ਦੁਰਵਰਤੋਂ ਦੀ ਵਰਤੋਂ ਆਦਤ ਬਣ ਗਈ - ਸੁਖਪਾਲ ਸਿੰਘ ਗਿੱਲ
ਦੁਰਵਰਤੋਂ ਸ਼ਬਦ ਤੋਂ ਹੀ ਸਪਸ਼ਟ ਹੈ ਕਿ ਵਰਤਣ ਲਈ ਬਣਾਏ ਕਨੂੰਨ ਕਾਇਦੇ ਦੀ ਗਲਤ ਵਰਤੋਂ ਕਰਨਾ । ਅਜਿਹੇ ਹਾਲਾਤਾਂ ਵਿੱਚ ਆਜ਼ਾਦੀ ਦੇ ਕੋਈ ਮਾਅਨੇ ਨਹੀਂ ਰਹਿੰਦੇ । ਦੁਰਵਰਤੋਂ ਕਿਸੇ ਵੀ ਖੇਤਰ ਵਿੱਚ ਹੋਵੇ ਇਸਦੇ ਦੂਰਰਸ਼ੀ ਨਤੀਜੇ ਘਾਤਕ ਹੁੰਦੇ ਹਨ। ਉੰਝ ਵਰਤੋਂ ਦੀ ਦੁਰਵਰਤੋਂ ਗਿਆਨ ਦਾ ਅੰਨਾ ਅਤੇ ਕੰਨਾਂ ਦਾ ਕੱਚਾ ਹੀ ਕਰਦਾ ਹੈ । ਦਲੀਲਬਾਜ਼ੀ ਤੋਂ ਕੋਹਾਂ ਦੂਰ ਹੋ ਕੇ ਆਖਰ ਦੁਰਵਰਤੋਂ ਵਾਲਾ ਦੁਰਕਾਰਿਆ ਜਾਂਦਾ ਹੈ ।
ਨਿੱਜੀ ਖੇਤਰ ਵਿੱਚ ਕੀਤੀ ਦੁਰਵਰਤੋਂ ਭਾਵੇਂ ਸਰੀਰ ਰੂਪੀ ਹੋਵੇ ਜਾਂ ਪਰਿਵਾਰ ਵਿੱਚ ਇਸਦਾ ਅਸਰ ਸੀਮਤ ਹੁੰਦਾ ਹੈ । ਰੁਤਬੇ ਦੀ ਦੁਰਵਰਤੋਂ ਸਮਾਜਿਕ ਤਾਣਾ ਬਾਣਾ ਖਰਾਬ ਕਰਕੇ ਤਣਾਵ ਪੈਦਾ ਕਰਦੀ ਹੈ । ਵਰਤੋਂ ਵਿੱਚ ਆਉਂਦੀਆਂ ਚੀਜਾਂ ਖ਼ਾਦ ਪਦਾਰਥ ਅਤੇ ਸਮਾਜਿਕ ਰਿਸ਼ਤੇ ਜੇ ਦੁਰਵਰਤੋਂ ਹੋਣ ਲੱਗਣ ਤਾ ਜੀਵਨ ਦੇ ਹਰ ਪੱਖ ਨੂੰ ਮਸਲ ਕੇ ਰੱਖ ਦਿੰਦਾ ਹੈ । ਅਜਿਹੀ ਵਰਤੋਂ ਲਈ ਸਮਾਜਿਕ ਚੇਤਨਾ ਪੈਦਾ ਕਰਨ ਦੀ ਲੋੜ ਰਹਿੰਦੀ ਹੈ । ਇਸ ਨਾਲ ਸੁਧਾਰ ਦੀ ਆਸ ਬਣੀ ਰਹਿੰਦੀ ਹੈ । ਇਸ ਖੇਤਰ ਦੀ ਦੁਰਵਰਤੋਂ ਹਊਮੈਂ ਕਾਰਨ ਨਹੀਂ ਹੁੰਦੀ ਬਲਕਿ ਕਿਤੇ ਨਾ ਕਿਤੇ ਗਿਆਨ ਦੀ ਕਮੀ ਕਾਰਨ ਹੁੰਦੀ ਹੈ ।
ਅਹੁਦੇ ਅਤੇ ਸੱਤਾ ਦੀ ਦੁਰਵਰਤੋਂ ਆਮ ਹੁੰਦੀ ਰਹਿੰਦੀ ਹੈ । ਇਸਦੀ ਦੀ ਵੱਡੀ ਕਮੀ ਜਨਤਾ ਦੀ ਘੱਟ ਸਮਝੀ ਹੁੰਦੀ ਹੈ । ਜੇ ਜਨਤਾ ਇਹਨਾਂ ਦੀ ਦੁਰਵਰਤੋਂ ਰੋਕਣ ਵਿੱਚ ਸਫ਼ਲ ਹੋ ਜਾਵੇ ਤਾਂ ਇਹ ਅਹੁਦੇ " ਲੋਕ ਸੇਵਕ " " ਰਾਜ ਨਹੀਂ ਸੇਵਾ " ਦਾ ਸਹੀ ਸੁਨੇਹਾ ਦੇ ਸਕਦੇ ਹਨ । ਸਾਡੀ ਕਮੀ ਦਾ ਨਜ਼ਾਇਜ ਫਾਇਦਾ ਉਠਾਉਂਦੇ ਇਹ ਵਰਗ ਆਮ ਚਰਚਾ ਵਿੱਚ ਰਹਿੰਦੇ ਹਨ । ਇਹਨਾਂ ਦੀ ਦੁਰਵਰਤੋਂ ਨੂੰ ਲੋਕਾਂ ਲਈ ਬਹੁਤ ਵੱਡਾ ਨਹੀਂ ਸਮਝਿਆ ਜਾਂਦਾ ਬਲਕਿ ਹਊਆ ਬਣਾਕੇ ਪੇਸ਼ ਕੀਤਾ ਜਾਂਦਾ ਹੈ । ਸਾਡੀ ਸੰਸਕ੍ਰਿਤੀ ਸੱਭਿਆਚਾਰ ਹਮੇਸ਼ਾ ਸੱਤਾ ਦੁਰਵਰਤੋਂ ਦੇ ਖਿਲਾਫ ਰਹੀ । ਮਹਾਰਾਜਾ ਰਣਜੀਤ ਸਿੰਘ ਰਾਜ ਦੀ ੳਦਾਹਰਨ ਤੋਂ ਇਲਾਵਾ ਹੋਰ ਉਦਾਹਰਨਾਂ ਵੀ ਹਨ । ਅੱਜ ਸਮੇਂ ਦੀ ਲੋੜ ਹੈ ਸੱਤਾ ਦੀ ਦੁਰਵਰਤੋਂ ਵਾਲੇ ਸਖਤ ਕਨੂੰਨੀ ਮਾਪਦੰਡਾਂ ਵਿੱਚ ਆਉਣ ਇਸ ਨਾਲ ਇਹਨਾਂ ਦਾ ਉਦੇਸ ਸੇਵਾ ਅਤੇ ਇਨਸਾਫ ਹੀ ਬਣੇਗਾ । ਇਸ ਖੇਤਰ ਵਿੱਚ ਮਿਸਾਲੀ ਸਜਾ ਦਾ ਪ੍ਰਬੰਧ ਹੋਵੇ ਤਾ ਜਨਤਾ ਦਾ ਭਲਾ ਅਤੇ ਵਿਕਾਸ ਸੰਭਵ ਹੈ । ਰਾਜਨੀਤੀ ਦੀ ਦੁਰਵਰਤੋਂ ਦੇ ਝੰਬੇ ਲੋਕਾਂ ਨੂੰ ਆਜ਼ਾਦੀ ਸੁਪਨਾ ਹੀ ਲੱਗਦੀ ਹੈ।
ਜਨਤਾ ਅਪਣੇ ਹੱਕਾਂ ਅਤੇ ਫਰਜਾਂ ਲਈ ਵੀ ਦੁਰਵਰਤੋਂ ਪੇਸ਼ ਕਰਦੀ ਹੈ । ਇਸ ਨਾਲ ਸੰਤੁਲਨ ਵਿਗੜਦਾ ਹੈ । ਇਹ ਪੱਖ ਲੋਕਤੰਤਰ ਦੇ ਨਾਂਹ ਪੱਖੀ ਪ੍ਰਭਾਵ ਦੀ ਭੇਟ ਚੜ੍ਹ ਜਾਂਦਾ ਹੈ । ਜਨਤਾ ਨੂੰ ਵੋਟਾਂ ਖਾਤਰ ਵਰਤ ਕੇ ਉਹਨਾਂ ਨੂੰ ਲੁਭਾਊ ਅਤੇ ਡੰਗ ਟਪਾਊ ਬਣਾਇਆ ਜਾਂਦਾ ਹੈ । ਇਸ ਨਾਲ ਅਹੁਦੇ ਦੀ ਦੁਰਵਰਤੋਂ ਹੰਢਾਉਣ ਲਈ ਚੁੱਪ ਰਹਿਣਾ ਮਜ਼ਬੂਰੀ ਬਣ ਜਾਦੀ ਹੈ । ਇਕ ਦੂਜੇ ਤੋਂ ਮੂਹਰੇ ਹੋ ਕੇ ਅਹੁਦੇਦਾਰ ਦੇ ਮੂਹਰੇ ਬੈਠਣਾ ਫਿਤਰਤ ਬਣ ਗਈ ਹੈ । ਜੇ ਵਰਤੋਂ ਹੈ ਤਾਂ ਦੁਰਵਰਤੋਂ ਹੈ ਸਮਝ ਕੇ ਮਨ ਨੂੱ ਥੋੜਾ ਚਿਰ ਤਾਂ ਸ਼ਾਂਤੀ ਮਿਲ ਸਕਦੀ ਹੈ ਪਰ ਯੂਰਪੀਨ ਮੁਲਕਾਂ ਦੀ ਬਰਾਬਰਤਾ ਸੁਪਨਾ ਹੀ ਰਹੇਗੀ । ਕਈ ਮੁਲਕਾਂ ਵਿੱਚ ਸੱਤਾ ਦੀ ਦੁਰਵਰਤੋਂ ਵਾਲਿਆ ਦਾ ਹਸ਼ਰ ਬਹੁਤ ਮਾੜਾ ਹੋਇਆ ਪਰ ਉਦੋਂ ਜਦੋਂ ਜਨਤਾ ਜਾਗੀ । ਲੋਕਤੰਤਰ ਵਿੱਚ ਵੋਟ ਵੱਡਾ ਹਥਿਆਰ ਹੁੰਦਾ ਹੈ । ਇਸ ਵਿੱਚ ਦੁਰਵਰਤੋਂ ਨੂੰ ਪੰਜ ਸਾਲ ਬਾਅਦ ਨਕਾਰ ਦਿੱਤਾ ਜਾਂਦਾ ਹੈ । ਜੇ ਦੁਰਵਰਤੋਂ ਵਾਲੇ ਨੂੰ ਮਿਸਾਲੀ ਸਜ਼ਾ ਦਾ ਉਪਬੰਧ ਹੋ ਜਾਵੇ ਤਾਂ ਅੱਜ ਦੇ ਸਮੇਂ ਜਨਤਾ ਨਾਲ ਇਨਸਾਫ ਇਸ ਤੋਂ ਵੱਡਾ ਹੋਰ ਕੋਈ ਨਹੀਂ ਹੋ ਸਕਦਾ ।
ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ
9878111445