ਗੁੜ ਅਤੇ ਰੱਬ - ਸੁਖਪਾਲ ਸਿੰਘ ਗਿੱਲ
ਵਿਅੰਗਾਤਮਕ ਤੌਰ ਤੇ ਕਿਹਾ ਜਾਂਦਾ ਹੈ ਕਿ, "ਗੁੜ ਨੇ ਰੱਬ ਨੂੰ ਫਰਿਆਦ ਕੀਤੀ ਕਿ ਰੱਬਾ ਮੈਨੂੰ ਸਾਰੇ ਲੋਕ ਖਾਈ ਜਾਂਦੇ ਹਨ,ਤਾਂ ਰੱਬ ਨੇ ਉਤਰ ਦਿੱਤਾ, "ਪਰੇ ਹੋ ਜਾ, ਮੇਰੀ ਵੀ ਰੂਹ ਕਰ ਗਈ ਹੈ "। ਭਾਵਅਰਥ ਸਪੱਸ਼ਟ ਹੈ ਕਿ ਗੁੜ ਦਾ ਮਿਠਾਸ ਵਾਲਾ ਗੁਣ ਉਸਦੀ ਵਿਸ਼ੇਸਤਾ ਨੂੰ ਪ੍ਰਗਟ ਕਰਦਾ ਹੋਇਆ ਗੁਣਾਤਮਿਕਤਾ ਵਧਾਉਂਦਾ ਹੈ।
ਕੁਦਰਤੀ ਪਦਾਰਥਾਂ ਵਿਚੋਂ ਗੁੜ ਸਭ ਤੋਂ ਮਿੱਠਾ ਹੈ। ਕੁਦਰਤ ਨੇ ਸਮਤੋਲ ਰੱਖਣ ਲਈ ਮਨੁੱਖ ਨੂੰ ਗੁੜ ਦੀ ਨਿਆਮਤ ਦਿੱਤੀ। ਵੈਦਿਕ ਪੱਖ ਤੋਂ ਗੁੜ ਪਾਚਨ ਕਿਰਿਆ,ਅਸਥਮਾ ਅਤੇ ਖੂਨ ਸਫਾ ਵਰਗੀਆਂ ਬਿਮਾਰੀਆਂ ਨਾਲ ਲੜਨ ਲਈ ਵਰਦਾਨ ਹੈ। ਆਮ ਤੌਰ ਤੇ ਸਾਡੇ ਬਜ਼ੁਰਗ ਰੋਟੀ ਉਪਰੋਂ ਗੁੜ ਹੀ ਖਾਂਦੇ ਸਨ, ਜਿਸ ਨੂੰ ਅੱਜ-ਕੱਲ੍ਹ ਖੁਰਾਸਾਨੀ ਦੁਲੱਤੇ ਮਾਰਨ ਵਾਲਿਆਂ ਨੇ ਸਵੀਟ ਡਿਸ਼ ਦਾ ਨਾਮ ਦਿੱਤਾ ਹੋਇਆ ਹੈ। ਗੁੜ ਦੀ ਖੁਸ਼ਬੋ ਅਤੇ ਗੁੜ ਤੋਂ ਬਣੀ ਸ਼ਰਾਬ ਸਾਡੇ ਵਿਰਸੇ ਵਿਚ ਛੁਪੀ ਹੋਈ ਹੈ।
ਜ਼ਿਮੀਂਦਾਰ ਪਰਿਵਾਰ ਦਾ ਸਿਹਤ ਪੱਖੋਂ ਗੁੜ ਖਜ਼ਾਨਾ ਰਿਹਾ ਹੈ। ਹੁਣ ਗੁੜ ਵਿਚ ਕੈਮੀਕਲ ਮਿਲਾਵਟਾਂ ਨੇ ਮਨੁੱਖਤਾ ਨੂੰ ਘੇਰਿਆ ਹੈ। ਉਲਾਂਭੇ ਰੱਬ ਨੂੰ ਦੇਈ ਜਾਂਦੇ ਹਾਂ। ਸਵੇਰੇ ਗੁੜ ਦੀ ਬਣੀ ਚਾਹ ਤੋਂ ਲੈ ਕੇ ਸ਼ਾਮ ਦੀ ਰੋਟੀ ਘਿਉ ਸ਼ੱਕਰ ਨਾਲ ਖਾਣ ਤੱਕ ਸਾਡਾ ਵਿਰਸਾ ਜਾਗਦਾ ਸੀ।ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਪੱਖਾਂ ਵਿਚ ਗੁੜ ਦੀ ਵਰਤੋਂ ਹੋਣ ਕਰਕੇ ਇਨ੍ਹਾਂ ਦਾ ਮਿਠਾਸ ਗੂੜ੍ਹਾ ਹੋ ਜਾਂਦਾ ਸੀ। ਗੰਨੇ ਤੋਂ ਬਣਿਆ ਗੁੜ ਬਾਰੇ ਕਹਾਵਤ ਵੀ ਮਸ਼ਹੂਰ ਸੀ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਭੇਲੀ ਦੇ ਦਿੰਦਾ ਹੈ।
ਰੱਬ ਦੀ ਇਸ ਨਿਆਮਤ ਨੂੰ ਵਿਸਾਰਨ ਅਤੇ ਮਿਲਾਵਟ ਤੋਂ ਬਾਅਦ ਹੁਣ ਸੂਝ ਆਉਣ ਲੱਗ ਪਈ ਹੈ। ਲੋਕ ਵੀ ਜਾਗ ਰਹੇ ਹਨ, ਸਰਕਾਰਾਂ ਵੀ ਗੁੜ ਦੀ ਸਿਖਲਾਈ ਦੇਣ ਲਈ ਰੁਝ ਗਈਆਂ ਹਨ। ਹੁਣ ਗੁੜ ਦੀ ਗੁੜ੍ਹਤੀ ਅਤੇ ਗੁਣਾਤਮਿਕਤਾ ਨਜ਼ਰ ਆਉਣ ਲੱਗ ਪਈ ਹੈ। ਅੱਜ ਜਦੋਂ ਜ਼ਿਮੀਂਦਾਰ ਪਰਿਵਾਰ ਗੁੜ ਦੀ ਰੇੜ੍ਹੀ ਤੋਂ ਗੁੜ ਖਰੀਦਦਾ ਹੈ ਤਾਂ ਓਪਰਾ-ਓਪਰਾ ਜਿਹਾ ਲੱਗਦਾ ਹੈ।ਪੱਥਰ ਚੱਟ ਕੇ ਮੁੜ੍ਹਨ ਦੀ ਆਦਤ ਅਤੇ ਸੁਭਾਅ ਨਾਲ ਅੱਜ ਕੁਦਰਤ ਦੀ ਇਸ ਨਿਆਮਤ ਦੀ ਸੋਝੀ ਸ਼ੁਰੂ ਹੋਣ ਨਾਲ ਇੱਕ ਵਾਰ ਮੁੜ ਤੋਂ ਗੁੜ ਸਾਡੇ ਘਰਾਂ ਦਾ ਸ਼ਿੰਗਾਰ ਬਣਦਾ ਨਜ਼ਰ ਆਉਂਦਾ ਹੈ। ਆਓ ਇਸ ਰੱਬ ਦੀ ਨਿਆਮਤ ਨੂੰ ਦੁਬਾਰੇ ਖੁਦ ਪੈਦਾ ਕਰਨ ਦੀ ਆਦਤ ਪਾਈਏ ਤਾਂ ਜੋ ਪਰਿਵਾਰਾਂ ਦੇ ਸਾਰੇ ਪੱਖ ਸਹੀ ਸਲਾਮਤ ਹੋ ਸਕਣ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781-11445
ਰੋਟੀ 'ਚ ਕਿਰਕਲ ਵਾਂਗ ਹਨ ਰਸਮਾਂ ਵਿਹੂਣੇ ਵਿਆਹ
ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀ ਦਰ ਪੀੜ੍ਹੀ ਸਮਾਜਿਕ ਵਿਕਾਸ ਸੰਸਾਰ ਦੇ ਆਉਣ ਜਾਣ ਦੀ ਪ੍ਰਕਿਰਿਆ ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀ ਮੋਹ,ਤਰੱਕੀ ਅਤੇ ਵਿਆਹ ਦੀ ਕਲਪਨਾ ਸ਼ੁਰੂ ਹੋ ਜਾਂਦੀ ਹੈ। ਮੋਹ ਅਤੇ ਤਰੱਕੀ ਭਾਵੇਂ ਫਿੱਕੀ ਪੈ ਜਾਵੇ ਪਰ ਵਿਆਹ ਕਰਨ ਅਤੇ ਕਰਾਉਣ ਦੀ ਨੈਤਿਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਸਮਾਜ ਵਿਚ ਪੈਂਠ ਬਣਾਉਣ ਲਈ ਵੀ ਵਿਆਹ ਕਰਨਾ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਮਿਹਣਾ-ਤਾਅਨਾ ਤਿਆਰ ਹੁੰਦਾ ਹੈ ਕਿ ਤੇਰਾ ਵਿਆਹ ਤਾਂ ਹੋਇਆ ਨਹੀਂ।
ਵਿਆਹ ਦੋ ਜਿੰਦਾਂ ਦੇ ਮੇਲ ਦੇ ਨਾਲ-ਨਾਲ ਸਮਾਜ ਦੀ ਨਵੀਂ ਇਕਾਈ ਦਾ ਮੇਲ ਵੀ ਹੁੰਦਾ ਹੈ। ਪਹਿਲਾਂ ਛੋਟੀ ਉਮਰ ਵਿਚ ਵਿਆਹ ਕੀਤੇ ਜਾਂਦੇ ਸਨ ਜੋ ਕਿਸੇ ਹੱਦ ਤੱਕ ਸਹੀ ਵੀ ਸਨ। ਇਸ ਨਾਲ ਦਰਿੰਦਗੀ ਅਤੇ ਅਸੱਭਿਅਕ ਆਦਤਾਂ ਨੂੰ ਰੋਕ ਲੱਗਦੀ ਸੀ। ਉਂਜ ਕਾਨੂੰਨ ਅਨੁਸਾਰ ਬਾਲ ਵਿਆਹ ਰੋਕਣੇ ਸਹੀ ਵੀ ਹਨ ਪਰ ਸੈਕਸ ਸਿੱਖਿਆ ਤੋਂ ਅੱਜ ਤੱਕ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ। ਖੁੱਲ੍ਹ-ਦਿਲੀ ਵਾਲਾ ਵਿਸ਼ਾ ਅਜੇ ਤੱਕ ਵਿਵਾਹਕ ਸਬੰਧ ਨਹੀਂ ਬਣ ਸਕੇ। ਕਿਤੇ ਨਾ ਕਿਤੇ ਇਹ ਵਿਸ਼ਾ ਵੀ ਰੁਕਾਵਟ ਹੈ। ਜੇ ਸਰੀਰਕ ਕ੍ਰਿਆਵਾਂ, ਜੀਵ ਵਿਗਿਆਨਕ ਪਹਿਲੂ ਅਤੇ ਸਿੱਖਿਆ ਦਾ ਸੁਮੇਲ ਪਰਿਵਾਰਕ ਸਾਂਝਾ ਵਿਚ ਘੁਲ ਜਾਵੇ ਤਾਂ ਰਿਸ਼ਤਿਆਂ ਦੀ ਪਕੜ ਸਲਾਮਤ ਰਹਿ ਸਕਦੀ ਹੈ।
ਆਪਣੇ ਵਿਆਹ ਦੀ ਖੁੱਲੀ ਗੱਲ ਕਰਨੀ ਅਜੇ ਵੀ ਮੁੰਡੇ ਕੁੜੀਆਂ ਲਈ ਸ਼ਰਮ ਪੈਦਾ ਕਰਦਾ ਹੈ । ਖਾਸ ਤੌਰ ਤੇ ਧੀਆਂ ਇਸ ਦੇ ਪ੍ਰਭਾਵ ਨੂੰ ਹੰਢਾਉਂਦੀਆਂ ਹਨ। ਬੱਚੇ ਦੇ ਵਿਕਾਸ ਦਾ ਪਹਿਲਾ ਫੌਡਾ ਪਾਲਣ-ਪੋਸ਼ਣ ਦੂਜਾ ਰੁਜ਼ਗਾਰ ਅਤੇ ਤੀਜਾ ਵਿਆਹ ਹੁੰਦਾ ਹੈ। ਵਿਆਹ ਵਿਚ ਰਸਮਾਂ, ਸਭ ਕਿਸਮ ਦੇ ਰਿਵਾਜ਼ ਅਤੇ ਚਾਅ ਮਲ੍ਹਾਰ ਛਿਪੇ ਹੁੰਦੇ ਹਨ। ਪੜਾਅਵਾਰ ਪਾਣੀ ਵਾਰਨ ਤੱਕ ਤਰ੍ਹਾਂ-ਤਰ੍ਹਾਂ ਦੇ ਰਸਮ ਰਿਵਾਜ਼ ਵਿਆਹਾਂ ਨੂੰ ਸ਼ਿੰਗਾਰਦੇ ਹਨ। ਮੰਗਣੀ ਦੀ ਰਸਮ ਤੋਂ ਬਾਅਦ ਸਾਹਾ ਸਧਾਉਣਾ, ਭਾਜੀ ਨਾਲ ਕਾਰਡਾਂ ਦੀ ਵੰਡ, ਪੇਕੇ ਵਿਆਹ ਦੱਸਣ ਜਾਣਾ, ਮਾਈਆਂ ਵੱਟਣਾ, ਨਾਨਕਾ ਮੇਲ, ਜਾਗੋ, ਸੇਹਰਾਬੰਧੀ, ਧਾਰਮਿਕ ਰਸਮਾਂ, ਥਾਲੀ ਦੇਣੀ, ਬੂਟ ਲੁਕਾਉਣੇ, ਧਾਮ ਅਤੇ ਸਿੱਠਣੀਆਂ, ਡੋਲੀ ਤੋਰਨੀ ਅਤੇ ਬੰਨ੍ਹੇ ਦੀ ਮਾਂ ਵੱਲੋਂ ਪਾਣੀ ਵਾਰਨ ਤੱਕ ਦਾ ਸਫਰ ਵਿਆਹ ਨੂੰ ਲੰਬੇ ਸਮੇਂ ਤੱਕ ਮਿਠਾਸ ਭਰਿਆ ਰੱਖਦਾ ਹੈ। ਆਪਣੇ ਅੰਦਰ ਅਤੇ ਆਲੇ-ਦੁਆਲੇ ਝਾਤ ਮਾਰ ਕੇ ਦੇਖੀਏ ਕਿ ਹੁਣ ਇਹ ਰਸਮਾਂ ਕਿੰਨੀਆਂ ਕੁ ਨਿਭਾਈਆਂ ਜਾਂਦੀਆਂ ਹਨ। ਮਹਿਜ਼ ਖਾਨਾ ਪੂਰਤੀ ਹੀ ਚੱਲਦੀ ਹੈ।ਬਹੁਤੀ ਜਗ੍ਹਾ ਇਨ੍ਹਾਂ ਦੀ ਲੋੜ ਹੀ ਨਹੀਂ ਪੈਂਦੀ ਪਰ ਜਿਵੇਂ ਰੋਟੀ ਵਿਚ ਕਿਰਕਲ ਰੋਟੀ ਦੀ ਲੋੜ ਨੂੰ ਬੇਲੋੜ ਕਰ ਦਿੰਦੀ ਹੈ ਇਸੇ ਤਰ੍ਹਾਂ ਰਸਮਾਂ ਤੋਂ ਬਿਨਾਂ ਵਿਆਹ ਵੀ ਇਹੋ ਕੁਝ ਹਾਲਾਤ ਪੈਦਾ ਕਰਦਾ ਹੈ।ਜੇ ਵਿਆਹ ਦੇ ਸਮੇਂ ਚਾਅ ਮਲਾਰਾਂ ਦੀ ਬਜਾਏ ਬੋਝ ਅਤੇ ਪਰੇਸ਼ਾਨੀ ਹੰਢਾਈ ਜਾਵੇ ਤਾਂ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਲੀਰੋ-ਲੀਰ ਹੁੰਦੀ ਹੈ। ਪਿਆਰ ਵਿਆਹ, ਲੜਕੀ ਨੂੰ ਬੋਝ ਸਮਝਣਾ ਅਤੇ ਰੂੜ੍ਹੀਵਾਦੀ ਮਾਨਸਿਕਤਾ ਸਮਾਜ ਦੀ ਹਿੰਸਾ ਨੇ ਵੀ ਸ਼ਾਹੀ ਅਤੇ ਲਾਡਲੇ ਰਸਮ ਰਿਵਾਜ਼ ਘਸਮੈਲੇ ਕੀਤੇ ਹਨ। ਗਿੱਧਾ,ਭੰਗੜ੍ਹਾ ਅਤੇ ਸਿੱਠਣੀਆਂ ਵੀ ਅਤੀਤ ਗਵਾ ਕੇ ਮਜਬੂਰੀ ਦੀ ਝਲਕ ਪੇਸ਼ ਕਰਦੀਆਂ ਹਨ।
ਸੱਭਿਆਚਾਰ ਰੋਜ਼ਮਰਾ ਹੰਢਾਉਣ ਵਾਲੀਆਂ ਆਦਤਾਂ ਦਾ ਨਕਸ਼ਾ ਤਾਂ ਹੈ ਪਰ ਜੇ ਇਹ ਆਦਤਾਂ ਵਿਰਸੇ ਨੂੰ ਹੰਢਾਉਣ ਵਿਚ ਨਾਕਾਮ ਰਹਿੰਦੀਆਂ ਹਨ ਤਾਂ ਪਿਆਰ, ਰੰਗ, ਛੋਹ ਅਤੇ ਸਾਂਝਾਂ ਦਾ ਅੰਦਾਜ਼ਾ ਖੁਦ ਹੀ ਲੱਗ ਜਾਂਦਾ ਹੈ। ਵਿਆਹ ਸਬੰਧੀ ਰਸਮਾਂ ਰਿਵਾਜਾਂ ਨੂੰ ਕਿਤਾਬਾਂ ਵਿਚ ਲੁਕਣ ਲਈ ਮਜਬੂਰ ਹੋਣਾ ਪਵੇਗਾ। ਜਿੰਨਾ ਮਰਜ਼ੀ ਪਦਾਰਥਵਾਦੀ ਬਣ ਜਾਈਏ ਪੈਸੇ ਦਾ ਜਾਲ ਵਿਛਾ ਲਈਏ ਜੇ ਅਨੰਦਮਈ ਤਰੀਕੇ ਨਾਲ ਰਸਮਾਂ ਰਿਵਾਜ ਨਾ ਮਨਾ ਸਕੀਏ ਤਾਂ ਜੀਵਨ ਦਾ ਰੰਗ ਫਿੱਕਾ ਹੀ ਰਹੇਗਾ।ਆਓ ਵਿਰਸੇ ਦੇ ਪੁਰਾਣੇ ਰੰਗਾਂ ਅਨੁਸਾਰ ਵਿਆਹ ਕਰਨ ਦੀ ਪਿਰਤ ਨਵੇਂ ਸਿਰਿਓ ਸ਼ੁਰੂ ਕਰੀਏ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
98781-11445