ਉੱਤਰੀ ਅਮਰੀਕਾ ਵਿੱਚ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ - ਹਰਪ੍ਰੀਤ ਸੇਖਾ
26 ਅਗਸਤ ਨੂੰ ਸਰੀ ਪਬਲਿਕ ਲਾਇਬ੍ਰੇਰੀ ਦੀ ਨਿਊਟਨ ਬ੍ਰਾਂਚ ਵਿੱਚ ਵਿੱਚ ਔਨਲਾਈਨ ਮੈਗਜ਼ੀਨ ਵਤਨ ਵੱਲੋਂ ਪੰਜਾਬੀ ਵਿਕੀਪੀਡਿਆ ਦੀ ਪਹਿਲੀ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਉੱਤਰੀ ਅਮਰੀਕਾ ਵਿੱਚ ਪੰਜਾਬੀ ਵਿਕੀਪੀਡੀਆ ਬਾਰੇ ਇਸ ਤਰ੍ਹਾਂ ਦੀ ਇਹ ਪਹਿਲੀ ਵਰਕਸ਼ਾਪ ਸੀ।
ਵਰਕਸ਼ਾਪ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਅਧਿਆਪਕ ਅਤੇ ਪੰਜਾਬੀ ਵਿਕੀਪੀਡਿਆ ਲਈ ਸਰਗਰਮੀ ਨਾਲ ਯੋਗਦਾਨ ਪਾ ਰਹੇ ਸੁਖਵੰਤ ਹੁੰਦਲ ਨੇ ਵਿਕੀਪੀਡਿਆ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ''ਵਿਕੀਪੀਡੀਆ ਇਸ ਸਮੇਂ ਗਿਆਨ ਹਾਸਲ ਕਰਨ, ਗਿਆਨ ਇਕੱਤਰ ਕਰਨ, ਗਿਆਨ ਸੰਭਾਲਣ ਵਿੱਚ ਇਕ ਇਨਕਲਾਬੀ ਤਬਦੀਲੀ ਲਿਆ ਰਿਹਾ ਹੈ। ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ।"
ਪੰਜਾਬੀ ਵਿਕੀਪੀਡੀਏ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ, ''ਇਸ ਦੀ ਮਹੱਤਤਾ ਨੂੰ ਸਮਝਾਉਣ ਲਈ ਮੈਂ ਵਿਕੀਪੀਡੀਆ ਦੇ ਬਾਨੀ ਜਿੰਮੀ ਵੇਲਜ਼ ਦੇ ਸ਼ਬਦਾਂ ਨੂੰ ਥੋੜ੍ਹਾ ਜਿਹਾ ਬਦਲ ਕੇ ਦੁਹਰਾਉਣਾ ਚਾਹੁੰਦਾ ਹਾਂ। ਕਲਪਨਾ ਕਰੋ ਕਿ 'ਦੁਨੀਆ ਦਾ ਸਾਰਾ ਗਿਆਨ ਪੰਜਾਬੀ ਵਿੱਚ ਉਪਲਬਧ ਹੋਵੇ ਅਤੇ ਇਸ ਗਿਆਨ ਤਕ ਹਰ ਪੰਜਾਬੀ ਦੀ ਪਹੁੰਚ ਹੋਵੇ।' ਜਿਸ ਦਿਨ ਅਜਿਹਾ ਹੋਵੇਗਾ, ਉਹ ਦਿਨ ਪੰਜਾਬੀ ਲੋਕਾਂ, ਪੰਜਾਬੀ ਬੋਲੀ, ਅਤੇ ਪੰਜਾਬੀ ਸਭਿਆਚਾਰ ਲਈ ਇਕ ਮਾਣਮੱਤਾ ਦਿਨ ਹੋੇਵੇਗਾ। ਪੰਜਾਬੀ ਪੜ੍ਹ ਸਕਣ ਵਾਲਾ ਹਰ ਵਿਅਕਤੀ ਦੁਨੀਆ ਦੇ ਵਿਸ਼ਾਲ ਗਿਆਨ ਤੱਕ ਆਪਣੀ ਮਾਂ ਬੋਲੀ ਵਿੱਚ ਪਹੁੰਚ ਕਰ ਸਕੇਗਾ। ਆਮ ਪੰਜਾਬੀ ਬੰਦੇ ਕੋਲ ਉਨ੍ਹਾਂ ਲੋਕਾਂ ਨੂੰ ਚੁਣੌਤੀ ਦੇਣ ਲਈ ਸਾਧਨ ਹੋਵੇਗਾ ਜਿਹੜੇ ਲੋਕ ਗਿਆਨ ਨੂੰ ਮੁੱਠੀ ਭਰ ਲੋਕਾਂ ਦੀ ਮਲਕੀਅਤ ਰੱਖਣਾ ਚਾਹੁੰਦੇ ਹਨ। ਹਰ ਇਕ ਪੰਜਾਬੀ ਆਪਣੀ ਮਾਂ ਬੋਲੀ ਦੀ ਵਰਤੋਂ ਕਰਦਿਆਂ ਆਪਣੇ ਵਿਰਸੇ, ਆਪਣੇ ਇਤਿਹਾਸ ਅਤੇ ਪਿਛੋਕੜ ਨਾਲ ਜੁੜਨ ਦੇ ਨਾਲ ਨਾਲ ਦੁਨੀਆ ਦੇ ਗਿਆਨ ਨਾਲ ਜੁੜ ਸਕੇਗਾ ਅਤੇ ਉਸ ਲਈ ਦੁਨੀਆ ਨੂੰ ਵਿਸ਼ਵ ਨਜ਼ਰੀਏ ਨਾਲ ਦੇਖ ਸਕਣ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।"
ਇਸ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਐਮ ਫਿੱਲ ਦੇ ਵਿਦਿਆਰਥੀ ਅਤੇ ਵਿਕੀਪੀਡੀਆ ਦੇ ਪ੍ਰਬੰਧਕ ਸਤਦੀਪ ਗਿੱਲ ਨੇ ਵਿਕੀਪੀਡਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੋਲੀ ਨੂੰ ਬਚਾਉਣ ਲਈ ਵਿਕੀਪੀਡਿਆ ਬਹੁਤ ਮਹੱਤਵਪੂਰਨ ਟੂਲ ਹੈ ਅਤੇ ਅੱਜ ਦੇ ਇੰਟਰਨੈੱਟ ਦੇ ਯੁੱਗ ਵਿੱਚ ਪੰਜਾਬੀ ਲਈ ਇੰਟਰਨੈੱਟ ਉੱਤੇ ਆਪਣੀ ਥਾਂ ਬਣਾਉਣਾ ਜ਼ਰੂਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਵਿੱਕੀਪੀਡੀਏ ਉੱਪਰ ਜਾਣਕਾਰੀ ਪਾਉਣ ਦੇ ਵੱਖ ਵੱਖ ਪੱਖਾਂ ਬਾਰੇ ਦੱਸ ਕੇ ਵਿਕੀਪੀਡੀਆ ਉੱਪਰ ਜਾਣਕਾਰੀ ਪਾਉਣ ਦੀ ਮੁੱਢਲੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਮੇਂ 25 ਦੇ ਕਰੀਬ ਸੰਪਾਦਕ ਪੰਜਾਬੀ ਵਿਕੀਪੀਡੀਏ ਉੱਪਰ ਕੰਮ ਕਰ ਰਹੇ ਹਨ, ਜਿਹਨਾਂ ਵਿੱਚ ਬਹੁਤੇ 30 ਸਾਲਾਂ ਤੋਂ ਘੱਟ ਉਮਰ ਦੇ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬੀ ਵਿਕੀਪੀਡੀਏ ਦੀ ਤਰੱਕੀ ਲਈ ਸੰਪਾਦਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋਣਾ ਜ਼ਰੂਰੀ ਹੈ।
ਫਿਰ ਉਨ੍ਹਾਂ ਨੇ ਵਿਕੀਪੀਡੀਆ ਦੇ ਸਹਿਯੋਗੀ ਪ੍ਰੋਜੈਕਟਾਂ ਵਿਕਸ਼ਨਰੀ ਅਤੇ ਵਿਕੀ ਸ੍ਰੋਤ- ਬਾਰੇ ਦੱਸਿਆ। ਇਹ ਦੋਵੇਂ ਪ੍ਰੋਜੈਕਟ ਸ਼ੁਰੂਆਤੀ ਦੌਰ ਵਿੱਚ ਹਨ। ਵਿਕਸ਼ਨਰੀ ਪ੍ਰੋਜੈਕਟ ਇਕ ਬਹੁਭਾਸ਼ਾਈ ਡਿਕਸ਼ਨਰੀ ਬਣਾਉਣ ਦਾ ਪ੍ਰੋਜੈਕਟ ਹੈ ਅਤੇ ਵਿਕੀਸ੍ਰੋਤ ਪੰਜਾਬੀ ਕਿਤਾਬਾਂ ਨੂੰ ਪੀ ਡੀ ਐੱਫ ਅਤੇ ਲਿਖਤ ਦੇ ਫਾਰਮੈੱਟ ਵਿੱਚ ਆਨਲਾਈਨ ਪਾਉਣ ਦਾ ਪ੍ਰੋਜੈਕਟ ਹੈ ਤਾਂ ਕਿ ਇਹ ਕਿਤਾਬਾਂ ਦੁਨੀਆ ਭਰ ਵਿੱਚ ਲੋਕਾਂ ਤੱਕ ਪਹੁੰਚ ਸਕਣ। ਇਸ ਪ੍ਰੋਜੈਕਟ ਵਿੱਚ ਕਿਤਾਬਾਂ ਪਵਾਉਣ ਲਈ ਲੇਖਕਾਂ ਨੂੰ ਇਕ ਖਾਸ ਕਾਪੀਰਾਈਟ ਅਧੀਨ ਆਪਣੀਆਂ ਕਿਤਾਬਾਂ ਇਸ ਪ੍ਰੋਜੈਕਟ ਲਈ ਰਿਲੀਜ਼ ਕਰਨੀਆਂ ਪੈਣਗੀਆਂ।
ਇਸ ਵਰਕਸ਼ਾਪ ਵਿੱਚ 40 ਦੇ ਕਰੀਬ ਲੋਕਾਂ ਨੇ ਭਾਗ ਲਿਆ ਅਤੇ ਬਹੁਤ ਉਤਸ਼ਾਹ ਨਾਲ ਵਿਕੀਪੀਡੀਏ ਦੇ ਵੱਖ ਵੱਖ ਪੱਖਾਂ ਬਾਰੇ ਸਵਾਲ ਪੁੱਛੇ। ਇਸ ਤਰ੍ਹਾਂ ਦੇ ਦੋ-ਪਾਸੀ ਅਦਾਨ ਪ੍ਰਦਾਨ ਨੇ ਵਰਕਸ਼ਾਪ ਨੂੰ ਦਿਲਚਸਪ ਬਣਾਈ ਰੱਖਿਆ।