ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

29 Oct. 2019

ਪੰਜਾਬ ਸਰਕਾਰ ਪਾਕਿ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕੇਗੀ-ਮੰਤਰੀ ਰੰਧਾਵਾ
ਚੁਲ੍ਹੇ ਅੱਗ ਨਾ ਘੜੇ ਦੇ ਵਿਚ ਪਾਣੀ, ਛੜਿਆ ਦੋਜ਼ਖੀਆ।


ਮਹਾਂਰਾਸ਼ਟਰ 'ਚ ਸ਼ਿਵ ਸੈਨਾ ਨੇ ਮੁੱਖ ਮੰਤਰੀ ਦਾ ਅਹੁੱਦਾ ਮੰਗਿਆ- ਇਕ ਖ਼ਬਰ
ਛੜੇ ਜੇਠ ਦਾ ਬੋਕ ਟੁੱਟ ਪੈਣਾ, ਬੱਕਰੀ ਨੂੰ ਰਹੇ ਘੂਰਦਾ।


ਟਰੂਡੋ ਵਲੋਂ ਇਕੱਲਿਆਂ ਹੀ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੇ ਆਸਾਰ- ਇਕ ਖ਼ਬਰ
ਘੜਾ ਚੁੱਕ ਲਊਂ ਪੱਟਾਂ 'ਤੇ ਹੱਥ ਧਰ ਕੇ, ਖਸਮਾਂ ਨੂੰ ਖਾਣ ਕੁੜੀਆਂ।


ਟਰੂਡੋ ਮੁੜ ਕਾਮਯਾਬ, ਜਗਮੀਤ ਸਿੰਘ ਬਣਿਆ ਕਿੰਗ ਮੇਕਰ- ਇਕ ਖ਼ਬਰ
ਨੰਦ ਕੌਰ ਚੰਦ ਕੌਰ ਸਕੀਆਂ ਭੈਣਾਂ, ਬਹਿ ਗਈਆਂ ਪਲੰਘ 'ਤੇ ਚੜ੍ਹ ਕੇ।


ਜਲਾਲਾਬਾਦ ਫਤਿਹ ਕਰਨ ਮਗਰੋਂ ਸੁਖਬੀਰ ਬਾਦਲ ਨੂੰ ਹੱਤਕ ਦੇ ਕੇਸ 'ਚ ਘੇਰਿਆ-ਇਕ ਖ਼ਬਰ
ਮੈਂ ਜਿਹੜੀ ਗੱਲੋਂ ਡਰਦਾ ਸੀ, ਅੱਜ ਉਹੀ ਭਾਣਾ ਵਰਤ ਗਿਆ।


ਜਥੇਦਾਰ ਅਕਾਲ ਤਖ਼ਤ ਦਾ ਫੁਰਮਾਨ ਵਿਵਾਦਾਂ 'ਚ ਘਿਰਿਆ- ਇਕ ਖ਼ਬਰ
ਗਲੀ ਵਿਚੋਂ ਲੰਘੀ ਹੱਸ ਕੇ, ਪੈੜ ਨੱਪਦੇ ਫਿਰਨ ਪਟਵਾਰੀ।


ਸੁਖਪਾਲ ਖਹਿਰਾ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਨੂੰ ਜਾਇਜ਼ ਦੱਸਿਆ- ਇਕ ਖ਼ਬਰ
ਲੋਕਾਂ ਭਾਣੇ ਸੱਪ ਲੰਘਿਆ, ਤੰਬਾ ਯਾਰ ਦਾ ਫਰਾਟੇ ਮਾਰੇ।


ਕੈਨੇਡਾ ਦੀਆਂ ਚੋਣਾਂ ਵਿਚ ਅੱਧੀ ਦਰਜਨ ਪੰਜਾਬਣਾਂ ਨੇ ਵੀ ਦਿਖਾਇਆ 'ਜਲਵਾ'-ਇਕ ਖ਼ਬਰ
ਗੱਲਾਂ ਹੁੰਦੀਆਂ ਜਹਾਨ ਵਿਚ ਸਾਰੇ , ਨੀਂ ਕੁੜੀਏ ਪੰਜਾਬ ਦੀਏ।


ਯੋਗੀ ਦੇ ਯੂ.ਪੀ. ਵਿਚ ਅਪਰਾਧ ਦੀ ਝੰਡੀ - ਇਕ ਖ਼ਬਰ
ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।


ਭਾਜਪਾ ਨੂੰ ਵੱਡਾ ਝਟਕਾ, ਪੰਜਾਬ 'ਚ ਵੱਡਾ ਭਰਾ ਬਣਨ ਦਾ ਸੁਪਨਾ ਚਕਨਾਚੂਰ- ਇਕ ਖ਼ਬਰ
ਛੜੇ ਬੈਠ ਕੇ ਗਿਣਤੀਆਂ ਕਰਦੇ, ਕੌਣ ਕੌਣ ਹੋਈਆਂ ਰੰਡੀਆਂ।


ਵਿਧਾਨ ਸਭਾ ਚੋਣਾਂ 'ਚ 'ਮੋਦੀ ਲਹਿਰ' ਨੂੰ ਮੋੜਾ- ਇਕ ਖ਼ਬਰ
ਹੱਸਦਿਆਂ ਰਾਤ ਲੰਘੇ, ਪਤਾ ਨਹੀਂ ਸਵੇਰ ਦਾ।


ਕੈਪਟਨ ਨੇ ਸਰਕਾਰੀ ਸ਼ਕਤੀ ਦੀ ਦੁਰਵਰਤੋਂ ਕੀਤੀ- ਸੁਖਬੀਰ ਬਾਦਲ
ਰਾਤੀਂ ਰੋਂਦੀ ਦਾ, ਭਿੱਜ ਗਿਆ ਲਾਲ ਪੰਘੂੜਾ।


'ਆਮ ਆਦਮੀ' ਪਾਰਟੀ ਦੀ ਲਗਾਤਾਰ ਚੌਥੀ ਵਾਰ ਜ਼ਮਾਨਤ ਜ਼ਬਤ-ਇਕ ਖ਼ਬਰ
ਇਸ ਘਰ ਕੋ ਆਗ ਲਗ ਗਈ, ਘਰ ਕੇ ਚਿਰਾਗ਼ ਸੇ।


ਜਲਾਲਾਬਾਦ: ਕਾਂਗਰਸੀਆਂ ਨੇ ਅਕਾਲੀਆਂ ਦੇ ਗੜ੍ਹ 'ਚ ਝੰਡਾ ਗੱਡਿਆ- ਇਕ ਖ਼ਬਰ
ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।