ਡੰਗ ਅਤੇ ਚੋਭਾਂ - ਗੁਰਮੀਤ ਸਿੰਘ ਪਲਾਹੀ

ਪੈਰੀਂ ਅਦਲ ਇਨਸਾਫ ਨੂੰ ਰੋਲਦੇ ਨੇ, ਰਾਜਨੀਤੀਏ, ਜੱਜ, ਵਕੀਲ ਰਲਕੇ

ਖ਼ਬਰ ਹੈ ਕਿ ਲੋਕਾਂ ਨੂੰ ਇਨਸਾਫ ਦੇਣ ਦੇ ਮਾਮਲੇ ਵਿੱਚ ਪੰਜਾਬ ਚੌਥੇ ਨੰਬਰ ਉਤੇ ਹੈ ਜਦਕਿ ਮਹਾਂਰਾਸ਼ਟਰ ਸਭ ਤੋਂ ਉਪਰ ਹੈ। ਉੱਤਰ ਪ੍ਰਦੇਸ਼ ਦਾ ਹਾਲ ਇਨਸਾਫ ਦੇਣ ਦੇ ਮਾਮਲੇ 'ਚ ਸਭ ਤੋਂ ਭੈੜਾ ਹੈ। ਭਾਰਤੀ ਇਨਸਾਫ ਰਿਪੋਰਟ 2019 ਦੇ ਅੰਕੜਿਆਂ ਅਨੁਸਾਰ 18 ਸੂਬਿਆਂ ਲਈ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਛੋਟੇ ਸੂਬਿਆਂ 'ਚ ਗੋਆ ਸਭ ਤੋਂ ਉਪਰ ਹੈ। ਇਸ ਰਿਪੋਰਟ ਬਾਰੇ ਭਾਰਤ ਦੀ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਾਨ ਬੀ ਲੋਕਰ ਨੇ ਕਿਹਾ, ਇਹ ਰਿਪੋਰਟ ਭਾਰਤ ਦੀ ਇਨਸਾਫ ਦੇਣ ਦੀ ਵਿਵਸਥਾ ਵਿੱਚ ਖ਼ਾਮੀ ਨੂੰ ਉਜਾਗਰ ਕਰਦਾ ਹੈ। ਇਸ ਰਿਪੋਰਟ ਵਿੱਚ ਇਨਸਾਫ ਮੁਹੱਈਆ ਕਰਨ ਦਾ ਅਧਾਰ ਨਿਆਪਾਲਿਕਾ, ਪੁਲਿਸ, ਜੇਲ੍ਹ ਅਤੇ ਕਾਨੂੰਨੀ ਸਹਾਇਤਾ ਜਿਹੇ ਚਾਰ ਪੱਖਾਂ ਨੂੰ ਧਿਆਨ 'ਚ ਰੱਖਿਆ ਗਿਆ  ਜੋ ਕਿ ਨਾਗਰਿਕਾਂ ਨੂੰ ਇਨਸਾਫ ਦੁਆਉਣ ਲਈ ਅਹਿਮ, ਭੂਮਿਕਾ ਨਿਭਾਉਂਦੇ ਹਨ।
ਉਥੋਂ, ਕਿਥੋਂ ਲੱਭਦੇ ਹੋ ਇਨਸਾਫ ਜੀਓ, ਜਿਥੇ "ਇੱਕ ਪੀੜੀ 'ਚ ਮੁਕੱਦਮਾ ਦਰਜ ਹੁੰਦਾ ਹੈ ਅਤੇ ਫ਼ੈਸਲਾ ਦੂਜੀ ਪੀੜੀ 'ਚ ਜਾਕੇ ਹੁੰਦਾ ਆ। ਉਵੇਂ ਹੀ ਭਰਾਵੋ, ਜਿਵੇਂ ਅੰਬ ਬੀਜਦਾ ਆ ਬਾਬਾ, ਅੰਬ ਖਾਂਦਾ ਆ ਪੁੱਤਾ-ਪੋਤਾ। ਉਥੋਂ, ਕਿੱਥੇ ਲੱਭਦੇ ਹੋ ਇਨਸਾਫ ਜੀਓ, ਜਿਥੇ "ਜਿਸਦੀ ਲਾਠੀ ਉਸਦੀ ਭੈਂਸ" ਦਾ ਕਾਨੂੰਨ ਪਿੰਡ ਦਾ ਸਰਪੈਂਚ ਵੀ ਚਲਾਉਂਦਾ ਆ, ਇਲਾਕੇ ਦਾ ਠਾਣੇਦਾਰ ਵੀ ਅਤੇ ਪਟਵਾਰੀ, ਦੀ ਤਾਂ ਗੱਲ ਹੀ ਨਾ ਪੁੱਛੋ, ਖੜੇ-ਖੜੇ ਲੀਕ ਮਾਰਕੇ ਤੁਹਾਡਾ ਘਰ ਜ਼ਮੀਨ, ਲਾਲ ਲਕੀਰੀ ਦੱਸਕੇ ਕਿਸੇ ਹੋਰ ਦੇ ਨਾਮ ਚੜ੍ਹਾ ਵੀ ਸਕਦਾ ਤੇ ਉਤਾਰ ਵੀ ਸਕਦਾ ਆ। ਉਥੋਂ, ਕਿਥੋਂ ਲੱਭਦੇ ਹੋ ਇਨਸਾਫ ਜੀਓ, ਜਿਥੇ ਮੌਕੇ ਦੀ ਮੋਦੀ ਸਰਕਾਰ, ਇਹ ਫ਼ੈਸਲਾ ਕਰਦਿਆਂ ਵੀ ਪਲ ਨਹੀਂ ਲਾਉਂਦੀ ਕਿ ਪ੍ਰਵਾਸੀ ਭਾਰਤੀਆਂ ਦੀ ਜ਼ਮੀਨ ਜੇਕਰ ਉਹਨਾ ਦਾ ਪਾਹੀ, ਭੈਣ-ਭਰਾ, ਰਿਸ਼ਤੇਦਾਰ ਵਾਹੁੰਦਾ ਹੈ ਬਾਰਾਂ ਵਰ੍ਹੇ ਲਗਾਤਾਰ, ਤਾਂ ਸਮਝੋ ਉਹਦੀ ਹੀ ਹੋ ਜੂਗੀ। ਉਂਜ ਜੀਓ, ਇਨਸਾਫ! ਪੂਰਾ ਇਨਸਾਫ!! ਸਹੀ ! ਪੂਰਾ ਸਹੀ!! ਦੀ ਰੱਟ ਅਲਾਪਦੇ ਵੱਡੇ ਘਰਾਂ ਵਾਲੇ ਅਤੇ ਰਾਜਨੀਤਿਕ ਲੋਕਾਂ ਬਾਰੇ ਮਸ਼ਹੂਰ ਆ ਭਾਈ, "ਪੈਰੀਂ ਅਦਲ ਇਨਸਾਫ ਨੂੰ ਰੋਲਦੇ ਨੇ, ਰਾਜਨੀਤੀਏ, ਜੱਜ, ਵਕੀਲ ਰਲਕੇ"। ਤੇ ਉਸ ਦੇਸ਼ 'ਚ ਇਨਸਾਫ ਲੱਭਣਾ, ਜਿਥੇ ਪੰਡਾਂ ਬੰਨ੍ਹ-ਬੰਨ੍ਹ ਦੌਲਤ ਦੀ ਵਰਤੋਂ ਨਾਲ ਇਨਸਾਫ ਖਰੀਦਿਆਂ ਜਾਂਦਾ ਆ, ਐਂਵੇ ਭਰਮ ਪਾਲਣ ਵਾਲੀ ਗੱਲ ਆ ਜੀਓ।  ਠੀਕ ਭਾਈ ਕਿਹਾ ਨਾ ਜੀ।
ਭੀੜਾਂ ਜੋੜ ਸਮਾਗਮ ਰਚਾਉਣ ਹਾਕਮ,
ਧੂੰਆਂਧਾਰ ਹੈ ਨਿੱਤ ਪ੍ਰਚਾਰ ਹੁੰਦਾ।
ਖ਼ਬਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਰਕਾਰ ਵਲੋਂ 9 ਤੋਂ 12 ਨਵੰਬਰ ਤੱਕ ਬਿਨ੍ਹਾਂ ਪਾਸਪੋਰਟ, ਬਿਨ੍ਹਾਂ ਫ਼ੀਸ ਦਰਸ਼ਨ ਕਰਨ ਦੀ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਦਿੱਤੀ ਗਈ ਹੈ। ਭਾਰਤ ਵਲੋਂ ਡੇਰਾ ਬਾਬਾ ਨਾਨਕ ਕਰਤਾਰਪੁਰ ਸਾਹਿਬ ਅਤੇ ਟਰਮੀਨਲ ਤੋਂ ਸ਼ਨਿਚਰਵਾਰ ਨੂੰ ਪਹਿਲੇ ਜੱਥੇ ਵਿੱਚ 562 ਅਤੇ ਐਤਵਾਰ ਨੂੰ 239 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਦਰਸ਼ਨ ਕਰਨ ਲਈ ਰਵਾਨਾ ਹੋਏ। ਇਹਨਾ ਵਿਚੋਂ 6 ਵਜੇ ਤੱਕ 229 ਸ਼ਰਧਾਲੂ ਕਰਤਾਰਪੁਰ ਟਰਮੀਨਲ ਤੋਂ ਬਾਹਰ ਆ ਗਏ ਹਨ। ਉਧਰ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ 'ਚ ਐਤਵਾਰ ਨੂੰ 9 ਲੱਖ ਸ਼ਰਧਾਲੂਆਂ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ। ਸੁਲਤਾਨਪੁਰ ਲੋਧੀ 'ਚ 96 ਏਕੜ 'ਚ ਬਣੀ ਟੈਂਟ ਸਿਟੀ ਇੱਕ, 40 ਏਕੜ 'ਚ ਟੈਂਟ ਸਿਟੀ ਦੋ, 120 ਏਕੜ 'ਚ ਟੈਂਟ ਸਿਟੀ ਤਿੰਨ ਬਣਾਈਆਂ ਗਈਆਂ ਹਨ, ਜਿੱਥੇ ਬਾਹਰੋਂ ਆਈਆਂ ਸੰਗਤਾਂ ਠਹਿਰ ਰਹੀਆਂ ਹਨ।
ਸਭ ਪੈਸੇ ਦਾ ਖੇਲ ਆ ਭਾਈ! ਦੋਹੀਂ ਹੱਥੀਂ, ਏਧਰ ਵੀ ਤੇ ਉਧਰ ਵੀ ਸੰਗਤਾਂ ਨੂੰ ਲੁੱਟਿਆ ਜਾ ਰਿਹਾ । ਸੰਗਤ ਦਾ ਪੈਸਾ, ਸੰਗਤ ਦੀ ਸ਼ਰਧਾ, ਸੰਗਤ ਦਾ ਪਿਆਰ, ਸੰਗਤ ਦਾ ਗੁਰੂਆਂ ਪ੍ਰਤੀ ਸਤਿਕਾਰ, ਰੋਲਿਆ ਜਾ ਰਿਹਾ। ਰੋਡ ਸ਼ੋਅ ਕਰਕੇ, ਉਦਘਾਟਨ ਕਰਕੇ ਇੱਕ ਪਾਸੇ ਗੁਰੂ ਦੀ ਗੋਲਕ ਲੁਟਾਈ ਜਾ ਰਹੀ ਹੈ, ਦੂਜੇ ਪਾਸੇ ਟੈਂਟ ਲਗਾਕੇ, ਉਦਘਾਟਨ ਕਰਕੇ ਲੋਕਾਂ ਦਾ ਟੈਕਸਾਂ ਦਾ ਪੈਸਾ ਦੋਹੀਂ-ਹੱਥੀਂ ਲੁਟਾਇਆ ਜਾ ਰਿਹਾ ਹੈ। ਟੱਬਰਾਂ ਦੇ ਟੱਬਰ ਮਾਲਕ ਭਾਗੋ ਦੇ, ਕਿਰਤੀ ਬਾਬੇ ਦੇ ਦਰਸ਼ਨ ਕਰਨ, ਤੁਰ ਗਏ ਪਰ ਮੇਰੇ ਪਿੰਡ ਦਾ ਜੀਊਣਾ, ਗੁਆਂਢੀ ਪਿੰਡ ਦੀ ਚਿੰਤੀ ਲੀੜੇ ਲੜ ਦਸ ਦਾ ਨੋਟ ਬੰਨੀ ਤੁਰੀ ਫਿਰਦੀ ਰਹੀ, ਕਿਸੇ ਉਹਦੀ ਰਜਿਸਟ੍ਰੇਸ਼ਨ ਨਾ ਕਰਵਾਈ ਬਾਬੇ ਦੇ ਦਰ ਪੁੱਜਣ ਲਈ, ਉਹ ਭਾਈ ਪੈਸਾ ਕੱਢ ਤਮਾਸ਼ਾ ਵੇਖ ਬਣਾ ਤਾ ਸ਼ਰਧਾ  ਨੂੰ ਇਹਨਾ ਲੀਡਰਾਂ ਨੇ। ਬਾਬਾ ਨਾਨਕ ਵੇਖ ਰਿਹਾ, ਉਹਦੇ ਨਾਮ ਉਤੇ ਕੀ ਕੀ ਖੇਡਾਂ  ਹੋ ਰਹੀਆਂ ਆ। ਕੀਰਤਨ ਦਰਬਾਰ ਹੋ ਰਹੇ ਆ, ਨਗਰ ਕੀਰਤਨ ਹੋ ਰਹੇ ਆ,  "ਚੰਗਿਆਂ  ਦੇ ਸਨਮਾਨ ਹੋ ਰਹੇ ਆ, ਬਾਬੇ ਨੇ ਜ਼ਰੂਰ ਵੇਖਿਆ ਹੋਊ।  ਇਹਨਾ 550 ਚੰਗਿਆਂ ਵਿੱਚ ਕੋਈ ਵੀ ਕਿਰਤੀ ਨਹੀਂ ਸੀ, ਕੋਈ  ਵੀ ਮਰਦਾਨਾ ਨਹੀਂ ਸੀ, ਕੋਈ ਵੀ ਭਾਈ ਲਾਲੋ ਨਹੀਂ ਸੀ। ਸਭ ਖੇਡਾਂ ਨੇ ਭਾਈ। ਕਵੀ ਸੱਚ ਉਚਾਰਦਾ ਆ, "ਭੀੜਾਂ ਜੋੜ ਸਮਾਗਮ ਰਚਾਉਣ ਹਾਕਮ,  ਧੂੰਆਂਧਾਰ ਹੈ ਨਿੱਤ ਪ੍ਰਚਾਰ ਹੁੰਦਾ"। ਤੇ ਅੱਗੋਂ ਨਾਨਕ ਬਾਣੀ ਬਾਰੇ, ਉਹਨਾ ਦੇ ਅਮਲ ਬਾਰੇ ਸਭ ਚੁੱਪ ਨੇ। ਅਸਲੋ ਚੁੱਪ।

ਫੇਲ੍ਹ ਹੋ ਕੇ ਰੋਂਦਾ ਵਿਦਿਆਰਥੀ, ਉਹ
ਜੀਹਦਾ ਕੀਮਤੀ ਸਾਲ ਗੁਆਚ ਜਾਏ।
ਖ਼ਬਰ ਹੈ ਕਿ ਭਾਜਪਾ ਨੇ ਮਹਾਰਾਸ਼ਟਰ ਦੇ ਗਵਰਨ ਨੂੰ ਮਿਲਕੇ ਦਸ ਦਿੱਤਾ ਹੈ ਕਿ ਉਹ ਸਰਕਾਰ ਨਹੀਂ ਬਣਾਵੇਗੀ, ਕਿਉਂਕਿ ਮਹਾਂ-ਗਠਜੋੜ ਵਿੱਚ ਸ਼ਾਮਲ ਸ਼ਿਵ ਸੈਨਾ ਸਾਥ ਦੇਣ ਤੋਂ ਇਨਕਾਰੀ ਹੈ। ਭਾਜਪਾ ਨੇ ਕਿਹਾ ਹੈ ਕਿ ਭਾਜਪਾ ਤੇ ਸ਼ਿਵ ਸੈਨਾ ਮਹਾਂ-ਗਠਜੋੜ ਨੂੰ ਲੋਕਾਂ ਨੇ ਚੋਣਾਂ ਵਿੱਚ ਬਹੁਤ ਚੰਗਾ ਫਤਵਾ ਦਿੱਤਾ ਸੀ ਅਤੇ ਇਹ ਫਤਵਾ ਸਰਕਾਰ ਬਨਾਉਣ ਲਈ ਕਾਫੀ ਸੀ। ਉਧਰ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਨੇ ਮਹਾਰਾਸ਼ਟਰ ਵਿੱਚ ਐਤਕੀ ਸ਼ਿਵ ਸੈਨਾ ਦਾ ਹੀ ਮੁੱਖ ਮੰਤਰੀ ਬਨਾਉਣ ਦੀ ਮੰਗ ਦੁਹਰਾਦਿਆਂ ਕਿਹਾ ਕਿ ਉਹਨਾ ਹੋਰਨਾਂ ਦੀਆਂ ਪਾਲਕੀਆਂ ਚੁੱਕੀਆਂ ਪਰ ਐਤਕੀ ਪਾਲਕੀ ਵਿੱਚ ਸ਼ਿਵ ਸੈਨਕ ਬੈਠੇਗਾ।
ਵੇਖੋ ਜੀ, ਚੜ੍ਹਤ 'ਚ ਆਈ ਭਾਜਪਾ ਦਾ ਇੱਕ ਪਹੀਆ ਹਰਿਆਣੇ 'ਚ ਟੁੱਟਦਾ, ਡੋਲਦਾ ਮਸੀਂ ਬਚਿਆ। ਵੇਖੋ ਜੀ, ਆਪਣੇ ਆਪ ਨੂੰ ਅਜੇਤੂ ਸਮਝਣ ਵਾਲੀ ਭਾਜਪਾ ਨੂੰ "ਫੌਜੀ ਭਾਈ ਕੈਪਟਨ" ਨੇ ਪੰਜਾਬ 'ਚ ਚੰਗਾ ਮਜ਼ਾ ਚਖਾਇਆ, ਦੋਹਾਂ ਸੀਟਾਂ ਤੇ ਉਸਨੂੰ ਚਾਰੋ ਖਾਨੇ ਚਿੱਤ ਕਰ ਦਿੱਤਾ। ਮਹਾਰਾਸ਼ਟਰ 'ਚ ਭਾਜਪਾ ਪਹਿਲਾਂ ਨਾਲ ਘੱਟ ਸੀਟਾਂ ਲੈ ਜਾ ਸਕੀ ਤੇ  "ਸ਼ਿਵ ਸੈਨਾ" ਤੇ ਨਿਰਭਰ ਹੋ ਗਈ ਤੇ ਸਰਕਾਰ ਨਾ ਬਣਾ ਸਕੀ, ਜਿਹੜੀ ਸ਼ਿਵ ਸੈਨਾ ਇਹ ਕਹਿੰਦੀ ਸੀ, ਭਾਈ ਜੋ ਖਾਣਾ ਹੈ, ਅੱਧੋ-ਅੱਧ ਕਰੋ। ਮੁੱਖ ਮੰਤਰੀ ਦੀ ਕੁਰਸੀ ਅੱਧੋ-ਅੱਧ ਸਮੇਂ ਲਈ, ਵਜ਼ੀਰੀਆਂ ਅੱਧੋ-ਅੱਧ ਕਰੋ। ਪਰ ਭਾਜਪਾ ਵਾਲੇ ਮੈਂ ਨਾ ਮਾਨੂੰ, ਮੈਂ ਨਾ ਮਾਨੂੰ ਕਹਿੰਦੇ ਰਹੇ ਤੇ ਸਮਾਂ ਲੰਘਾਉਂਦੇ ਰਹੇ। ਅਸਲ 'ਚ ਭਾਜਪਾ ਦੀ ਹਾਲਾਤ ਤਾਂ ਉਸ ਬੁੱਢੇ ਬੰਦੇ ਵਰਗੀ ਹੁੰਦੀ ਜਾ ਰਹੀ ਹੈ, ਜਿਸਦੀ ਜਵਾਨੀ ਰੁਸ ਜਾਂਦੀ ਹੈ, ਜੀਹਦਾ ਧਨ ਵੀ ਤੇ ਮਾਲ ਵੀ ਗੁਆਚ ਜਾਂਦਾ ਆ।
ਵੇਖੋ ਜੀ, ਹੁਣ ਮੁੱਖ ਮੰਤਰੀ ਬਣੂ ਸ਼ਿਵ ਸੈਨਕ। ਨਾਲ ਬੈਠਣਗੇ ਐਨ.ਸੀ.ਪੀ. ਤੇ ਕਾਂਗਰਸ ਵਾਲੇ ਜਿਹਨਾ ਨਾਲ ਉਹਨਾ ਦਾ ਅੰਤਾਂ ਦਾ ਵੈਰ ਸੀ ਤੇ ਭਾਜਪਾ ਵਾਲਿਆਂ ਦਾ ਹਾਲ ਹੋਊ ਫੇਲ੍ਹ ਹੋਏ ਉਸ ਵਿਦਿਆਰਥੀ ਵਾਲਾ ਜਿਹੜਾ ਪਾਸ ਨੰਬਰ ਲੱਭਦਾ ਕਵੀ ਦੇ ਕਹਿਣ ਵਾਂਗਰ, "ਫੇਲ੍ਹ ਹੋ ਕੇ ਰੋਂਦਾ ਵਿਦਿਆਰਥੀ, ਉਹ ਜੀਹਦਾ ਕੀਮਤੀ ਸਾਲ ਗੁਆਚ ਜਾਏ"।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਅਯੋਧਿਆ ਮਾਮਲੇ ਵਿੱਚ ਆਖ਼ਰੀ ਫ਼ੈਸਲਾ ਆਉਣ ਲਈ 134 ਵਰ੍ਹੇ ਲੱਗ ਗਏ। ਅਯੋਧਿਆ ਮਾਮਲੇ ਵਿੱਚ ਪਹਿਲਾ ਮੁਕੱਦਮਾ ਸਾਲ 1885 ਵਿੱਚ ਅਯੋਧਿਆ ਦੇ ਸੰਤ ਰਘੁਬਰ ਦਾਸ ਨੇ ਸਬੰਧਿਤ ਥਾਂ ਨੂੰ ਸ੍ਰੀ ਰਾਮ ਦਾ ਜਨਮ ਸਥਾਨ ਦੱਸਦੇ ਹੋਏ ਦਾਇਰ ਕੀਤਾ ਸੀ ਅਤੇ ਮੰਦਿਰ ਬਨਾਉਣ ਦੀ ਆਗਿਆ ਮੰਗੀ।
ਪਰ ਇਹ ਮੁਕੱਦਮਾ ਖ਼ਾਰਜ ਹੋ ਗਿਆ। ਇਸਦੇ ਵਿਰੁੱਧ ਅੱਗੋਂ ਅਪੀਲ-ਦਰ-ਅਪੀਲ ਅਤੇ ਕੋਰਟ-ਦਰ-ਕੋਰਟ ਮੁਕੱਦਮਾ ਚਲਦਾ ਰਿਹਾ। ਉਂਜ ਇਹ ਵਿਵਾਦ 491 ਸਾਲ ਪੁਰਾਣਾ ਹੈ।

ਇੱਕ ਵਿਚਾਰ

ਮਨੁੱਖ ਤਰੱਕੀ ਦੇ ਰਾਹ ਤੇ ਆਪਣੇ ਗੁਣਾਂ ਨਾਲ ਅੱਗੇ ਵਧਦਾ ਹੈ, ਕਿਸੇ ਦੂਜੇ ਦੇ ਭਰੋਸੇ ਰਹਿਕੇ ਅੱਗੇ ਨਹੀਂ ਵਧਿਆ ਜਾ ਸਕਦਾ।     .........ਲਾਲਾ ਲਾਜਪਤ ਰਾਏ

-ਗੁਰਮੀਤ ਸਿੰਘ ਪਲਾਹੀ
-9815802070