ਭਰੋਸੇਯੋਗਤਾ ਖੋ ਰਿਹਾ ਸ਼ੋਸ਼ਲ ਮੀਡੀਆ -ਸੁਖਪਾਲ ਸਿੰਘ ਗਿੱਲ
" ਲੋੜ ਕਾਂਢ ਦੀ ਮਾਂ " ਦੇ ਕਥਨ ਅਨੁਸਾਰ ਸ਼ੋਸ਼ਲ ਮੀਡੀਆ ਹੋਂਦ ਵਿੱਚ ਆਇਆ ਸੀ । ਲੋਕਾਂ ਨੂੰ ਸਹੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨਾ ਇਸਦਾ ਮੁੱਖ ਮੰਤਵ ਹੈ । ਜਿਹੜੀਆਂ ਗੱਲਾਂ ਅਸੀਂ ਸਟੇਜ ਤੇ ਜਾਂ ਭਰੀ ਸਭਾ ਵਿੱਚ ਨਹੀਂ ਕਹਿ ਸਕਦੇ ਉਹ ਸ਼ੋਸ਼ਲ ਮੀਡੀਏ ਰਾਹੀਂ ਦੱਸ ਸਕਦੇ ਹਾਂ । ਜਿੰਨੀ ਤੇਜ਼ੀ ਨਾਲ ਇਸ ਨੇ ਮਾਨਤਾ ਪ੍ਰਾਪਤ ਕੀਤੀ ਸੀ , ਉਨੀਂ ਹੀ ਤੇਜ਼ੀ ਨਾਲ ਇਸ ਵਿੱਚ ਗਿਰਾਵਟ ਵੀ ਆਈ । ਇਸਦੀ ਸਹੀ ਵਰਤੋਂ ਤਰੱਕੀ ਨੂੰ ਸਿਖਰ ਤੇ ਪਹੁੰਚਾਉਂਦੀ ਹੈ ਪਰ ਕੁਵਰਤੋਂ ਸਭ ਪੱਖਾਂ ਦਾ ਸੰਤੁਲਨ ਵਿਗਾੜਦੀ ਹੈ ।
ਅਜੋਕੇ ਸਮੇਂ ਪ੍ਰਿੰਟ ਮੀਡੀਏ ਤੇ ਕੁਝ ਦੋਸ਼ ਵੀ ਲੱਗ ਰਹੇ ਹਨ , ਜਿਸ ਦੇ ਬਦਲ ਵਜੋਂ ਸ਼ੋਸ਼ਲ ਮੀਡੀਏ ਨੇ ਲੋਕਾਂ ਦਾ ਪੱਖ ਪੂਰਿਆ ਸੀ । ਪ੍ਰਿੰਟ ਮੀਡੀਏ ਨੂੰ ਗਲਤੀ ਦਾ ਅਹਿਸਾਸ ਅਤੇ ਮੁਆਫੀ ਮੰਗਣਾ ਵੱਡਾ ਗੁਣ ਹੈ ਪਰ ਸ਼ੋਸ਼ਲ ਮੀਡੀਏ ਤੋਂ ਜਵਾਬ ਮੰਗਣਾ ਔਖਾ ਹੈ । ਇਸ ਵੱਲੋਂ ਅਫਵਾਹਾਂ , ਗਲਤ ਜਾਣਕਾਰੀ ਅਤੇ ਕਿਸੇ ਦੇ ਆਚਰਣ ਖਿਲਾਫ ਪ੍ਰਚਾਰ ਕਰਕੇ ਆਪਣੀ ਭਰੋਸੇਯੋਗਤਾ ਦਾਅ ਤੇ ਲਾ ਦਿੱਤੀ । ਇਸ ਨਾਲ ਹੁਣ ਇਹ ਕਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਕਿ ਇਸ ਤੋਂ ਬਿਨਾ ਚੰਗੇ ਸੀ । ਇਸਦੀ ਸਹੀ ਵਰਤੋਂ ਅਤੇ ਅਜੋਕੀ ਲੋੜ ਨੂੰ ਇਸਦੇ ਨਾਂਹ ਪੱਖੀ ਪ੍ਰਭਾਵਾਂ ਨੇ ਪੂਰੀ ਤਰਾਂ ਆਪਣੀ ਲਪੇਟ ਵਿੱਚ ਲੈ ਲਿਆ ਹੈ ।
ਸ਼ੋਸ਼ਲ ਮੀਡੀਆ ਨੇ ਸੱਭ ਤੋਂ ਵੱਧ ਔਰਤ ਜਾਤ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ । ਕਿਸੇ ਦੀ ਧੀ ਭੈਣ ਇਥੋਂ ਤੱਕ ਕਿ ਔਰਤਾਂ ਦੀਆਂ ਨਾਮਵਰ ਹਸਤੀਆਂ ਨੂੰ ਵੀ ਨਹੀਂ ਬਖਸ਼ਿਆ । ਬਿਨਾ ਸੋਚੇ ਸਮਝੇ ਕਿਸੇ ਵੀ ਔਰਤ ਤੇ ਕਮੈਂਟ ਕਰਨਾ ਸ਼ੋਸ਼ਲ ਮੀਡੀਏ ਵਿੱਚ ਆਮ ਜਿਹਾ ਹੋ ਗਿਆ ਹੈ । ਇਸ ਦੇ ਵਿਰੋਧ ਵਿੱਚ ਲਾਮਬੰਦੀ ਵੀ ਹੋਈ । ਜਿਸ ਕਰਕੇ ਸਰਕਾਰ ਅਤੇ ਸੂਚਨਾ ਮੰਤਰਾਲਾ ਹਰਕਤ ਵਿੱਚ ਆਇਆ । ਸ਼ੋਸ਼ਲ ਮੀਡੀਏ ਤੇ ਘਸਮੰਡੀ ਮਾਨਵਤਾ ਨੂੰ ਆਪਣਾ ਵਕਾਰ ਸਹੀ ਸਾਬਤ ਕਰਨ ਲਈ ਕਾਫੀ ਸਮਾਂ ਲੱਗਦਾ ਹੈ । ਇੱਕ ਵਾਰ ਕਿਸੇ ਬੇਵਕੂਫ ਵੱਲੋਂ ਦੋਸ਼ ਲਗਾ ਕੇ ਆਪਣੀ ਸੂਝ ਦਾ ਸਬੂਤ ਦੇ ਦਿੱਤਾ ਜਾਂਦਾ ਹੈ ਪਰ ਇਸ ਨੂੰ ਗਲਤ ਸਾਬਤ ਕਰਨ ਲਈ ਮਕੜੀ ਜਾਲ ਵਿੱਚ ਫਸਣ ਤੋਂ ਹਰ ਕੋਈ ਕੰਨ੍ਹੀ ਕਤਰਾਉਂਦਾ ਹੈ । ਝੂਠੀ ਅਤੇ ਗਲਤ ਵਰਤੋਂ ਦੰਗਿਆ ਅਤੇ ਕਤਲਾ ਨੂੰ ਸੁਨੇਹਾ ਵੀ ਦਿੰਦੀ ਹੈ । ਇਸ ਬਕਵਾਸ ਨਾਲ ਸਮਾਜਿਕ ਤਾਣਾ ਬਾਣਾ ਨਸ਼ਟ ਹੁੰਦਾ ਹੈ ।
ਸ਼ੋਸ਼ਲ ਮੀਡੀਏ ਨੇ ਨੌਜਵਾਨ ਵਰਗ ਨੂੰ ਪੜ੍ਹਾਈ ਅਤੇ ਰੁਜ਼ਗਾਰ ਮੁੱਖੀ ਬਣਾਉਣ ਦੀ ਨਾਂਹ ਪੱਖੀ ਭੂਮਿਕਾ ਨਿਭਾਈ , ਜਦੋਂ ਕੇ ਇਸਦੀ ਸੁਚੱਜੀ ਵਰਤੋਂ ਦੀ ਲੋੜ ਹੈ । ਸਮਾਜਿਕ ਕਿਰਦਾਰ ਅਤੇ ਰਿਸ਼ਤੇ ਨਾਤੇ ਫਿੱਕੇ ਪਏ । ਆਮ ਲੋਕਾਂ ਨੂੰ ਕਹਿਣਾ ਪੈ ਰਿਹਾ ਹੈ ਕਿ ਭੱਠ ਪਿਆ ਸੋਨਾ ਜੋ ਕੰਨਾਂ ਨੂੰ ਖਾਵੇ । ਅੱਜ ਤਰੱਕੀ ਦੇ ਯੁੱਗ ਵਿੱਚ ਸ਼ੋਸ਼ਲ ਮੀਡੀਏ ਦੀ ਜੋ ਭੂਮਿਕਾ ਹੈ ਉਸ ਨੂੰ ਸਾਡੀ ਘੱਟ ਸੂਝ ਨੇ ਹਾਸ਼ੀਏ ਵੱਲ ਕਰਨ ਦਾ ਯਤਨ ਕੀਤਾ ਹੈ । ਸਮੇਂ ਤੋਂ ਪਹਿਲਾਂ ਕਿਸੇ ਵੀ ਚੀਜ਼ ਦੇ ਨਾਂਹ ਪੱਖੀ ਪ੍ਰਭਾਵ ਘੋਖਣੇ ਸਾਡੀ ਪਹੁੰਚ ਤੋਂ ਦੂਰ ਹੀ ਰਹੇ । ਜਿਸਦਾ ਅਸੀਂ ਖਮਿਆਜਾ ਵੀ ਭੁਗਤਦੇ ਰਹੇ । ਇਸੇ ਪ੍ਰਸੰਗ ਵਿੱਚ ਸ਼ੋਸ਼ਲ ਮੀਡੀਆ ਵੀ ਆਇਆ ਜਿਸ ਕਾਰਨ ਇਸਦਾ ਪ੍ਰਭਾਵ ਭਰੋਸੇ ਯੋਗਤਾ ਤੋਂ ਗੈਰ ਭਰੋਸੇ ਯੋਗਤਾ ਵੱਲ ਵੀ ਗਿਆ । ਇਹ ਅਜੋਕੇ ਸਮੇਂ ਦਾ ਵਰਦਾਨ ਹੈ । ਪਰ ਇਸ ਨੂੰ ਹੰਢਾਉਣ ਤੋਂ ਪਹਿਲਾਂ ਮਾੜੀ ਸੋਚ ਅਤੇ ਨਾਂਹ ਪੱਖੀ ਪ੍ਰਭਾਵ ਸਬੰਧੀ ਚੇਤਨਾ ਪੈਦਾ ਕਰਨ ਦੀ ਬੇਹੱਦ ਲੋੜ ਸੀ । ਅੱਜ ਸ਼ੋਸ਼ਲ ਮੀਡੀਏ ਦੀ ਵਰਤੋਂ ਲਈ ਸਖਤ ਕਾਨੂੰਨੀ ਸੀਮਾਵਾਂ ਦੀ ਲੋੜ ਹੈ , ਤਾਂ ਜੋ ਇਸ ਦੀ ਖੁਰ ਰਹੀ ਭਰੋਸੇ ਯੋਗਤਾ ਬਹਾਲ ਹੋ ਸਕੇ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445