ਪਾਣੀ ਵਿਚਾਰਾ - ਰਣਜੀਤ ਕੌਰ ਤਰਨ ਤਾਰਨ

'ਜਦ ਪਾਣੀ ਨੂੰ ਪਾਣੀ ਪਾਣੀ ਹੋਣਾ ਪਿਆ,ਚੁਲੂ ਭਰ ਪਾਣੀ ਨਾ ਲੱਭਾ ਪਾਣੀ ਨੂੰ ਨੱਕ ਡੋਬਣ ਲਈ"
ਅੱਜ ਦੀ ਤਾਜ਼ਾ ਖਬਰ ਕਹਿੰਦੀ ਹੈ,'ਪੰਜਾਬ ਸਰਕਾਰ ਨੇ ਕਾਰ ਧੋਣ ਤੇ ਫ਼ਰਸ਼ ਧੋਣ ਤੇ ਗਲੀ/ਗੇਟ ਧੋਣ ਲਈ ਪਾਣੀ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ।ਇਹ ਸਾਧਾਰਨ ਖਬਰ ਹੈ ਇਸਦੀ ਤਫ਼ਸੀਲ ਗਹਿਰੀ ਤੇ ਲੰਬੀ ਹੈ।ਭਾਂਡੇ ਧੋਣ,ਕਪੜੇ ਧੋਣ ਲਈ ਇਸ ਖਬਰ ਵਿੱਚ ਤਾਂ ਨਹੀ ਲਿਖਿਆ ਗਿਆ ਕਿ ਦਾਲ 165 ਰੁਪਏ ਕਿਲੋ ( ਚੰਗੀ ਦਾਲ ਜਿਹੜੀ ਸਦਾ ਨਿਭੈ ਨਾਲ) ਦਾਲ ਵਾਅਦਾ ਖਿਲਾਫੀ ਕਰ ਗਈ ਹੈ,ਗੈਸ ਬੋਝੇ ਤੇ ਬੋਝ ਹੈ,ਆਟਾ ਵੀ 28 ਰੁਪਏ ਹੈ,ਸਭਜੀਆਂ ਵੀ ਸੌ ਦਾ ਪੱਤਾ ਹਨ,ਸਹੀ ਹੈ ਖਾਣ ਲਈ ਡੱਬੇ ਵਿੱਚ ਕੁਝ ਨਹੀਂ ਪਕਾਉਣਾ ਨਹੀਂ ਖਾਣਾ ਨਹੀਂ ਭਾਂਡੇ ਧੋਣੇ ਨਹੀਂ ਸਾਬਣ ਕਿਥੇ ਹੈ ਕਪੜੇ ਧੋਣ ਲਈ,ਦੰਦ ਵੀ ਪੇਸਟ ਕਰਨ ਦੀ ਲੋੜ ਨਹੀਂ ਪੈਣੀ-ਸੋ ਪਾਣੀ ਵਿਚਾਰਾ ਮਰਨੋਂ ਬੱਚ ਗਿਆ,ਜਾਂ ਕਹਿ ਲਓ ਬਚਾਅ ਲਿਆ ਗਿਆ।ਉਮਰ ਤਾਂ ਬੱਚ ਗਈ ਪਰ ਸ਼ਰਮ ਨਾਲ ਮਰ ਗਿਆ ਵਿਚਾਰਾ ਪਾਣੀ ਚੁਲੂ ਭਰ ਪਾਣੀ ਚ ਨੱਕ ਡੋਬ ਗੋਡਿਆਂ ਚ ਸਿਰ ਦੇ ਰੋਣ ਲਗਾ ਉਦੋਂ ਜਦੋਂ ਮੁਖ ਮੰਤਰੀ 100 ਕਿਲੋਮੀਟਰ ਦੀ ਦੂਰੀ ਕਾਰ ਬੱਸ ਦੇ ਰਸਤੇ ਕਿਰਾਏ ਦਾ ਹੈਲੀਕੇਪਟਰ ਲੈ ਉਡਿਆ ਤੇ ਉਦੇ ਉੜਨ ਖਟੋਲੇ ਦੇ ਪੰਦਰਾਂ ਮਿੰਟ ਖੜੇ ਕਰਨ ਲਈ ਬਾਰਾਂ ਹਜਾਰ /ਲੀਟਰ ਪਾਣੀ ਲਾ ਦਿੱਤਾ ਗਿਆ।
ਮੰਤਰੀ ਜੀ ਦਾ ਪੁੱਤ ਲਾੜਾ ਬਣ ਸਹੁਰੇ ਗਿਆ ਤੇ ਪੰਝੀ ਕਿਲੋਮੀਟਰ ਦੀ ਦੂਰੀ ਤੇ ਲਾੜਾ ਜੀ ਦਾ ਹੈਲੀਕੇਪਟਰ ਖੜਾ ਕਰਨ ਲਈ ਕੱਦੂ ਵੱਢ ਕੇ ਵੀਹ ਹਜਾਰ ਲੀਟਰ ਪਾਣੀ ਛਿੜਕਾਇਆ ਗਿਆ।ਮੰਤਰੀ ਜੀ ਦਾ ਜਵਾਬ ਸੀ'ਜਦ ਮੈਂ ਮੰਤਰੀ ਬਣਿਆ ਸੀ,ਮੈਂ ਖਵਾਬ ਪਾਲਿਆ ਸੀ ਕਿ ਮੈਂ ਬੇਟੇ ਦੀ ਬਰਾਤ ਹੈਲ਼ੀਕਪਟਰ ਤੇ ਲੈ ਕੇ ਜਾਵਾਂ ਮੇਰਾ ਸਪਨਾ ਪੂਰਾ ਹੋ ਗਿਆ'।ਇੰਜ ਟੁਟੇ ਸੌ ਕਰੌੜ ਦੇ ਸਪਨੇ।ਦੋ ਹਜਾਰ ਬਰਾਤੀਆਂ ਤੇ ਕਿੰਨਾ ਪਾਣੀ ਲਗੇਗਾ?
ਖੈੇਰ ਛਡੋ-ਸਾਡੇ ਲਾਡਲੇ ਮੰਤਰੀਆਂ ਨੂੰ ਤੇ ਸੱਤ ਖੂੁਨ ਮਾਫ ਨੇ ਤੇ ਪਾਣੀ ਦੇ ਕਤਲ ਦਾ ਤਾਂ ਸਬੂਤ ਹੀ ਨਹੀਂ ਲਭਦਾ / ਦਿਸਦਾ।ਭਾਰਤ ਮਹਾਨ ਦੇ ਨੇਤਾ ਤਾਂ ਮੌਤ ਨੂੰ ਮਾਰ ਕੇ ਸੌ ਦਾ ਅੰਕੜਾ ਉਮਰ ਪਾਰ ਕਰ ਜਾਂਦੇ ਹਨ।
ਸੋਚੋ ਪਾਣੀ ਵਿਚਾਰਾ ਕੀ ਕਰੇ ,ਠੰਢਾ ਪਾਣੀ ਪੀ ਮਰੇ, ਮਰੇ ਕਿ ਨਾਂ ਮਰੇ।ਅੱਖ ਨੀ੍ਹ ਚੁੱਕ ਸਕਦਾ ਆਮ ਬੰਦੇ ਸਾਹਮਣੇ,ਜਿਸਨੇ ਇਹਨੂੰ ਆਪਣਾ ਪਿਤਾ ਮੰਨਿਆ ਹੈ,ਉਸੇ ਲਈ ਮਤਰੇਆ ਹੋ ਗਿਆ।
ਪਾਬੰਦੀ ਨਹੀਂ ਲਗੀ ਮੈਰਿਜ ਪੈਲੇਸਾਂ ਵਿੱਚ,ਹੋਟਲਾਂ ਵਿੱਚ,ਕਰਿਕਟ ਪਿਚ ਬਣਾਉਣ ਤੇ ਸ਼ਰਾਬ ਬਣਾਉਣ ਲਈ ਹਰ ਰੋਜ਼ ਲੱਖਾਂ ਲੀਟਰ ਪਾਣੀ ਵਰਤਿਆ/ਖਰਾਬ ਕੀਤਾ ਜਾਂਦਾ ਹੈ ਤੇ ਫਿਰ ਸ਼ਰਾਬ ਪੀ ਕੇ ਚਿਕੜ ਧੋਣ ਲਈ ਕਿੰਨਾ ਪਾਣੀ ਲਗਦਾ ਹੈ। ਕਿੰਨਾ ਪਾਣੀ ਲਗੇਗਾ ਸ਼ਰਾਬੀਆਂ ਦੀਆਂ ਉਲਟੀਆਂ ਵਾਲੇ ਫਰਸ਼ ਧੋਣ ਤੇ ਗਲੀਜੇ ਕਪੜੇ ਧੋਣ ਤੇ।ਹੋਲੀ ਤੇ ਪਾਣੀ ਦੇ ਦਰਿਆ ਮੁੱਕ ਜਾਂਦੇ ਹਨ,ਮਈ ਜੂਨ ਜੁਲਾਈ ਤਿੰਨ ਮਹੀਨੇ ਰੰਗਦਾਰ ਪਾਣੀ ਦੀ ਛਬੀਲ ਲਾ ਕੇ ਕਿੰਨਾ ਪਾਣੀ ਸੜਕਾਂ ਕੰਢੇ ਪੈਰਾਂ ਤੇ ਹੀ ਪਾਇਆ ਜਾਂਦਾ ਹੈ।
ਇਕ ਕਿਲੋ ਝੋਨਾ ਉਗਾਉਣ ਲਈ ਚਾਰ ਹਜਾਰ ਲੀਟਰ ਪਾਣੀ ਚਾਹੀਦਾ ਹੈ ਤੇ ਇਕ ਕਿਲੋ ਖੰਡ ਬਣਾਉਣ ਲਈ 2067 ਲੀਟਰ ਪਾਣੀ ਲਗਦਾ ਹੈ।
ਵਡੇਰੇ ਸਮਝਾਉਂਦੇ ਸਨ, ਕਲੇ ਕਲੇਸ਼ ਤੋਂ ਬਚੋ,''ਜਿਥੇ ਕਲਾ ਕਲੰਦਰ ਵਸੇ,ਉੇਥੇ ਘੜਿਓਂ ਪਾਣੀ ਨਸੇ"।
ਪਾਣੀ ਦਾ ਰੰਗ ਤੇ ਕੋਈ ਨ੍ਹੀ ਹੁੰਦਾ ਪਰ 'ਰੱਬ ਜੀ'ਤੇਰੇ ਰੰਗ ਨਿਆਰੇ ਨੇ-ਆਮ ਆਦਮੀ ਨੂੰ ਨਿਵਾਲਾ ਤੇ ਦੁਰਲੱਭ ਕੀਤਾ  ਹੀ ਸੀ ਮੁਫ਼ਤ ਮਿਲਣ ਵਾਲਾ ਪਾਣੀ ਵੀ ਦੂਰ ਦੀ ਨਿਆਮਤ ਬਣਾ ਤਾ,ਪਾਣੀ ਨੂੰ ਵੇਖ ਜਦ ਮਨ ਲਲਚਾਏ ਤੇ ਇਹੋ ਕਹੀਦਾ,'ਅੰਗੂਰ ਖੱਟੇ ਹਨ'।ਪਾਣੀ ਦੇ ਸਾਥੀ ਪਿੱਪਲ,ਬੋਹੜ,ਨਿੱਮ,ਕਿੱਕਰ ਟਾਹਲੀ,ਦਾ ਬੀਜ ਨਾਸ ਮਾਰ ਦਿੱਤਾ ਹੈ।ਅਜੋਕੀ ਪੀੜ੍ਹੀ ਨੂੰ ਤੇ ਇਹਨਾਂ ਦੀ ਪਹਿਚਾਣ ਕਰਾਉਣ ਲਈ ਨਮੂਨਾ ਵੀ ਨੀਂ ਲੱਭਦਾ।ਇਹ ਸਾਰੇ ਰੁੱਖ ਬਾਬਿਆਂ ਤੋਂ ਵਢੱਾ ਲਏ ਹਨ।ਡੇਰਿਆਂ ਚ ਹਜਾਰਾਂ ਲੀਟਰ ਪਾਣੀ ਰੋਜ਼ ਨਸ਼ਟ ਹੁੰਦਾ ਹੈ।ਫਰਸ਼ ਧੋਣ ਤੇ ਪਾਬੰਦੀ ਹੈ ਤੇ ਫਰਸ਼ ਬਣਾਉਣ ਤੇ ਕਿਉਂ ਨਹੀਂ? ਉੱਚੀਆਂ ਉਚੀਆਂ ਇਮਾਰਤਾਂ ਧੜਾਧੜ ਬਣ ਰਹੀਆਂ ਹਨ ਇਹ ਪਾਣੀ ਤੋਂ ਬਿਨਾਂ ਤੇ ਨਹੀਂ ਬਣਦੀਆਂ।ਇਮਾਰਤਸਾਜ਼ੀ ਵਨਸਪਤੀ ਵੱਖ ਖਤਮ ਕਰ ਰਹੀ ਹੈ।
.,.,....,.,.,.,....
ਪਾਣੀ ਨੂੰ ਰੀਸਾਈਕਲ ਕਰਨ ਤੇ ਪਾਣੀ ਸੰਭਾਲਣ ਦੀ ਮਸ਼ੀਨਰੀ ਲਾਉਣ ਲਈ ਵੀ ਪੰਜਾਬ ਸਰਕਾਰ ਨੂੰ ਕਾਨੂੰਨ ਪਾਸ ਕਰਨਾ ਚਾਹੀਦਾ ਹੈ।ਨਵੀਆਂ ਨਹਿਰਾਂ ਕੱਢਣੀਆਂ ਪੁਰਾਣੀਆਂ ਦੀ ਸਫਾਈ ਕਰਨੀ ਵੱਲ ਵੀ ਧਿਆਂਨ ਦੇਣਾ ਬਣਦਾ ਹੈ।ਇਸ ਵਕਤ ਰਾਜਸਥਾਨ ਵੀ ਪੰਜਾਬ ਨਾਲੋਂ ਜਿਆਦਾ ਹਰਿਆ ਹੈ,ਬਾਕੀ ਰਾਜਾਂ ਵਿੱਚ ਤਾਂ ਜਾਗਰੂਕਤਾ ਹੈ ਹੀ।
" ਪਾਣੀ ਰੇ ਪਾਣੀ ਤੇਰਾ ਰੰਗ ਕੈਸਾ ,ਹਰ ਪਿਆਸੇ ਕੀ ਉਮੰਗ ਜੈਸਾ"।
ਰਣਜੀਤ ਕੌਰ ਤਰਨ ਤਾਰਨ.....9780282816

29 April 2016