ਗੁਰੂ ਨਾਨਕ ਦਾ ਇਸਲਾਮ ਭਾਈਚਾਰੇ ਨਾਲ ਸੰਵਾਦ - ਡਾ. ਜਸਵਿੰਦਰ ਸਿੰਘ
ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨਾਲ ਜਿਹੜਾ ਸੰਵਾਦ ਰਚਾਇਆ, ਉਹ ਆਪਣੇ ਆਪ ਵਿੱਚ ਬੇਮਿਸਾਲ ਹੈ। ਇਹ ਸੰਵਾਦ ਬਹੁਤ ਹੀ ਸਹਿਜ ਭਾਵ ਨਾਲ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੰਵਾਦ ਵਿੱਚ ਕਿਤੇ ਵੀ ਇਸਲਾਮਿਕ ਵਿਸ਼ਵਾਸ਼ਾਂ ਸੰਬੰਧੀ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਸ ਨਾਲ ਕਿਸੇ ਸ਼ਰਧਾਵਾਨ ਇਨਸਾਨ ਦਾ ਦਿਲ ਦੁਖਦਾ ਹੋਵੇ ਇਹਨਾਂ ਵਿਸ਼ਵਾਸ਼ਾਂ ਨੂੰ ਅਮਲੀ ਰੂਪ ਵਿਚ ਅਪਨਾਉਣ ਲਈ ਤਾਕੀਦ ਕੀਤੀ ਗਈ ਹੈ। ਮੁਸਲਮਾਨਾਂ ਨੂੰ ਚੰਗੇ ਮੁਸਲਮਾਨ ਨੂੰ ਚੰਗੇ ਮੁਸਲਮਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਸੰਵਾਦ ਵਿੱਚ ਆਪਣੇ ਮਤ ਨੂੰ ਚੰਗਾ ਅਤੇ ਦੂਜੇ ਮਤ ਨੂੰ ਮੰਦਾ ਦੱਸਣ ਵਰਗੀਆਂ ਗੱਲਾਂ ਨਹੀ ਹਨ ਸਗੋਂ ਧਰਮਾਂ ਦੇ ਭੇਦ ਭਾਵ ਤੋਂ ਉਪਰ ਉਠ ਕੇ ਇਨਸਾਨੀ ਸਾਂਝ ਨੂੰ ਉਭਾਰਿਆ ਗਿਆ ਹੈ। ਇਥੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀਆਂ ਕੁਝ ਅਜਿਹੀਆਂ ਮਿਸਾਲਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜਿਹਨਾਂ ਤੋਂ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨਾਲ ਜਿਹੜਾ ਸੰਵਾਦ ਰਚਾਇਆ ਉਹ ਕਿਹੋ ਜਿਹਾ ਸੀ। ਉਸ ਵਿੱਚ ਸਮਕਾਲੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਵਿਵਸਥਾ ਵਿੱਚ ਕੀ ਮਹੱਤਤਾ ਸੀ ਤੇ ਅਜੋਕੇ ਸਮਾਜ ਲਈ ਉਹ ਕਿਵੇਂ ਉਪਯੋਗੀ ਹਨ? ਇਸ ਤੋਂ ਪਹਿਲਾਂ ਕਿ ਇਸ ਸੰਵਾਦ ਜੁਗਤ ਦੀ ਗੱਲ ਕੀਤੀ ਜਾਵੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਸੰਵਾਦ ਤੋਂ ਕੀ ਭਾਵ ਹੈ।
ਆਪਸ ਵਿੱਚ ਗੱਲਬਾਤ ਕਰਨ ਨੂੰ ਸੰਵਾਦ ਕਿਹਾ ਜਾਂਦਾ ਹੈ। ਇਸ ਵਿੱਚ ਦੋਵੇਂ ਪੱਖ ਆਪਣੀ-ਆਪਣੀ ਗੱਲ ਕਹਿੰਦੇ ਹਨ। ਤਰਕ-ਵਿਤਰਕ ਉਪਰੰਤ ਸਹਿਮਤੀ ਅਤੇ ਅਸਿਹਮਤੀ ਉਪਰੰਤ ਕਿਸੇ ਮਿਲੇ-ਜੁਲੇ ਨਤੀਜੇ ਤੇ ਪਹੁੰਚਦੇ ਹਨ। ਸੰਵਾਦ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਨਾਲ ਸੁਭਾਵਿਕ ਤੌਰ ਤੇ ਹੁੰਦਾ ਹੈ। ਸੰਵਾਦ ਆਪਸ ਵਿੱਚ ਇੱਕ ਦੂਜੇ ਮਨੁੱਖ, ਸਮਾਜ ਅਤੇ ਸੰਸਕ੍ਰਿਤੀ ਨੂੰ ਪ੍ਰਭਾਵਿਤ ਕਰਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨਾਲ ਸੰਵਾਦ ਰਚਦੇ ਹੋਏ ਕਿਹਾ ਹੈ ਕਿ ਜੇ ਜਾਮੇ ਨੂੰ ਲਹੂ ਲੱਗ ਜਾਵੇ ਤਾਂ ਜਾਮਾ ਅਪਵਿੱਤਰ ਸਮਝਿਆ ਜਾਂਦਾ ਹੈ। ਇਸ ਨਾਲ ਨਵਾਜ਼ ਨਹੀਂ ਪੜ੍ਹੀ ਜਾਂਦੀ। ਪਰ ਜੋ ਜੀਵ ਮਨੁੱਖਾਂ ਦਾ ਰੱਤ ਹੀ ਪੀ ਜਾਂਦੇ ਹਨ, ਜ਼ੋਰ, ਜੁਲਮ ਨਾਲ ਉਨ੍ਹਾਂ ਦੇ ਹੱਕ ਮਾਰ ਕੇ, ਹਰਾਮ ਖਾਂਦੇ ਹਨ, ਉਨ੍ਹਾਂ ਦਾ ਦਿਲ ਕਿਵੇਂ ਪਵਿੱਤਰ ਰਹਿ ਸਕਦਾ ਹੈ। ਇਸ ਨਾਲ ਨਿਵਾਜ ਪੜ੍ਹੀ ਕਿਵੇ ਪਰਵਾਨ ਚੜ੍ਹੇਗੀ। ਖੁਦਾ ਦਾ ਨਾਮ, ਪਵਿੱਤਰ ਹਿਰਦੇ ਨਾਲ ਮੂਹੋਂ ਉਚਾਰਨ ਕਰ, ਜੇ ਅਜਿਹਾ ਨਹੀਂ ਕਰਦਾ ਤਾਂ ਸਾਰੇ ਕਰਮ ਵਿਖਾਏ ਮਾਤਰ ਹਨ। ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨਾਲ ਸਿੱਧਾਂ ਸੰਵਾਦ ਕਰਦਿਆਂ ਸੱਚਾ ਜੀਵਨ ਜਿਉਣ ਲਈ ਉਪਦੇਸ਼ ਦਿੱਤਾ ਹੈ। ਬਾਹਰੀ ਵਿਖਾਵੇ ਅਤੇ ਖੋਖਲੀਆਂ ਰਸਮਾਂ ਦੀ ਨਿਖੇਧੀ ਵੀ ਕੀਤੀ ਹੈ।
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ॥
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ॥
ਮੁਸਲਮਾਨਾਂ ਦੀਆਂ ਇਬਾਦਤਾਂ ਦਾ ਹਵਾਲਾ ਦੇ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੁਸਲਮਾਨਾਂ ਦੀਆਂ ਰੋਜ਼ਾਨਾ ਪੰਜ ਨਿਵਾਜਾਂ ਹਨ। ਪਹਿਲੀ ਨਿਵਾਜ਼ੇ ਸੁਬਹ, ਦੂਸਰੀ ਨਵਾਜ਼ੇ ਪੇਸ਼ੀਨ, ਤੀਜੀ ਨਵਾਜ਼ੇ ਦੀਗਰ, ਚੌਥੀ ਨਿਵਾਜ਼ੇ ਸ਼ਾਮ, ਪੰਜਵੀਂ ਨਿਵਾਜ਼ੇ ਖੁਫ਼ਤਨ ਹੈ। ਪਹਿਲੀ ਨਿਵਾਜ ਸੱਚ ਤੇ ਦ੍ਰਿੜ ਰਹਿਣਾ, ਦੂਜੀ ਨਿਵਾਜ਼ ਨੇਕ ਕਮਾਈ ਹੈ, ਤੀਜੀ ਰੱਬ ਤੋਂ ਸਭ ਦਾ ਭਲਾ ਮੰਗਣਾ, ਚੌਥੀ ਨਿਵਾਜ ਨੀਅਤ ਤੇ ਮਨ ਨੂੰ ਸਾਫ਼ ਰੱਖਣਾ ਹੈ, ਪੰਜਵੀਂ ਪ੍ਰਭੂ ਦੀ ਸਿਫਤ ਸਲਾਹ ਤੇ ਵਡਿਆਈ ਹੈ। ਜੇਕਰ ਮੁਸਲਮਾਨ ਦੀਆਂ ਨਵਾਜਾਂ ਵਿੱਚ ਉਕਤ ਬਿਆਨ ਕੀਤੀਆਂ ਹਕੀਕਤਾਂ ਨਹੀਂ ਹਨ ਤਾਂ ਇਹ ਸਭ ਕੂੜ ਕ੍ਰਿਆਵਾਂ ਹਨ।
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ॥
ਇਨਸਾਨੀ ਹਊਮੇ ਕਰਕੇ ਮਨੁੱਖ ਆਪਣੇ ਆਪ ਨੂੰ ਵੱਡਾ ਤਸੱਵੁਰ ਕਰਦਾ ਹੈ। ਇਸੇ ਤਰ੍ਹਾਂ ਮੁਸਲਮਾਨ ਵੀ ਆਪਣੇ ਆਪ ਨੂੰ ਬਹੁਤ ਉਚਾ ਸਮਝਦਾ ਹੈ, ਜਦਕਿ ਰੱਬ ਦੇ ਦਰਬਾਰ ਵਿੱਚ ਵਡਿਆਈ ਪ੍ਰਾਪਤ ਕਰਨ ਲਈ ਸੱਚਾ ਗੁਰੂ ਅਤੇ ਸੱਚਾ ਪੀਰ ਲੋੜੀਂਦਾ ਹੈ। ਇਸ ਸੰਸਾਰ ਵਿੱਚ ਜਿਹੜਾ ਰੱਬ ਨੂੰ ਪਹਿਚਾਣਦਾ ਹੈ, ਮਰਨ ਉਪਰੰਤ ਰੱਬ ਵੀ ਉਸ ਨੂੰ ਪਹਿਚਾਣਦਾ ਹੈ। ਆਪੇ ਨੂੰ ਪਹਿਚਾਨੋਂ, ਮੁਸਲਮਾਨ ਹੋਣ ਤੇ ਫ਼ਖਰ ਕਰਨਾ ਬੇਕਾਰ ਹੈ।
ਮੁਸਲਮਾਨ ਕਰੇ ਵਡਿਆਈ॥
ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥
ਰਾਹੁ ਦਸਾਇ ਉਥੈ ਕੋ ਜਾਇ॥
ਕਰਣੀ ਬਾਝਹੁ ਭਿਸਤਿ ਨ ਪਾਇ॥
ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿੰਨਾ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿੱਚ ਸੜਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਕਿਥੇ ਮੁਸਲਮਾਨ ਮੁਰਦੇ ਦੱਬਦੇ ਹਨ, ਉਸੇ ਜਗ੍ਹਾ ਤੋਂ ਘੁਮਿਆਰ ਮਿੱਟੀ ਲੈ ਕੇ ਜਾਂਦਾ ਹੈ। ਫਿਰ ਉਸੇ ਮਿੱਟੀ ਦੇ ਹੀ ਭਾਂਡੇ ਬਣਾਉਂਦਾ ਹੈ। ਮਿੱਟੀ ਨੂੰ ਅੱਗ ਵਿੱਚ ਸਾੜਿਆ ਜਾਂਦਾ ਹੈ। ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਗੋਸ਼ਟੀ ਮੀਆਂ ਮਿੱਠੇ ਨਾਲ ਕੀਤੀ ਸੀ। ਬਾਅਦ ਵਿਚ ਮੀਆਂ ਮਿੱਠਾ ਗੁਰੂ ਜੀ ਦੀ ਗੱਲ ਮੰਨ ਕੇ ਉਨ੍ਹਾਂ ਦੇ ਚਰਨਾਂ ਵਿੱਚ ਪੈ ਗਿਆ।
ਮਿਟੀ ਮੁਸਲਮਾਨ ਕੀ ਪੇੜੈ ਕਈ ਕੁਮਿਆਰ॥
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ॥
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ॥
ਇਸਲਾਮ ਮਤ ਵਿੱਚ ਪਰਾਇਆ ਹੱਕ ਮਾਰਨ ਦੀ ਵੀ ਮਨਾਹੀ ਹੈ। ਇਸ ਤਰ੍ਹਾਂ ਮੁਸਲਮਾਨ ਸੂਰ ਦਾ ਮਾਸ ਨਹੀਂ ਖਾਂਦੇ, ਗੁਰੂ ਸਾਹਿਬ ਨੇ ਦੱਸਿਆ ਹੈ ਕਿ ਪਰਾਏ ਹੱਕ ਤੋਂ ਵੀ ਇਸ ਤਰ੍ਹਾਂ ਬਚਣਾ ਚਾਹੀਦਾ ਹੈ। ਕੇਵਲ ਗੱਲਾਂ ਕਰਨ ਨਾਲ ਕੋਈ ਜੰਨਤ ਵਿੱਚ ਨਹੀਂ ਜਾਵੇਗਾ। ਨੇਕ ਕਰਮ ਕਰਨੇ ਚਾਹੀਦੇ ਹਨ। ਹਰਾਮ ਦੀ ਕਮਾਈ ਕਿਸੇ ਵੀ ਤਰ੍ਹਾਂ ਹਲਾਲ ਨਹੀਂ ਹੋ ਸਕਦੀ।
ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ ਛੂਟੈ ਸਚੁ ਕਮਾਇ॥
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥
ਗੁਰੂ ਨਾਨਕ ਦੇਵ ਜੀ ਨੇ ਸਿਧੇ ਤੌਰ ਤੇ ਮੁੱਲਾਂ ਅਤੇ ਕਾਜ਼ੀ ਨੂੰ ਮੁਖਾਤਿਬ ਹੋ ਕੇ ਸੱਚੀ ਇਬਾਦਤ ਕਰਨ ਅਤੇ ਹਊਮੈ ਤੋਂ ਦੂਰ ਰਹਿਣ ਲਈ ਸੁਝਾਅ ਦਿੱਤਾ ਹੈ। ਤੁਸੀਂ ਮੁਲਾਂ ਜਾਂ ਕਾਜ਼ੀ ਕਹਾਉਣ ਦੇ ਹੱਕਦਾਰ ਉਸੇ ਵੇਲੇ ਬਣੋਗੇ ਜਦੋਂ ਤੁਸੀਂ ਖ਼ੁਦਾ ਦੇ ਨਾਂ ਦੀ ਮਹੱਤਤਾ ਨੂੰ ਸਮਝੋਗੇ। ਜਦ ਦਰਗਾਹ ਤੋਂ ਬੁਲਾਵਾ ਆਏਗਾ ਤਾਂ ਸਭ ਕੁਝ ਇਥੇ ਹੀ ਧਰਿਆ ਰਹਿ ਜਾਵੇਗਾ। ਭਾਵ ਇਹ ਕਿ ਰਸਮੀਂ ਇਬਾਦਤਾਂ ਮੌਤ ਤੋਂ ਨਹੀਂ ਬਚਾ ਸਕਦੀਆਂ ਅਤੇ ਦਿਲ ਨਾਲ ਕੀਤੀਆਂ ਗਈਆਂ ਇਬਾਦਤਾਂ ਹੀ ਕੰਮ ਆਉਣਗੀਆਂ।
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ॥
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ॥
ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ॥
ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ॥
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ॥
ਨਾਨਕ ਆਖੈ ਗੋਰ ਸਦੇਹੀ ਰਹਿਓ ਪੀਣਾ ਖਾਣਾ॥
ਗੁਰੂ ਜੀ ਮੁਸਲਮਾਨਾਂ ਦੇ ਸੰਦਰਭ ਵਿੱਚ ਦੱਸਣਾ ਚਾਹੁੰਦੇ ਹਨ ਕਿ ਮੁਸਲਮਾਨਾਂ ਦੀ ਨਿਆਂਏ ਵਿਵਸਥਾ ਕਿੰਨੀ ਕਮਜ਼ੋਰ ਪੈ ਗਈ ਹੈ। ਕਾਜ਼ੀ ਜਿਹੜਾ ਇਨਸਾਫ਼ ਕਰਨ ਵਾਲਾ ਹੈ ਅਗਰ ਝੂਠ ਬੋਲਦਾ ਹੈ ਤਾਂ ਮਲ ਖਾਣ ਦੇ ਬਰਾਬਰ ਹੈ। ਮੁਸਲਮਾਨ ਉਹੀ ਹੈ ਜਿਹੜਾ ਨਿੱਜੀ ਬੁਰਾਈਆਂ ਨੂੰ ਦੂਰ ਕਰੇ। ਹੇਠਲੇ ਸ਼ਬਦ ਵਿੱਚ ਮੁਸਲਮਾਨਾਂ ਨਾਲ ਸੰਵਾਦ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਕਾਜ਼ੀ ਨੂੰ ਇਨਸਾਫ਼ ਕਰਨ ਲਈ ਪ੍ਰੇਰਿਆ ਹੈ। ਦਿਲ ਦੀ ਮੈਲ ਧੋਣ ਅਤੇ ਕੁਰਾਨ ਨੂੰ ਸਮਝ ਕੇ ਅਮਲ ਕਰਨ ਲਈ ਪ੍ਰੇਰਿਤ ਕੀਤਾ ਹੈ।
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ
ਸੋ ਜੋਗੀ ਸੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤੁ ਮਰੈ
ਸੋ ਬ੍ਰਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥
ਦਾਨਸਬੰਦੁ ਸੋਈ ਦਿਲਿ ਧੋਵੈ॥ ਮੁਸਲਮਾਣੁ ਸੋਈ ਮਲੁ ਖੋਵੈ॥
ਉਪਰੋਕਤ ਚਰਚਾ ਤੋਂ ਬਾਅਦ ਅਸੀਂ ਆਖ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ ਨਾਲ ਜਿਹੜਾ ਸੰਵਾਦ ਰਚਾਇਆ, ਉਹ ਸਮਾਜ ਲਈ ਬਹੁਤ ਮਹੱਤਵਪੂਰਨ ਹੈ। ਗੁਰੂ ਜੀ ਨੇ ਜਿੱਥੇ ਮੁੱਲਾ ਅਤੇ ਕਾਜ਼ੀ ਨੂੰ ਉਸ ਦੀਆਂ ਜਿੰਮੇਵਾਰੀਆਂ ਵੱਲ ਧਿਆਨ ਦਵਾਇਆ ਹੈ, ਉਥੇ ਹੀ ਪੰਡਿਤ, ਬ੍ਰਹਮਣ ਜੋਗੀ ਅਤੇ ਨਾਥ ਆਦਿਕ ਨੂੰ ਉਨ੍ਹਾਂ ਦੀਆਂ ਧਾਰਮਿਕ ਜ਼ਿੰਮੇਵਾਰੀਆਂ ਵੱਲ ਵੀ ਪ੍ਰੇਰਿਤ ਕੀਤਾ ਹੈ। ਆਪ ਨੇ ਉਨ੍ਹਾਂ ਨੂੰ ਨੈਤਿਕ ਕਦਰਾਂ-ਕੀਮਤਾਂ ਵੱਲ ਪ੍ਰੇਰਿਤ ਕਰਦਿਆਂ ਦੱਸਿਆ ਹੈ ਕਿ ਸੱਚਾ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ। ਇਕ ਸੱਚੇ ਮੁਸਲਮਾਨ ਦੇ ਕੰਮ ਕਿਹੋ ਜਿਹੇ ਹੋਣੇ ਚਾਹੀਦੇ ਹਨ। ਸ਼ੁਭ ਕਰਮਾਂ ਬਿਨ੍ਹਾਂ ਮੁਸਲਮਾਨ ਹੋਣ ਤੇ ਫਖ਼ਰ ਕਰਨਾ ਫ਼ਜੂਲ ਹੈ। ਗੁਰੂ ਜੀ ਦੱਸਦੇ ਹਨ ਕਿ ਰੱਬ ਦੀਆਂ ਨਜ਼ਰਾਂ ਵਿੱਚ ਸਭ ਇਨਸਾਨ ਇਕੋ ਜਿਹੇ ਹਨ। ਉਨ੍ਹਾਂ ਵਿੱਚ ਕੋਈ ਉਚਾ ਨਹੀਂ ਹੈ ਅਤੇ ਨਾ ਹੀ ਕੋਈ ਨੀਵਾਂ ਹੈ। ਉਸ ਅਲਾਹ ਦੀਆਂ ਨਜ਼ਰਾਂ ਵਿੱਚ ਅੱਲਾਹ ਸ਼ੁਭ ਕਰਮਾਂ ਦੀ ਮਹੱਤਤਾ ਹੈ।
ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996