ਐਂਤਕੀ ਵਾਰ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
ਪੀਲੀ ਮਿੱਟੀ ਦੀ ਕੂਚੀ ਮਾਰ
ਅਪਨਾ ਘਰ ਸਜਾਈਏ
ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ ਘਰ ਦੇ ਕੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----
ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816
ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
ਜਿਨ ਕੇ ਸਾਮਨੇ ''ਵੋ ਖੁਦਾ'' ਕੁਛ ਭੀ ਨਹੀਂ