ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

03 Nov. 2019

ਪਾਕਿਸਤਾਨ ਵਲੋਂ ਮੋਦੀ ਦੇ ਜਹਾਜ਼ ਨੂੰ ਲਾਂਘਾ ਦੇਣ ਤੋਂ ਨਾਂਹ- ਇਕ ਖ਼ਬਰ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ।

ਸਿੱਖਾਂ ਦੇ ਯੋਗਦਾਨ ਸਬੰਧੀ ਅਮਰੀਕੀ ਸੰਸਦ 'ਚ ਮਤਾ ਪੇਸ਼-ਇਕ ਖ਼ਬਰ
ਪੰਥ ਤੇਰੇ ਦੀਆਂ ਗੂੰਜਾਂ, ਦਿਨੋਂ ਦਿਨ ਪੈਣਗੀਆਂ।

ਕਰਤਾਰ ਪੁਰ ਲਾਂਘੇ ਦੇ ਨਾਇਕ ਇਮਰਾਨ ਖ਼ਾਨ 'ਤੇ ਨਵਜੋਤ ਸਿੱਧੂ ਹਨ- ਹਰਪਾਲ ਸਿੰਘ ਵੇਰਕਾ
ਕਾਦਰਯਾਰ ਕੀ ਸਿੱਧਾਂ ਦੀ ਸਿਫ਼ਤ ਕਰੀਏ, ਬਣ ਬੈਠੇ ਨੇ ਕਈ ਜਮਾਇਤਾਂ ਦੇ।

ਅਯੁੱਧਿਆ ਕੇਸ: ਮੁਸਲਮਾਨਾਂ ਨੂੰ ਸੰਵਿਧਾਨ ਅਤੇ ਨਿਆਂਪਾਲਿਕਾ 'ਚ ਭਰੋਸਾ ਰੱਖਣ ਦਾ ਸੱਦਾ-ਇਕ ਖ਼ਬਰ
ਜੇ ਮਾਏਂ ਕੁਝ ਦਿਸਦਾ ਹੋਵੇ, ਥੋੜ੍ਹਾ ਕਰਾਂ ਅੰਦੇਸਾ।

ਕੇਂਦਰ ਸਰਕਾਰ ਦੇ ਵਿਉਪਾਰ ਸਬੰਧੀ ਨਵੇਂ ਸਮਝੌਤੇ ਨਾਲ਼ ਸੂਬਾ ਤਬਾਹ ਹੋ ਜਾਏਗਾ-ਇਕ ਖ਼ਬਰ
ਕੰਚਨ ਕਾਇਆ ਜੇਹੀ ਖੂਬ ਸੁਹਣੀ, ਲੱਗ ਜਾਣਗੇ ਇਸ ਨੂੰ ਰੋਗ ਬੱਚਾ।

ਅਕਾਲੀ ਦਲ ਨਾਲ਼ ਭਾਜਪਾ ਦਾ ਰਿਸ਼ਤਾ 'ਪਵਿੱਤਰ'- ਪ੍ਰਕਾਸ਼ ਸਿੰਘ ਬਾਦਲ
ਬਾਦਲ ਸਾਬ੍ਹ ਪਤੀ ਪਤਨੀ ਦੇ ਰਿਸ਼ਤੇ ਦਾ ਕੀ ਬਣਿਆ?

ਬਰਤਾਨੀਆ ਦੇ ਯੂਰਪ ਤੋਂ ਤੋੜ ਵਿਛੋੜੇ ਦੀ ਮਿਆਦ 'ਚ 31 ਜਨਵਰੀ ਤੱਕ ਵਾਧਾ- ਇਕ ਖ਼ਬਰ
ਪਾਣੀ ਡੋਲ੍ਹ ਗਈ ਝਾਂਜਰਾਂ ਵਾਲੀ, ਕੈਂਠੇ ਵਾਲ਼ਾ ਤਿਲਕ ਪਿਆ।

ਕੈਪਟਨ ਸਰਕਾਰ ਵਲੋਂ ਨੌਜਵਾਨਾਂ ਨੂੰ ਦੀਵਾਲੀ 'ਤੇ ਸਮਾਰਟ ਫੋਨ ਦੇਣ ਦਾ ਵਾਅਦਾ ਹੋਇਆ ਠੁੱਸ- ਇਕ ਖ਼ਬਰ
ਹਾਇ ਓਏ ਕੈਪਟਨਾ ਤੇਰੇ ਲਾਰੇ, ਮੁੰਡੇ ਰਹਿ ਗਏ ਫੇਰ ਕੁਆਰੇ।

ਸੱਤਾ ਨੂੰ ਲੈ ਕੇ ਮਹਾਂਰਾਸ਼ਟਰ 'ਚ ਭਾਜਪਾ ਤੇ ਸ਼ਿਵ ਸੈਨਾ ਦਾ ਝਗੜਾ ਵਧਿਆ- ਇਕ ਖ਼ਬਰ
ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।

ਵਿਜੀਲੈਂਸ ਅਧਿਕਾਰੀਆਂ ਨੇ ਲਿਆ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਅਹਿਦ- ਇਕ ਖ਼ਬਰ
ਕੈਪਟਨ ਵਾਲ਼ਾ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਅਹਿਦ ਲੈਣਾ ਸੀ।

ਮਹਿਲਾ ਏ.ਐਸ.ਆਈ ਨੂੰ 50 ਗ੍ਰਾਮ ਹੈਰੋਇਨ ਤੇ ਤੱਕੜੀ ਸਣੇ ਕੀਤਾ ਗ੍ਰਿਫ਼ਤਾਰ- ਇਕ ਖ਼ਬਰ
ਕੀ ਕਰੇਂਗਾ ਏਥੇ ਰੁਕਨਦੀਨਾ, ਜਦ ਵਾੜ ਹੀ ਖੇਤ ਨੂੰ ਖਾਣ ਲੱਗ ਪਈ।

ਫੂਲਕਾ ਨੇ ਸ਼੍ਰੋਮਣੀ ਕਮੇਟੀ ਦੀ ਮਿਆਦ ਨੂੰ ਲੈ ਕੇ ਸੁਖਬੀਰ ਬਾਦਲ ਨੂੰ ਵੰਗਾਰਿਆ-ਇਕ ਖ਼ਬਰ
ਚੁੱਕ ਚਰਖ਼ਾ ਪਰਾਂ੍ਹ ਕਰ ਪੀੜ੍ਹੀ, ਛੜਿਆਂ ਨੇ ਏਥੇ ਬੋਕ ਬੰਨ੍ਹਣਾਂ।

ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪਾਕਿਸਤਾਨ ਦੀ ਜਾਣ ਦੀ ਇਜਾਜ਼ਤ ਕੇਂਦਰ ਨੇ ਨਹੀਂ ਦਿਤੀ-ਇਕ ਖ਼ਬਰ
ਨਾ੍ਹਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ।

ਯੂਰਪੀਨ ਯੂਨੀਅਨ ਦੇ ਸਾਂਸਦਾਂ ਦੇ ਕਸ਼ਮੀਰ ਦੌਰੇ 'ਤੇ ਵਿਰੋਧੀ ਪਾਰਟੀਆਂ ਨੇ ਮੋਦੀ ਨੂੰ ਘੇਰਿਆ- ਇਕ ਖ਼ਬਰ
ਕੀ ਲਗਦੇ ਸੰਤੀਏ ਤੇਰੇ, ਜਿਹਨਾਂ ਨੂੰ ਰਾਤੀਂ ਖੰਡ ਪਾਈ ਸੀ।

ਪ੍ਰਕਾਸ਼ ਪੁਰਬ: ਬਾਦਲ ਵਿਰੋਧੀ ਧੜਿਆਂ ਵਲੋਂ ਵੱਖਰੇ 'ਸਮਾਰੋਹ' ਦਾ ਫ਼ੈਸਲਾ- ਇਕ ਖ਼ਬਰ
ਛੜਿਆਂ ਨੇ ਦਿੱਲੀ ਲੁੱਟੀ, ਦੁਪਹਿਰੇ ਦੀਵਾ ਬਾਲ਼ ਕੇ।