ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਪ੍ਰਾਪਤੀਆਂ/ਬਾਬੇ ਦੇ ਸਿਧਾਂਤ ਦਾ ਖੰਡਨ - ਗੁਰਚਰਨ ਸਿੰਘ ਜਿਉਣ ਵਾਲਾ
ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬ ਇਤਿਹਾਸ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਆਪਣੀ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਵਿਚ ਜੋ ਕੜੀ ਘੋਲੀ ਹੈ ਉਸ ਵਿਚੋਂ ਵੰਨਗੀ ਮਾਤਰ ਕੁੱਝ ਅੰਸ਼ ਸਾਰੀ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਸੰਪਾਦਕ ਆਪਣੀ ਕਿਤਾਬ ਵਿਚਲੀਆਂ ਸਾਰੀਆਂ ਲਿਖਤਾਂ ਦੇ ਠੀਕ ਨਾ ਠੀਕ ਹੋਣ ਦਾ ਜ਼ੁਮੇਵਾਰ ਹੁੰਦਾ ਹੈ। ਸਾਨੁੰ ਇਹ ਵੀ ਪਤਾ ਹੈ ਕਿ ਅੱਜ ਦੇ ਸਾਰਕਾਰੀ ਮਹੌਲ ਵਿਚ ਇਹੀ ਵਾਪਰਦਾ ਹੈ ਕਿ “ ਤੂੰ ਮੈਨੂੰ ਮੁੱਲਾ ਕਹੋ ਮੈਂ ਤੈਨੂੰ ਕਾਜ਼ੀ ਕਹਾਂ”। ਇਸ ਕਿਤਾਬ ਅੰਦਰਲੀਆਂ ਲਿਖਤਾਂ ਵਿਚੋਂ ਵੀ ਇਹੀ ਸਾਬਤ ਹੁੰਦਾ ਹੈ।
ਸਿਰਦਾਰ ਦਲਜੀਤ ਸਿੰਘ ਵਾਲੀਆ ਜੀ 16 ਜੂਨ 2019 ਨੂੰ ਗੁਰੂ ਨਾਨਕ ਪ੍ਰਕਾਸ਼ ਉਤਸਵ ਬਾਰੇ ਬੁਲਾਈ ਗਈ ਕਾਂਨਫ੍ਰੰਸ ਵਿਚ ਹਿਸਾ ਲੈਣ ਲਈ ਬਰੈਂਪਟਨ, ਕੈਨੇਡਾ, ਆਏ ਤੇ ਜੋ ਪੇਪਰ ਉਨ੍ਹਾਂ ਪੜ੍ਹਿਆ ਉਹ ਮੁੱਖ ਤੌਰ ਤੇ ਇਸ ਕਿਤਾਬ ਦੇ ਮੁੱਖ ਬੰਦ ਦਾ ਹਿਸਾ ਹੀ ਸੀ। ਜਿਵੇਂ ਦਸਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਾਠ ਸੁਣਾ ਰਿਹਾ ਹੁੰਦਾ ਹੈ ਇਵੇਂ ਉਹ 15-20 ਮਿੰਟ ਵਿਚ ਆਪਣਾ ਪਰਚਾ ਪੜ੍ਹ ਕੇ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਜਾ ਬਿਰਾਜੇ। ਮੇਰੇ ਵਲੋਂ ਪਾਏ ਗਏ ਸਵਾਲ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ। ਸਵਾਲ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ ਕਿਹੜੀ ਤਾਰੀਕ ਠੀਕ ਹੈ? ਬਾਅਦ ਵਿਚ ਪੁੱਛਣ ਦੇ ਜਵਾਬ ਦਿੱਤਾ ਕਿ ਇਹ ਵਿਵਾਦੀ ਵਿਸ਼ਾ ਹੈ। ਮੇਰਾ ਜਵਾਬ ਸੀ ਕਿ ਤੁਸੀਂ ਪੰਜਾਬ ਇਤਿਹਾਸ ਅਧਿਅਨ ਵਿਭਾਗ ਨੂੰ ਵਲਗਣਾ ਮਾਰ ਕੇ ਬੈਠੇ ਹੋ ਤੇ ਇਸਦਾ ਹੱਲ ਕੋਈ ਹੋਰ ਲੱਭੇਗਾ? ਹੁਣ ਇਸ ਚਿੱਠੀ ਰਾਹੀਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਇਸ ਕਿਤਾਬ ਦੀਆਂ ਸਿਰਫ 150 ਕਾਪੀਆਂ ਹੀ ਛਾਪੀਆਂ ਗਈਆਂ ਹਨ ਇਸਦਾ ਭੇਦ ਕੀ ਹੈ? ਜੇਕਰ ਇਹ ਕਿਤਾਬ ਵਾਕਿਆ ਹੀ ਪਾਏਦਾਰ ਹੈ ਤਾਂ ਇਹ ਆਮ ਜਨਤਾ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਪਰ 150 ਕਿਤਾਬਾਂ ਤਾਂ ਪੰਜ ਦਸ ਥਾਂਵਾਂ ਤੇ ਰਲੀਜ਼ ਕਰਨ ਨਾਲ ਹੀ ਮੁੱਕ ਜਾਣੀਆਂ ਹਨ ਤੇ ਇਹ ਕਿਤਾਬ ਫਿਰ ਉਨ੍ਹਾਂ ਦੇ ਹੱਥਾਂ ਤਕ ਹੀ ਸੀਮਤ ਹੋ ਜਵੇਗੀ ਜੋ ਇਨ੍ਹਾਂ ਨੂੰ ਮੁੱਲਾ ਕਹਿਣਗੇ ਤੇ ਇਹ ਉਨ੍ਹਾਂ ਨੂੰ ਕਾਜ਼ੀ।
ਭੂਮਿਕਾ ਦੇ ਦੂਜੇ ਪਹਿਰੇ ਦੀ ਦੂਜੀ ਸਤਰ; “ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਅਤੇ ਨਾਮ ਸਿਮਰਨ ਤੇ ਸ਼ਬਦ ਦੀ ਸ਼ਕਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ 1498 ਤੋਂ 1509 ਈ. ਤਕ ਚਾਰੋਂ ਦਿਸ਼ਾਵਾਂ ਵਿਚ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ”। ਮਤਲਬ ਗੁਰੂ ਨਾਨਕ ਪਿਤਾ ਜੀ ਨੇ ਸਿਰਫ 11 ਸਾਲ ਯਾਤਰਾਵਾਂ ਕੀਤੀਆਂ। ਪਰ ਇਸੇ ਕਿਤਾਬ ਦਾ ਪੰਨਾ 196 ਇਨ੍ਹਾਂ ਦੀ ਉਪਰਲੀ ਮਨੌਤ ਨੂੰ ਕੱਟਦਾ ਹੈ। ਭਾਰਤਬੀਰ ਕੌਰ ਸੰਧੂ , ਅਸਿਸਟੈਂਟ ਪ੍ਰੋ., ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਆਪਣੇ ਲੇਖ ਵਿਚ ਲਿਖਦੇ ਹਨ; “ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1520-21 ਈਸਵੀ ਤਕ ਦੇਸ਼ ਵਿਦੇਸ਼ ਦੇ ਕਈਆਂ ਹਿਸਿਆਂ ਵਿਚ ਯਾਤਰਾਵਾਂ/ਉਦਾਸੀਆਂ ਕੀਤੀਆਂ ਸਨ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਅਸਿਸਟੈਂਟ ਪ੍ਰੋਫੈਸਰਾਂ ਵਿਚੋਂ ਕਿਹੜਾ ਠੀਕ ਤੇ ਕਿਹੜਾ ਗਲਤ ਹੈ? ਠੀਕ ਜਿਹੜਾ ਵੀ ਹੋਵੇ ਓਹ ਗੱਲ ਨਹੀਂ ਸਵਾਲ ਇਹ ਹੈ ਕਿ ਸੰਪਾਦਕ ਨੇ ਦੂਸਰਿਆਂ ਲਿਖਾਰੀਆਂ ਦੇ ਸਾਰੇ ਲੇਖ ਪੜ੍ਹ ਕੇ ਚੰਗੀ ਤਰ੍ਹਾਂ ਘੋਖ ਕੇ ਆਪਣੀ ਕਿਤਾਬ ਵਿਚ ਛਾਪੇ ਹਨ ਜਾਂ ਫਿਰ ਅੱਖਾਂ ਮੀਚ ਕੇ? ਮੈਨੂੰ ਤਾਂ ਮੇਰੀ ਆਪਣੀ ਦਲੀਲ “ਅੱਖਾਂ ਮੀਚ ਕੇ” ਵਾਲੀ ਠੀਕ ਲੱਗਦੀ ਹੈ। ਇਸੇ ਪਹਿਰੇ ਦੀ ਪਹਿਲੀ ਪੰਗਤੀ ਵੱਲ ਨਜ਼ਰ ਮਾਰੋ। “ਸ਼ਬਦ ਦੀ ਸ਼ਕਤੀ” ਪ੍ਰੋਫੈਸਰ ਵਾਲੀਆ ਜੀ ਤੁਸੀਂ ਕਿਸੇ ਨੂੰ ਸਿੱਖੀ ਬਾਰੇ ਕੀ ਦੱਸੋਓਗੇ ਤੁਹਾਡੀ ਤਾਂ ਸੋਚ ਹੀ ਪੰਡਿਤ ਵਾਲੀ ਹੈ। ਸ਼ਬਦ/ਮੰਤਰ ਵਿਚ ਸ਼ਕਤੀ ਤਾਂ ਪੰਡਿਤ ਜੀ ਦੀ ਬੋਲੀ ਹੈ। ਇਹ ਤਾਂ ਓਹ ਕਹਿੰਦਾ ਹੈ ਕਿ ਮੰਤਰ ਮੇਰੇ ਕੋਲ ਹੈ ਇਸਦਾ ਰਟਨ ਕਰਨ ਨਾਲ ਦੇਵੀ, ਦੇਵਤੇ, ਬੀਰ ਵਗੈਰਾ ਸੱਭ ਵੱਸ ਹੋ ਜਾਂਦੇ ਹਨ। ਕੀ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਹਨ; ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਬਦ ਵਿਚ ਸ਼ਕਤੀ ਨਹੀਂ ਹੁੰਦੀ ਸਗੋਂ ਸ਼ਬਦ ਨੂੰ ਸਮਝਣ ਵਾਲੇ ਵਿਚ ਸ਼ਕਤੀ ਪੈਦਾ ਹੁੰਦੀ ਹੈ। ਸ਼ਬਦ ਤਾਂ ਇਕ ਕਿਸਮ ਦਾ ਸਿਧਾਂਤ ਹੈ/ਗਿਆਨ ਹੈ। ਇਸ ਨੇ ਤਾਂ ਮੂਰਖ ਨੂੰ ਇਨਸਾਨ ਬਣਾਉਣਾ ਹੈ। ਤੁਸੀਂ ਤਾਂ ਉਹ ਗੱਲ ਕਰਤੀ ਜਿਵੇਂ ਕਿਸੇ ਨੇ ਬੰਬ ਬਣਾੳਣ ਵਾਲੇ ਫਾਰਮੂਲੇ ਵਿਚ ਸ਼ਕਤੀ ਦੇਖ ਲਈ ਹੋਵੇ ਤੇ ਫਾਰਮੂਲੇ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦੇਵੇ। ਜੇਕਰ ਫਾਰਮੂਲੇ ਵਿਚ ਸ਼ਕਤੀ ਹੈ ਤਾਂ ਬੰਬ ਬਣਾਉਣ ਦੀ ਕੀ ਜ਼ਰੂਰਤ? ਸਿਧਾਂਤ ਵਿਚ ਸ਼ਕਤੀ ਪੈਦਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਤੇ ਸ਼ਕਤੀ ਬੰਬ/ਬੰਦਿਆਂ ਵਿਚ ਪੈਦਾ ਹੋਣੀ ਹੈ। ਇਸੇ ਹੀ ਪਹਿਰੇ ਦੀਆਂ ਆਖਰੀ ਸਤਰਾਂ; ਪਰਮਾਤਮਾ ਨੂੰ ਮਿਲਣ ਲਈ ਜਾਂ ਉਸ ਤਕ ਪਹੁੰਚਣ ਲਈ ਨਾਮ ਸਿਮਰਨ, ਨਿਮਰਤਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਹੈ ਕੀ ਪ੍ਰਮਾਤਮਾ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਹੈ ਜਾਂ ਫਿਰ ਗਿਆਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਤਮਾ ਕਿਹਾ ਗਿਆ। ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਪੰਨਾ 1226॥
ਸੱਭ ਤੋਂ ਪਹਿਲਾ ਲੇਖ, “ ਸਤਿਗੁਰ ਨਾਨਕ ਪ੍ਰਗਟਿਆ” ਡੀ. ਲਿਟ ਡਾ. ਰਤਨ ਸਿੰਘ ਜੱਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਹੈ। ਡਾ. ਰਤਨ ਸਿੰਘ ਜੱਗੀ ਜੀ ਅਖਬਾਰ ਦਾ ਨਾਮ ਅਤੇ ਤਰੀਕ ਦੱਸਣ ਤੋਂ ਬਗੈਰ ਹੀ ਹਵਾਲਾ ਦੇ ਕੇ ਕਹਿੰਦੇ ਹਨ; “ ਇਕ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਜਨਮ ਉਤਸਵ ਤੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਅਤੇ ਗੁਰੂ-ਧਾਮ ਦੇ ਦੁਆਰ ਤੋਂ ਮਿੱਟੀ ਇਕੱਠੀ ਕਰਕੇ ਇਕ ਡੱਬੇ ਵਿਚ ਪਾ ਰਿਹਾ ਸੀ। ਵੇਖਣ ਵਾਲਿਆਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਰਾਵਲਪਿੰਡੀ ਵਿਚ ਹਿਕਮਤ ਕਰਦਾ ਹੈ। ਇਸ ਚਰਣ-ਧੂੜ ਦਾ ਕਿਣਕਾ ਉਹ ਆਪਣੇ ਮਰੀਜ਼ਾਂ ਦੀ ਦਵਾਈ ਵਿਚ ਪਾ ਦਿੰਦਾ ਹੈ। ਇਸ ਤਰ੍ਹਾਂ ਉਹ ਦਵਾ ਅਕਸੀਰ ਬਣ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਸ਼ਫਾ ਪਾ ਲੈਂਦਾ ਹੈ। ਇਸ ਘਟਨਾ ਦੇ ਨਸ਼ਰ ਹੋਣ ਨਾਲ ਗੁਰੂ ਸਾਹਿਬ ਪ੍ਰਤੀ ਸਭ ਦੇ ਮਸਤਕ ਝੁੱਕ ਗਏ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਚਰਣ-ਧੂੜ ਕਿਸ ਨੂੰ ਕਿਹਾ ਗਿਆ ਹੈ? ਕੀ ਡਾ. ਰਤਨ ਸਿੰਘ ਜੱਗੀ ਜੀ ਇਸ ਤੋਂ ਨਾਵਾਕਿਫ ਹਨ? ਡਾ. ਰਤਨ ਸਿੰਘ ਜੱਗੀ ਜੀ ਹੋਰਾਂ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕੀਤਾ ਹੈ। ਨਹੀਂ ਨਹੀਂ ਡਾ. ਰਤਨ ਸਿੰਘ ਜੱਗੀ ਜੀ ਤਾਂ ਸੱਭ ਕੁੱਝ ਜਾਣਦੇ ਹਨ। ਇਹ ਤਾਂ ਗੁਰਬਾਣੀ ਨਾਲੋਂ ਤੋੜਣ ਦਾ ਕੋਝਾ ਉਪਰਾਲਾ ਕੀਤਾ ਗਿਆ ਹੈ। ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ {ਪੰਨਾ 749}॥ ਚਰਣ-ਧੂੜ ਮੰਗਣ ਦੀ ਕੀ ਜ਼ਰੂਰਤ ਉਹ ਤਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਚੁੱਕ ਕੇ ਡੱਬੇ ਵਿਚ ਪਾ ਕੇ ਨਾਲ ਨਾਲ ਲਿਜ਼ਾਈ ਜਾ ਸਕਦੀ ਹੈ। ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ {ਪੰਨਾ 749}॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥
ਡਾ. ਰਤਨ ਸਿੰਘ ਜੱਗੀ ਜੀਓ! ਜੇ ਚਰਣ-ਧੂੜ ਦਾ ਮਤਲਬ ਮਿੱਟੀ ਹੈ ਤੇ ਮਨੁੱਖ ਮਿੱਟੀ ਹੋਣਾ ਚਾਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਪਾਇਆ ਉਹ ਕਿਵੇਂ ਸਮਝੇਗਾ? ਚਰਣ-ਧੂੜ ਦਾ ਮਤਲਬ ਨਿਮਰਤਾ ਵੀ ਨਹੀਂ ਸਗੋਂ ਪ੍ਰਮਾਤਮਾ ਦਾ ਉਪਦੇਸ਼ ਹੈ ਜੋ ਤੀਜੀ ਉਦਾਹਰਣ ਦੀ ਅਖੀਰਲੀ ਪੰਗਤੀ ਬਿਲਕੁੱਲ ਸਾਫ ਕਰ ਦਿੰਦੀ ਹੈ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥ ਜਦੋਂ ਗੁਰੂ ਦਾ ਉਪਦੇਸ਼ “ਰਿਦੈ ਉਰਿ ਧਾਰੀ” ਹਿਰਦੇ ਵਿਚ ਵਸਾ ਲਿਆ ਤਾਂ ਇਸ ਉਪਦੇਸ਼ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋ ਗਿਆ। ਇਸੇ ਹੀ ਲੇਖ ਵਿਚ ਡਾ. ਰਤਨ ਸਿੰਘ ਜੱਗੀ ਜੀ ਹਸਨ ਨਾਮ ਦੇ ਵਿਆਕਤੀ ਵਲੋਂ ਖਿਝ ਕੇ ਇਕ ਵੱਡੇ ਅਕਾਰ ਵਾਲਾ ਪੱਥਰ ਰੋੜਨ ਦਾ ਜ਼ਿਕਰ ਕਰਦੇ ਹਨ ਗੁਰੂ ਜੀ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਲੈਂਦੇ ਹਨ। ਜਿਸ ਕਰਕੇ ਪੱਥਰ ਉਪਰ ਹੱਥ ਦਾ ਨਿਸ਼ਾਨ ਬਣ ਗਿਆ। ਡਾ. ਰਤਨ ਸਿੰਘ ਜੀਓ! ਹੁਣ ਉਹ ਜ਼ਮਾਨਾ ਗਿਆ ਜਦੋਂ ਕੋਈ ਕੁੱਝ ਕਹੀ ਜਾਂਦਾ ਸੀ ਤੇ ਅਸੀਂ ਚੁਪ-ਚਾਪ ਲਿਖਤਾਂ ਜਾਂ ਭਾਸ਼ਣਾਂ ਨੂੰ ਪੜ੍ਹੀ/ਸੁਣੀ ਜਾਂਦੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜਨਮ ਸਾਖੀ ਵਿਚ ਪੰਜੇ ਵਾਲੀ ਸਾਖੀ ਦਾ ਕੋਈ ਜ਼ਿਕਰ ਨਹੀਂ। ਤੁਹਾਡੀ ਹੀ ਯੂਨੀਵਰਸਿਟੀ ਦਾ ਛਾਪੀ ਹੋਈ ਪੁਸਤਕ, “ ਜਨਮਸਾਖੀ ਪ੍ਰੰਪਰਾ” ਡਾ. ਕਿਰਪਾਲ ਸਿੰਘ, ਵਿਚ ਇਸਦਾ ਕੋਈ ਜ਼ਿਕਰ ਨਹੀਂ। ਸਗੋਂ ਹਸਨ ਨਾਮੀ ਗੁਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਦੁੱਧ ਪਿਆਉਣ ਦਾ ਜ਼ਿਕਰ ਹੈ। ਪੰਨਾ 110। ਕਨਿੰਗਮ, ਬਾਈਰਨ ਹੂਗਲ ਇਸ ਥਾਂ ਤੇ ਬੋਧੀ ਮੱਠ ਹੋਣ ਦਾ ਜ਼ਿਕਰ ਕਰਦੇ ਹਨ। ਜਰਮਨ ਯਾਤਰੀ ਬਾਇਰਨ ਹੂਗਲ ਤਾਂ ਇਹ ਵੀ ਲਿਖਦਾ ਹੈ ਕਿ ਗੁਰੂ ਜੀ ਵਲੀ ਕੰਧਾਰੀ ਦੇ ਕਿਸੇ ਚੇਲੇ ਨੂੰ ਮਿਲੇ ਸਨ ਤੇ ਪਾਣੀ ਦਾ ਚਸ਼ਮਾ ਬੋਧੀਆਂ ਦੇ ਸਮੇਂ ਤੋਂ ਹੋਣ ਦਾ ਵਰਨਣ ਕਰਦਾ ਹੈ। ਪੰਨਾ 111। ਡਾ. ਰਤਨ ਸਿੰਘ ਜੱਗੀ ਜੀ ਇਹ ਪੰਜਾ ਖੁਦਿਆ ਹੋਇਆ ਹੈ ਧਸਿਆ ਹੋਇਆ ਨਹੀਂ। ਮੈਂ ਆਪਣੀ ਯਾਰਤਾ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਸੀ: ਕੀ ਇਸ ਪਹਾੜੀ ਤੇ ਪੰਜੇ ਵਾਲੇ ਪੱਥਰ ਦੀ ਕਿਸਮ ਦਾ ਕੋਈ ਹੋਰ ਪੱਥਰ ਹੈ? ਨਹੀਂ? ਕੀ ਇੱਥੋਂ ਰੋੜਿਆ ਹੋਇਆ ਪੱਥਰ ਇਸ ਤਰ੍ਹਾਂ ਦੀ ਸ਼ਕਲ ਦਾ ਹੀ ਹੋਵੇਗਾ? ਨਹੀਂ ਸਗੋਂ ਗੋਲ ਹੋ ਜਾਣਾ ਚਾਹੀਦਾ ਸੀ। ਕੀ ਇਸ ਪਹਾੜੀ ਦੀ ਢਾਲ ਉਧਰ ਨੂੰ ਹੈ ਜਿਧਰ ਇਹ ਪੰਜੇ ਵਾਲਾ ਪੱਥਰ ਪਿਆ ਹੈ? ਨਹੀਂ। ਕੀ ਪੱਥਰ ਵਿਚ ਕਿਸੇ ਦਾ ਹੱਥ, ਚਾਹੇ ਉਹ ਗੁਰੂ ਜੀ ਦਾ ਹੀ ਕਿਉਂ ਨਾ ਹੋਵੇ, ਧੱਸ ਸਕਦਾ ਹੈ? ਨਹੀਂ। ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਸਫਰਾਂ ਦਾ ਵਿਸਥਾਰ ਲਿਖਦੇ ਪੰਜੇ ਸਾਹਿਬ ਵਾਲੀ ਸਾਖੀ ਦਾ ਜ਼ਿਕਰ ਬਿਲਕੁੱਲ ਨਹੀਂ ਕਰਦੇ। ਇਸੇ ਹੀ ਲੇਖ ਵਿਚ ਜੱਗੀ ਜੀ ਲਿਖਦੇ ਹਨ: “ ਉਨ੍ਹਾਂ ਨੇ ਪਰਮਾਤਮਾ ਨੂੰ ਸੰਬੰਧਨ ਕਰਦਿਆ ਕਿਹਾ, “ ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ’ ਇਤਨਾ ਜ਼ੁਲਮ ਹੋ ਰਿਹਾ ਹੈ। ਹੇ ਪਰਮਾਤਮਾ! ਤੂੰ ਸਾਰਿਆਂ ਦਾ ਮਾਲਕ ਹੈਂ, ; ਵਾਰਿਸ ਹੈਂ, ; ਇਨ੍ਹਾਂ ਨੂੰ ਪੈਦਾ ਕਰਨ ਵਾਲਾ ਹੈਂ, ਫਿਰ ਕੀ ਤੈਨੂੰ ਇਨ੍ਹਾਂ ਤੇ ਤਰਸ ਨਹੀਂ ਆਇਆ? ਜੱਗੀ ਜੀ ਇਹ ਅਰਥ ਕਰਦਿਆਂ ਤੁਹਾਨੂੰ ਅੱਗੇ ਲਿਖੀ ਪੰਗਤੀ ਯਾਦ ਨਹੀਂ ਆਈ: ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਗੁਰੂ ਜੀ ਤਾਂ ਪਰਮਾਤਮਾ ਨੂੰ ਤਾਹਨਾ ਮਾਰ ਹੀ ਨਹੀਂ ਸਕਦੇ ਕਿਉਂਕਿ ਇਸ ਵਿਚ ਰੱਬ ਜੀ ਦਾ ਕੀ ਦੋਸ਼। ਦੋਸ਼ ਤਾ ਹੁਕਮਰਾਨਾ ਅਤੇ ਉਸਦੇ ਕਰਿੰਦਿਆਂ ਦਾ ਹੈ। ਇਸੇ ਕਰਕੇ ਗੁਰੂ ਜੀ ਲਿਖਦੇ ਹਨ: ਕਿ ਲੋਕ ਆਪਣੇ ਆਪ ਨੂੰ ਦੋਸ਼ ਨਾ ਦੇ ਕੇ ਕਰਤੇ ਨੂੰ ਦੋਸ਼ ਦੇ ਰਹੇ ਹਨ ਕਿ ਤੂੰ ਮੁਗਲਾਂ ਨੂੰ ਸਾਡੇ ਉਪਰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਲੈ ਆਇਆ ਹੈਂ ਤੇ ਸਾਨੂੰ ਇਤਨੀ ਮਾਰ ਪਈ ਹੈ ਕਿ ਤੈਨੂੰ ਤਰਸ ਹੀ ਨਹੀਂ ਆਇਆ। ਇਸ ਤਰ੍ਹਾਂ ਕਾਮਾ ਲਾ ਕੇ ਪੜ੍ਹਨ ਨਾਲ ਅਰਥ ਬਿਲਕੁਲ ਸਹੀ ਬਣਦੇ ਹਨ।
ਆਪੈ ਦੋਸੁ ਨ, ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ
360॥ ਇਸੇ ਹੀ ਲੇਖ ਵਿਚ ਅੱਗੇ ਜਾ ਕੇ ਜੱਗੀ ਜੀ ਲਿਖਦੇ ਹਨ: “ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਵਿਸ਼ੇਸਤਾ ਸੀ ਕਿ ਉਨ੍ਹਾ ਨੇ ਆਪਣੀ ਬਾਣੀ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਵਾਸਤੇ ਕੀਰਤਨ ਦਾ ਸਿੱਖ ਧਰਮ ਵਿਚ ਉਹੀ ਸਥਾਨ ਹੈ ਜਿਹੜਾ ਕਿਸੇ ਸਰੀਰ ਵਿਚ ਰੀੜ ਦੀ ਹੱਡੀ ਦਾ ਹੁੰਦਾ ਹੈ”। ਜੱਗੀ ਜੀ ਤੁਹਾਡਾ ਇਹ ਵੀਚਾਰ ਵੀ ਗਲਤ ਹੈ। ਬਾਣੀ ਨੂੰ ਸੰਗੀਤ ਨਾਲ ਇਕਸੁਰ ਤਾਂ ਜ਼ਰੂਰ ਕੀਤਾ ਹੈ ਪਰ ਰੀੜ ਦੀ ਹੱਡੀ ਸਿਰਫ ਤੇ ਸਿਰਫ ਬਾਣੀ ਹੈ, ਬਾਣੀ ਵਿਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਬਾਣੀ ਨੂੰ ਰਾਗਾਂ ਵਿਚ ਗਾਉਣ ਦਾ ਹੁਕਮ ਜ਼ਰੂਰ ਹੈ ਪਰ ਕੀਰਤਨ ਬਾਰੇ ਖੁਦ ਗੁਰੂ ਜੀ ਦੀ ਬਣੀ ਦਾ ਕੀ ਫੁਰਮਾਣ ਹੈ:
1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}
2. ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}॥
3. ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ 1075॥ ਉਪਰਲੀਆਂ ਦੋ ਉਦਾਹਰਣਾਂ ਤੋਂ ਤਾਂ ਬਿਲਕੁਲ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਰਾਗਾਂ ਵਿਚ ਗਾਉਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਗੁਰ ਉਪਦੇਸ਼ ਨੂੰ ਦ੍ਰਿੜ ਕਰਨ ਨਾਲ ਹੀ ਜਨਮ ਜਨਮ ਦੀ ਮਲ ਲੱਥ ਦੀ ਹੈ। ਇਸ ਉਦਾਹਰਣ ਵਿਚ ਵੀ ਇਹੋ ਉਪਦੇਸ਼ ਹੈ। ਜਪਣਾ ਵੀ ਦ੍ਰਿੜ ਕਰਨਾ ਹੁੰਦਾ ਹੈ ਨਾ ਕਿ ਗਾਉਣਾ ਜਾਂ ਰਾਗਾਂ ਵਿਚ ਗਾਉਣਾ।
4. ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਗੁਰਬਣੀ ਵਿਚ ਸੱਭ ਤੋਂ ਸ੍ਰੇਸ਼ਟ ਬਾਣੀ ਨੂੰ ਵਿਚਾਰਨ ਦੀ ਤਾਗੀਦ ਕੀਤੀ ਗਈ ਹੈ। ਜਿਵੇਂ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935}
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ ਪੰਨਾ 904॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਪੰਨਾ 20॥
ਡਾ. ਰਤਨ ਸਿੰਘ ਜੱਗੀ ਜੀਓ! ਮੈਂ ਆਪਣੀ ਪਹਿਚਾਣ ਕਰਾਵਾਂ। ਫਰਵਰੀ 2016 ਵਿਚ ਮੈਂ ਤੁਹਾਨੂੰ ਦਸਮ ਗ੍ਰੰਥ ਬਾਰੇ ਇੰਟਰਵਿਊ ਕਰਨ ਲਈ ਫੂਨ ਕੀਤਾ ਸੀ ਪਰ ਤੁਸੀਂ ਇਨਕਾਰ ਕਰ ਦਿੱਤਾ ਤੇ ਸਧਾਰਣ ਤੌਰ ਤੇ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ। ਜਦੋਂ ਹੀ ਇੰਦਰਜੀਤ ਸਿੰਘ ਘੱਗਾ ਜੀ ਤੇ ਮੈਂ ਤੁਹਾਡੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਮੇਰੀ ਨਜ਼ਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਟੀਕੇ ਤੇ ਪਈ ਤਾਂ ਮੈਂ ਪੁੱਛ ਲਿਆ। ਜੀ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨਾਲੋਂ ਤੁਹਾਡੇ ਅਰਥਾਂ ਦਾ ਕਿਤਨਾ ਕੁ ਫਰਕ ਹੈ। ਤੁਹਾਡਾ ਜਵਾਬ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਨੂੰ ਸਾਹਿਤ ਦਾ ਕੀ ਪਤਾ ਉਹ ਤਾਂ ਸਿਰਫ ਬੀ.ਏ. ਸੀ। ਫਿਰ ਮੈਂ ਕਿਹਾ ਚਲੋ ਛੱਡੋ ਤੇ ਇਉਂ ਕਰੋ ਪੰਨਾ 315 ਤੇ ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}॥ ਅਰਥ ਵਿਖਾਓ। ਤੁਹਾਡੇ ਅਰਥ ਬਿਲਕੁੱਲ ਓਹੀ ਜੋ ਪ੍ਰੋ. ਸਾਹਿਬ ਸਿੰਘ ਵਾਲੇ ਹਨ ਦੇਖ ਕਿ ਮੈਂ ਕਿਹਾ “ਜੀ ਤੁਹਾਡੇ ਅਰਥ ਅਤੇ ਪ੍ਰੋਫੈਸਰ ਸਾਹਿਬ ਦੇ ਅਰਥ ਹੂ-ਬਹੂ ਇਕੋ ਹਨ। ਤੁਹਾਡੇ ਅਰਥ ਵੀ ਗਲਤ ਹਨ ਤੇ ਉਨ੍ਹਾਂ ਦੇ ਵੀ”। ਜੋ ਇਸ ਤਰ੍ਹਾਂ ਹਨ:
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2। ਗੁਰਬਾਣੀ ਦਾ ਰੱਬ ਕਿਸੇ ਨੂੰ ਮਾਰਦਾ ਨਹੀਂ ਸਗੋਂ ਆਪਣੇ ਵੱਲ ਨੂੰ ਖਿਚਦਾ ਹੈ। ਠੀਕ ਅਰਥ ਇਹ ਬਣਦੇ ਹਨ ਕਿ ਜਿਹੜੇ ਮਨੁੱਖ ਰੱਬ ਜੀ ਨਾਲੋਂ ਟੁੱਟੇ ਹੋਏ ਹਨ ਉਹ ਕੀ ਕਰਨ ਕਿ ਉਨ੍ਹਾਂ ਨੂੰ ਰੱਬ ਜੀ ਦਾ ਮੇਲ ਪ੍ਰਾਪਤ ਹੋ ਜਾਵੇ। ਹੁਣ ਜਵਾਬ ਹੋਣਾ ਚਾਹਿਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਤੂੰ ਰੱਬ ਜੀ ਨਾਲੋਂ ਟੁੱਟਿਆ ਹੋਇਆ ਹੈਂ ਉਨ੍ਹਾਂ ਨੂੰ ਮਾਰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈਂ ਤਾਂ। ਤੁਸੀਂ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ , “ਤਿੰਨੈ ਮਾਰੇ” ਦੇ ਅਰਥ ਨਹੀਂ ਸਮਝ ਸਕੇ। ਇਸ ਤੋਂ ਅੱਗੇ ਅਸੀਂ ਹੋਰ ਗੱਲ-ਬਾਤ ਕਰਨੀ ਮੁਨਾਸਬ ਨਹੀਂ ਸਮਝੀ ਤੇ ਫਤਿਹ ਬੁਲਾ ਕੇ ਛੁੱਟੀ ਲੈ ਕੇ ਰਵਾਨਾ ਹੋ ਗਏ।
ਦੂਸਰਾ ਲੇਖ ਹੈ ਡਾ. ਰਤਨ ਸਿੰਘ ਜੱਗੀ ਜੀ ਦੇ ਧਰਮ ਪਤਨੀ ਗੁਰਸ਼ਰਨ ਕੌਰ ਜੱਗੀ ਜੀ ਦਾ: ਪਹਿਲੀ ਸਤਰ: “ਗੁਰੂ ਨਾਨਕ ਦੇਵ ਜੀ ਦਾ ਮੱਧ-ਯੁੱਗ ਦੀ ਪ੍ਰੇਮ-ਭਗਤੀ ਦੇ ਸਾਧਕਾਂ ਵਿਚ ਪ੍ਰਮੁੱਖ ਅਤੇ ਮਹੱਤਵਪੂਰਨ ਸਥਾਨ ਹੈ”। ਗੁਰੂ ਨਾਨਕ ਪਾਤਸ਼ਾਹ ਤਾਂ ਸੁਤਿਆਂ ਲੋਕਾਂ ਨੂੰ ਗਫਲਤਾ ਦੀ ਨੀਂਦ ਵਿਚੋਂ ਕੱਢ ਕੇ ਆਪਣੇ ਹੱਕ-ਹਕੂਕਾਂ ਲਈ ਲੜਨ ਵਾਸਤੇ ਤਿਆਰ ਕਰਦੇ ਹਨ ਪਰ ਸਾਡੇ ਯੂਨੀਵਰਸਿਟੀਜ਼ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਪਤਾ ਨਹੀਂ ਕਿਹੜੀ ਪ੍ਰੇਮਾ-ਭਗਤੀ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਿਤਾ ਜੀ ਦੀ ਆਪਣੀ ਬਾਣੀ:1. ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ। ਰਤੁ ਪਿਤੁ ਕੁਤਿਹੋ ਚਟਿ ਜਾਹੁ॥ 2. ਜਿਸ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 3. ਨਾਵਹੁ ਧੋਵਹੁ ਤੋਲਕੁ ਚੜਾਵਹੁ ਸੁਚ ਵਿਣ ਸੋਚ ਨ ਹੋਈ॥ 4. ਉਡਿ ਨ ਜਹੀ ਸਿਧ ਨ ਹੋਹਿ॥ 5. ਜਉ ਤਉ ਪ੍ਰੇਮ ਖੈਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਗੁਰਸ਼ਰਨ ਕੌਰ ਜੱਗੀ ਜੀਓ! ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਅਤੇ ਇਸੇ ਦੀ ਬਦੌਲਤ ਹੀ ਬੰਦਾ ਸਿੰਘ ਬਹਾਦਰ ਨੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ, ਮਿਸਲਾਂ ਵਾਲੇ ਸਿਰਦਾਰਾਂ ਖਲਾਸਾ ਰਾਜ ਦੀ ਨੀਂਹ ਰੱਖੀ ਅਤੇ ਸਿਰਦਾਰ ਰਣਜੀਤ ਨੇ ਸਿੰਘ ਖਾਲਸਾ ਰਾਜ ਸਥਾਪੱਤ ਕੀਤਾ ਅਤੇ ਓਸ ਵੇਲੇ ਦੁਨੀਆਂ ਦੀ ਸਿਰਮੌਰ ਸ਼ਕਤੀ ਬਣ ਕੇ ਆਪਣੇ ਲੋਕਾਂ ਨੂੰ ਪੱਛਮੀ ਧਾੜਵੀਆਂ ਤੋਂ ਬਚਾਇਆ। ਕੀ ਤੁਸੀਂ ਆਪਣੇ ਲਫਜ਼ਾਂ ਵਿਚ ਇਸ ਨੂੰ ਪ੍ਰੇਮਾ ਭਗਤੀ ਕਹਿੰਦੇ ਹੋ? ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ, ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ ਦੇ ਸਿਰਦਾਰਾਂ ਅਤੇ ਖਾਲਸਾ ਰਾਜ ਦੇ ਫੌਜੀਆਂ ਨੇ ਖੜਕਾਈ ਉਸਦਾ ਫੌਲਾਦ ਗੁਰੂ ਨਾਨਕ ਸਾਗਿਬ ਤਿਆਰ ਕਰਦੇ ਹਨ।
ਗੁਰਸ਼ਰਨ ਕੌਰ ਜੱਗੀ ਜੀ ਪ੍ਰਚੱਲਤ ਕਹਾਵਤ ਅਨੁਸਾਰ ਲਿਖਦੇ ਹਨ, “ਸਗੋਂ ਲੋਕਾਂ ਦੇ ਦਰਦ ਨੂੰ ਵੰਡਾਂਦੇ ਹੋਏ ਬਾਬਰ ਦੀ ਕੈਦ ਕੱਟਦੇ ਹਨ”। ਭੈਣ ਜੀਓ! ਪ੍ਰੋ. ਐਸ. ਐਸ ਪਦਮ ਜੀ ਨੇ ਆਪਣੇ ਖੋਜ ਕੰਮ ਦੇ ਅਧਾਰਤ ਦੋ ਕਿਤਾਬਾਂ ਲਿਖੀਆਂ ਹਨ; ਸਿੱਖਾਂ ਦੀ ਭਗਤਮਾਲਾ ਕਰਤਾ ਸੂਰਤ ਸਿੰਘ ਅਤੇ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਂਹਾ ਉਪਲ। ਇਨ੍ਹਾਂ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਗੁਰੂ ਜੀ ਐਮਨਾਬਾਦ ਵਾਲੇ ਸਾਕੇ ਤੋਂ ਕੋਈ ਤਕਰੀਬਨ 1-2 ਮਹੀਨੇ ਬਾਦ ਹੀ ਇਸ ਸ਼ਹਿਰ ਵਿਚ ਪਹੁੰਚਦੇ ਹਨ। ਹੋ ਸਕਦਾ ਹੈ ਕਿ ਡਾ. ਕਿਰਪਾਲ ਸਿੰਘ ਜੀ ਨੇ ਵੀ “ਜਨਮਸਾਖੀ ਪ੍ਰੰਪਰਾ ਵਿਚ ਇਹੀ ਸਾਬਤ ਕੀਤਾ ਹੋਵੇ ਪਰ ਹੁਣ ਮੈਨੂੰ ਪੱਕਾ ਯਾਦ ਨਹੀਂ। ਇਹ ਗੱਲ ਕਿਉਂ ਚਲਾਈ ਗਈ ਕਿ ਗੁਰੂ ਜੀ ਨੂੰ ਬਾਬਰ ਨੇ ਕੈਦ ਕੀਤਾ? ਸੱਭ ਤੋਂ ਪਹਿਲਾਂ ਗੁਰੂ ਜੀ ਕੋਲ ਕੋਈ ਗੈਬੀ ਸ਼ਕਤੀਆਂ ਦਿਖਾਉਣੀਆਂ ਹਨ, ਫਿਰ ਚੱਕੀਆਂ ਨੂੰ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ, ਫਿਰ ਬਾਬਰ ਗੁਰੂ ਜੀ ਨੂੰ ਦੁਆ ਸਲਾਮ ਕਰਦਾ ਹੈ, ਫਿਰ ਗੁਰੂ ਜੀ ਨੂੰ ਭੰਗ ਪੀਂਦਾ ਦਿਖਾਉਣਾ ਹੈ, ਤੇ ਬਾਅਦ ਵਿਚ ਬਾਬਰ ਨੂੰ ਸੱਤ-ਮੁੱਠਾਂ ਭੰਗ ਦੀਆਂ ਬਦਲੇ ਸੱਤ-ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਹੈ ਜੋ ਸਾਡੇ ਹੁਣ ਵਾਲੇ ਸਾਧਾਂ ਦੇ ਬਿਲਕੁੱਲ ਫਿਟ ਬੈਠਦਾ ਹੈ। ਇਹ ਵਿਹਲੜ ਤੇ ਢਿਢਲ ਸਾਧ-ਲਾਣੇ ਦੀ ਚਲਾਈ ਹੋਈ ਕਹਾਣੀ ਹੈ ਨਾ ਕਿ ਇਹ ਇਤਹਾਸ ਹੈ। ਅੱਗੇ ਜਾ ਕੇ ਤੁਸੀਂ ਆਪ ਹੀ ਲਿਖ ਦਿੱਤਾ “ ਸਗੋਂ ਰਾਜਨੈਤਿਕ ਅਵਸਥਾ ਪ੍ਰਤੀ ਵੀ ਅਸੰਤੁਸ਼ਟ ਸਨ” ਜੋ ਅਸਲੀਅਤ ਹੈ। ਇਸੇ ਲੇਖ ਵਿਚ ਤੁਸੀਂ ਲਿਖਦੇ ਹੋ ਕਿ ਗੁਰੂ ਨਾਨਕ ਪਿਤਾ ‘ਅਧਿਆਤਮਿਕ ਸਾਧਨਾਂ ਵਿਚ ਪ੍ਰਬੀਨ ਹੀ ਨਹੀਂ ਸਨ ਸਗੋਂ ਪ੍ਰਮਾਤਮਾ ਨੂੰ ਜਾਨਣ ਵਾਲੇ ਵੀ ਸਨ’। ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਪੰਨਾ 1028॥ ਇਨ੍ਹਾਂ ਪੰਗਤੀਆਂ ਵਿਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਹਨ ਕਿ ਪ੍ਰਮਾਤਮਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਓਹ ਪ੍ਰਮਾਤਮਾ ਨੂੰ ਜਾਨਣ ਵਾਲੇ ਕਿਵੇਂ ਹੋਏ? ਗੁਰਬਾਣੀ ਵਿਚ ਅਨੇਕਾਂ ਵਾਰ ਲਿਖਿਆ ਮਿਲਦਾ ਹੈ, “ ਅਲਖ ਨ ਜਾਈ ਲਖਿਆ”। ਗੁਰਬਾਣੀ ਵਿਚ ‘ਅਧਿਆਤਮ” ਲਫਜ ਤਿੰਨ ਵਾਰ ਆਉਂਦਾ ਹੈ ਤੇ ਤਿੰਨੇ ਵਾਰ ਅਧਿਆਤਮ ਕਰਮਾਂ ਦਾ ਖੰਡਨ ਕਰਦਾ ਹੈ। ਜਿਵੇਂ: ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ ਪੰਨਾ 33॥ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਪੰਨਾ 223॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਪੰਨਾ 1039॥ ਅਗਲੇ ਪੰਨੇ ਤੇ ਤੁਸੀਂ ਜਨਮ ਸਾਖੀਆਂ ਦੇ ਹਵਾਲੇ ਅਨੁਸਾਰ ਲਿਖਦੇ ਹੋ: “ ਆਗਿਆ ਪਰਮੇਸਰ ਕੀ ਹੋਈ ਜੋ ਨਾਨਕ ਭਗਤੁ ਹਾਜ਼ਰ ਹੋਆ, ਤਾਂ ਅੰਮ੍ਰਤਿ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ- ਨਾਨਕੁ ਇਹ ਅੰਮ੍ਰਿਤ ਨਾਹੀ, ਇਹ ਮੇਰੇ ਨਾਮ ਦਾ ਪਿਆਲਾ ਹੈ, ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ।....... ਤਦਿ ਗੁਰੂ ਨਾਨਕ ਪੈਰੀ ਪਇਆ”। ਸਤਿਕਾਰ ਯੋਗ ਭੈਣ ਜੀਓ! ਸਾਖੀਕਾਰ ਨੂੰ ਆਪ ਹੀ ਪਤਾ ਨਹੀਂ ਕਿ ਉਹ ਕੀ ਲਿਖ ਰਿਹਾ ਹੈ। ਪਹਿਲੀ ਪੰਗਤੀ ਵਿਚ ਕਟੋਰੇ ਵਿਚ “ਅੰਮ੍ਰਤ” ਤੇ ਅਗਲੀ ਪੰਗਤੀ ਵਿਚ ਉਸੇ ਪਿਆਲੇ ਵਾਲੇ ਅੰਮ੍ਰਤਿ ਨੂੰ ਪਰਮਾਤਮਾ ਦੇ ਨਾਮ ਵਾਲਾ ਪਿਆਲਾ ਬਣਾ ਧਰਿਆ ਹੈ। ਕੀ ਥੁੜਿਆ ਪਿਆ ਹੈ ਐਸੀਆਂ ਸਾਖੀਆਂ ਵੱਲੋਂ? ਗੁਰਬਾਣੀ ਸਾਨੂੰ ਗਿਆਨ ਨਾਲ ਜੋੜਦੀ ਹੈ ਪਰ ਸਾਖੀਆਂ ਸਾਨੂੰ ਕਿਸੇ ਰੱਬ ਦੇ ਨਾਮ ਦਾ ਪਿਆਲਾ ਪਿਲਾ ਕੇ ਗਿਆਨਵਾਨ ਬਣਾਉਦੀਆਂ ਹਨ। ਇਹ ਵੀਚਾਰ ਤਾਂ ਇਕ ਦੂਜੇ ਦੇ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਣ ਹੈ: “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ ਗੁਰੂ ਨਾਨਕ ਪਾਤਸ਼ਾਹ ਜਦੋਂ ਪੂਰਾ ਮੰਗਲਾਚਰਣ ਲਿਖਦੇ ਹਨ ਤਾਂ ਪਰਮਾਤਮਾ ਦਾ ਸਰੂਪ ਬਿਆਨ ਕਰਦੇ “ਅਜੂਨੀ” ਲਿਖਦੇ ਹਨ। ਫਿਰ ਪਰਮਾਤਮਾ ਦੀ ਦਰਗਾਹ ਕਿੱਥੇ? ਫਿਰ ਕਿਹੜੇ ਪਰਮਾਤਮਾ ਨਾਲ ਗੱਲਾਂ? ਕਿਹੜਾ ਸਵਰਗ ਤੇ ਕਿਹੜਾ ਨਰਕ? ਗੁਰਬਾਣੀ ਤਾਂ ਇਨ੍ਹਾਂ ਗੱਲਾਂ ਨੂੰ ਮੰਨਦੀ ਹੀ ਨਹੀਂ। ਪਰ ਤੁਸੀਂ ਆਪਣੇ ਇਸ ਸਾਰੇ ਲੇਖ ਵਿਚ ਬਾਰ ਬਾਰ ਸਾਖੀਆਂ ਦਾ ਹਵਾਲਾ ਦਿਤਾ ਹੈ ਜੋ ਸੱਚੀਆਂ ਨਹੀਂ ਹਨ। ਕੀ ਅਸੀਂ ਲੋਕਾਂ ਦੀਆਂ ਮਨ-ਕਲਪਤ ਗਪੌੜਾਂ ਤੇ ਵਿਸ਼ਵਾਸ ਕਰੀਏ ਜਾਂ ਫਿਰ ਗੁਰਬਾਣੀ ਤੇ? ਰਾਜਨੈਤਿਕ ਦ੍ਰਿਸ਼ਟੀ ਤੋਂ; ਵਾਲੇ ਹਿਸੇ ਵਿਚ ਮੱਧ-ਯੁੱਗ ਦੇ ਭਗਤ ਜਨਾਂ ਦੀਆਂ ਰਚਨਾਵਾਂ ਵਿਚ ਰਾਜਨੈਤਿਕ ਘਟਨਾਵਾਂ ਦਾ ਅਭਾਵ ਹੈ। ਭਗਤ ਕਬੀਰ, ਰਵੀਦਾਸ, ਤ੍ਰਲੋਚਨ, ਨਾਮਦੇਵ ਆਦਿ ਸਾਰੇ ਕ੍ਰਾਂਤੀਕਾਰੀ ਹੋਏ ਹਨ ਤੇ ਇਨ੍ਹਾਂ ਦੇ ਹਵਾਲੇ ਗੁਰਬਾਣੀ ਵਿਚੋਂ ਇਉਂ ਮਿਲਦੇ ਹਨ: ਬ੍ਰਾਹਮਣ ਨੂੰ ਨਿੰਦਣਾ ਉਸ ਵਕਤ ਕਤਲ ਦੇ ਬਰਾਬਰ ਸੀ, “ ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਜਿਸ ਰਸਤੇ ਅਸੀਂ ਇਸ ਸੰਸਾਰ ਵਿਚ ਆਏ ਉਸੇ ਰਸਤੇ ਰਾਹੀਂ ਹੀ ਤੂੰ ਇਸ ਸੰਸਾਰ ਵਿਚ ਆਇਆ। ਤੇਰੀਆ ਨਾੜਾਂ ਵਿਚ ਕਿਹੜਾ ਦੁੱਧ ਹੈ ਤੇ ਸਾਡੇ ਲਹੂ। ਫਿਰ ਤੁੰ ਪੰਡਿਤ ਕਿਵੇਂ ਹੋਇਆ ਤੇ ਅਸੀਂ ਨੀਵੇ ਕਿਵੇਂ ਹੋਏ? ਇਹ ਲੋਕਾਂ ਨੂੰ ਜਗਾਉਣ ਵਾਲਾ ਸਿਧਾਂਤ ਨਹੀਂ ਤਾਂ ਹੋਰ ਕੀ ਹੈ? ਭਗਤ ਰਵਿਦਾਸ; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345} ਕੀ ਇਹ ਰਾਜਨੈਤਿਕ ਅਵਸਥਾ ਦਾ ਜ਼ਿਕਰ ਨਹੀਂ? ਭਗਤ ਨਾਮਦੇਵ : ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਪੰਨਾ 1292॥ ਬ੍ਰਾਹਮਣ ਦੇ ਸਿਧਾਂਤ ਨੂੰ ਕੱਟਣਾ ਉਸ ਵਕਤ ਦਾ ਭਾਰੀ ਤੋਂ ਭਾਰੀ ਜ਼ੁਰਮ ਸੀ। ਕੀ ਭਗਤ ਨਾਮਦੇਵ ਜੀ ਜਾਗਰਤੀ ਲਿਆਉਣ ਵਾਸਤੇ ਕੋਈ ਕੰਮ ਕਰ ਰਹੇ ਹਨ ਜਾਂ ਨਹੀਂ? ਜੇਕਰ ਗੁਰੂ ਜੀ ਦੇ ਵਿਚਾਰ ਦੂਸਰੇ ਬਾਣੀਕਾਰਾਂ ਨਾਲ ਮੇਲ ਨਾ ਖਾਂਦੇ ਹੁੰਦੇ ਤਾਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿਚ ਦਰਜ਼ ਹੀ ਨਹੀਂ ਸੀ ਹੋਣੀ। ਡਾ. ਗੁਰਸ਼ਰਨ ਕੌਰ ਜੱਗੀ ਜੀ ਸਾਨੂੰ ਸਾਖੀਆਂ ਤੋਂ ਸੇਧ ਲੈ ਕੇ ਇਹ ਮੰਨਣ ਦੀ ਲੋੜ ਨਹੀਂ ਕਿ ਗੁਰੂ ਜੀ ਨੂੰ ਬਾਣੀ ਉਚਾਰਣ ਕਰਨ ਲਈ ਕੋਈ ਉਚੇਚ ਨਹੀਂ ਕਰਨੀ ਪਈ ਸਗੋਂ ਬਾਣੀ ਆਪ ਬੋਲ ਕੇ ਸਾਨੂੰ ਦੱਸ ਰਹੀ ਹੈ ਕਿ ਗੁਰੂ ਜੀ ਉੱਚ-ਕੋਟੀ ਦੇ ਕਵੀ, ਢਾਡੀ, ਨਵੀਂ ਕਿਸਮ ਦੀ ਮਨੁੱਖਤਾ ਦੇ ਘਾੜੇ ਅਤੇ ਸਿਧਾਂਤ-ਘਾੜੇ ਵੀ ਸਨ। ਉਹ ਪੂਰਨ ਮਨੁੱਖ ਸਨ।
ਗੁਰਬਚਨ ਸਿੰਘ ‘ਰਾਹੀ’ ਆਪਣੇ ਲੇਖ, “ ਜਪੁ ਜੀ-ਗੁਰਮਤਿ ਦਾ ਅਧਾਰ” ਵਿਚ ਲਿਖਦੇ ਹਨ; ‘ ਵੇਦਾਂਤ ਵਾਂਗ ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਕਰਮ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ।......। ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦਾ ਨਿਬੇੜਾ ਜਾਂ ਲੇਖਾ-ਜੋਖਾ ਪਰਮਾਤਮਾ ਦੀ ਦਰਗਾਹ ਵਿੱਚ ਜਰੂਰ ਦੇਣਾ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ, ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ। ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੁੰਦੇ ਹਨ, ਉਹ ਉਸ ਤੋਂ ਦੂਰ ਚਲੇ ਜਾਂਦੇ ਹਨ ਤੇ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ- ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ”॥ ਗੁਰਬਚਨ ਸਿੰਘ ਰਾਹੀ ਜੀ ਜਦੋਂ ਪਰਮਾਤਮਾ ਹਰ ਇਕ ਦੇ ਦਿਲ ਵਿਚ ਜਾਂ ਹਰ ਥਾਂ ਵੱਸਦਾ ਹੈ ਤਾਂ ਪਰਮਾਤਮਾ ਦੀ ਦਰਗਾਹ ਕਿਧਰੇ ਸੱਤਵੇਂ ਅਸਮਾਨ ਵਿਚ ਨਹੀਂ ਹੋ ਸਕਦੀ? ਪਰਮਾਤਮਾ ਦੀ ਦਰਗਾਹ ਵੀ ਅੱਜ ਹੈ ਅਤੇ ਇਸੇ ਜਨਮ ਵਿਚ ਅਤੇ ਇਹ ਦੁਨੀਆਂ ਹੀ ਪਰਮਾਤਮਾ ਦੀ ਦਰਗਾਹ ਹੈ। ਕਰਮਾਂ ਦੇ ਸਿਧਾਂਤ ਨੂੰ ਗੁਰਬਾਣੀ ਕੱਟਦੀ ਹੈ ਜਿਵੇਂ: ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਪੰਨਾ 748॥ ਭਗਤ ਕਬੀਰ ਜੀ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਜਦੋਂ ਇਸ ਸੰਸਾਰ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਪਹਿਲਾ ਮਨੁੱਖੀ ਜੀਵ ਕਿਹੜੇ ਕਰਮ ਕਰਕੇ ਇੱਥੇ ਆਇਆ? ॥ ਇਹ ਬ੍ਰਾਹਮਣ ਦੇ ਕਰਮ ਕਾਂਢ ਦੇ ਸਿਧਾਂਤ ਨੂੰ ਕੱਟਣਾ ਹੈ। ਖੰਡਨਾ ਹੈ ਮੰਡਨਾ ਨਹੀਂ। ਗੁਰੂ ਨਾਨਕ ਪਾਤਸਾਹ ਜਾਂ ਕਿਸੇ ਹੋਰ ਭਗਤ ਜਨ ਦਾ ਕਿਸੇ ਵੇਦਾਂਤ ਨਾਲ ਕੋਈ ਸੰਬੰਧ ਨਹੀਂ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਵੇਦਾਂਤ ਮੱਤ ਬਾਰੇ: ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920}
ਗੁਰਬਚਨ ਸਿੰਘ ਰਾਹੀ ਜੀ ਜੇਕਰ ਤੁਸੀਂ ਹਾਲੇ ਵੀ “ਵੇਦਾਂਤ ਵਾਂਗ ਗੁਰੂ ਨਾਨਕ ਵੀ ਕਰਮ ਸਿਧਾਂਤ ਵਿਚ ਵਿਸ਼ਵਾਸ਼ ਰੱਖਦੇ ਹਨ” ਲਿਖਣਾ ਹੈ ਤਾਂ ਇਸ ਸਵਾਲ ਦਾ ਜਵਾਬ ਦਿਓ ਜੀ : ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। ਵਾਰ 1, ਪਉੜੀ 45। ਰਾਹੀ ਜੀ ਤੁਹਾਡੇ ਲੇਖ ਦਾ ਨਾਮ ਹੀ ਬ੍ਰਾਹਮਣੀ-ਸੋਚ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਸਿਧਾਂਤ ਹਨ ਜੋ ਗੁਰੂ ਜੀ ਦੀ ਬਾਣੀ ‘ਜਪੁ’ ਵਿਚ ਨਹੀਂ ਹਨ। ਫਿਰ ‘ਜਪੁ’ ਗੁਰਮਤਿ ਦਾ ਅਧਾਰ ਕਿਵੇਂ ਹੋਇਆ?
ਇਸ ਤੋਂ ਅਗਲਾ ਲੇਖ “ ਆਸਾ ਦੀ ਵਾਰ: ਸੰਦੇਸ਼ ਤੇ ਸੰਚਾਰ” ਹੈ ਅੰਮ੍ਰਿਤਪਾਲ ਕੌਰ ਜੀ ਦਾ। ਇਸ ਵੀਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਆਸਾ ਵਿਚ ਦਰਜ਼ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਸਿਰਲੇਖ ਕੀ ਹੈ? ਜਦੋਂ ਅਸੀਂ ਇਸ ਵਾਰ ਨੂੰ “ ਆਸਾ ਦੀ ਵਾਰ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਵਾਰ ਦਾ ਕਰਤਾ ਕੋਈ ‘ਆਸਾ’ ਬਣ ਜਾਂਦਾ ਹੈ। ਆਸਾ ਕੋਈ ਲਿਖਾਰੀ ਨਹੀਂ। ਆਸਾ ਤਾਂ ਰਾਗ ਦਾ ਨਾਮ ਹੈ ਤੇ ਇਸ ਵਾਰ ਦਾ ਕਰਤਾ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਦਰਜ਼ ਹੈ: ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}॥ ਜਿਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਕਰਤਾ ਹੀ ਕਿਸੇ ਆਸੇ ਨੂੰ ਬਣਾ ਧਰਿਆ ਹੈ ਤਾਂ ਉਸਦੀ ਬਾਕੀ ਲਿਖਤ ਨੂੰ ਪੜ੍ਹਨ ਦਾ ਕੀ ਫਾਇਦਾ? ਬਾਕੀ ਦੇ ਲਿਖਾਰੀਆਂ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕੀਤਾ ਹੋਊ, ਪਤਾ ਨਹੀਂ, ਪਰ ਹੋਊ ਜ਼ਰੂਰ ਇਸੇ ਤਰ੍ਹਾਂ ਦਾ। ਇਸ ਕਰਕੇ ਇਸ ਕਿਤਾਬ, “ਸ੍ਰੀ ਗੁਰੂ ਨਾਨਕ ਦੇਵ ਜੀ (1469- 1539 ਈ.)” ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਤੇ ਹੋਰ ਸਮਾਂ ਬਰਬਾਦ ਕਰਨ ਦਾ ਕੀ ਮਕਸਦ?
ਸਿੱਖ ਭਰਾਵੋ! ਜੇਕਰ ਬਾਬਾ ਜੀ ਬਾਰੇ ਕੁੱਝ ਸੱਚਾ-ਸੁੱਚਾ ਜਾਨਣਾ ਚਾਹੁੰਦੇ ਹੋ ਤਾਂ ਬਾਬਾ ਜੀ ਦੀ ਲਿਖਤ ਨੂੰ ਕਲਾਵੇ ਵਿਚ ਲਓ, ਜੱਫੀ ਪਾਓ ਮਤਲਬ ਪੜ੍ਹੋ, ਸਮਝੋ ਅਤੇ ਅਮਲੀ ਜਾਮਾ ਪਹਿਨਾਵੋ। ਛੱਡੋ ਸਾਖੀਆਂ, ਜਨਮ ਸਾਖੀਆਂ ਤੇ ਲੋਕਾਂ ਦੀਆਂ ਲਿਖੀਆਂ ਮਨ- ਘੜਤ ਗੱਪਾਂ ਨੂੰ ਜੋ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਨੂੰ ਕਲੰਤ ਹੀ ਨਹੀਂ ਕਰਦੀਆਂ ਸਗੋਂ ਸਿੱਖੀ ਦਾ ਵੀ ਭੋਗ ਪਾ ਰਹੀਆਂ ਹਨ ਅਤੇ ਬਚੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਜੋ ਪੈਸੇ ਪਿੱਛੇ ਬਰਾਛਾਂ ਵਿਚੋਂ ਲਾਅਲਾਂ ਵਗਾ ਕੇ ਆਪਣੀਆਂ ਕਮੀਜ਼ਾਂ ਗਿਲੀਆਂ ਕਰੀ ਜਾ ਰਹੇ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079