ਕਹੋ ਕਿਆ ਕਹੋਗੇ - ਰਣਜੀਤ ਕੌਰ ਤਰਨ ਤਾਰਨ..
ਕੀ ਇਹ ਅਤਿਵਾਦ/ ਦਹਿਸ਼ਤਗਰਦੀ ਨਹੀਂ ਹੈ ?--
ਸਮੁੱਚੀ ਕੌਮ ਦੀ ਨਿਘਰਦੀ ਹਾਲਤ ਨੂੰ ਕੀ ਨਾਮ ਦਿਓਗੇ ?
ਭੁੱਖੇ ਬਘਿਆੜ ਵਾਂਗ ਮੂੰਹ ਅੱਡੀ ਆਈ ਮਹਿੰਗਾਈ ਨੂੰ ਕੀ ਕਹੋਗੇ?
ਦਿਨ ਬਦਿਨ ਵਧਦੀ ਜਾਂਦੀ ਬੇਰੁਜਗਾਰੀ ਡੇਂਗੂ ਦੇ ਡੰਗ ਨਹੀਂ ਤਾਂ ਕੀ ਹੈ?
ਹਰ ਨਿੱਕਾ ਵੱਡਾ ਦੇਸ਼ ਭਾਰਤੀਆਂ ਦਾ ਬਰੇਨ ਗੇਨ ਕਰ ਰਿਹਾ ਹੈ,ਕਿਉਂ?
ਆਪਣਾ ਦੇਸ਼ ਬੇਗਾਨਾ, ਬੇਗਾਨਾ ਜਿਹਾ ਲਗ ਰਿਹਾ ਹੈ-ਕਿਉਂ?
ਲ਼ੋਕ ਤੰਤਰ' ਪ੍ਰਲੋਕ ਤੰਤਰ ਵਲ ਵੱਧ ਰਿਹਾ ਹੈ-ਕਿਉਂ?
ਪੰਜਾਬ ਤੇ ਯੂ ਪੀ,ਬਿਹਾਰ ਵਿੱਚ ' ਖਾਕੀ ਲਾਠੀ' ਰਾਜ ਕਰ ਰਹੀ ਹੈ,?
ਆਰਥਿਕ ਨਾਂਬਰਾਬਰੀ ਦਾ ਪਾੜਾ ਇੰਨਾ ਕਿਉਂ ਹੈ ?
ਕੀ ਜਮ੍ਹਾਖੌਰੀ ਕਰਨ ਵਾਲੇ ਅਤਿਵਾਦੀ ਨਹੀਂ ਹਨ?
ਹਰ ਸਾਂਸਦ ਕੋਲ ਅੱਠ ਤੋਂ ਬਾਰਾਂ ਕੋਠੀਆਂ,ਬੰਗਲੇ ਹਨ ਜਦ ਇਹਨਾਂ ਨੂੰ ਬਣਾਉਣ ਵਾਲੇ ਨਿਛੱਤੇ ਹਨ। ,
ਅਨਮੋਲ ਤੇ ਬੇਸ਼ਕੀਮਤੀ ਵੋਟ ਨੂੰ ਕੇਵਲ ਇਕ ਪਰਚੀ ਤੇ ਇਕ ਉੱਂਗਲੀ ਦਾ ਟੱਚ ਹੀ ਸਮਝਿਆ ਜਾ ਰਿਹਾ ਹੈ।
ਹਰ ਭਾਰਤ ਵਾਸੀ ਦਾ ਵਜੂਦ ਇਕ ਵੋਟ ਤੋਂ ਵੱਧ ਕੁਝ ਨਹੀਂ ਤੇ ਉਹ ਵੀ ਪੰਜ ਸਾਲ ਲਈ।
'' ਜਾਗੋ ਬਈ ਹੁਣ ਜਾਗੋ ਆਈ ਆ ''
ਪੰਜਾਬ ਦੇ ਨਵਯੁਵਕੋ ਜਾਗੋ,ਸੁਬਹ ਹੋਣ ਵਾਲੀ ਹੈ ਬਸ ਅੱਧਾ ਪਹਿਰ ਹੋਰ ਹੈ।ਅੱਖਾਂ ਤੋਂ ਪੱਲਾ ਹਟਾਓ ਤੇ ਤੇ ਇਕ ਸ਼ੁਭ ਸੁਬਹ ਵੱਲ ਹੱਥ ਵਧਾਓ। ਪੈਂਤੀ ਸਾਲ ਤੋਂ ਘੱਟ ਉਮਰ ਵਾਲੇ ਨੌਂਜਵਾਨੋ,ਅਗਲੀ ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਬਣ ਕੇ ਮੈਦਾਨ ਵਿੱਚ ਆ ਜਾਓ।ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਦਾ ਸਿੱਕਾ ਬਦਲ ਦਿਓ।ਨੌਂਜਵਾਨੋ ਜਮੂਹਰੀਅਤ ਵਿੱਚ ਹਕੂਮਤ ਰਾਜਾਸ਼ਾਹੀ,ਤਾਨਾਸ਼ਾਹੀ ਜਾਂ ਪਿਤਾਪੁਰਖੀ,ਕੁਨਬਾਪਰਵਰੀ ਨਹੀਂ ਹੁੰਦੀ,ਕਾਬਲੀਅਤ ਤੇ ਸਯੋਗਤਾ ਦੇ ਆਧਾਰ ਤੇ ਹੁੰਦੀ ਹੈ।
ਇਹ ਸਵੇਰ ਤੁਹਾਡੀ ਸਲਾਹੀਅਤਾਂ ਦਾ ਮੁਜ਼ਾਹਰਾ ਕਰਨ ਲਈ ਆ ਰਹੀ ਹੈ।
ਪਾਕਿਸਤਾਨ ਦੀ ਤਹਿਰੀਕੇ-ਇਨਸਾਫ਼ ਪਾਰਟੀ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਨਮੁਦਾਰ ਹੋਏ ਹਨ ਜੋ ਪੁਰਾਣੀ ਸਿਆਸਤ ਵਿੱਚ ਨਵਾਂ ਮੋੜ ਲਿਆਉਣ ਦੀ ਇੱਛਾ ਸਮੋਏ ਸਨ ਤੇ ਇਹ ਸਾਰੇ ਬਹੁਤ ਜਿਆਦਾ ਪੜ੍ਹੇ,ਡਾਕਟਰ,ਵਕੀਲ,ਇੰਜਨੀਅਰ ,
ਪਰੋਫੇਸਰ ਹਨ,ਇਹਨਾਂ ਨੂੰ ਆਪਣੇ ਦੇਸ਼ ਦੀ ਨਿਘਰਦੀ ਹਾਲਤ ਨੇ ਹਲੂਣਿਆ ਤੇ ਇਹ ਆਪਣੇ ਪੇਸ਼ੇ ਨੂੰ ਇਮਾਨਦਾਰੀ ਨਾਲ
ਨਿਭਾਉਂਦੇ ਆਪਣੇ ਲੋਕਾਂ ਦੀ ਤਰਾਸਦੀ ਹਟਾਉਣ ਲਈ ਉਹ ਮੈਦਾਨ ਵਿੱਚ ਆ ਗਏ ਤੇ ਵੋਟਰਾਂ ਨੇ ਉਹਨਾਂ ਦਾ ਸ਼ੁਭ ਸੁਆਗਤ ਕੀਤਾ ਤੇ ਉਹ ਕੌਮ ਦੀ ਤਰੱਕਕੀ ਲਈ ਜੀਅ ਜਾਨ ਨਾਲ ਕੰਮ ਕਰ ਰਹੇ ਹਨ ਖਾਸ ਕਰ ਸਿਖਿਆ ਤੇ ਸਿਹਤ ਦੇ ਖੇਤਰ ਵਿੱਚ।ਯਾਦ ਰਹੇ ਕਿ ਇਸ ਪਾਰਟੀ ਵਿੱਚ ਜਿਆਦਾ ਗਿਣਤੀ ਅਗਾਂਹ ਵਧੂ ਇਸਤ੍ਰੀਆਂ ਦੀ ਹੈ।ਜਿਹਨਾਂ ਨੇ ਮਹਿਸੂਸ ਕੀਤਾ ਕਿ ਉਹ ਪਾਵਰ ਵਿੱਚ ਆਉਣ ਤੋਂ ਬਿਨਾ ਆਪਣੀ ਜਾਤੀ ਦਾ ਕੁਝ ਨਹੀਂ ਸਵਾਰ ਸਕਣਗੀਆਂ,ਤੇ ਉਹ ਨਵੇਂ ਯੁੱਗ ਨਾਲ ਮੇਲ ਖਾਂਦਾ ਹਰ ਯਤਨ ਸਿਰਤੋੜ ਕਰ ਰਹੀਆਂ ਹਨ।
ਨਵਯੁਵਕੋ,ਇਹ ਜਰੂਰੀ ਨਹੀਂ ਕਿ ਸਿਰਫ਼ ਪੈਸੇ ਵਾਲਾ ਹੀ ਚੋਣ ਲੜੈ,ਮੈਡਮ ਲਕਸ਼ਮੀ ਕਾਂਤਾ ਚਾਵਲਾ ਬਹੁਤ ਘੱਟ ਪੈਸੇ ਨਾਲ
ਜਿਤਦੇ ਰਹੇ ਤੇ ਇਸ ਸੁੱਤੀ ਪਈ ਕੌਮ ਨੂੰ ਜਗਾਉਣ ਦਾ ਹਰ ਸੰਭਵ ਯਤਨ ਕੀਤਾ ਹੁਣ ਵੀ ਉਹ ਆਪਣੇ ਲਿਖਤਾਂ ਰਾਂਹੀ ਚੇਤਨਤਾ ਫੈੇਲਾ ਰਹੇ ਹਨ,ਉਹਨਾਂ ਨੇ ਅਸੈਂਬਲੀ ਦਾ ਕੁਸੈਲਾ ਮਜਾ ਵੀ ਚਖਿਆ ਹੈ।ਜਾਗਰੂਕ ਯੁਵਕੋ ਮੈਡਮ ਚਾਵਲਾ ਤੇ ਕੇਜਰੀਵਾਲ ਨੂੰ ਗੁਰੂ ਧਾਰ ਲਓ,ਅੇਸੇ ਹੋਰ ਵੀ ਬੁੱਧਜਿੀਵੀ ਹਨ ਜਿਹਨਾਂ ਤੋਂ ਸਿਖਿਆ ਲਈ ਜਾ ਸਕਦੀ ਹੈ।ਭਗਤ ਸਿੰਘ,
ਸੁਖਦੇਵ,ਰਾਜਗੁਰੂ ਦੀ ਵਿਚਾਰਧਾਰਾ ਨੂੰ ਪ੍ਰਵਾਨ ਚੜ੍ਹਾਉਣ ਦੀ ਵੇਲਾ ਆ ਗਈ ਹੈ।
ਆਪਣਿਆਂ ਤੋਂ ਆਪਣੇ ਹਿੱਸੇ ਦਾ ਆਸਮਾਨ ਲੈ ਕੇ ਆਪਣਿਆਂ ਵਿੱਚ ਵੰਡਣਾ ਹੈ।ਇਕ ਮੁੱਠੀ ਅਸਮਾਨ ਹਰੇਕ ਦਾ ਹੱਕ ਹੈ ਤੇ ਇਸਦੀ ਰੱਖਿਆ ਹਰੇਕ ਦਾ ਫ਼ਰਜ਼ ਹੈ।ਇਹ ਜੀਵਨ ਸਰਹੱਦਾਂ ਤੇ ਬਰਫ਼ਾਂ ਵਿੱਚ ਅਜਾਂਈ,ਅਣਆਈ ਮੌਤੇ ਮਰਨ ਲਈ ਨਹੀਂ ਹੈ,ਇਹ ਅਮੋਲਕ ਜਨਮ ਜੀਓ ਤੇ ਜਿਉਣ ਲਈ ਬਹੁਤ ਕੁਝ ਕਰਨ ਲਈ ਹੈ,ਇਸ ਨੂੰ ਯੂੰ ਹੀ ਜ਼ਾਇਆ ਨਾ ਹੋਣ ਦਿਓ।
ਇਹ ਸਪਸ਼ਟ ਹੈ ਕਿ ਕੁਰਸੀ ਦੀ ਹਵਸ ਵਿੱਚ ਮਿਲਦੀਆਂ ਮੁਫ਼ਤ ਸਹੂਲਤਾਂ ਤੇ ਰਿਆਇਤਾਂ,ਅਗਾਂਹ ਨਹੀਂ ਵਧਣ ਦੇਂਦੀਆਂ
ਪਰ ਇਹਨਾਂ ਤੋਂ ਛੁਟਕਾਰਾ ਪਾਉਣਾ ਵੀ ਤੇ ਜਰੂਰੀ ਹੋ ਗਿਆ ਹੈ।
ਬਹੁਤ ਕਠਨ ਹੈ ਰਾਹ ਪਨਘਟ ਕੀ,ਪਰ ਇਸ ਤੋਂ ਵੀ ਵੱਧ ਕਠਨ ਹੈ ਤੁਹਾਡੇ ਪਿਆਰਿਆਂ ਦੀ ਜਿੰਦਗੀ,ਜਿਹਨਾਂ ਦਾ ਜੀਣਾ ਮੁਹਾਲ ਹੈ।ਪੰਜਾਬ ਅਮੀਰ ਹੋਣ ਕਰਕੇ ਲੁਟਿਆ ਗਿਆ,ਬਤਾਲੀ ਤਰਾਂ ਦੇ ਜਜੀਏ ਲਗ ਗਏ,ਹੁਣ ਦੁੱਲਾਭੱਟੀ ਬਣਨਾ ਪੈਣਾ।
ਸੁੰਦਰ,ਮੁੰਦਰੀ ਦਾ ਸਿਰ ਢੱਕਣਾ,ਹਰ ਹੱਥ ਨੂੰ ਕਿਰਤ ਦੇਣਾ,ਇਹੋ ਹੀ ਨਵੀਂ ਸੁਬਹ ਦਾ ਆਗਾਸ ਹੈ।
ਸੰਦੇਸ਼----ਮੇਰੇ ਮੁਲਕ ਦੇ ਮੇਰੇ ਪਿਆਰੇ ਨੇਤਾ ਤੂੰ ਮੇਰਾ ਮੁਲਕ ਛਡ ਕੇ ਨਾਂ ਜਾਵੀਂ ਤੂੰ ਚਲਾ ਗਿਆ,ਤਾਂ ਘੁਟਾਲੇ ਕੌਣ ਕਰੇਗਾ।ਮੁਲਕ ਨੂੰ ਤਬਾਹ ਕੌਣ ਕਰੇਗਾ?---ਰਣਜੀਤ ਕੌਰ ਤਰਨ ਤਾਰਨ..
21 July 2016