ਔਰਤ ਮਹਾਨ ਸੀ , ਮਹਾਨ ਰਹੇਗੀ - ਸੁਖਪਾਲ ਸਿੰਘ ਗਿੱਲ
ਸਮਾਜਿਕ ਪਾੜੇ ਵਿੱਚ ਮਰਦ ਔਰਤ ਬਾਰੇ ਬਹੁਤ ਕੁਝ ਲਿਖਿਆ , ਪੜ੍ਹਿਆ ਅਤੇ ਸੁਣਿਆ ਜਾਦਾ ਹੈ । ਔਰਤ ਨੂੰ ਧਾਰਮਿਕ , ਸਮਾਜਿਕ ਅਤੇ ਸੱਭਿਅਤ ਤੌਰ ਤੇ ਵੱਖਰੀ ਮਾਨਤਾ ਹੈ । ਰਾਜਨੀਤਕ ਅਤੇ ਕਾਨੂੰਨੀ ਤੌਰ ਤੇ ਔਰਤ ਸਮੇਂ - ਸਮੇਂ ਤੇ ਹੋਰ ਵੀ ਮਹਾਨ ਬਣਦੀ ਰਹਿੰਦੀ ਹੈ । ਮਰਦ ਦੀ ਪ੍ਰਵਿਰਤੀ ਰਹੀ ਹੈ ਕਿ ਔਰਤ ਨੂੰ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਸਮਝਦਾ ਹੈ । ਆਪਣੀ ਔਰਤ ਦੇਵੀ ਦੂਜੇ ਦੀ ਚੰਡਾਲ ਲੱਗਦੀ ਹੈ । ਸਮਾਜਿਕ ਵਿਚਾਰਾਂ ਅੰਦਰ ਝਾਤੀ ਮਾਰ ਕੇ ਦੇਖੋ ਕਿ ਕਦੇ ਸਹੁਰਾ - ਜਵਾਈ , ਭਣੋਈਆ - ਸਾਲੇ ਅਤੇ ਪਿਓ - ਪੁੱਤ ਆਦਿ ਦੀ ਰਿਸ਼ਤਿਆਂ ਵਿੱਚ ਕਿੰਨੀ ਕੁ ਲੜਾਈ ਹੋਈ ਹੈ ? ਕਾਵਿ ਕਿਸੇ ਸੱਭ ਕੁਝ ਨੂੰਹ , ਸੱਸ , ਨਣਦ , ਭਰਜਾਈ , ਦੇਰਾਣੀ , ਜੇਠਾਣੀ ਵਿਚਾਲੇ ਹੀ ਘੁੰਮਦੇ ਹਨ । ਮਰਦ ਚੁੱਪ ਰਹਿ ਕੇ ਕਬੀਲਦਾਰੀ ਹੰਢਾਉਂਦਾ ਹੈ ।ਇਸਦਾ ਕਾਰਨ ਇਹ ਕਿ ਸਮਾਜ ਵਿੱਚ ਸ਼ੁਰੂ ਤੋਂ ਹੀ ਔਰਤ ਆਪਣੀ ਹੋਂਦ ਦਾ ਚਮਕਦਾ ਸਿਤਾਰਾ ਰਹੀ । ਮਰਦ ਦੀ ਮਾਨਸਿਕਤਾ ਔਰਤ ਪ੍ਰਤੀ ਸ਼ੁਰੂ ਤੋਂ ਇੱਕ ਜਗਾ ਹੀ ਟਿਕੀ ਹੋਈ ਹੈ । ਇਸ ਤੋਂ ਝਲਕਦਾ ਹੈ ਕਿ ਔਰਤ ਦਾ ਹਰ ਪੱਖੋਂ ਵਿਕਾਸ ਲਗਾਤਾਰ ਜਾਰੀ ਰਿਹਾ ।
ਔਰਤ ਜਗਤ ਜਨਨੀ ਦੇ ਰੂਪ ਵਿੱਚ ਬੇਹੱਦ ਮਹਾਨ ਹੈ ਇਹ ਰੁਤਬਾ ਇਸ ਤੋਂ ਕਦੇ ਵੀ ਖੁਸ ਨਹੀਂ ਸਕਦਾ । ਔਰਤ ਜਦੋਂ ਘਰ ਵਾਲੀ ਦੇ ਰੂਪ ਵਿੱਚ ਆਉਂਦੀ ਹੈ ਤਾਂ ਸਮਾਜਿਕ ਵਿਕਾਸ ਦਾ ਦੂਜਾ ਅਧਿਆਏ ਸ਼ੁਰੂ ਹੁੰਦਾ ਹੈ । ਔਰਤ ਹਰੇਕ ਰੂਪ ਵਿੱਚ ਪਿਆਰ ਦਾ ਵਗਦਾ ਚਸ਼ਮਾ ਹੈ । ਔਰਤ ਨੂੰ ਗ੍ਰਹਿ ਵਿਭਾਗ ਸ਼ੁਰੂ ਤੋਂ ਹੀ ਮਿਲਦਾ ਹੈ । ਔਰਤ ਔਰਤ ਦੀ ਹੀ ਦੁਸ਼ਮਣ ਵੀ ਹੁੰਦੀ ਹੈ ਵੱਡੀ ਮਿੱਤਰ ਵੀ ਹੁੰਦੀ ਹੈ। ਜੇ ਕਿਤੇ ਸੱਸ , ਨੂੰਹ , ਨਣਦ , ਭਰਜਾਈ , ਮਾਂ , ਧੀ ਦੀ ਸੁਰ ਇੱਕ ਹੋ ਜਾਵੇ ਤਾਂ ਮਰਦ ਸਮਾਜਿਕ ਹਾਸ਼ੀਏ ਵੱਲ ਚੱਲਾ ਜਾਂਦਾ ਹੈ । ਹੁਣ ਰਿਸ਼ਤਿਆ ਦੀ ਨੋਕ ਝੋਕ ਨੇ ਪਾਸਾ ਪਲਟ ਕੇ ਸੱਸਾਂ ਦੇਵਣ ਮੱਤਾਂ ਉਮਰ ਸੰਵਾਰਨ ਦਾ , ਰੁਝਾਨ ਸ਼ੁਰੂ ਕੀਤਾ ਹੈ । ਨਣਦ - ਭਰਜਾਈ ਅਤੇ ਨੂੰਹ - ਸੱਸ ਭੈਣਾਂ ਵਰਗਾ ਸਲੀਕਾ ਪੇਸ਼ ਕਰਦੀਆਂ ਹਨ । ਸਮਾਜ ਵਿੱਚ ਵਿਚੋਲੇ ਦੀ ਭੂਮ੍ਹਿਕਾ ਸਮੇਂ ਵਿਚੋਲੇ ਨੂੰ ਕੋਈ ਨਹੀਂ ਪੁੱਛਦਾ ਵਿਚੋਲਣ ਵਿਚੋਲਣ ਹੁੰਦੀ ਹੈ । ਜੇ ਔਰਤ ਹੈ ਤਾਂ ਘਰ ਚੰਗਾ ਲੱਗਦਾ ਹੈ ਨਹੀਂ ਤਾਂ ਬਾੜਾ ਹੀ ਲੱਗਦਾ ਹੈ ।
ਔਰਤ ਸ਼ੁਰੂ ਤੋਂ ਹੀ ਮਹਾਨ ਹੈ ਅਤੇ ਰਹਿੰਦੀ ਦੁਨੀਆਂ ਤੱਕ ਮਹਾਨ ਹੀ ਰਹੇਗੀ । ਔਰਤ ਬਿਨਾਂ ਸੱਭਿਆਚਾਰ , ਸਮਾਜ , ਖੁਸ਼ੀਆਂ ਖੇੜੇ ਸਭ ਅਧੂਰੇ ਹਨ । ਭੱਠ ਪੈਣ ਉਹ ਕਲਮਾਂ , ਉਹ ਗੀਤ , ਉਹ ਸੋਚ ਜੋ ਜਾਣਦੇ ਹੋਏ ਵੀ ਔਰਤ ਨੂੰ ਮਾੜਾ ਦਿਖਾਉਂਦੇ ਰਹੇ । ਇਹਨਾਂ ਨੇ ਇਹ ਸੋਚਿਆ ਹੀ ਨਹੀਂ ਕਿ ਆਪਣੇ ਘਰ ਪਰਿਵਾਰ ਵੀ ਹਨ ਅਤੇ ਖੁਦ ਕਿੱਥੋਂ ਆਏ ? ਜਦੋਂ ਇਹਨਾਂ ਲੋਕਾਂ ਦੀ ਸਮਝ ਸੋਚ ਦਾ ਮੁੰਲਕਣ ਹੁੰਦਾ ਹੈ ਤਾਂ ਕਲਮਾਂ ਦਾ ਰੁੱਖ ਇਹਨਾਂ ਵੱਲ ਹੀ ਮੁੜ ਜਾਂਦਾ ਹੈ । ਮਰਦ ਲਈ ਧੀ ਦਾ ਰੂਪ , ਪਤੀ ਲਈ ਪਤਨੀ ਦਾ ਰੂਪ ਤੇ ਪੁੱਤਰਾਂ ਲਈ ਮਾਂ ਦਾ ਰੂਪ ਮਹਾਨ ਹੁੰਦਾ ਹੈ ਇਸ ਲਈ ਔਰਤ ਵਾਕਿਆ ਹੀ ਮਹਾਨ ਸੀ ਅਤੇ ਮਹਾਨ ਹੀ ਰਹੇਗੀ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445