ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

25 Nov. 2019

ਟਕਸਾਲੀ ਅਕਾਲੀ ਦਲ ਦੇ ਦੋ ਵੱਡੇ ਥੰਮ੍ਹ ਜਲਦੀ ਹੀ ਅਕਾਲੀ ਦਲ ਬਾਦਲ 'ਚ ਹੋਣਗੇ ਸ਼ਾਮਲ-ਇਕ ਖ਼ਬਰ
ਰਾਤੀਂ ਬਹਿ ਬਹਿ ਪਈ ਉਡੀਕਾਂ, ਕਦੋਂ ਹੋਣਗੇ ਸੱਜਣ ਨਾਲ਼ ਮੇਲੇ।


ਸੁਲਤਾਨਪੁਰ ਲੋਧੀ 'ਚ 550 ਸਾਲਾ ਪ੍ਰਕਾਸ਼ ਮੌਕੇ 8000 ਹਜ਼ਾਰ ਗਊਆਂ ਯੂਨੀਵਰਸਿਟੀ ਕੈਂਪਸ 'ਚ ਡੱਕੀਆਂ- ਇਕ ਖ਼ਬਰ
ਲਗਦੇ ਹੱਥ ਕਾਨਵੋਕੇਸ਼ਨ ਕਰ ਕੇ ਇਹਨਾਂ ਨੂੰ ਡਿਗਰੀਆਂ ਵੀ ਦੇ ਦਿੰਦੇ।


ਕੈਪਟਨ ਦੇਸ਼ ਦਾ ਸਭ ਤੋਂ ਵੱਧ ਲਾਪ੍ਰਵਾਹ ਮੁੱਖ ਮੰਤਰੀ- ਭਗਵੰਤ ਮਾਨ
ਉਡ ਕੇ ਚਿੰਬੜ ਗਿਆ ਕਿਸੇ ਚੰਦਰੀ ਵਾੜ ਦਾ ਛਾਪਾ।


ਚੌਟਾਲਿਆਂ ਵਾਂਗ ਬਾਦਲ ਜੁੰਡਲੀ ਵੀ ਖਾਵੇਗੀ ਜੇਲ੍ਹ ਦੀ ਹਵਾ- ਬਲਵੰਤ ਸਿੰਘ ਖੇੜਾ
ਨਰਮ ਸਰੀਰਾਂ ਨੂੰ, ਪੈ ਗਏ ਮਾਮਲੇ ਭਾਰੀ।


ਨਾਜਾਇਜ਼ ਚਲ ਰਹੀਆਂ ਬਸਾਂ 'ਤੇ ਰੋਕ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਹੋਵੇਗੀ- ਰਜ਼ੀਆ ਸੁਲਤਾਨਾ
ਬੀਬੀ ਜੀ, ਪਹਿਲਾਂ ਪਤਾ ਕਰ ਲਉ ਬੱਸਾਂ ਕਿਹੜੇ ਲੋਕਾਂ ਦੀਆਂ ਹਨ, ਲੈਣੇ ਕੇ ਦੇਣੇ ਨਾ ਪੈ ਜਾਣ।


ਪ੍ਰਦੂਸ਼ਣ ਘਟਾਉਣਾ ਹੈ ਤਾਂ ਯੱਗ ਕਰੋ- ਭਾਜਪਾ ਸੰਸਦ ਮੈਂਬਰ
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ।


ਅਕਾਲੀ ਰਾਜ ਵਾਲ਼ਾ ਗੁੰਡਾ ਟੈਕਸ ਅਜੇ ਵੀ ਲਿਆ ਜਾ ਰਿਹਾ ਹੈ- ਹਰਪਾਲ ਚੀਮਾ
ਤੇਰੇ ਨੀਂ ਕਰਾਰਾਂ ਮੈਨੂੰੰ ਪੱਟਿਆ, ਦਸ ਮੈਂ ਕੀ ਪਿਆਰ ਵਿਚੋਂ ਖੱਟਿਆ।


ਲੇਬਰ ਪਾਰਟੀ ਸਤਾਧਾਰੀ ਹੋਈ ਤਾਂ ਜੱਲ੍ਹਿਆਂਵਾਲ਼ਾ ਬਾਗ ਦੇ ਕਾਂਡ ਦੀ ਮੁਆਫ਼ੀ ਮੰਗੇਗੀ- ਲੇਬਰ ਪਾਰਟੀ ਲੀਡਰ
ਗੰਗਾ ਗਈਆਂ ਨਾ ਹੱਡੀਆਂ ਮੁੜਦੀਆਂ ਨੇ, ਗਏ ਵਕਤ ਨੂੰ ਕਿਸੇ ਨਾ ਮੋੜਿਆ ਏ।


ਨਵਜੋਤ ਸਿੰਘ ਸਿੱਧੂ ਨੂੰ ਬਣਾਵਾਂਗੇ ਮੁੱਖ ਮੰਤਰੀ- ਰਣਜੀਤ ਸਿੰਘ ਬ੍ਰਹਮਪੁਰਾ
ਪਿੰਡ ਪਏ ਨਹੀਂ ਉਚੱਕੇ ਪਹਿਲਾਂ ਹੀ...............


ਸ਼ਿਵ ਸੈਨਾ ਆਗੂ ਦੇ ਗੁਦਾਮ 'ਚੋਂ ਨਕਲੀ ਦੇਸੀ ਘਿਉ ਬਰਾਮਦ-ਇਕ ਖ਼ਬਰ
ਤੇਲੀ ਕਰ ਕੇ ਰੁੱਖਾ ਖਾਈਏ, ਇਹ ਨਹੀਂ ਸਾਨੂੰ ਪੁੱਗਦਾ।


ਅਗਲੇ ਸਾਲ ਵੀ ਚੱਲਣਗੇ ਬਾਬੇ ਨਾਨਕ ਨੂੰ ਸਮਰਪਿਤ ਪ੍ਰੋਗਰਾਮ-ਇਕ ਖ਼ਬਰ
ਸਟੇਜਾਂ ਵੀ ਦੱਸ ਦਿੰਦੇ ਕਿੰਨੇ ਕਿੰਨੇ ਕਰੋੜ ਦੀਆਂ ਲੱਗਣਗੀਆਂ।


ਸਰਕਾਰੀ ਵਿਭਾਗਾਂ 'ਚ ਧੋਖਾਧੜੀ ਫੜਨ ਲਈ ਆਧੁਨਿਕ ਸੰਦ ਵਿਕਸਤ ਕਰੇ ਕੈਗ- ਮੋਦੀ
ਸੰਦ ਵਰਤਣ ਵਾਲ਼ੇ ਕਿੱਥੋਂ ਲਿਆਉਗੇ ਮੋਦੀ ਸਾਬ?


ਬਾਦਲ ਪਰਵਾਰ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਹਟਾਉਣਾ ਜ਼ਰੂਰੀ-ਰਾਮੂਵਾਲੀਆ
ਆ ਜਾ ਬਈ ਆ ਜਾ, ਲੋਕ ਭਲਾਈ ਵਾਲ਼ਿਆ ਤੇਰੀ ਕਸਰ ਬਾਕੀ ਸੀ।


ਪਾਣੀ ਦੇ ਮਾਮਲੇ 'ਤੇ ਭਾਜਪਾ ਨੇ ਕੇਜਰੀਵਾਲ 'ਤੇ ਹੱਲਾ ਬੋਲਿਆ- ਇਕ ਖ਼ਬਰ
ਤੇਰੀ ਤੋੜ ਕੇ ਛੱਡਣਗੇ ਗਾਨੀ, ਵਸ ਪੈ ਗਈ ਅੜ੍ਹਬਾਂ ਦੇ।