ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
11 Nov. 2019
ਅਕਾਲੀ ਦਲ ਦੇ ਅਹੁੱਦੇ ਸਿਧਾਂਤਕ ਮੱਤਭੇਦਾਂ ਕਰ ਕੇ ਤਿਆਗੇ-ਢੀਂਡਸਾ
ਮੈਨੂੰ ਤੋਰੋ ਸਈਓ ਨੀਂ, ਮੈਂ ਦੇਸ ਬਿਗਾਨੇ ਜਾਣਾ।
ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਇਮਰਾਨ ਖ਼ਾਨ ਬਾਜ਼ੀ ਮਾਰ ਗਿਆ- ਇਕ ਲੇਖ
ਬਾਜ਼ੀ ਮਾਰ ਗਿਆ ਬਠਿੰਡੇ ਵਾਲ਼ਾ ਗੱਭਰੂ, ਬਾਕੀ ਰਹਿ ਗਏ ਹਾਲ ਪੁੱਛਦੇ।
ਸਕੂਲ ਸਿੱਖਿਆ ਦਾ ਯੂ.ਪੀ. ਅਤੇ ਜੰਮੂ ਤੋਂ ਬਾਅਦ ਪੰਜਾਬ ਦਾ ਪੂਰੇ ਭਾਰਤ ਵਿਚੋਂ ਸਭ ਤੋਂ ਬੁਰਾ ਹਾਲ- ਇਕ ਖ਼ਬਰ
ਮਾਹੀ ਜਿਹਨਾਂ ਦੇ ਗਏ ਪ੍ਰਦੇਸੀਂ, ਗਲ਼ੀਏਂ ਰੁਲਣ ਮੁਟਿਆਰਾਂ।
ਜੇ ਕਰ ਮੈਨੂੰ ਨਾ ਚੁਣਿਆ ਗਿਆ ਤਾਂ ਦੇਸ਼ 'ਚ ਭਾਰੀ ਤਣਾਅ ਪੈਦਾ ਹੋ ਸਕਦਾ ਹੇ- ਟਰੰਪ
ਅੱਜ ਕਲ ਸੁਹਣਿਓਂ, ਫਤੂਰ ਵਿਚ ਰਹਿੰਦੇ ਓ।
ਭਾਰਤ ਭੇਜਿਆ ਤਾਂ ਆਤਮ ਹੱਤਿਆ ਕਰ ਲਵਾਂਗਾ- ਨੀਰਵ ਮੋਦੀ
ਫੇਰ ਕਿਹੜਾ ਜਹਾਨ ਸੁੰਨਾ ਹੋ ਚੱਲਿਐ।
ਭਾਜਪਾ ਆਗੂ ਨੇ ਦਿੱਲੀ 'ਚ ਵਧਦੇ ਪ੍ਰਦੂਸ਼ਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ-ਇਕ ਖ਼ਬਰ
ਡਿਗੀ ਖੋਤੇ ਤੋਂ , ਗੁੱਸਾ ਘੁਮਿਆਰ 'ਤੇ।
ਮੈਂ ਆਪਣੇ ਰਾਜ ਵਿਚ ਕਦੇ ਕਿਸੇ ਨਾਲ ਜ਼ਿਆਦਤੀ ਨਹੀਂ ਸੀ ਕੀਤੀ-ਪ੍ਰਕਾਸ਼ ਸਿੰਘ ਬਾਦਲ
ਏਸ ਉਮਰੇ ਕੁਫ਼ਰ ਕਿਉਂ ਤੋਲਦਾ ਏਂ, ਤੂੰ ਨਹੀਂ ਸੰਗਦਾ ਰੱਬ ਬੁਰਹਾਨ ਤੋਂ ਜੀ।
ਪ੍ਰਕਾਸ਼ ਪੁਰਬ: ਸਰਕਾਰੀ ਬੱਸਾਂ ਨੂੰ 'ਸੇਵਾ' ਤੇ ਪ੍ਰਾਈਵੇਟਾਂ ਨੂੰ 'ਮੇਵਾ' ਇਕ ਖ਼ਬਰ
ਬਾਦਲਾਂ ਦੀਆਂ ਤਾਂ ਪੰਜੇ ਹੀ ਘਿਉ 'ਚ ਫੇਰ।'ਚਾਚਾ ਜੀ' ਹੋਰ ਕਦੋਂ ਕੰਮ ਆਉਣਗੇ।
ਸ਼੍ਰੋਮਣੀ ਕਮੇਟੀ ਨੇ ਸ਼ਿਕਲੀਗਰ ਭਾਈਚਾਰੇ ਦੀ ਕੋਈ ਸਾਰ ਨਹੀਂ ਲਈ- ਭਾਈ ਰਣਜੀਤ ਸਿੰਘ
ਨਹੀਂ ਇੰਜ ਨਹੀਂ, ਕਮੇਟੀ ਇਕ ਬਹੁਤ 'ਗ਼ਰੀਬ' ਪਰਵਾਰ ਦਾ ਪੂਰਾ ਖ਼ਿਆਲ ਰੱਖਦੀ ਐ ਜੀ।
ਸ਼ਰੇਆਮ ਹੋ ਰਹੀ ਹੈ ਪਿੰਡ ਢਿੱਲਵਾਂ ਕਲਾਂ 'ਚ ਨਸ਼ਾ ਤਸਕਰੀ- ਇਕ ਖ਼ਬਰ
ਓ ਭਾਈ ਹੁਣ ਤਾਂ ਠਾਣੇਦਾਰਨੀਆਂ ਨਸ਼ਾ ਤੇ ਤੱਕੜੀਆਂ ਚੁੱਕੀ ਫਿਰਦੀਆਂ ਪੰਜਾਬ 'ਚ।
ਬਾਦਲ ਮਸੰਦ ਨੂੰ ਸੱਤਾ 'ਚੋਂ ਬਾਹਰ ਕਰਨ ਲਈ ਅਸੀਂ ਭਾਜਪਾ ਨਾਲ਼ ਵੀ ਸਮਝੌਤਾ ਕਰ ਸਕਦੇ ਹਾਂ- ਬ੍ਰਹਮਪੁਰਾ
ਯਾਨੀ ਕਿ ਬਾਦਲ ਦੀ ਜਗ੍ਹਾ ਵਰਤ ਹੋਣ ਲਈ ਅਸੀ ਜੁ ਤਿਆਰ ਬੈਠੇ ਆਂ।
ਭਾਜਪਾ ਨੇ ਕੇਜਰੀਵਾਲ ਸਰਕਾਰ ਨੂੰ ਘੇਰਿਆ- ਇਕ ਖ਼ਬਰ
ਵਿਹਲੇ ਮੂੰਹ ਨਾਲੋਂ ਬੱਕਲੀਆਂ ਈ ਠੀਕ ਨੇ।
ਕੰਨਜ਼ਰਵੇਟਿਵ ਪਾਰਟੀ ਹੀ ਯੂ.ਕੇ. ਨੂੂੰ ਯੂਰਪੀਨ ਯੂਨੀਅਨ 'ਤੋਂ ਵੱਖ ਕਰ ਸਕਦੀ ਹੈ- ਬੋਰਿਸ ਜਾਹਨਸਨ
ਗਾਓਂ ਵਾਲੋ ਏਕ ਹੀ ਆਦਮੀ ਤੁਮਹੇਂ ਗੱਬਰ ਸਿੰਘ ਸੇ ਬਚਾ ਸਕਤਾ ਹੈ, ਖ਼ੁਦ ਗੱਬਰ ਸਿੰਘ।
..ਤੇ ਸੁਖਬੀਰ ਬਾਦਲ ਨੇ ਢੀਂਡਸਾ ਨੂੰ ਮਿਲ ਕੇ ਪਛਤਾਵੇ ਦੇ ਅੱਥਰੂ ਵਹਾਏ- ਇਕ ਖ਼ਬਰ
ਕਾਲ਼ਾ ਘੱਗਰਾ ਸੰਦੂਕ ਵਿਚ ਮੇਰਾ, ਵੇਖ ਵੇਖ ਰੋਵੇਂਗਾ ਜੱਟਾ।