ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
21 Oct. 2019
ਮੋਦੀ ਨੂੰ ਅਰਥਚਾਰੇ ਦੀ ਕੋਈ ਸਮਝ ਨਹੀਂ- ਰਾਹੁਲ ਗਾਂਧੀ
ਉਹਦੇ ਨਾਲ ਕੀ ਬੋਲਣਾ ਜਿਹਨੂੰ ਪੱਗ ਬੰਨ੍ਹਣੀਂ ਨਾ ਆਵੇ।
ਕ੍ਰਿਕਟਰ ਭੱਜੀ ਨੇ ਮੋਦੀ ਅਤੇ ਅਮਿਤ ਸ਼ਾਹ ਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ- ਇਕ ਖ਼ਬਰ
ਕਰ ਮੁੰਡਿਆ ਤਿਆਰੀਆਂ ਤੂੰ ਵੀ ਗੋਲ਼ ਬਿਲਡਿੰਗ 'ਚ ਬੈਠਣ ਦੀਆਂ।
ਆਰਥਕ ਘਾਟੇ ਦੇ ਕਾਰਨਾਂ ਲਈ ਪਿਛੋਕੜ 'ਤੇ ਝਾਤ ਜ਼ਰੂਰੀ- ਸੀਤਾਰਮਨ
ਢਾਬ ਤੇਰੀ ਦਾ ਗੰਧਲਾ ਪਾਣੀ, ਉੱਤੋਂ ਬੂਰ ਹਟਾਵਾਂ।
ਭਾਜਪਾ ਦੀ 'ਨਸ਼ੇ ਦੇ ਵਪਾਰੀ ਅਕਾਲੀਆਂ' ਨਾਲ ਪੁੱਗਣੀ ਔਖੀ: ਖੱਟਰ ਦੀ ਦੋ ਟੁੱਕ- ਇਕ ਖ਼ਬਰ
ਤੇਰੇ ਨਾਲ਼ ਨਹੀਂ ਨਿਭਣੀ, ਕਰ ਲੈ ਮੋੜ ਮੁੜਾਈਆਂ।
ਸੁਖਬੀਰ ਬਾਦਲ ਨੇ ਸਜ਼ਾ ਯਾਫ਼ਤਾ ਪੁਲਿਸ ਅਫ਼ਸਰਾਂ ਦੀ ਸਜ਼ਾ ਮੁਆਫ਼ੀ ਦਾ ਕੀਤਾ ਵਿਰੋਧ- ਇਕ ਖ਼ਬਰ
ਜਦੋਂ ਤੁਹਾਡੇ ਬਾਪੂ ਜੀ ਉਹਨਾਂ ਦੇ ਕੇਸ ਸਰਕਾਰੀ ਖ਼ਰਚੇ 'ਤੇ ਲੜਦੇ ਸੀ, ਉਦੋਂ ਕਿਉਂ ਨਾ ਬੋਲੇ?
ਦੋ ਭਾਰਤੀ ਆਰਥਕ ਮਾਹਰਾਂ ਨੂੰ ਨੋਬਲ ਸਨਮਾਨ ਪਰ ਭਾਰਤ ਸਰਕਾਰ ਖ਼ੁਸ਼ ਨਹੀਂ- ਇਕ ਖ਼ਬਰ
ਅੱਗੇ ਬੀਬੀ ਟੱਪਣੀ, ਪਿੱਛੇ ਢੋਲਾਂ ਦੀ ਘੜਮੱਸ।
ਰੌਲ਼ਾ ਗੁਰਬਾਣੀ ਦੇ ਪ੍ਰਸਾਰਨ ਦਾ ਤੇ ਪੀ.ਟੀ.ਸੀ. ਨੇ ਦਿਖਾਈ ਅਕਾਲੀਆਂ ਦੀ ਦਾਖਾ ਰੈਲੀ- ਇਕ ਖ਼ਬਰ
ਹੋਕਾ ਵੰਙਾਂ ਦਾ ਤੇ ਕੱਢ ਦਿਖਾਇਆ ਚੱਕੀਰਾਹਾ।
ਮਨਪ੍ਰੀਤ ਬਾਦਲ ਦਾ ਖ਼ਜ਼ਾਨਾ ਅਫ਼ਸਰਾਂ ਲਈ ਭਰਿਆ ਪਰ ਮੁਲਾਜ਼ਮਾਂ ਲਈ ਖ਼ਾਲੀ- ਇਕ ਖ਼ਬਰ
ਐਰ ਗ਼ੈਰ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।
ਪ੍ਰਕਾਸ਼ ਪੁਰਬ: ਮੁੱਖ ਮੰਤਰੀ ਨੇ ਸਮੁੱਚੇ ਫ਼ੈਸਲੇ ਅਕਾਲ ਤਖ਼ਤ 'ਤੇ ਛੱਡੇ- ਇਕ ਖ਼ਬਰ
ਤੇਰੇ ਅੱਗੇ ਥਾਨ ਸੁੱਟਿਆ, ਚਾਹੇ ਸੁੱਥਣ ਸੰਵਾ ਲੈ ਚਾਹੇ ਲਹਿੰਗਾ।
ਹਲਕਾ ਦਾਖਾ 'ਚ ਚੋਣ ਪ੍ਰਚਾਰ ਸਮੇਂ ਮੁੱਖ ਮੰਤਰੀ 'ਤੇ ਲੋਕਾਂ ਨੇ ਫੁੱਲ ਬਰਸਾਏ- ਇਕ ਖ਼ਬਰ
ਇਹ ਫੁੱਲ ਹੀ ਫਿਰ ਕੰਡੇ ਬਣ ਕੇ ਲੋਕਾਂ ਦੇ ਚੁੱਭਦੇ ਆ ਪਰ ਮਾਨਸਿਕ ਗੁਲਾਮੀ..।
ਬੱਚਿਆਂ ਨੂੰ ਪੇਟ ਭਰ ਰੋਟੀ ਦੇਣ ਦੇ ਮਾਮਲੇ 'ਚ ਭਾਰਤ ਪਾਕਿਸਤਾਨ ਨਾਲ਼ੋਂ ਵੀ ਪਛੜਿਆ-ਗਲੋਬਲ ਹੰਗਰ ਇੰਡੈਕਸ
ਹੋਰ ਅੱਛੇ ਦਿਨ ਕਿਸ ਤਰ੍ਹਾਂ ਦੇ ਹੁੰਦੇ ਐ!
ਬਾਗ਼ੀ ਵਿਧਾਇਕ ਮਾਸਟਰ ਬਲਦੇਵ ਸਿੰਘ ਮੁੜ 'ਆਪ' ਦੇ ਹੋਏ- ਇਕ ਖ਼ਬਰ
ਘਰ ਦੇ ਬੁ-ਘਰ ਨੂੰ ਆਏ।
ਭਾਜਪਾ ਹਰਿਆਣਾ ਚੋਣਾਂ ਜਿੱਤਦੀ ਹੈ ਤਾਂ ਮੈਨੂੰ ਖੁਸ਼ੀ ਹੋਵੇਗੀ-ਸੁਖਬੀਰ ਬਾਦਲ
ਯਾਰ! ਤੇਰਾ ਕੋਈ ਨਹੀਂ ਪਤਾ ਲਗਦਾ ਤੂੰ ਕਿਹੜੇ ਪਾਸੇ ਐਂ।
ਅਰਥਚਾਰੇ ਬਾਰੇ ਮੋਦੀ ਸਰਕਾਰ ਨੇ ਪੰਜ ਸਾਲ ਕੀ ਕੀਤਾ?- ਮਨਮੋਹਨ ਸਿੰਘ
ਮਿੱਟੀ ਨਾ ਫਰੋਲ ਜੋਗੀਆ, ਨਹੀਂ ਲੱਭਣੇ ਲਾਲ ਗੁਆਚੇ।
ਨਿਵੇਸ਼ ਲਈ ਭਾਰਤ ਤੋਂ ਚੰਗੀ ਹੋਰ ਕੋਈ ਥਾਂ ਨਹੀਂ-ਸੀਤਾਰਮਨ
ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।