ਕਿੱਧਰ ਨੂੰ ਜਾ ਰਹੀ ਹੈ ਸਿੱਖ ਰਾਜਨੀਤੀ - ਬਘੇਲ ਸਿੰਘ ਧਾਲੀਵਾਲ

ਦੇਸ਼ ਦੀ ਅਜਾਦੀ ਦੇ ਸਮੇ ਤੋ ਹੀ ਸਿੱਖ ਰਾਜਨੀਤੀ ਕੇਂਦਰ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ।ਕਦੇ ਕਾਂਗਰਸ,ਕਦੇ ਜਨਸੰਘ ਤੇ ਕਦੇ ਭਾਰਤੀ ਜਨਤਾ ਪਾਰਟੀ ਦੀ ਸੋਚ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਜਵਾਹਰ ਲਾਲ ਨਹਿਰੂ ਤੋ ਲੈ ਕੇ ਨਰੇਂਦਰ ਮੋਦੀ ਤੱਕ ਅਤੇ ਮਹਾਤਮਾ ਗਾਂਧੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਿੱਖ ਆਗੂਆਂ ਨੂੰ ਅਪਣੇ ਛਲਾਵੇ ਦਾ ਸ਼ਿਕਾਰ ਬਣਾਉਦੇ ਆ ਰਹੇ ਹਨ।ਸਿੱਖ ਆਗੂਆਂ ਦੀ ਗੁਲਾਮ ਮਾਨਸਿਕਤਾ ਦਾ ਕਾਰਨ ਉਹਨਾਂ ਦੇ ਵੱਡੇ ਕਾਰੋਬਾਰ ਸਨ,ਜਿੰਨਾਂ ਦੇ ਪਾਸਾਰੇ ਖਾਤਰ ਉਹ ਕੌਂਮੀ ਹਿਤਾਂ ਨੂੰ ਅਣਗੌਲਿਆ ਕਰਦੇ ਰਹੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਕੇਂਦਰ ਵਿੱਚ ਰਾਜ ਕਰਨ ਵਾਲੇ ਜਾਂ ਰਾਜ ਭਾਗ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਪੰਜਾਬ ਪ੍ਰਤੀ ਨਜਰੀਆ ਹਮੇਸਾਂ ਮੰਦਭਾਵਨਾ ਵਾਲਾ ਹੀ ਰਿਹਾ ਹੈ,ਜਿਸ ਕਰਕੇ ਪੰਜਾਬ ਇੱਕ ਤੋ ਬਾਅਦ ਇੱਕ ਹੋਰ ਵਧੀਕੀਆਂ ਦਾ ਸਿਕਾਰ ਹੁੰਦਾ ਗਿਆ।ਜੇ ਦੇਸ਼ ਵੰਡ ਵੇਲੇ ਦੀ ਗੱਲ ਕਰੀਏ ਤਾਂ ਸਭ ਤੋ ਵੱਡਾ ਨੁਕਸਾਨ ਪੰਜਾਬ ਨੇ ਹੀ ਝੱਲਿਆ,ਜਿਸ ਨੇ ਜਿੱਥੇ ਅਪਣੇ ਦੋ ਟੋਟੇ ਕਰਵਾਏ,ਓਥੇ ਦਸ ਲੱਖ ਤੋ ਵੱਧ ਲੋਕ ਸਿਆਸੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਦੰਗਿਆਂ ਵਿੱਚ ਮਾਰੇ ਗਏ,ਘਰ ਘਾਟ ਤਬਾਹ ਹੋ ਗਏ।ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਇੱਕੋ ਰਾਤ ਵਿੱਚ ਬੇਘਰ ਅਤੇ ਨਥਾਵੇਂ ਹੋ ਗਏ।ਉਸ ਉਜਾੜੇ ਨੇ ਪੰਜਾਬ ਦੀ ਆਤਮਾ ਬੁਰੀ ਤਰਾਂ ਬਲੂੰਧਰ ਕੇ ਰੱਖ ਦਿੱਤੀ।ਫਿਰ ਦੇਸ਼ ਵੰਡ ਤੋ ਬਾਅਦ ਜੋ ਕੁੱਝ ਪੰਜਾਬ ਨਾਲ ਹੋਇਆ,ਉਸ ਨੇ ਪਹਿਲਾਂ ਤੋ ਵੀ ਜਿਆਦਾ ਦਰਦ ਅਤੇ ਗਹਿਰੇ ਜਖਮ ਦਿੱਤੇ ਹਨ।ਸਭ ਤੋ ਪਹਿਲਾਂ ਪੰਜਾਬੀ ਸੂਬੇ ਦੇ ਨਾਮ ਤੋ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ  ਪੰਜਾਬ ਤੋ ਜਾਣਬੁੱਝ ਕੇ ਬਾਹਰ ਰੱਖੇ ਗਏ,ਤਾਂ ਕਿ ਪਹਿਲਾਂ ਹੀ ਲੰਗੜੇ ਹੋ ਚੁੱਕੇ ਪੰਜਾਬ ਨੂੰ ਬਿਲਕੁਲ ਹੀ ਸਾਹ ਸਤਹੀਣ ਕੀਤਾ ਜਾ ਸਕੇ।ਪੰਜਾਬ ਦੇ ਪਾਣੀਆਂ ਦੀ ਧੱਕੇਸ਼ਾਹੀ ਨਾਲ ਕੀਤੀ ਕਾਣੀਵੰਡ,ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦੀ ਲੁੱਟ ਕਰਕੇ,ਪੰਜਾਬ ਵਿੱਚ ਕੋਇਲੇ ਨਾਲ ਚੱਲਣ ਵਾਲੇ ਥਰਮਲ ਲਾਉਣਾ,ਲੁੱਟੇ ਪੁੱਟੇ ਪੰਜਾਬ ਨੂੰ ਹੋਰ ਆਰਥਿਕ ਕੰਗਾਲੀ ਵੱਲ ਧੱਕਣ ਦੀਆਂ ਸਾਜਿਸ਼ਾਂ ਇਕੱਲੇ ਕੇਂਦਰ ਨੇ ਨਹੀ ਬਣਾਈਆਂ,ਸਗੋਂ ਪੰਜਾਬ ਦੇ ਸਿਆਸੀ ਆਗੂ ਅਪਣੇ ਸੌੜੇ ਸਿਆਸੀ ਹਿਤਾਂ ਖਾਤਰ ਪੰਜਾਬ ਦੀ ਬਰਬਾਦੀ ਤੇ ਖੁਦ ਦਸਤਖਤ ਕਰਕੇ ਬਦਲੇ ਵਿੱਚ ਕੇਂਦਰ ਤੋਂ ਨਿੱਜੀ ਲਾਭ ਲੈਂਦੇ ਰਹੇ ਹਨ,ਉਹ ਭਾਵੇਂ ਰਾਜਭਾਗ ਦੇ ਰੂਪ ਵਿੱਚ ਹੋਣ ਜਾਂ ਫਿਰ ਜਾਇਦਾਦ ਜਾਂ ਕਿਸੇ ਹੋਰ ਰੂਪ ਵਿੱਚ ਹੋਣ।ਪੰਜਾਬ ਦਾ ਦੁਖਾਂਤ ਹੈ ਕਿ ਇੱਥੋ ਦੀ ਕੋਈ ਵੀ ਸਿਆਸੀ ਧਿਰ ਅਪਣੇ ਲੋਕਾਂ ਦੀ ਹੋਕੇ ਨਹੀ ਚੱਲ ਸਕੀ।ਕਾਮਰੇਡ,ਕਾਂਗਰਸੀ ਜਾਂ ਹੋਰ ਪਾਰਟੀਆਂ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ,ਜਦੋ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਹੀ ਕੇਂਦਰ ਕੋਲ ਵਿਕੀ ਹੋਈ ਹੈ।ਅਕਾਲੀ ਦਲ ਦੇ ਕਿਸੇ ਇੱਕ ਲੀਡਰ ਦੀ ਗੱਲ ਨਹੀ,ਬਲਕਿ ਅਜਿਹੇ ਬਹੁਤ ਸਾਰੇ ਅਕਾਲੀ ਆਗੂ ਹਨ,ਜਿਹੜੇ ਕੇਂਦਰ ਨਾਲ ਕਿਤੇ ਨਾ ਕਿਤੇ ਜੱਫੀਆਂ ਪਾ ਹੀ ਚੁੱਕੇ ਹਨ,ਪ੍ਰੰਤੂ  ਸਹੀ ਸਮੇ ਦੀ ਉਡੀਕ ਵਿੱਚ ਹਨ।ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਬਾਦਲ ਪਰਿਵਾਰ ਦੀ ਸਿਆਸੀ ਹਾਲਤ ਪਤਲੀ ਪੈ ਜਾਣ ਕਰਕੇ ਕਾਫੀ ਕਮਜੋਰ ਹੁੰਦੀ ਦਿਖਾਈ ਦੇ ਰਹੀ ਹੈ।ਭਾਰਤੀ ਜਨਤਾ ਪਾਰਟੀ,ਜਿਹੜੀ ਅਕਾਲੀ ਦਲ ਦੀ ਪੌੜੀ ਵਰਤਕੇ ਹੁਣ ਅਪਣੇ ਆਪ ਨੂੰ ਬਿਲਕੁਲ ਉਪਰ ਵਾਲੇ ਡੰਡੇ ਤੇ ਸਮਝ ਰਹੀ ਹੈ,ਨੇ ਪੰਜਾਬ ਅੰਦਰ ਅਪਣਾ ਮਜਬੂਤ ਅਧਾਰ ਬਨਾਉਣ ਲਈ ਸਰਗਰਮੀਆਂ ਤੇਜ ਕਰ ਦਿੱਤੀਆਂ ਹੋਈਆਂ ਹਨ,ਇਹਦੇ ਲਈ ਉਹਨਾਂ ਨੂੰ ਅਜਿਹੇ ਸਿੱਖ ਚਿਹਰੇ ਦੀ ਜਰੂਰਤ ਹੈ,ਜਿਹੜਾ ਬਾਦਲ ਦਾ ਬਦਲ ਬਨਣ ਦੇ ਸਮਰੱਥ ਹੋਵੇ।ਬੀਤੇ ਕੱਲ ਸਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਸਿਰਕੱਢ ਆਗੂ ਸ੍ਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਤੇ ਰਾਜ ਸ਼ਭਾ ਚ ਪਾਰਟੀ ਨੇਤਾ ਦੇ ਆਹੁਦੇ ਤੋ ਦਿੱਤੇ ਗਏ ਅਸਤੀਫੇ ਨੂੰ ਕੁੱਝ ਅਜਿਹੇ ਨਜਰੀਏ ਤੋ ਹੀ ਦੇਖਿਆ ਜਾ ਰਹਾ ਹੈ। ਸ੍ਰ ਢੀਡਸਾ ਦੀ ਭਾਜਪਾ ਨਾਲ ਸਾਂਝ ਵੀ ਕੋਈ ਨਵੀਂ ਨਹੀ ਹੈ,ਬਲਕਿ ਜਦੋ 1996 ਵਿੱਚ ਬਾਕਾਇਦਾ ਤੌਰ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਟੱਲ ਬਾਜਪਾਈ ਦੀ ਅਗਵਾਈ ਵਿੱਚ ਭਾਜਪਾ ਨਾਲ ਪੱਕਾ ਸਮਝੌਤਾ ਕੀਤਾ ਸੀ ਤਾਂ ਉਸ ਤੋ ਪਹਿਲਾਂ ਵੀ ਜੇ ਕਿਸੇ ਅਕਾਲੀ ਆਗੂ ਦੀ ਕੇਂਦਰ ਵਿੱਚ ਸਾਂਝ ਰੱਖੀ ਹੋਈ ਸੀ,ਉਹ ਸ੍ਰ ਸੁਖਦੇਵ ਸਿੰਘ ਢੀਂਡਸਾ ਹੀ ਸਨ,ਇਹ ਉਹਨਾਂ ਦੀ ਚਿਰੋਕਣੀ ਸਾਂਝ ਹੀ ਸੀ ਕਿ 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ੍ਰੀ ਅਟੱਲ ਬਿਹਾਰੀ ਬਾਜਪਾਈ ਵਿਸ਼ੇਸ਼ ਤੌਰ ਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਨਾਮ ਪਹੁੰਚੇ ਸਨ।ਇਹ ਵੱਖਰੀ ਗੱਲ ਹੈ ਕਿ ਸ੍ਰ ਬਾਦਲ,ਸ੍ਰ ਢੀਂਡਸਾ ਤੋਂ ਅੱਗੇ ਨਿਕਲ ਗਏ।ਸ੍ਰ ਢੀਡਸਾ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਭੂਸ਼ਣ ਪੁਰਸ਼ਕਾਰ ਵੀ ਪੁਰਾਣੀ ਸਾਂਝ ਦਾ ਹੀ ਫਲ ਮਿਲਿਆ ਕਿਹਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਤੋ ਪਹਿਲਾਂ ਵੀ ਸ੍ਰ ਸੁਖਦੇਵ ਸਿੰਘ ਢੀਡਸਾ,ਮਨਜਿੰਦਰ ਸਿੰਘ ਸਿਰਸਾ ਅਤੇ ਤਰਲੋਚਨ ਸਿੰਘ ਦੀ ਤਿਕੜੀ ਭਾਜਪਾ ਹਾਈਕਮਾਂਡ ਦੇ ਲਗਾਤਾਰ ਸੰਪਰਕ ਵਿੱਚ ਰਹੀ,ਪ੍ਰੰਤੂ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਟਿਕਟ ਮਨਜੂਰ ਕਰ ਲੈਣ ਤੋ ਬਾਅਦ ਸ੍ਰ ਸੁਖਦੇਵ ਸਿੰਘ ਢੀਡਸਾ ਨੂੰ ਪੁੱਤਰ ਦੇ ਸਾਹਮਣੇ ਆਤਮ ਸਮੱਰਪਣ ਕਰਨਾ ਪਿਆ ਸੀ।ਏਸੇ ਤਰਾਂ ਬਲਵੰਤ ਸਿੰਘ ਰਾਮੂਵਾਲੀਆ ਵੀ ਅਕਾਲੀ ਦਲ ਦੀ ਪੌੜੀ ਤੋ ਦੀ ਹੁੰਦਾ ਹੋਇਆ ਕੇਂਦਰ ਦੇ ਕੋਠੇ ਤੱਕ ਪੁੱਜ ਗਿਆ।ਸੋ ਅਜਿਹੇ ਹੋਰ ਵੀ ਬਹੁਤ ਸਾਰੇ ਸਿੱਖ ਨੇਤਾ ਹਨ ਜਿਹੜੇ ਕੇਂਦਰ ਨਾਲ ਸਾਂਝ ਬਣਾ ਕੇ ਰੱਖਣ ਖਾਤਰ ਪੰਜਾਬ ਦੇ ਹਿਤਾਂ ਨੂੰ ਤਿਲਾਂਜਲੀ ਦਿੰਦੇ ਰਹੇ ਹਨ।ਏਸੇ ਤਰਾਂ ਹੁਣ ਜੇ ਗੱਲ ਪੰਥਕ ਧਿਰਾਂ ਦੀ ਕੀਤੀ ਜਾਵੇ,ਤਾਂ ਉਹਨਾਂ ਵਿੱਚ ਵੀ ਸਭ ਅੱਛਾ ਨਹੀ ਹੈ। ਪੰਥਕ ਧਿਰਾਂ ਦੀ ਅਪਣੀਆਂ ਹਮਖਿਆਲ ਧਿਰਾਂ ਨਾਲ ਵੀ ਏਕਤਾ ਨਹੀ ਹੁੰਦੀ ਹੈ,ਜਿਸ ਕਰਕੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋ ਅੱਗੇ ਵਧਣ ਵਿੱਚ ਸਫਲ ਨਹੀ ਹੋ ਸਕੇ। ਇਹ ਵੀ ਸੱਚ ਹੈ ਕਿ ਪੰਥਕ ਆਗੂ ਇੱਕ ਦੂਸਰੇ ਤੇ ਦਿੱਲੀ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਵੀ ਲਾਉਂਦੇ ਰਹਿੰਦੇ ਹਨ।ਇਹੋ ਕਾਰਨ ਹੈ ਕਿ ਪੰਥਕ ਧਿਰਾਂ ਦੇ ਬਹੁਤ ਸਾਰੇ ਆਗੂਆਂ ਤੇ ਵੀ ਨਿੱਜੀ ਲਾਭ ਲੈਣ ਖਾਤਰ ਦਿੱਲੀ ਨਾਲ ਨੇੜਤਾ ਰੱਖਣ ਦੇ ਦੋਸ਼ ਲੱਗ ਰਹੇ ਹਨ।ਪਿਛਲੇ ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗਿਆ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੰਕੇਤ ਦੇਕੇ ਹੀ ਸਮਾਪਤ ਹੋਇਆ ਸੀ।ਸੋ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਸਿੱਖ ਰਾਜਨੀਤੀ ਕਦੇ ਵੀ ਅਪਣੇ ਲੋਕਾਂ ਦੀ ਅਵਾਜ ਬਣਕੇ ਨੁਮਾਇੰਦਗੀ ਨਹੀ ਕਰ ਸਕੀ,ਇਸ ਲਈ ਪੰਜਾਬ,ਪੰਜਾਬੀਅਤ ਅਤੇ ਪੰਥਪ੍ਰਸਤ ਲੋਕਾਂ ਦੀ ਇਹ ਚਿੰਤਾ,ਕਿ ਸਿੱਖ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ,ਤੇ ਵੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142