰਡੀਯੋਗ ਵਸਤਾਂ ਤੇ ਸੇਵਾਵਾਂ ਦੇ ਮਾਪ ਉੱਤੇ ਆਧਾਰਤ ਹੈ ਅਤੇ ਘਰ ਵਿਚ ਔਰਤਾਂ ਦੇ ਕੰਮ ਨੂੰ ਨਜ਼ਰਅੰਦਾਜ਼ ਕਰਦਾ ਹੈ।
ਐਸਥਰ ਡੁਫਲੋ ਨੇ ਅਰਥ ਸ਼ਾਸਤਰ ਦੇ ਲਿੰਗੀ ਘੇਰੇ ਬਾਰੇ ਚੰਗੀ ਤਰ੍ਹਾਂ ਵਾਕਫ਼ ਹੋਣ ਕਾਰਨ ਐਵਾਰਡ ਜਿੱਤਣ ਤੋਂ ਬਾਅਦ ਠੀਕ ਹੀ ਆਖਿਆ ਕਿ 'ਜ਼ਾਹਰ ਹੋ ਗਿਆ ਹੈ ਕਿ ਅਰਥ ਸ਼ਾਸਤਰ ਵਿਚ ਔਰਤ ਲਈ ਨਾ ਸਿਰਫ਼ ਸਫਲ ਹੋਣਾ ਸੰਭਵ ਹੈ, ਸਗੋਂ ਇਸ ਸਫਲਤਾ ਦੀ ਮਾਨਤਾ ਪਾਉਣਾ ਵੀ। ਮੈਨੂੰ ਉਮੀਦ ਹੈ ਕਿ ਇਸ ਨਾਲ ਹੋਰ ਅਨੇਕਾਂ ਲੋਕਾਂ ਨੂੰ ਵੀ ਪ੍ਰੇਰਨਾ ਮਿਲੇਗੀ, ਬਹੁਤ ਸਾਰੀਆਂ ਔਰਤਾਂ ਨੂੰ ਕੰਮ ਜਾਰੀ ਰੱਖਣ ਦੀ ਪ੍ਰੇਰਨਾ ਅਤੇ ਬਹੁਤ ਸਾਰੇ ਮਰਦਾਂ ਨੂੰ ਇਹ ਪ੍ਰੇਰਨਾ ਕਿ ਉਹ ਉਨ੍ਹਾਂ (ਔਰਤਾਂ) ਨੂੰ ਉਹ ਇੱਜ਼ਤ ਦੇਣ, ਜਿਸ ਦੀਆਂ ਉਹ ਕਿਸੇ ਵੀ ਹੋਰ ਇਨਸਾਨ ਵਾਂਗ ਹੱਕਦਾਰ ਹਨ।''
ਦੂਜਾ, ਇਸ ਕਾਰਨ ਵੀ ਖ਼ੁਸ਼ੀ ਮਨਾਈ ਜਾਣੀ ਹੈ, ਕਿਉਂਕਿ ਐਸਥਰ ਡੁਫਲੋ ਦਾ ਪਤੀ ਅਤੇ ਉਸ ਦਾ ਪੀਐਚਡੀ ਸੁਪਰਵਾਈਜ਼ਰ ਅਭੀਜੀਤ ਬੈਨਰਜੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦਾ ਸਾਬਕਾ ਵਿਦਿਆਰਥੀ ਹੈ। ਬਿਨਾਂ ਸ਼ੱਕ ਜੇਐਨਯੂ ਭਾਰਤ ਦੀ ਬਿਹਤਰੀਨ ਯੂਨੀਵਰਸਿਟੀ ਹੈ ਤੇ ਇਹ ਵਿਕਾਸਸ਼ੀਲ ਸੰਸਾਰ ਦੀਆਂ ਵੀ ਬਿਹਤਰੀਨ ਯੂਨੀਵਰਸਿਟੀਆਂ ਵਿਚ ਸ਼ੁਮਾਰ ਹੈ। ਪਿਛਲੇ ਕਈ ਸਾਲਾਂ ਤੋਂ ਇਸ ਯੂਨੀਵਰਸਿਟੀ ਦੀ ਫੈਕਲਟੀ ਤੇ ਵਿਦਿਆਰਥੀ ਸ਼ਾਤਿਰ ਹਮਲਿਆਂ ਦਾ ਸ਼ਿਕਾਰ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਅਫ਼ਸੋਸਨਾਕ ਢੰਗ ਨਾਲ ਆਪਣੇ ਹੀ ਮੁਲਕ ਦੀ ਸਰਕਾਰ ਦੇ ਹਮਲੇ ਵੀ ਝੱਲਣੇ ਪੈ ਰਹੇ ਹਨ। ਉਮੀਦ ਹੈ ਕਿ ਇਸ ਇਨਾਮ ਨਾਲ ਭਾਰਤ ਵਿਚ ਉਚੇਰੀ ਸਿੱਖਿਆ ਦੇ ਕਰਤਿਆਂ-ਧਰਤਿਆਂ ਨੂੰ ਇਸ ਯੂਨੀਵਰਸਿਟੀ 'ਤੇ ਮਾਣ ਮਹਿਸੂਸ ਹੋਵੇਗਾ ਤੇ ਉਹ ਇਸ ਦੇ ਅਕਾਦਮਿਕ ਵਸੀਲਿਆਂ ਭਾਵ ਫੈਕਲਟੀ ਤੇ ਵਿਦਿਆਰਥੀਆਂ ਦੀ ਕਦਰ ਕਰਨਗੇ।
ਤੀਜਾ, ਇਨਾਮ ਦੀ ਇਸ ਕਾਰਨ ਵੀ ਖ਼ੁਸ਼ੀ ਮਨਾਈ ਜਾਣੀ ਚਾਹੀਦੀ ਹੈ ਕਿ ਇਸ ਨੇ ਵਿਕਾਸ ਅਰਥ ਸ਼ਾਸਤਰ ਦੇ ਖੇਤਰ ਨੂੰ ਸਨਮਾਨਿਆ ਹੈ ਤੇ ਗ਼ਰੀਬੀ ਦੇ ਖ਼ਾਤਮੇ ਸਬੰਧੀ ਆਲਮੀ ਚੁਣੌਤੀ ਵੱਲ ਧਿਆਨ ਖਿੱਚਿਆ ਹੈ, ਕਿਉਂਕਿ ਇਸ ਚੁਣੌਤੀ ਨੇ ਲਗਾਤਾਰ ਕਰੋੜਾਂ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਦੁਨੀਆਂ ਭਰ ਵਿਚ 70 ਕਰੋੜ ਤੋਂ ਵੱਧ ਲੋਕ ਭਾਰੀ ਗ਼ੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਉਹ ਵੀ ਉਦੋਂ, ਜਦੋਂ ਅਸੀਂ ਸੰਸਾਰ ਬੈਂਕ ਦੀ ਪ੍ਰੀਭਾਸ਼ਾ ਨੂੰ ਮੰਨਦੇ ਹਾਂ, ਜਿਸ ਮੁਤਾਬਕ 1.90 ਡਾਲਰ (ਕਰੀਬ 135 ਰੁਪਏ) ਰੋਜ਼ਾਨਾ ਤੋਂ ਘੱਟ 'ਤੇ ਗੁਜ਼ਾਰਾ ਕਰਨ ਵਾਲਾ ਗ਼ਰੀਬ ਮੰਨਿਆ ਜਾਂਦਾ ਹੈ, ਹਾਲਾਂਕਿ ਇਸ ਪ੍ਰੀਭਾਸ਼ਾ 'ਤੇ ਕਾਫ਼ੀ ਸਵਾਲ ਉਠਦੇ ਹਨ। ਇਸ ਤੋਂ ਇਲਾਵਾ ਹੋਰ ਕਰੋੜਾਂ ਲੋਕ ਇਸ ਗ਼ਰੀਬੀ ਲਕੀਰ ਤੋਂ ਰਤਾ ਕੁ ਉੱਚਾ ਜੀਵਨ ਜਿਉਂ ਰਹੇ ਹਨ, ਜਿਨ੍ਹਾਂ ਨੂੰ 'ਨਾਜ਼ੁਕ ਹਾਲਤ ਵਾਲੇ ਗ਼ਰੀਬ' ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ। ਤਿੰਨਾਂ ਵਿਚੋਂ ਇਕ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਅਤੇ ਵਿਕਾਸਸ਼ੀਲ ਮੁਲਕਾਂ ਵਿਚ ਬਹੁਤੇ ਬੱਚੇ ਪੜ੍ਹਨ, ਲਿਖਣ ਤੇ ਗਣਿਤ ਦਾ ਮੁੱਢਲਾ ਗਿਆਨ ਹਾਸਲ ਕੀਤੇ ਬਿਨਾਂ ਹੀ ਸਕੂਲ ਛੱਡ ਜਾਂਦੇ ਹਨ।
ਅਭੀਜੀਤ ਬੈਨਰਜੀ ਤੇ ਐਸਥਰ ਡੁਫਲੋ ਨੇ ਭਾਰਤ 'ਤੇ ਕੰਮ ਕੀਤਾ ਹੈ, ਜਦੋਂਕਿ ਮਾਈਕਲ ਕਰੇਮਰ ਨੇ ਅਫ਼ਰੀਕਾ ਖ਼ਾਸਕਰ ਕੀਨੀਆ 'ਤੇ। ਇਹ ਇਨਾਮ ਉਨ੍ਹਾਂ ਦੇ ਕੰਮ ਲਈ ਹੋਰ ਰਾਹ ਖੋਲ੍ਹੇਗਾ, ਪਰ ਨਾਲ ਹੀ ਇਹ ਉਨ੍ਹਾਂ ਦੀ ਤਿੱਖੀ ਨਿਰਖ-ਪਰਖ ਦਾ ਰਾਹ ਵੀ, ਜਿਹੜੀ ਉਨ੍ਹਾਂ ਦੇ ਮਾਮਲੇ ਵਿਚ ਐਨੀ ਪਹਿਲਾਂ ਨਹੀਂ ਸੀ ਹੁੰਦੀ। ਜਿਉਂ ਹੀ ਉਨ੍ਹਾਂ ਦੀ ਕਿਤਾਬ 'ਪੂਅਰ ਇਕਨੌਮਿਕਸ : ਏ ਰੈਡੀਕਲ ਥਿੰਕਿੰਗ ਔਫ਼ ਦਿ ਵੇਅ ਟੂ ਫਾਈਟ ਗਲੋਬਲ ਪੌਵਰਟੀ' (ਗ਼ਰੀਬੀ ਦਾ ਅਰਥ ਸ਼ਾਸਤਰ : ਆਲਮੀ ਗ਼ਰੀਬੀ ਦੇ ਟਾਕਰੇ ਦੇ ਤਰੀਕੇ ਪ੍ਰਤੀ ਰੈਡੀਕਲ ਸੋਚ) ਆਈ ਤਾਂ ਮੈਂ ਖ਼ਰੀਦ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹ ਇੰਨੀ ਦਿਲਚਸਪ ਹੈ ਕਿ ਮੈਂ ਇਸ ਨੂੰ ਪੂਰੀ ਪੜ੍ਹੇ ਬਿਨਾਂ ਨਾ ਛੱਡ ਸਕਿਆ। ਅਖ਼ੀਰ 'ਤੇ ਮੈਂ ਉਨ੍ਹਾਂ ਦੇ ਅੰਦਾਜ਼ ਤੋਂ ਪ੍ਰਭਾਵਿਤ ਮਹਿਸੂਸ ਕੀਤਾ, ਪਰ ਉਨ੍ਹਾਂ ਦੀਆਂ ਦਲੀਲਾਂ ਨਾਲ ਨਾ ਸਹਿਮਤ ਹੋ ਸਕਿਆ।
ਉਨ੍ਹਾਂ ਦੀ ਵਿਧੀਆਤਮਕ ਨਜ਼ਰੀਏ ਤੋਂ ਸਭ ਤੋਂ ਵੱਡੀ ਆਲੋਚਨਾ ਇਹ ਹੈ ਕਿ ਉਨ੍ਹਾਂ ਦੀ ਪਹੁੰਚ ਗ਼ਰੀਬੀ ਤੇ ਗ਼ਰੀਬੀ ਦੇ ਕਾਰਨਾਂ ਨੂੰ ਅਤੇ ਗ਼ਰੀਬੀ 'ਚੋਂ ਬਾਹਰ ਨਿਕਲਣ ਦੇ ਤਰੀਕਿਆਂ ਨੂੰ ਵਿਅਕਤੀਗਤ ਬਣਾਉਂਦੀ ਹੈ। ਉਨ੍ਹਾਂ ਦਾ ਰੈਂਡਮਾਈਜ਼ਡ ਕੰਟਰੋਲ ਟਰਾਇਲਜ਼ (ਆਰਟੀਸੀਜ਼) ਤਰੀਕਾ ਕਿਉਂਕਿ ਕਲੀਨਿਕਲ ਮੈਡੀਸਨ ਤੋਂ ਲਿਆ ਗਿਆ ਹੈ, ਇਸ ਕਾਰਨ ਇਸ ਤਰੀਕੇ ਤੋਂ ਹੋਣ ਵਾਲੀ ਸਮੱਸਿਆ ਦੀ ਵਿਆਖਿਆ ਲਈ ਉਸੇ ਖੇਤਰ ਤੋਂ ਮਿਸਾਲ ਦਿੱਤੀ ਜਾ ਸਕਦੀ ਹੈ। ਕੋਈ ਡਾਕਟਰ ਕਿਸੇ ਬਿਮਾਰੀ (ਜਿਵੇਂ ਮੋਟਾਪਾ) ਪ੍ਰਤੀ ਵਿਅਕਤੀਗਤ ਪਹੁੰਚ ਅਪਣਾ ਕੇ ਮਰੀਜ਼ ਨੂੰ ਦਵਾਈਆਂ ਦੇ ਸਕਦਾ ਹੈ, ਜਿਸ ਨਾਲ ਉਸ ਨੂੰ ਆਰਜ਼ੀ ਰਾਹਤ ਮਿਲ ਸਕਦੀ ਹੈ। ਪਰ ਜੇ ਇਹ ਬਿਮਾਰੀ ਵੱਡੇ ਪੱਧਰ 'ਤੇ ਫੈਲ ਜਾਵੇ, ਤਾਂ ਵੀ ਡਾਕਟਰੀ ਖੇਤਰ ਵੱਲੋਂ ਮੋਟਾਪੇ ਦਾ ਕਾਰਨ ਬਣਦੀਆਂ ਆਮ ਸਮਾਜਿਕ ਹਾਲਤਾਂ, ਜਿਵੇਂ ਖਾਣ-ਪੀਣ, ਕੰਮ ਤੇ ਰੁਜ਼ਗਾਰ ਦੀ ਕਿਸਮ ਅਤੇ ਖ਼ੁਰਾਕੀ ਵਸਤਾਂ ਦੀ ਮਾਰਕੀਟਿੰਗ ਆਦਿ ਵੱਲ ਜੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਇਹ ਉਸ ਖੇਤਰ ਦੀ ਕਮਜ਼ੋਰੀ ਮੰਨੀ ਜਾਵੇਗੀ। ਜਿਵੇਂ ਕਿ ਅਸੀਂ ਸਮੁੱਚੇ ਤੌਰ 'ਤੇ ਮੋਟਾਪੇ ਲਈ ਸਾਰੇ ਦਾ ਸਾਰਾ ਕਿਸੇ ਇਕ ਮੋਟੇ ਬੰਦੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਉਵੇਂ ਹੀ ਕਿਸੇ ਗ਼ਰੀਬ ਨੂੰ ਉਸ ਦੀ ਗ਼ਰੀਬੀ ਲਈ ਜ਼ਿੰਮੇਵਾਰ ਦੱਸਣਾ ਬੌਧਿਕ ਅਤੇ ਨੈਤਿਕ ਤੌਰ 'ਤੇ ਗ਼ਲਤ ਗੱਲ ਹੈ। ਆਰਸੀਟੀ ਤਰੀਕੇ ਦਾ ਖ਼ਿਆਲ ਹੈ ਕਿ ਗ਼ਰੀਬ ਬੰਦੇ ਨੂੰ ਜਿਹੜੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਉਨ੍ਹਾਂ ਨਾਲ ਸਿੱਝਣ ਦੇ ਉਸ ਦੇ ਮੌਜੂਦਾ ਢੰਗ-ਤਰੀਕੇ ਵਿਚ ਛੋਟੀਆਂ-ਛੋਟੀਆਂ ਤਬਦੀਲੀਆਂ (ਜਿਨ੍ਹਾਂ ਨੂੰ 'ਦਖ਼ਲ' ਆਖਿਆ ਗਿਆ ਹੈ) ਦੀ ਲੋੜ ਹੁੰਦੀ ਹੈ ਅਤੇ ਸਵਾਲ ਸਿਰਫ਼ ਇਹ ਦੇਖਣ ਦਾ ਹੁੰਦਾ ਹੈ ਕਿ ਆਖ਼ਰ ਕਿਹੜੀਆਂ ਛੋਟੀਆਂ ਤਬਦੀਲੀਆਂ ਕਾਰਗਰ ਹੋਣਗੀਆਂ। ਇਸ ਤਰ੍ਹਾਂ ਇਹ ਤਰੀਕਾ 'ਕੀ ਕਾਰਗਰ ਹੋਵੇਗਾ' ਦੀ ਹੀ ਖ਼ੁਸ਼ੀ ਮਨਾਉਂਦਾ ਹੈ ਅਤੇ ਇਸ ਤਰ੍ਹਾਂ ਬਹੁਤ ਹੀ ਅਮਲੀ, ਨਾ ਕਿ ਸਿਧਾਂਤਕ ਹੋਣ ਦਾ ਝੂਠਾ ਪ੍ਰਭਾਵ ਦਿੰਦਾ ਹੈ।
ਇਸ ਤੋਂ ਵੀ ਵੱਡੀ ਵਿਧੀਆਤਮਕ ਸਮੱਸਿਆ ਉਦੋਂ ੳੱਭਰਦੀ ਹੈ, ਜਦੋਂ ਸੁਝਾਏ ਗਏ ਦਖ਼ਲ ਨੂੰ 'ਵਧਾਇਆ' ਜਾਂਦਾ ਹੈ, ਭਾਵ ਵੱਖੋ-ਵੱਖ ਸੰਦਰਭਾਂ ਨੂੰ ਵਿਚਾਰੇ ਬਿਨਾਂ ਵਿਆਪਕ ਕੀਤਾ ਜਾਂਦਾ ਹੈ। ਗ਼ਰੀਬੀ ਦੇ ਸਥੂਲ ਘੇਰੇ, ਜਿਵੇਂ ਜਾਇਦਾਦ ਸਬੰਧਾਂ ਦੀ ਬਣਤਰ, ਆਮਦਨ ਦੀ ਵੰਡ ਦਾ ਸਰੂਪ, ਮਾਲਕਾਂ ਤੇ ਮੁਲਾਜ਼ਮਾਂ ਦਰਮਿਆਨ ਸੌਦੇਬਾਜ਼ੀ ਦੀਆਂ ਨਾਬਰਾਬਰ ਤਾਕਤਾਂ ਅਤੇ ਪੁਰਸ਼-ਪ੍ਰਧਾਨੀ ਰਿਸ਼ਤਿਆਂ ਦਾ ਸੁਭਾਅ, ਜਾਤ ਸਬੰਧਾਂ ਦੀ ਲੜੀ ਅਤੇ ਬਹੁਗਿਣਤੀ-ਘੱਟਗਿਣਤੀ ਪਛਾਣ ਦੇ ਮੁੱਦਿਆਂ ਨੂੰ ਮਹਿਜ਼ 'ਉਲਝਾਵੇਂ' ਕਾਰਕ ਮੰਨ ਕੇ ਲਾਂਭੇ ਕਰ ਦਿੱਤਾ ਜਾਂਦਾ ਹੈ।
ਆਰਸੀਟੀ ਪਹੁੰਚ ਦਾ ਇਕ ਹੋਰ ਗੰਭੀਰ ਵਿਧੀਆਤਮਕ ਨੁਕਸ ਗ਼ਰੀਬੀ ਦੇ ਐਥਨੋਗ੍ਰਾਫਿਕ (ਮਾਨਵ ਜਾਤੀ ਵਿਗਿਆਨ ਸਬੰਧੀ) ਅਧਿਐਨਾਂ ਵਿਚ ਦਿਖਾਇਆ ਗਿਆ ਹੈ ਕਿ ਗਿਣਨਾਤਮਕ ਤਰੀਕਿਆਂ ਨੂੰ ਦਿੱਤੀ ਗਈ ਹੱਦੋਂ ਵੱਧ ਤਵੱਜੋ ਨੇ ਇਸ ਨੂੰ ਗੁਣਾਤਮਕ ਨਜ਼ਰੀਏ ਤੋਂ ਮਹਿਰੂਮ ਕਰ ਦਿੱਤਾ ਹੈ। ਇਸ ਨੁਕਸ ਨੂੰ ਇਹ ਗੱਲ ਤਸਲੀਮ ਕਰਦਿਆਂ ਮਾਨਤਾ ਵੀ ਦਿੱਤੀ ਗਈ ਹੈ ਕਿ ਮਿਲੀਜੁਲੀ ਪਹੁੰਚ ਬਿਹਤਰ ਹੋ ਸਕਦੀ ਹੈ, ਪਰ ਤਾਂ ਵੀ ਇਹ ਪਹੁੰਚ ਮੂਲ ਰੂਪ ਵਿਚ ਗੁਣਾਤਮਕ ਤਰੀਕਿਆਂ ਦੀ ਵਿਰੋਧੀ ਬਣੀ ਰਹਿੰਦੀ ਹੈ। ਇਕੌਨਮੀਟ੍ਰੀਸ਼ੀਅਨਾਂ (ਅੰਕੜਿਆਂ ਤੇ ਗਣਿਤ ਆਧਾਰਤ ਅਰਥ ਸ਼ਾਸਤਰੀ) ਨੇ ਆਰਸੀਟੀ ਪਹੁੰਚ 'ਤੇ ਉਲਟੇ ਪੱਖ ਤੋਂ ਵਾਰ ਕੀਤਾ ਹੈ, ਭਾਵ ਚੁਣੇ ਗਏ ਦਖ਼ਲਾਂ ਦੀ ਪ੍ਰਭਾਵਕਤਾ ਦਾ ਪਤਾ ਲਾਉਣ ਲਈ ਨਮੂਨਿਆਂ ਦੀ ਚੋਣ ਵਿਚ ਪਛਾਣ ਦੀ ਸਮੱਸਿਆ ਪੱਖੋਂ। ਇਖ਼ਲਾਕੀ ਫਿਲਾਸਫਰਾਂ ਨੇ ਅਜ਼ਮਾਇਸ਼ਾਂ ਲਈ ਤੀਜੀ ਦੁਨੀਆਂ ਦੇ ਸਭ ਤੋਂ ਗ਼ਰੀਬ ਲੋਕਾਂ ਨੂੰ ਵਰਤੇ ਜਾਣ 'ਤੇ ਨੈਤਿਕਤਾ ਦੇ ਸਵਾਲ ਉਠਾਏ ਹਨ।
ਇਸ ਪਹੁੰਚ ਦੇ ਸਿਆਸਤਦਾਨਾਂ, ਸਹਾਇਤਾ ਏਜੰਸੀਆਂ ਅਤੇ ਆਲਮੀ ਨੀਤੀ ਘਾੜਿਆਂ ਵਿਚ ਮਕਬੂਲ ਹੋਣ ਦਾ ਕਾਰਨ ਇਹ ਹੈ ਕਿ ਉਹ ਗ਼ਰੀਬੀ ਦੇ ਢਾਂਚਾਗਤ ਕਾਰਨਾਂ ਅਤੇ ਵਿਆਪਕ ਗ਼ਰੀਬੀ ਨਾਲ ਸਿੱਝਣ ਲਈ ਲੋੜੀਂਦੀਆਂ ਇਨਕਲਾਬੀ ਤਬਦੀਲੀਆਂ ਵਿਚ ਖ਼ੁਦ ਨੂੰ ਉਲਝਾਉਣ ਦੀ ਥਾਂ ਆਪਣੇ ਵਿਸ਼ੇਸ਼ ਦਖ਼ਲਾਂ ਦੇ ਫ਼ੌਰੀ ਨਤੀਜੇ ਦੇਖਣੇ ਚਾਹੁੰਦੇ ਹਨ।
'ਵਿਜ਼ੀਟਿੰਗ ਸਕੌਲਰ, ਵੁਲਫ਼ਸਨ ਕਾਲਜ,
ਆਕਸਫੋਰਡ ਯੂਨੀਵਰਸਿਟੀ, ਯੂਕੇ