ਗ਼ਜ਼ਲ : ਜਿਨ੍ਹਾਂ ਨੇ ਟਿੱਚ ਸਮਝੀ - ਮਹਿੰਦਰ ਸਿੰਘ ਮਾਨ
ਜਿਨ੍ਹਾਂ ਨੇ ਟਿੱਚ ਸਮਝੀ ਦੋਸਤੀ ਸਾਡੀ,
ਕਿਵੇਂ ਉਹ ਜਰਨਗੇ ਕੋਈ ਖੁਸ਼ੀ ਸਾਡੀ?
ਅਸੀਂ ਹਾਂ ਧੰਨਵਾਦੀ ਬਹੁਤ ਦੁੱਖਾਂ ਦੇ,
ਇਹ ਕੁਝ ਲਿਸ਼ਕਾ ਗਏ ਨੇ ਜ਼ਿੰਦਗੀ ਸਾਡੀ।
ਗੁਜ਼ਾਰਨ ਲੱਗੇ ਜੀਵਨ ਸਾਡੇ ਵਾਂਗਰ ਉਹ,
ਜਿਨ੍ਹਾਂ ਨੂੰ ਚੰਗੀ ਲੱਗੀ ਸਾਦਗੀ ਸਾਡੀ।
ਅਸੀਂ ਮੌਕੇ ਮੁਤਾਬਕ ਕਦਮ ਚੁੱਕਦੇ ਹਾਂ,
ਇਸ ਨੂੰ ਸਮਝੋ ਨਾ ਯਾਰੋ,ਬੁਜ਼ਦਿਲੀ ਸਾਡੀ।
ਸ਼ਬਦ ਔਖੇ ਨਾ ਗ਼ਜ਼ਲਾਂ ਵਿੱਚ ਵਰਤਦੇ ਹਾਂ,
ਹਰਿਕ ਨੂੰ ਸਮਝ ਆਵੇ ਸ਼ਾਇਰੀ ਸਾਡੀ।
ਕਰਾਂਗੇ ਦੂਰ ਨ੍ਹੇਰਾ ਚਾਰੇ ਪਾਸੇ ਦਾ,
ਹੋਈ ਸੂਰਜ ਤਰ੍ਹਾਂ ਜਦ ਰੌਸ਼ਨੀ ਸਾਡੀ।
ਅਸੀਂ ਹਾਜ਼ਰ ਹੋ ਜਾਵਾਂਗੇ ਉਦੋਂ 'ਮਾਨਾ',
ਜਦੋਂ ਮਹਿਸੂਸ ਕੀਤੀ ਤੂੰ ਕਮੀ ਸਾਡੀ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ} 9915803554