ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਵਿਸਾਰਿਆ ਬੇਗਾਨਿਆਂ ਦੁਲਾਰਿਆ - ਉਜਾਗਰ ਸਿੰਘ

ਭਾਰਤ ਸਰਕਾਰ ਨੇ ਕਾਫੀ ਜਕੋ-ਤਕੀ ਤੋਂ ਬਾਅਦ ਆਖ਼ਰ ਨਵੋਜਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਸ਼ਾਮਲ ਹੋਣ ਲਈ ਆਖ਼ਰੀ ਮੌਕੇ ਤੇ ਇਜ਼ਾਜਤ ਦੇ ਦਿੱਤੀ। ਪਾਕਿਸਤਾਨ ਸਰਕਾਰ ਵੱਲੋਂ ਲਾਂਘਾ ਖੋਲ੍ਹਣ ਦੇ ਸਮਾਗਮ ਵਿਚ ਬੋਲਦਿਆਂ ਉਸਨੇ ਪਾਕਿਸਤਾਨ ਸਰਕਾਰ ਤੋਂ ਸਰਹੱਦਾਂ ਖੋਲ੍ਹਣ ਦੀ ਮੰਗ ਵੀ ਰੱਖ ਦਿੱਤੀ। ਲਾਂਘਾ ਖੁਲ੍ਹਣ ਨਾਲ ਨਵਜੋਤ ਸਿੰਘ ਸਿੱਧੂ ਦੀ ਚੜ੍ਹ ਮੱਚ ਗਈ। ਭਾਵੇਂ ਲਾਂਘਾ ਖੋਲ੍ਹਣ ਦਾ ਪ੍ਰਾਸੈਸ ਦੋਹਾਂ ਸਰਕਾਰਾਂ ਦੀ ਸਹਿਮਤੀ ਨਾਲ ਸ਼ੁਰੂ ਹੋਇਆ ਸੀ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖ਼ਾਨ ਦੀ ਦੋਸਤੀ ਨੇ ਇਸਨੂੰ ਸੰਪੂਰਨ ਕਰਨ ਵਿਚ ਵਿਲੱਖਣ ਯੋਗਦਾਨ ਪਾਇਆ ਹੈ ਕਿਉਂਕਿ ਪਹਿਲ ਪਾਕਿਸਤਾਨ ਨੇ ਕੀਤੀ ਸੀ।   
ਰਾਜਨੀਤਕ ਪਾਰਟੀਆਂ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਸਮਾਗਮਾ ਤੋਂ ਦੂਰ ਰੱਖਕੇ ਇਹ ਸੰਦੇਸ਼ ਦੇਣਾ ਚਾਹੁੰਦੀਆਂ ਸਨ ਕਿ ਉਸਦਾ ਇਸ ਲਾਂਘੇ ਦੇ ਖੁਲ੍ਹਣ ਵਿਚ ਕੋਈ ਯੋਗਦਾਨ ਨਹੀਂ ਪ੍ਰੰਤੂ ਸਰਕਾਰਾਂ ਸਿੱਖ ਸੰਗਤਾਂ ਦੇ ਦਿਲਾਂ ਵਿਚੋਂ ਨਵਜੋਤ ਸਿੰਘ ਸਿੱਧੂ ਨੂੰ ਕੱਢ ਨਹੀਂ ਸਕਦੀਆਂ। ਕਰਤਾਰਪੁਰ ਲਾਂਘੇ ਦੇ ਖੁਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਕੁਝ ਸਿਆਸੀ ਪਾਰਟੀਆਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਇਹ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਉਤਾਰਕੇ ਆਪਣੇ ਸਿਰ ਬੰਨ੍ਹਣ ਵਿਚ ਲੱਗੀਆਂ ਹੋਈਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਸਭ ਜਾਣੀ ਜਾਣ ਹਨ, ਸਿੱਖ ਸੰਗਤ ਵੀ ਭਲੀ ਭਾਂਤ ਜਾਣਦੀ ਹੈ। ਕਰਤਾਰਪੁਰ ਲਾਂਘੇ ਦੇ ਸਮਾਗਮਾ ਵਿਚ ਭਾਰਤ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅਣਡਿਠ ਕਰਨ ਤੋਂ ਇਉਂ ਜਾਪਦਾ ਹੈ ਕਿ "ਨਵਜੋਤ ਸਿੰਘ ਸਿੱਧੂ ਨੂੰ ਆਪਣਿਆਂ ਨੇ ਵਿਸਾਰਿਆ ਪ੍ਰੰਤੂ ਬੇਗਾਨਿਆਂ ਨੇ ਦੁਲਾਰਿਆ ਹੋਵੇ'' ਕਿਉਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿਚ ਉਸਨੂੰ ਸੱਦਾ ਪੱਤਰ ਦੇ ਕੇ ਨਿਵਾਜਿਆ ਹੈ। 72 ਸਾਲਾਂ ਬਾਅਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੋਲ੍ਹਣ ਦਾ ਸਿੱਖ ਸੰਗਤ ਦਾ ਸੁਪਨਾ ਸਾਕਾਰ ਹੋ ਗਿਆ ਹੈ। 72 ਸਾਲਾਂ ਤੋਂ ਸਿੱਖ ਸੰਸਾਰ ਦੇ ਸਾਰੇ ਗੁਰੂ ਘਰਾਂ ਵਿਚ ਦਰਸ਼ਨਾ ਤੋਂ ਵਾਂਝੀ ਸੰਗਤ ਨੂੰ ਦਰਸ਼ਨੇ ਦੀਦਾਰ ਕਰਨ ਦੀ ਅਰਦਾਸ ਕਰਦੀ ਆ ਰਹੀ ਸੀ। ਜੇਕਰ ਸਹੀ ਅਰਥਾਂ ਵਿਚ ਸਿੱਖ ਸੰਗਤ ਦੀ ਬਾਂਹ ਫੜੀ ਹੈ ਤਾਂ ਉਹ ਖ਼ੁਦ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ, ਜਿਨ੍ਹਾਂ ਇਹ ਜ਼ਿੰਮੇਵਾਰੀ ਆਪਣੀ ਅਪਾਰ ਕਿਰਪਾ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੰਘ ਸਿੱਧੂ ਦੀ ਲਗਾਈ, ਉਨ੍ਹਾਂ ਦੇ ਉਦਮ ਸਦਕਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨੇ ਦੀਦਾਰ ਦਾ ਮੌਕਾ ਸਿੱਖ ਸੰਗਤ ਨੂੰ ਮਿਲਿਆ ਹੈ। ਸਵਰਗਵਾਸੀ ਕੁਲਦੀਪ ਸਿੰਘ ਵਡਾਲਾ ਦੇ ਯੋਗਦਾਨ ਨੂੰ ਵੀ ਅਣਡਿਠ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਸਭ ਤੋਂ ਪਹਿਲਾਂ ਇਹ ਮੰਗ ਰੱਖੀ ਸੀ। ਜਦੋਂ ਨਵਜੋਤ ਸਿੰਘ ਸਿੱਧੂ 18 ਅਗਸਤ 2018 ਨੂੰ ਆਪਣੇ ਕਰਿਕਟਰ ਦੋਸਤ ਜਨਾਬ ਇਮਰਾਨ ਖ਼ਾਨ ਦੇ ਸੱਦੇ 'ਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ ਸ਼ਾਮਲ ਹੋਣ ਲਈ ਗਏ ਤਾਂ ਉਥੇ ਉਨ੍ਹਾਂ ਦੇ ਕੰਨ ਵਿਚ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਨਵੇਂ ਪ੍ਰਧਾਨ ਮੰਤਰੀ ਦੀ ਇਹ ਇੱਛਾ ਦੱਸੀ ਕਿ ਉਹ ਸਿੱਖ ਜਗਤ ਦੀ ਚਿਰਾਂ ਤੋਂ ਲਟਕਦੀ ਆ ਰਹੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨੇ ਦੀਦਾਰ ਦੀ ਮੰਗ ਪੂਰੀ ਕਰਨਾ ਚਾਹੁੰਦੇ ਹਨ ਤਾਂ ਖ਼ੁਸ਼ੀ ਵਿਚ ਨਵਜੋਤ ਸਿੰਘ ਸਿੱਧੂ ਨੇ ਉਸਨੂੰ ਕਲਾਵੇ ਵਿਚ ਲੈ ਲਿਆ। ਇਹ ਇਕ ਕੁਦਰਤੀ ਗੱਲ ਸੀ ਕਿ ਨਵਜੋਤ ਸਿੰਘ ਸਿੱਧੂ ਇਹ ਖ਼ਬਰ ਸੁਣਕੇ ਭਾਵਨਾਵਾਂ ਵਿਚ ਬਹਿ ਗਿਆ ਅਤੇ ਖ਼ੁਸ਼ੀ ਨਾਲ ਆਪੇ ਤੋਂ ਬਾਹਰ ਹੋ ਗਿਆ।
ਭਾਰਤ ਅਤੇ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਜਨਰਲ ਬਾਜਵਾ ਦੀ ਜੱਫੀ ਪਾਉਣ ਵਾਲੀ ਤਸਵੀਰ ਪ੍ਰਕਾਸ਼ਤ ਕੀਤੀ ਕਿਉਂਕ ਇਹ ਖ਼ਬਰ ਹੀ ਬਹੁਤ ਵੱਡੀ ਸੀ। ਸੰਸਾਰ ਵਿਚ ਬੈਠੇ ਸਾਰੇ ਸਿੱਖ ਜਗਤ ਦੀ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ, ਜਿਸ ਕਰਕੇ ਉਨ੍ਹਾਂ ਨੇ ਇਸ ਖ਼ਬਰ ਦੀ ਅਥਾਹ ਪ੍ਰਸੰਸਾ ਕੀਤੀ। ਸਿੱਖ ਜਗਤ ਇਕ ਕਿਸਮ ਨਾਲ ਜਨਾਬ ਇਮਰਾਨ ਖ਼ਾਨ ਅਤੇ ਨਵਜੋਤ ਸਿੱਧੂ ਦਾ ਰਿਣੀ ਹੋ ਗਿਆ। ਹੈਰਾਨੀ ਉਦੋਂ ਹੋਈ ਜਦੋਂ ਸਿੱਖ ਜਗਤ ਖ਼ੁਸ਼ੀਆਂ ਮਨਾ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਦੇ ਨੇਤਾਵਾਂ ਅਤੇ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨਾਲ ਜੱਫੀ ਪਾਉਣ ਦੀ ਘੋਰ ਨਿੰਦਿਆ ਕੀਤੀ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਧਰੋਹੀ ਤੱਕ ਗਰਦਾਨ ਦਿੱਤਾ। ਲਾਂਘਾ ਖੁਲ੍ਹਣ ਤੇ ਵੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਦੀ ਪ੍ਰਸੰਸਾ ਕਰਨ ਤੇ ਨਿੰਦਿਆ ਕੀਤੀ ਹੈ। ਉਨ੍ਹਾਂ ਤੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਸੰਸਾ ਬਰਦਾਸ਼ਤ ਨਹੀਂ ਹੋ ਰਹੀ ਸੀ। ਪਾਕਿਸਤਾਨ ਸਰਕਾਰ ਦੇ ਲਾਂਘਾ ਖੋਲ੍ਹਣ ਦੇ ਫ਼ੈਸਲੇ ਨਾਲ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦਾ ਸਿਆਸੀ ਕੱਦ ਬੁੱਤ ਉਚੇਰਾ ਹੋ ਗਿਆ ਜੋ ਕਿ ਸਿਆਸਤਦਾਨਾ ਤੋਂ ਬਰਦਾਸ਼ਤ ਨਹੀਂ ਹੋ ਰਿਹਾ।
ਲਾਂਘਾ ਖੋਲ੍ਹਣ ਦੀ ਪ੍ਰਕਿਰਿਆ ਵਿਚ ਸਭ ਤੋਂ ਵੱਡਾ ਯੋਗਦਾਨ ਜਨਰਲ ਕਮਰ ਜਾਵੇਦ ਬਾਜਵਾ ਦਾ ਹੈ, ਜਿਸਨੇ ਨਿੱਜੀ ਦਿਲਚਸਪੀ ਲੈ ਕੇ ਇਹ ਪ੍ਰਾਜੈਕਟ 11 ਮਹੀਨੇ ਵਿਚ ਮੁੁਕੰਮਲ ਕਰਵਾਇਆ ਜਦੋਂ ਕਿ ਸਾਰੀਆਂ ਕਨਸਟਰਕਸ਼ਨ ਕੰਪਨੀਆਂ ਨੇ ਇਤਨਾ ਵੱਡਾ ਪ੍ਰਾਜੈਕਟ ਮੁਕੰਮਲ ਕਰਨ ਲਈ 5 ਸਾਲ ਦਾ ਸਮਾਂ ਮੰਗਿਆ ਸੀ। ਜਨਰਲ ਬਾਜਵਾ ਨੇ ਇਹ ਸਾਰਾ ਕੰਮ ਆਪਣੇ ਹੱਥ ਲੈ ਲਿਆ ਅਤੇ ਇਸਦਾ ਠੇਕਾ ਸੇਵਾ ਮੁਕਤ ਫ਼ੌਜੀਆਂ ਦੀ "ਫਰੰਟੀਅਰ ਵਰਕਸ ਆਰਗੇਨਾਈਜੇਸ਼ਨ'' ਨੂੰ ਦੇ ਦਿੱਤਾ ਜੋ ਪਾਕਿਸਤਾਨ ਦੀ ਫ਼ੌਜ ਦੇ ਅਧੀਨ ਕੰਮ ਕਰਦੀ ਹੈ। ਇਸ ਪ੍ਰਾਜੈਕਟ ਉਪਰ 20 ਅਰਬ ਰੁਪਿਆ ਖ਼ਰਚ ਆਇਆ, ਉਹ ਸਾਰਾ ਖ਼ਰਚਾ ਫ਼ੌਜ ਨੇ ਦਿੱਤਾ ਹੈ। ਫ਼ੌਜ ਮੁਖੀ ਨਾਲ ਸਿੱਧੂ ਦੀ ਜੱਫੀ ਦਾ ਕੁਝ ਸਿਆਸਤਦਾਨਾ ਨੂੰ ਦੁੱਖ ਹੋਇਆ ਉਸੇ ਜਨਰਲ ਨੇ ਇਹ ਕੰਮ ਮੁਕੰਮਲ ਕਰਵਾਇਆ। ਨਵਜੋਤ ਸਿੰਘ ਸਿੱਧੂ ਨੂੰ ਵੀ ਗ਼ੈਰ ਜ਼ਰੂਰੀ ਵਾਦਵਿਵਾਦ ਵਾਲੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਮਰਾਨ ਖ਼ਾਨ ਨੂੰ ਵੀ ਗੁਰੂ ਘਰ ਦੇ ਸਮਾਗਮ ਵਿਚ ਧਾਰਾ 370 ਵਾਲਾ ਬਿਆਨ ਨਹੀਂ ਦੇਣਾ ਚਾਹੀਦਾ ਸੀ।
ਭਾਰਤ ਸਰਕਾਰ ਲਈ ਪਾਕਿਸਤਾਨ ਦੇ ਫ਼ੈਸਲੇ ਤੋਂ ਬਾਅਦ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਵਾਲੀ ਗੱਲ ਬਣ ਗਈ ਸੀ, ਜੇਕਰ ਉਹ ਹਾਂ ਪੱਖੀ ਫ਼ੈਸਲਾ ਨਹੀਂ ਕਰਦੇ ਤਾਂ ਸਿੱਖ ਜਗਤ ਵਿਚ ਭਾਰਤ ਸਰਕਾਰ ਦੀ ਬੇਰੁਖੀ ਬਾਰੇ ਵਿਦਰੋਹ ਹੋਣ ਦੀ ਆਸ ਹੋ ਗਈ ਸੀ। ਵੋਟਾਂ ਦੀ ਰਾਜਨੀਤੀ ਨੂੰ ਮੁੱਖ ਰਖਦਿਆਂ ਭਾਰਤ ਸਰਕਾਰ ਨੇ ਤੁਰੰਤ ਰਾਤੋ ਰਾਤ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਲਾਂਘਾ ਖੋਲ੍ਹਣ ਦਾ ਫ਼ੈਸਲਾ ਕਰ ਦਿੱਤਾ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ 26 ਨਵੰਬਰ 2018 ਨੂੰ ਨੀਂਹ ਪੱਥਰ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਤੋਂ ਰਖਵਾਇਆ। ਹੈਰਾਨੀ ਹੋਈ ਕਿ ਨਵਜੋਤ ਸਿੰਘ ਸਿੱਧੂ ਨੂੰ ਸਮਾਗਮ ਵਿਚ ਬੁਲਾਇਆ ਹੀ ਨਹੀਂ ਗਿਆ। ਅਕਾਲੀ ਦਲ ਜਿਸਦੇ ਨੇਤਾਵਾਂ ਦੀ ਸਮਾਗਮ ਵਿਚ ਸਟੇਜ ਤੇ ਬੈਠਣ ਦੀ ਕੋਈ ਪ੍ਰੋਟੋਕੋਲ ਹੀ ਨਹੀਂ ਸੀ, ਉਸਦੇ ਪ੍ਰਧਾਨ ਨੂੰ ਸਟੇਜ ਤੇ ਬਿਠਾਇਆ ਗਿਆ ਜਦੋਂ ਕਿ ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸਦਾ ਵਿਰੋਧ ਕੀਤਾ ਸੀ। ਇਹ ਸੀ ਸਿਆਸੀ ਲਾਹਾ ਲੈਣ ਦੀ ਕਵਾਇਦ ਜਿਹੜੀ ਕੇਂਦਰ ਸਰਕਾਰ ਨੇ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਵਿਚਾਰਧਾਰਾ ਹੀ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ। ਭਾਰਤ ਸਰਕਾਰ ਵੱਲੋਂ ਨੀਂਹ ਪੱਥਰ ਅਤੇ ਉਦਘਾਟਨੀ ਸਮਾਗਮਾਂ ਵਿਚ ਨਵਜੋਤ ਸਿੰਘ ਸਿੱਧੂ ਦੀ ਅਣਹੋਂਦ ਰੜਕਦੀ ਰਹੀ। ਪਾਕਿਸਤਾਨ ਸਰਕਾਰ ਨੇ 28 ਨਵੰਬਰ 2018 ਨੂੰ ਲਾਂਘੇ ਦਾ ਪਾਕਿਸਤਾਨ ਵਿਚ ਨੀਂਹ ਪੱਥਰ ਰੱਖਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ। ਉਹੀ ਭਾਰਤੀ ਜਨਤਾ ਪਾਰਟੀ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਦੁਸ਼ਮਣ ਦੇਸ਼ ਪਾਕਿਸਤਾਨ ਨਾਲ ਮਿੱਤਰਤਾ ਕਰਨ ਲਈ ਦੇਸ਼ ਦਾ ਗ਼ਦਾਰ ਕਹਿੰਦੇ ਸੀ, ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਅੱਡੀਆਂ ਚੁੱਕ ਕੇ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੀ ਦੋਗਲੀ ਨੀਤੀ ਦਾ ਉਦੋਂ ਪਰਦਾ ਫਾਸ਼ ਹੋ ਗਿਆ ਜਦੋਂ ਉਨ੍ਹਾਂ ਸਮਾਗਮ ਵਿਚ ਬੋਲਦਿਆਂ ਪਾਕਿਸਤਾਨ ਸਰਕਾਰ ਦੇ ਸੋਹਲੇ ਗਾਏ। ਸਿਆਸਤਦਾਨਾ ਦੀ ਲਾਂਘਾ ਖੁਲ੍ਹਣ ਦਾ ਸਿਹਰਾ ਆਪੋ ਆਪਣੇ ਸਿਰ ਬੰਨ੍ਹਣ ਦੀ ਭੁੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੁੱਖ ਸਮਾਗਮ ਨੂੰ ਸਾਂਝੇ ਤੌਰ ਤੇ ਆਯੋਜਤ ਕਰਨ ਤੋਂ ਪਾਸਾ ਵੱਟ ਲਿਆ ਹੈ ਜਦੋਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਹੀ ਸਾਂਝੀਵਾਲਤਾ ਦਾ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਸਾਂਝੀਵਾਲਤਾ ਦੀ ਥਾਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਿਆਸਤ ਕਰਨ ਲੱਗ ਗਈਆਂ ਅਤੇ ਇਸ ਲਾਂਘੇ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਦੇ ਸਿਰ ਤੋਂ ਲਾਹਕੇ ਆਪੋ ਆਪਣੇ ਸਿਰ ਬੰਨ੍ਹਣਾ ਚਾਹੁੰਦੀਆਂ ਹਨ। ਨਵਜੋਤ ਸਿੱਧੂ ਦੇ ਇਤਿਹਾਸਕ ਯੋਗਦਾਨ ਨੂੰ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਣ ਤੋਂ ਰੋਕ ਨਹੀਂ ਸਕਣਗੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਇਕ ਮੰਚ ਤੋਂ ਇਹ ਪੁਰਬ ਮਨਾਉਣ ਦੀ ਤਾਕੀਦ ਕੀਤੀ ਸੀ। ਇਸ ਤੋਂ ਪਹਿਲਾਂ ਜਿਤਨੀਆਂ ਵੀ ਸ਼ਤਾਬਦੀਆਂ ਆਈਆਂ, ਉਹ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਤੇ ਆਈਆਂ ਸਨ। ਉਨ੍ਹਾਂ ਦੇ ਸਾਰੇ ਪ੍ਰਬੰਧ ਜਿਸ ਵਿਚ ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਜਾਂ ਹੋਰ ਸੀਨੀਅਰ ਮੰਤਰੀ ਸ਼ਾਮਲ ਹੋਏ ਸਨ, ਪੰਜਾਬ ਸਰਕਾਰ ਨੇ ਕੀਤੇ ਸਨ। ਇਹ ਪ੍ਰੋਟੋਕੋਲ ਵੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦਾ ਪ੍ਰਬੰਧ ਪੰਜਾਬ ਸਰਕਾਰ ਕਰੇ। ਹੁਣ ਤੱਕ ਸਰਕਾਰ ਕਰਦੀ ਆਈ ਹੈ।
ਸਿਆਸੀ ਪਾਰਟੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਸਿਆਸਤ ਕਰਨ ਦੇ ਉਨ੍ਹਾਂ ਨੂੰ ਸਾਰੀ ਉਮਰ ਇਹ ਮੌਕੇ ਮਿਲਦੇ ਰਹਿਣਗੇ ਪ੍ਰੰਤੂ ਉਨ੍ਹਾਂ ਦੇ ਜੀਵਨ ਵਿਚ 550ਵਾਂ ਪ੍ਰਕਾਸ਼ ਪੁਰਬ ਮੁੜਕੇ ਨਹੀਂ ਆਉਣਾ। ਇਕ ਹੋਰ ਗੱਲ ਸੋਚਣ ਵਾਲੀ ਹੈ ਕਿ ਇਸ ਲਾਂਘੇ ਦੇ ਖੁਲ੍ਹਣ ਨਾਲ ਭਾਰਤ ਦੇ ਪਾਕਿਸਤਾਨ ਦੇ ਸੰਬੰਧਾਂ ਦੇ ਸੁਧਰਨ ਦੀ ਆਸ ਬੱਝੇਗੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੇ ਲਾਂਘਾ ਖੋਲ੍ਹਣ ਵਿਚ ਮੇਹਰ ਹੋ ਸਕਦੀ ਹੈ ਤਾਂ ਸੰਬੰਧਾਂ ਦੇ ਸੁਧਰਨ ਵਿਚ ਵੀ ਮੇਹਰ ਜ਼ਰੂਰ ਹੋਵੇਗੀ। ਜੇ ਸੰਬੰਧ ਸੁਧਰਨਗੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕ ਹਾਲਤ ਵੀ ਸੁਧਰੇਗੀ।
          ਪਾਕਿਸਤਾਨ ਸਰਕਾਰ ਨੇ ਇਸ ਵਾਰ ਵੀ ਨਵਜੋਤ ਸਿੰਘ ਸਿੱਧੂ ਨੂੰ ਲਾਂਘੇ ਦੇ ਉਦਘਾਟਨ ਤੇ ਬੁਲਾਕੇ ਮਾਨ ਸਨਮਾਨ ਕੀਤਾ ਹੈ। ਭਾਰਤ ਸਰਕਾਰ ਨੇ ਅਜਿਹੀ ਨੀਤੀ ਅਪਣਾਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਦਭਾਵਨਾ, ਸਹਿਯੋਗ ਅਤੇ ਸਾਂਝੀਵਾਲਤਾ ਦੇ ਸੰਦੇਸ਼ ਦੀ ਉਲੰਘਣਾ ਕੀਤੀ ਹੈ। ਸਿੱਖ ਜਗਤ ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖ਼ਾਨ ਦੇ ਯੋਗਦਾਨ ਦੀ ਹਮੇਸ਼ਾ ਰਿਣੀ ਰਹੇਗੀ ਕਿਉਂਕਿ ਉਨ੍ਹਾਂ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਹੁਣ ਭਾਰਤ ਤੇ ਪਾਕਿਸਤਾਨ ਦੇ ਸੰਬੰਧ ਸੁਧਰਣ ਲਈ ਨੀਂਹ ਪੱਥਰ ਰੱਖਿਆ ਗਿਆ ਹੈ।

ਮੋਬਾਈਲ - 94178 13072
ujagarsingh48@yahoo.com