ਮਾਮਲਾ ਕਨੇਡਾ ਦੇ ਜਗਮੀਤ ਸਿੰਘ ਪ੍ਰਤੀ ਭਾਰਤੀ ਏਜੰਸੀਆਂ ਦੇ ਵਰਤਾਰੇ ਦਾ - ਬਘੇਲ ਸਿੰਘ ਧਾਲੀਵਾਲ
ਜੇਕਰ 800 ਸਾਲ ਗੁਲਾਮ ਰਹਿਣ ਤੱਕ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਜਿਉਂਦੀ ਰਹਿ ਸਕਦੀ ਹੈ, ਤਾਂ ਮਹਿਜ 170 ਸਾਲ ਗੁਲਾਮੀ ਅਜਾਦੀ ਦਾ ਸੁਪਨਾ ਕਿਵੇਂ ਤੋੜ ਸਕਦੀ ਹੈ
ਜਦੋ ਤੋ ਸਿੱਖ ਭਾਈਚਾਰੇ ਨੇ ਬਾਹਰਲੇ ਮੁਲਕਾਂ ਅੰਦਰ ਅਪਣੀ ਸੂਝ ਸਿਆਣਪ ਅਤੇ ਮਿਹਨਤ ਦੇ ਬਲਬੂਤੇ ਤੇ ਸਿੱਖੀ ਦੀ ਚੜਦੀ ਕਲਾ ਦੇ ਝੰਡੇ ਬੁਲੰਦ ਕੀਤੇ ਹੋਏ ਹਨ,ਉਸ ਮੌਕੇ ਤੋ ਹੀ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੂੰ ਸਿੱਖਾਂ ਤੇ ਗਹਿਰੀ ਨਜਰ ਰੱਖਣ ਦੀਆਂ ਹਦਾਇਤਾਂ ਹਨ,ਜਿਹੜੀਆਂ ਸਿੱਖਾਂ ਦੀ ਹਰ ਹਰਕਤ ਨੂੰ ਨਸਲੀ ਨਜਰੀਏ ਤੋ ਵਾਚਦੀਆਂ ਰਹਿੰਦੀਆਂ ਹਨ।ਸਿੱਖ ਭਾਂਵੇਂ ਸਮਾਜ ਭਲਾਈ ਦੇ ਕੰਮ ਹੀ ਕਿਉਂ ਨਾ ਕਰਦੇ ਹੋਣ,ਉਹਨਾਂ ਦੇ ਕੰਮਾਂ ਨੂੰ ਵੀ ਇੱਕੋ ਨਜਰੀਏ ਨਾਲ ਦੇਖਣਾ ਜਿਵੇਂ ਖੂਫੀਆਂ ਏਜੰਸੀਆਂ ਦੀ ਆਦਤ ਬਣ ਗਈ ਹੈ।ਸੰਸਾਰ ਪੱਧਰ ਤੇ ਮਾਨਵਤਾ ਦੀ ਭਲਾਈ ਲਈ ਪ੍ਰਸਿੱਧੀ ਖੱਟ ਚੁੱਕੀ ਸਿੱਖ ਸੰਸਥਾ ਖਾਲਸਾ ਏਡ ਕਿਸੇ ਜਾਣ ਪਛਾਣ ਦੀ ਮੁਥਾਜ ਨਹੀ।ਉਹਨਾਂ ਦੇ ਕੰਮਾਂ ਦੀ ਦੁਨੀਆਂ ਪੱਧਰ ਤੇ ਹੋ ਰਹੀ ਸ਼ਲਾਘਾ ਕਾਰਨ ਭਾਰਤ ਸਰਕਾਰ ਨੂੰ ਵੀ ਖਾਲਸਾ ਏਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਖਾਲਸਾ ਨੂੰ ਪੁਰਸ਼ਕਾਰ ਦੇਣ ਦੀ ਪੇਸ਼ਕਸ ਕਰਨੀ ਪਈ,ਪ੍ਰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਭਾਈ ਰਵੀ ਸਿੰਘ ਖਾਲਸਾ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਰਵੀ ਸਿੰਘ ਖਾਲਸਾ ਵੱਲੋਂ ਦਿੱਤਾ ਗਿਆ ਇਹ ਜਵਾਬ ਅਪਣੇ ਅੰਦਰ ਬਹੁਤ ਵੱਡਾ ਦਰਦ ਤੇ ਰੋਸ ਸਮੋਈ ਬੈਠਾ ਹੈ, ਜਿਸਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਸੀ ਪ੍ਰੰਤੂ ਇੱਥੇ ਅਜਿਹੀ ਰਵਾਇਤ ਨਹੀ ਹੈ,ਇਸ ਲਈ ਰਵੀ ਸਿੰਘ ਖਾਲਸਾ ਇਸ ਜਵਾਬ ਬਦਲੇ ਭਾਰਤੀ ਏਜੰਸੀਆਂ ਲਈ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀ ਬਣ ਜਾਂਦਾ ਹੈ।ਬੇਸ਼ੱਕ ਭਾਰਤ ਦੇ ਵੱਖ ਵੱਖ ਸੂਬਿਆਂ ਅੰਦਰ ਵੀ ਕੁਦਰਤੀ ਕਰੋਪੀ ਦੌਰਾਨ ਖਾਲਸਾ ਏਡ ਦਾ ਕੰਮ ਜਿਕਰਯੋਗ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਖਾਲਸਾ ਏਡ ਦੀ ਉਹਨਾਂ ਦੇ ਬਗੈਰ ਕਿਸੇ ਨਸਲੀ ਭਿੰਨ ਭੇਦ ਅਤੇ ਵਿਤਕਰੇ ਤੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਕਰਕੇ ਦੁਨੀਆਂ ਪੱਧਰ ਤੇ ਲੋਕ ਪ੍ਰਿਅਤਾ ਹੀ ਐਨੀ ਵਧ ਗਈ ਹੈ,ਜਿਸ ਕਰਕੇ ਕੇਂਦਰ ਭਾਈ ਰਵੀ ਸਿੰਘ ਖਾਲਸਾ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਝਿਜਕਦਾ ਹੈ,ਜਿਸ ਦਿਨ ਵੀ ਉਹਨਾਂ ਨੂੰ ਅਜਿਹੇ ਖਤਰੇ ਤੋ ਕੁੱਝ ਰਾਹਤ ਮਹਿਸੂਸ ਹੋਵੇਗੀ, ਉਸ ਦਿਨ ਹੀ ਖਾਲਸਾ ਏਡ ਦੇ ਕੀਤੇ ਕੰਮ ਸਾਰੇ ਖੂਹ ਖਾਤੇ ਵਿੱਚ ਪੈ ਜਾਣਗੇ,ਕਿਉਕਿ ਭਾਰਤ ਤੇ ਰਾਜ ਕਰਦੀ ਧਿਰ ਫਿਰਕੂ ਵਿਚਾਰਧਾਰਾ ਵਾਲੀ ਕੱਟੜ ਸੰਸਥਾ ਆਰ ਐਸ ਐਸ ਦਾ ਹੀ ਰਾਜਸੀ ਵਿੰਗ ਹੈ,ਜਿਹੜੀ ਕਿਸੇ ਵੀ ਗੈਰ ਹਿੰਦੂ ਨੂੰ ਨਾਂ ਹੀ ਮੁਲਕ ਵਿੱਚ ਬਰਦਾਸ਼ਤ ਕਰਦੀ ਹੈ,ਨਾਂ ਹੀ ਉਹਨਾਂ ਨੂੰ ਬਾਹਰ ਜਾਕੇ ਤਰੱਕੀ ਕਰਦਿਆਂ ਨੂੰ ਬਰਦਾਸਤ ਕਰ ਸਕਦੀ ਹੈ ਅਤੇ ਨਾਂ ਹੀ ਉਹਨਾਂ ਦਾ ਸਤਿਕਾਰ ਹੀ ਬਰਦਾਸਤ ਹੋ ਸਕਦਾ ਹੈ।ਇੱਥੇ ਇਹ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਭਾਰਤੀ ਖੁਫੀਆਂ ਏਜੰਸੀਆਂ ਵੀ ਆਰ ਐਸ ਐਸ ਦੇ ਨਿਯੰਤਰਣ ਹੇਠ ਕੰਮ ਕਰਦੀਆਂ ਹਨ,ਇਸ ਲਈ ਕੇਂਦਰ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ,ਨਿਯੰਤਰਣ ਹਮੇਸਾਂ ਨਾਗਪੁਰ ਕੋਲ ਹੀ ਰਹਿੰਦਾ ਹੈ।ਬੀਤੇ ਦਿਨੀ ਕਨੇਡਾ ਅੰਦਰ ਹੋਈਆਂ ਆਮ ਚੋਣਾਂ ਨੇ ਵੀ ਭਾਰਤੀ ਏਜੰਸੀਆਂ ਸਮੇਤ ਸਮੁੱਚੇ ਤੰਤਰ ਦੀ ਨੀਂਦ ਹਰਾਮ ਕੀਤੀ ਹੋਈ ਹੈ,ਉਸ ਦੀ ਵਜਾਹ,ਕਨੇਡਾ ਦੀ ਸਰਕਾਰ ਬਨਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਚਰਚਾ ਵਿੱਚ ਆਇਆ ਸਿੱਖ ਚਿਹਰਾ ਜਗਮੀਤ ਸਿੰਘ ਹੈ,ਜਿਹੜਾ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਵੀ ਹੈ।ਬੀਤੇ ਕੁੱਝ ਕੁ ਸਮੇ ਤੋ ਜਗਮੀਤ ਸਿੰਘ ਕਨੇਡਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਵੇਦਾਰ ਵਜੋਂ ਵੀ ਚਰਚਾ ਵਿੱਚ ਰਿਹਾ ਹੈ,ਜਿਸ ਕਰਕੇ ਇਹ ਸਿੱਖ ਚਿਹਰਾ ਭਾਰਤੀ ਤੰਤਰ ਨੂੰ ਬੇਹੱਦ ਦਰਦ ਦੇ ਰਿਹਾ ਹੈ।ਉਸ ਮੌਕੇ ਤੋ ਹੀ ਉਹਦੇ ਖਿਲਾਫ ਗੋਂਦਾਂ ਗੁੰਦਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਭਾਰਤੀ ਮੀਡੀਏ ਵੱਲੋਂ ਜਗਮੀਤ ਸਿੰਘ ਦੀ ਜਿੱਤ ਤੋ ਬਾਅਦ ਭਾਰਤੀ ਖੁਫੀਆ ਏਜੰਸੀ ਰੀਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਹਵਾਲੇ ਨਾਲ ਪ੍ਰਕਾਸ਼ਾਿਤ ਕੀਤੀਆਂ ਖਬਰਾਂ ਤੋਂ ਇਹ ਸਪਸਟ ਸਮਝਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੂੰ ਜਗਮੀਤ ਸਿੰਘ ਦੀ ਸਫਲਤਾ ਕਿੰਨੀ ਤਕਲੀਫ ਪਹੁੰਚਾ ਰਹੀ ਹੈ,ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਪੂਰੇ ਮੁਲਕ ਵਿੱਚ ਜਗਮੀਤ ਦੀ ਜਿੱਤ ਦੀ ਖੁਸ਼ੀ ਮਨਾਈ ਜਾਂਦੀ,ਕਿਉਂਕਿ ਇੱਕ ਭਾਰਤੀ ਕਿਸੇ ਦੂਜੇ ਵੱਡੇ ਦੇਸ਼ ਦਾ ਮੁਖੀ ਬਨਣ ਦਾ ਦਾਵੇਦਾਰ ਬਣਿਆ ਹੈ,ਪਰ ਇਸ ਦੇ ਉਲਟ ਕੇਂਦਰੀ ਹਕੂਮਤ ਨੇ ਉਸ ਸਿੱਖ ਚਿਹਰੇ ਨੂੰ ਬਹੁਤ ਵੱਡਾ ਅੱਤਵਾਦੀ ਗਰਦਾਨਣ ਵਿੱਚ ਹੀ ਸਾਰੀ ਸਕਤੀ ਝੋਕੀ ਹੋਈ ਹੈ।ਉਹਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਕਿ ਜਗਮੀਤ ਸਿੰਘ ਨੇ 2013 ਵਿੱਚ ਕਨੇਡਾ ਦੇ ਅੰਟਾਰੀਓ ਸੂਬੇ ਚ ਖਾਲਿਸਤਾਨ ਸਮੱਰਥਕਾਂ ਦਾ ਇੱਕ ਸੰਮੇਲਨ ਅਯੋਜਿਤ ਕੀਤਾ,2015 ਵਿੱਚ ਅਮਰੀਕਾ ਦੇ ਸਾਨ ਫਰਾਂਸਿਸਕੋ ਵਿੱਚ ਇੱਕ ਖਾਲਿਸਤਾਨੀ ਰੈਲੀ ਵਿੱਚ ਦਿਖਾਈ ਦਿੱਤਾ ਸੀ, ਅਤੇ 2016 ਵਿੱਚ ਭਾਰਤ ਤੋ ਬਾਹਰ ਅਜਾਦ ਸਿੱਖ ਦੇਸ਼ ਬਨਾਉਣ ਲਈ ਹਿੰਸਾ ਦਾ ਸਮੱਰਥਨ ਕੀਤਾ ਸੀ,ਖੂਫੀਆ ਏਜੰਸੀ ਰਿਸਰਚ ਐਂਡ ਅਨਾਲਿਸਿਸ ਵਿੰਗ(ਰਾਅ) ਦੀ ਇੱਕ ਵਿਸ਼ੇਸ ਰਿਪਰਟ ਦੇ ਅਧਾਰ ਤੇ 2013 ਵਿੱਚ ਜਗਮੀਤ ਸਿੰਘ ਨੂੰ ਉਹਦੇ ਭਾਰਤ ਵਿਰੋਧੀ ਰੁਖ ਦੇ ਕਾਰਨ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਅਜਿਹੇ ਵਰਤਾਰੇ ਕਾਰਨ ਹੀ ਪੰਜਾਬੀਆਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਭਾਰਤੀ ਨਹੀ ਪੰਜਾਬੀ ਹਨ।ਜੇਕਰ ਇਹ ਖੁਫੀਆ ਏਜੰਸੀ ਵੱਲੋਂ ਜਗਮੀਤ ਸਿੰਘ ਤੇ ਲਾਏ ਦੋਸ਼ ਮੰਨ ਵੀ ਲਏ ਜਾਣ,ਤਾਂ ਫਿਰ ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਸ ਕੌਂਮ ਦਾ ਅਪਣਾ ਵਿਸ਼ਾਲ ਰਾਜ ਭਾਗ ਰਿਹਾ ਹੋਵੇ,ਕੀ ਉਹਨਾਂ ਨੂੰ ਅਪਣੇ ਖੁੱਸੇ ਹੋਏ ਰਾਜ ਭਾਗ ਦੀ ਗੱਲ ਕਰਨ ਦਾ ਵੀ ਅਧਿਕਾਰ ਨਹੀ ਹੈ ? ਜੇਕਰ 800 ਸਾਲ ਗੁਲਾਮ ਰਹਿਣ ਵਾਲੀ ਕੌਂਮ ਅਪਣੇ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਵਸਾ ਕੇ ਰੱਖ ਸਕਦੀ ਹੈ,ਤੇ ਰਾਜ ਭਾਗ ਪਰਾਪਤ ਕਰ ਸਕਦੀ ਹੈ , ਤਾਂ ਮਹਿਜ 170 ਸਾਲ ਗੁਲਾਮ ਰਹਿਣ ਵਾਲੀ ਕੌਂਮ ਕਿਵੇਂ ਅਪਣੇ ਮਿਸ਼ਾਲੀ ਖਾਲਸਾ ਰਾਜ ਨੂੰ ਭੁੱਲ ਸਕਦੀ ਹੈ ? ਜਿਸ ਕੌਂਮ ਦੀ ਸਥਾਪਨਾ,ਸਿਰਜਣਾ ਹੀ ਅਜਾਦੀ ਦੇ ਸਿਧਾਂਤ ਚੋ ਹੋਈ ਹੋਵੇ,ਉਹ ਕੌਂਮ ਭਲਾ ਗੁਲਾਮ ਰਹਿਣਾ ਕਿਵੇਂ ਪਸੰਦ ਕਰ ਸਕਦੀ ਹੈ ? ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਨੂੰ ਇਹ ਸਪੱਸਟ ਸੁਨੇਹਾ ਉਸ ਮੌਕੇ ਹੀ ਦੇ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਿੱਖਾਂ ਨੂੰ ਕੋਈ ਦੁਨਿਆਵੀ ਹਕੂਮਤ ਅਪਣੇ ਜਬਰ ਜੁਲਮ ਨਾਲ ਗੁਲਾਮ ਬਣਾ ਕੇ ਨਹੀ ਰੱਖ ਸਕਦੀ।ਛੇਵੇਂ ਪਾਤਸ਼ਾਹ ਦੇ ਇਸ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋ ਹੋਰ ਪਰਪੱਕ ਕਰਵਾ ਦਿੱਤਾ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖ ਕੌਂਮ ਨੂੰ ਸੰਪੂਰਨਤਾ ਬਖਸ਼ਦਿਆਂ “ਚੂੰ ਕਾਰ ਅਜਾ ਹਮ ਹੀਲਤੇ ਦਰ ਗੁਜ਼ਸਤ,ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ” ਦੇ ਇੱਕ ਹੋਰ ਜਬਰਦਸਤ ਸਿਧਾਂਤ ਦੀ ਬਖਸ਼ਿਸ਼ ਕੀਤੀ।ਸੋ ਸਿੱਖ ਕੌਂਮ ਤਾਂ ਜਨਮ ਜਾਤ ਹੀ ਅਜਾਦ ਹੈ,ਫਿਰ ਉਹਨਾਂ ਦੀ ਕੋਈ ਅਜਾਦੀ ਖੋਹੇ ਅਤੇ ਖੋਹ ਕੇ ਅਜਾਦੀ ਦੀ ਗੱਲ ਕਰਨ ਤੇ ਵੀ ਪਬੰਦੀ ਲਾਉਣੀ ਚਾਹਵੇ,ਇਹ ਸਿੱਖ ਕੌਂਮ ਨੂੰ ਕਦੇ ਵੀ ਮਨਜੂਰ ਨਹੀ ਹੋਵੇਗਾ।ਸੋ ਹਾਲਾਤਾਂ ਦੇ ਮੱਦੇਨਜਰ ਕਿਹਾ ਜਾ ਸਕਦਾ ਹੈ ਕਿ ਹੁਣ ਲੜਾਈ ਹਥਿਆਰਾਂ ਨਾਲ ਨਹੀ ਬਲਕਿ ਵਿਚਾਰਾਂ ਨਾਲ ਲੜੀ ਜਾਣੀ ਚਾਹੀਦੀ ਹੈ,ਜਿਸ ਨੂੰ ਸਿੱਖ ਕੌਂਮ ਦਾ ਵੱਡਾ ਹਿੱਸਾ ਸਮੇਤ ਖਾਲਿਸਤਾਨੀ ਧਿਰਾਂ ਦੇ ਪਰਵਾਨ ਵੀ ਕਰਦਾ ਹੈ,ਪ੍ਰੰਤੂ ਭਾਰਤੀ ਹਕੂਮਤ ਵੱਲੋਂ ਜਿਸਤਰਾਂ ਘੱਟ ਗਿਣਤੀਆਂ ਦੇ ਮੁਢਲੇ ਹੱਕ ਖੋਹੇ ਜਾ ਰਹੇ ਹਨ,ਉਹਦੇ ਤੋਂ ਸਾਫ ਝਲਕਦਾ ਹੈ ਕਿ ਭਾਰਤ ਦੀ ਮੁਤੱਸਬੀ ਸੋਚ ਨੂੰ ਪ੍ਰਨਾਈ ਹਕੂਮਤ ਘੱਟ ਗਿਣਤੀਆਂ ਭਾਵ ਗੈਰ ਹਿੰਦੂਆਂ ਨੂੰ ਨਾ ਹੀ ਭਾਰਤ ਅੰਦਰ ਪਹਿਲੇ ਦਰਜੇ ਦੇ ਸਹਿਰੀ ਵਜੋਂ ਪ੍ਰਵਾਂਨ ਕਰਦੀ ਹੈ ਅਤੇ ਨਾ ਹੀ ਭਾਰਤ ਤੋ ਬਾਹਰ ਬੈਠੇ ਸਿੱਖਾਂ ਦੀ ਅਪਣੀ ਸੂਝ ਬੂਝ ਅਤੇ ਮਿਹਨਤ ਨਾਲ ਕੀਤੀ ਤਰੱਕੀ ਹੀ ਉਹਦੇ ਰਾਸ ਆਉਂਦੀ ਹੈ ਅਤੇ ਨਾਂ ਹੀ ਉਹਨਾਂ ਵੱਲੋਂ ਕੀਤੀ ਜਾਂਦੀ ਅਜਾਦੀ ਦੀ ਗੱਲ ਨੂੰ ਬਰਦਾਸਤ ਕਰਨ ਨੂੰ ਤਿਆਰ ਹੈ।ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਹਾਜਰ ਹੋ ਕੇ ਦੁਨੀਆਂ ਨੂੰ ਸਿੱਖ ਹਿਤੈਸੀ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਦੂਜੇ ਪਾਸੇ ਬਾਹਰਲੇ ਮੁਲਕਾਂ ਵਿੱਚ ਚੜਦੀ ਕਲਾ ਦੇ ਝੰਡੇ ਬੁਲੰਦ ਕਰ ਰਹੇ ਸਿੱਖਾਂ ਨੂੰ ਭਾਰਤ ਵਿਰੋਧੀ ਗਰਦਾਨਕੇ ਉਹਨਾਂ ਤੇ ਮੁਲਕ ਵਿੱਚ ਆਉਣ ਤੇ ਪਬੰਦੀਆਂ ਲਾਈਆਂ ਜਾ ਰਹੀਆਂ ਹਨ।ਸੋ ਜੇਕਰ ਸੱਚਮੁੱਚ ਹੀ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਿਜਦਾ ਕਰਦੀ ਹੈ,ਤਾਂ ਉਹਨਾਂ ਨੂੰ ਇਹ ਦੋਗਲਾ ਵਰਤਾਰਾ ਬੰਦ ਕਰਕੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਸੁਹਿਰਦਤਾ ਨਾਲ ਸੋਚਣਾ ਪਵੇਗਾ ਅਤੇ ਸਿੱਖ ਮਨਾਂ ਵਿੱਚ ਆਈ ਬੇਗਾਨਗੀ ਦੀ ਭਾਵਨਾ ਨੂੰ ਇਮਾਨਦਾਰੀ ਨਾਲ ਦੂਰ ਕਰਨਾ ਪਵੇਗਾ। ਸਮੁੱਚੀਆਂ ਘੱਟ ਗਿਣਤੀਆਂ,ਦਲਿਤਾਂ ਦੇ ਦਿਲਾਂ ਚ ਬੈਠ ਚੁੱਕੇ ਡਰ ਨੂੰ ਦੂਰ ਕਰਨ ਦੇ ਯਤਨ ਕਰਨੇ ਪੈਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਚ ਨਤਮਸਤਕ ਹੋਣਾ ਸਫਲ ਸਮਝਿਆ ਜਾ ਸਕੇਗਾ।
ਬਘੇਲ ਸਿੰਘ ਧਾਲੀਵਾਲ
99142-58142