ਜਾਤੀਵਾਦ - ਸਵਰਾਜਬੀਰ
ਪੰਜਾਬ ਵਿਚ ਹਾਲ ਵਿਚ ਹੋਈਆਂ ਕੁਝ ਘਟਨਾਵਾਂ ਨੇ ਜਾਤੀਵਾਦ ਦੀ ਭਿਆਨਕ ਕੁਰੀਤੀ 'ਤੇ ਫਿਰ ਉਂਗਲ ਧਰੀ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਵਿਚ ਜਾਤੀਵਾਦੀ ਵੰਡ ਵਰਣ-ਆਸ਼ਰਮ ਦੇ ਰੂਪ ਵਿਚ ਸ਼ੁਰੂ ਹੋਈ ਅਤੇ ਬਾਅਦ ਵਿਚ ਸਮਾਜ ਹਜ਼ਾਰਾਂ ਜਾਤਾਂ ਵਿਚ ਵੰਡਿਆ ਗਿਆ। ਵਰਣ-ਆਸ਼ਰਮ ਦੀ ਵੰਡ ਅਨੁਸਾਰ ਬ੍ਰਾਹਮਣਾਂ ਨੂੰ ਸਭ ਤੋਂ ਉੱਪਰਲਾ ਦਰਜਾ ਪ੍ਰਾਪਤ ਸੀ ਅਤੇ ਕਸ਼ੱਤਰੀ, ਵੈਸ਼ ਅਤੇ ਸ਼ੂਦਰ ਦਰਜਾ-ਬ-ਦਰਜਾ ਉਨ੍ਹਾਂ ਤੋਂ ਬਾਅਦ ਆਉਂਦੇ ਸਨ/ਹਨ। ਮਨੂੰ ਸਿਮ੍ਰਿਤੀ ਤੇ ਹੋਰ ਗ੍ਰੰਥਾਂ ਵਿਚ ਸ਼ੂਦਰਾਂ ਨਾਲ ਕੀਤੇ ਜਾਣ ਵਾਲੇ ਵਿਤਕਰੇ ਤੇ ਅਣਮਨੁੱਖੀ ਸਲੂਕ ਦੀਆਂ ਉਦਾਹਰਨਾਂ ਮਿਲਦੀਆਂ ਹਨ। ਸਮੇਂ ਦੇ ਲੰਘਣ ਨਾਲ ਕਈ ਜਾਤਾਂ, ਵੱਖ ਵੱਖ ਇਤਿਹਾਸਕ ਕਾਰਨਾਂ ਕਾਰਨ, ਵਰਣ-ਆਸ਼ਰਮ ਦੁਆਰਾ ਨਿਯਤ ਸਮਾਜਿਕ ਦਰਜੇ ਤੋਂ, ਉੱਚੀਆਂ ਗਰਦਾਨੀਆਂ ਗਈਆਂ ਅਤੇ ਕਈਆਂ ਦੇ ਰੁਤਬੇ ਘਟ ਗਏ।
ਜਾਤੀਵਾਦ ਸਮਾਜ ਨੂੰ ਬਹੁਤ ਭਿਆਨਕ ਤਰੀਕੇ ਨਾਲ ਵੰਡਦਾ ਹੈ। ਜਾਤੀਵਾਦ ਅਭਿਮਾਨ ਸਿਰਫ਼ ਆਪਣੇ-ਆਪ ਨੂੰ ਉੱਚੀਆਂ ਕਹਾਉਣ ਵਾਲੀਆਂ ਜਾਤੀਆਂ ਦੇ ਲੋਕਾਂ ਨੂੰ ਤਥਾਕਥਿਤ ਨੀਵੀਆਂ ਜਾਤਾਂ ਦੇ ਲੋਕਾਂ ਵਿਰੁੱਧ ਹੀ ਖੜ੍ਹੇ ਨਹੀਂ ਕਰਦਾ ਸਗੋਂ ਇਹ ਵੰਡ ਵੱਖ ਵੱਖ ਜਾਤ-ਸਮੂਹਾਂ ਤੇ ਸ਼੍ਰੇਣੀਆਂ ਨੂੰ ਹੋਰ ਛੋਟੀਆਂ ਜਾਤਾਂ, ਬਿਰਾਦਰੀਆਂ ਵਿਚ ਵੰਡਦੀ ਚਲੀ ਜਾਂਦੀ ਹੈ। ਇਕ ਸਮਾਨ ਭਾਈਚਾਰੇ ਵਿਚ ਕਈ ਜਾਤਾਂ ਬਣ ਜਾਂਦੀਆਂ ਹਨ। ਇਸ ਵੰਡ ਵਿਚ ਆਪਣੀ ਜਾਤ ਤੋਂ ਉੱਪਰਲਾ ਦਰਜਾ ਪ੍ਰਾਪਤ ਜਾਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਤੇ ਆਪਣੀ ਜਾਤ ਤੋਂ ਹੇਠਲੀਆਂ ਸਮਝੀਆਂ ਜਾਤਾਂ ਨੂੰ ਘਿਰਣਾ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਜਾਤੀਵਾਦੀ ਹਊਮੈ ਸਮਾਜ ਦੀ ਨਸ ਨਸ ਵਿਚ ਸਮਾ ਜਾਂਦੀ ਹੈ। ਇਹ ਕਿਵੇਂ ਹੁੰਦਾ ਹੈ? ਜੌਹਨ ਨੈਸਫੀਲਡ ਅਨੁਸਾਰ ਜਦ ਸਮਾਜ ਦੇ ਸਭ ਤੋਂ ਪ੍ਰਭਾਵਸ਼ਾਲੀ ਹਿੱਸੇ (ਬ੍ਰਾਹਮਣਾਂ) ਨੇ ਜਾਤੀਵਾਦੀ ਅਭਿਮਾਨ ਦੇ ਸਿਧਾਂਤ ਨੂੰ ਸਮਾਜ 'ਤੇ ਲਾਗੂ ਕਰ ਦਿੱਤਾ ਤਾਂ ਇਸ ਸਿਧਾਂਤ ਨੇ ਉਨ੍ਹਾਂ ਦੇ ਮਨਾਂ ਵਿਚ ਵੀ ਜੜ੍ਹਾਂ ਫੜ ਲਈਆਂ ਜਿਨ੍ਹਾਂ ਨੂੰ ਹੇਠਲੇ ਵਰਗ ਕਿਹਾ ਗਿਆ ਸੀ। ਇਹ ਸਿਧਾਂਤ, ਉਨ੍ਹਾਂ ਲੋਕਾਂ ਦੇ ਮਨਾਂ ਵਿਚ ਵੀ ਇਉਂ ਸਮਾ ਗਿਆ ਜਿਵੇਂ ਕੋਈ ਦੈਵੀ ਵਰਤਾਰਾ ਹੋਵੇ, ਸਮਾਜ ਵਿਚ ਜਿਊਣ ਦਾ ਕੁਦਰਤੀ ਤਰੀਕਾ।
ਦੇਸ਼ ਵਿਚ ਕਈ ਵਾਰ ਕਈ ਥਾਵਾਂ 'ਤੇ ਜਾਤੀਵਾਦੀ ਹਿੰਸਾ ਭੜਕੀ ਹੈ ਜਿਸ ਵਿਚ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਹਿੰਸਾ ਦੇ ਨਾਲ ਨਾਲ ਇਨ੍ਹਾਂ ਵੰਡੀਆਂ ਨੂੰ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਇਕ ਤਰ੍ਹਾਂ ਦੀ ਸੂਖ਼ਮ ਹਿੰਸਾ ਨਾਲ ਕਾਇਮ ਰੱਖਿਆ ਜਾਂਦਾ ਹੈ। ਉਸ ਹਿੰਸਾ ਵਿਚ ਲੋਕ ਮਰਦੇ ਜਾਂ ਜ਼ਖ਼ਮੀ ਨਹੀਂ ਹੁੰਦੇ ਸਗੋਂ ਉਨ੍ਹਾਂ ਦੀਆਂ ਆਤਮਾਵਾਂ ਲੂਹੀਆਂ ਜਾਂਦੀਆਂ ਹਨ। ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਨੀਵੀਆਂ ਜਾਤਾਂ ਦੇ ਹੋ, ਤੁਹਾਨੂੰ ਅਕਲ ਨਹੀਂ, ਤੁਸੀਂ ਕਦੇ ਸੁਧਰ ਨਹੀਂ ਸਕਦੇ। ਇਸ ਤਰ੍ਹਾਂ ਦੀ ਸੂਝ-ਸਮਝ ਦਾ ਸੰਚਾਰ ਬੜੀ ਸੂਖ਼ਮਤਾ ਨਾਲ ਕੀਤਾ ਜਾਂਦਾ ਹੈ, ਸਾਡੀ ਸਮਾਜਿਕ ਸੂਝ-ਸਮਝ ਦਾ ਅਨਿੱਖੜਵਾਂ ਅੰਗ ਬਣਾ ਕੇ। ਇਸ ਨੂੰ ਇਉਂ ਪੇਸ਼ ਕੀਤਾ ਜਾਂਦਾ ਹੈ ਜਿਵੇਂ ਇਹ ਕੋਈ ਅਟੱਲ ਨਿਯਮ ਹੋਵੇ ਜਿਸ 'ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਲੋਕ ਇਸ ਸੂਖ਼ਮ ਹਿੰਸਾ ਨੂੰ ਸਹਿੰਦੇ ਇਸ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਨੂੰ ਇਹ ਸੂਖ਼ਮ ਹਿੰਸਾ ਸਹਿਣ ਦੀ ਆਦਤ ਹੀ ਨਹੀਂ ਬਣ ਜਾਂਦੀ ਸਗੋਂ ਇਹ ਵੰਡ-ਪਾਊ ਸੋਚ ਦੂਰ ਤਕ ਮਾਰ ਕਰਦੀ ਹੈ, ਇਹ ਉਨ੍ਹਾਂ ਨੂੰ ਸਿਖਾਉਂਦੀ ਹੈ ਕਿ ਤੁਹਾਡਾ ਸਮਾਜ ਵਿਚ ਕੋਈ ਦਰਜਾ ਹੈ ਅਤੇ ਤੁਸੀਂ ਉਸ ਅਨੁਸਾਰ ਆਪਣੇ ਤੋਂ ਹੇਠਾਂ ਵਾਲਿਆਂ ਨੂੰ ਘਿਰਣਾ ਦਾ ਪਾਤਰ ਬਣਾ ਸਕਦੇ ਹੋ।
ਮੱਧਕਾਲੀਨ ਸਮਿਆਂ ਵਿਚ ਵਰਣ-ਆਸ਼ਰਮ ਅਤੇ ਜਾਤੀਵਾਦ ਵਿਰੁੱਧ ਵੱਡਾ ਸੰਗਰਾਮ ਛੇੜਿਆ ਗਿਆ। ਕਰਨਾਟਕ ਵਿਚ ਬਸੇਸਰ ਨੇ ਲਿੰਗਾਇਤ ਪੰਥ ਦੀ ਨੀਂਹ ਰੱਖੀ ਜਿਸ ਦੇ ਦੋ ਮੂਲ ਮੁੱਦੇ ਵਰਣ-ਆਸ਼ਰਮ ਦਾ ਵਿਰੋਧ ਅਤੇ ਔਰਤਾਂ ਦੀ ਬਰਾਬਰੀ ਸੀ। ਉੱਤਰੀ ਭਾਰਤ ਵਿਚ ਇਸ ਨੂੰ ਭਗਤੀ ਲਹਿਰ ਦੇ ਮਹਾਨ ਭਗਤਾਂ ਕਬੀਰ, ਨਾਮਦੇਵ, ਰਵਿਦਾਸ ਤੇ ਸਿੱਖ ਗੁਰੂਆਂ ਦੀ ਬਾਣੀ ਰਾਹੀਂ ਬੋਲ ਮਿਲੇ। ਉੱਤਰ ਪੂਰਬ ਵਿਚ ਵੈਸ਼ਨਵ ਭਗਤਾਂ ਚੈਤੰਨਯ ਤੇ ਸ਼ੰਕਰਦੇਵ ਨੇ ਮਨੁੱਖੀ ਬਰਾਬਰੀ ਦੇ ਹੱਕ ਵਿਚ ਆਵਾਜ਼ ਉਠਾਈ। ਕਬੀਰ ਨੇ ਕਿਹਾ, ''ਗਰਭ ਵਾਸ਼ ਮਹਿ ਕੁਲਿ ਨਹੀਂ ਜਾਤੀ॥'' ਭਾਵ ਗਰਭ ਵਿਚ ਪਲ ਰਹੇ ਬੱਚੇ ਦੀ ਕੋਈ ਜਾਤ ਨਹੀਂ ਹੁੰਦੀ। ਫਿਰ ਬ੍ਰਾਹਮਣ ਨੂੰ ਪੁੱਛਿਆ, ''ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥'' ਤੇ ਫਿਰ ਹੋਰ ਪ੍ਰਚੰਡ ਆਵਾਜ਼ ਵਿਚ ਪ੍ਰਸ਼ਨ ਕੀਤਾ, ''ਜੋ ਤੂ ਬ੍ਰਾਹਮਣ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਾਹੀ ਆਇਆ॥'' ਭਾਵ ਜੇ ਤੂੰ ਵੱਖਰਾ ਹੈ ਤਾਂ ਬਾਕੀ ਲੋਕਾਂ ਤੋਂ ਵੱਖਰੇ ਜਨਮ-ਰਾਹ ਥਾਣੀਂ ਕਿਉਂ ਨਹੀਂ ਆਇਆ? ਤੇ ਫਿਰ ਅਖ਼ੀਰਲਾ ਸਿਖਰੀ ਸਵਾਲ ਕੀਤਾ ''ਤੁਮ ਕਤ ਬ੍ਰਾਹਮਣ ਹਮ ਕਤ ਸੂਦ॥'' ਭਾਵ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ ਤੇ ਅਸੀਂ ਕਿਵੇਂ ਸ਼ੂਦਰ ਹੋ ਗਏ? ਭਗਤ ਰਵਿਦਾਸ ਨੇ ਜਾਤ-ਪਾਤ ਤੇ ਲੁੱਟ-ਖਸੁੱਟ ਤੋਂ ਆਜ਼ਾਦੀ ਪਾ ਚੁੱਕੇ ਸੰਸਾਰ 'ਬੇਗ਼ਮਪੁਰਾ' ਦਾ ਸੰਕਲਪ ਦਿੱਤਾ। ਇਸ ਤਰ੍ਹਾਂ ਇਸ ਸੰਘਰਸ਼ ਨੂੰ ਨਵੀਂ ਦਿਸ਼ਾ ਮਿਲੀ ਪਰ ਉੱਚੀਆਂ ਜਾਤਾਂ ਦੇ ਵੱਡੇ ਹਿੱਸੇ ਨੇ ਇਸ ਸੰਘਰਸ਼ ਦਾ ਵਿਰੋਧ ਕੀਤਾ ਤੇ ਕਈ ਅੜਚਣਾਂ ਆਈਆਂ।
ਸਭ ਤੋਂ ਵੱਡੀ ਗੁੰਝਲ ਉਦੋਂ ਪੈਦਾ ਹੋਈ ਜਦ ਉੱਨੀਵੀਂ ਤੇ ਵੀਹਵੀਂ ਸਦੀ ਵਿਚ ਸਾਡਾ ਸਾਹਮਣਾ ਅੰਗਰੇਜ਼ ਬਸਤੀਵਾਦ ਨਾਲ ਹੋਇਆ। ਅੰਗਰੇਜ਼ਾਂ ਦਾ ਮੰਨਣਾ ਸੀ ਕਿ ਉਹ ਜ਼ਿਆਦਾ ਸੱਭਿਆ ਤੇ ਵਿਕਸਿਤ ਲੋਕ ਹਨ ਤੇ ਉਨ੍ਹਾਂ ਨੂੰ ਭਾਰਤ ਦੇ 'ਅਸੱਭਿਆ' ਲੋਕਾਂ 'ਤੇ ਹਕੂਮਤ ਕਰਨ ਦਾ ਨੈਤਿਕ ਹੱਕ ਹੈ। ਹਿੰਦੋਸਤਾਨੀ ਬਰੇ-ਸਗੀਰ (ਉਪ-ਮਹਾਂਦੀਪ) ਦੇ ਧਾਰਮਿਕ ਤੇ ਰਾਜਸੀ ਆਗੂਆਂ ਨੇ ਜਦ ਆਪਣੇ ਸੱਭਿਆਚਾਰ ਤੇ ਗਿਆਨ ਦੇ ਗੌਰਵ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਤਾਂ ਉਨ੍ਹਾਂ ਨੇ ਇਸ ਪੇਸ਼ਕਾਰੀ ਲਈ ਹਜ਼ਾਰਾਂ ਸਾਲ ਪੁਰਾਣੇ ਗ੍ਰੰਥਾਂ ਦਾ ਸਹਾਰਾ ਲਿਆ ਜਿਨ੍ਹਾਂ ਵਿਚ ਵੈਦਿਕ ਆਰੀਆ ਧਰਮ ਤੇ ਬ੍ਰਾਹਮਣੀ ਉੱਚਤਾ ਨੂੰ ਸਵੀਕਾਰ ਕੀਤਾ ਗਿਆ ਹੈ। ਵਰਣ-ਆਸ਼ਰਮ ਤੇ ਜਾਤ-ਪਾਤ ਦੁਆਰਾ ਸਥਾਪਿਤ ਮਨੁੱਖੀ ਨਾਬਰਾਬਰੀ ਨੂੰ ਉਚਿਤ ਠਹਿਰਾਇਆ ਗਿਆ ਹੈ। ਉਨ੍ਹਾਂ ਆਗੂਆਂ ਨੇ ਮੱਧਕਾਲੀਨ ਸਮਿਆਂ ਦੇ ਭਗਤਾਂ, ਗੁਰੂਆਂ ਤੇ ਸੂਫ਼ੀਆਂ ਦੁਆਰਾ ਮਨੁੱਖੀ ਬਰਾਬਰੀ ਦੇ ਸਿਧਾਂਤਾਂ ਨੂੰ ਵਿਸਾਰ ਦਿੱਤਾ। ਅੰਗਰੇਜ਼ਾਂ ਵਿਰੁੱਧ ਸੰਘਰਸ਼ ਵਿਚਲੀ ਅਗਵਾਈ ਜ਼ਿਆਦਾ ਕਰਕੇ ਉੱਚੀਆਂ ਜਾਤਾਂ ਦੇ ਲੋਕਾਂ ਕੋਲ ਸੀ ਅਤੇ ਇਸ ਤਰ੍ਹਾਂ ਦੀ ਸੋਚ ਨਾ ਸਿਰਫ਼ ਉਨ੍ਹਾਂ ਆਗੂਆਂ ਦੇ ਅਵਚੇਤਨ ਨੂੰ ਭਾਉਂਦੀ ਸੀ ਸਗੋਂ ਉਨ੍ਹਾਂ ਦੇ ਜਾਤੀ ਤੇ ਜਮਾਤੀ ਹਿੱਤਾਂ ਵਿਚ ਵੀ ਸੀ। ਜਿਉਤਰਬਾ ਫੂਲੇ, ਬੀ.ਆਰ. ਅੰਬੇਦਕਰ, ਪੇਰੀਆਰ, ਬਾਬਾ ਮੰਗੂ ਰਾਮ ਅਤੇ ਹੋਰਨਾਂ ਦੀ ਅਗਵਾਈ ਵਿਚ ਜਾਤ ਪਾਤ ਵਿਰੁੱਧ ਆਵਾਜ਼ ਉੱਠੀ ਪਰ ਉੱਚੀਆਂ ਜਾਤਾਂ ਵਾਲਿਆਂ ਦਾ ਪਾਸਾ ਭਾਰੂ ਰਿਹਾ। ਬੀ.ਆਰ. ਅੰਬੇਦਕਰ ਅਤੇ ਮੰਗੂ ਰਾਮ ਨੇ ਦਲਿਤਾਂ ਦੀ ਵੱਖਰੀ ਹੋਂਦ ਦੇ ਸਵਾਲ ਨੂੰ ਉਭਾਰਿਆ ਪਰ ਪੂਨਾ ਪੈਕਟ ਕਾਰਨ ਇਸ ਉਭਾਰ ਵਿਚਲੀ ਇਨਕਲਾਬੀ ਸੋਚ ਨੂੰ ਵੱਡਾ ਖ਼ੋਰਾ ਲੱਗਾ।
ਕੀ ਇਸ ਸਮੱਸਿਆ ਦਾ ਕੋਈ ਹੱਲ ਹੈ? ਜਾਤੀਵਾਦੀ ਸਮੱਸਿਆ ਸਮਾਜ ਦੀ ਪੈਦਾਵਾਰ ਹੈ। ਹਰ ਜਾਤ-ਸਮੂਹ ਵਿਚ ਜਾਤਾਂ ਤੇ ਗੋਤਾਂ ਦੇ ਆਧਾਰ 'ਤੇ ਕੁਝ ਜਾਤਾਂ ਤੇ ਗੋਤਾਂ ਉੱਚੇਪਣ ਦਾ ਭਰਮ ਹੀ ਨਹੀਂ ਪਾਲਦੀਆਂ ਸਗੋਂ ਉਸ ਨੂੰ ਸਮਾਜਿਕ ਵਿਹਾਰ ਦਾ ਹਿੱਸਾ ਵੀ ਬਣਾਉਂਦੀਆਂ ਹਨ। ਪੰਜਾਬ ਦੇ ਸਮਾਜ ਦਾ ਜ਼ਿਕਰ ਕਰਦਿਆਂ ਉੱਘੇ ਸਮਾਜ ਸ਼ਾਸਤਰੀ ਰੌਣਕੀ ਰਾਮ ਅਤੇ ਹੋਰ ਚਿੰਤਕਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਮਾਜਿਕ ਸੰਰਚਨਾ ਵਿਚ ਜੱਟ ਪੰਜਾਬ ਦੇ 'ਨਵੇਂ ਬ੍ਰਾਹਮਣ' ਹਨ।
ਇੱਥੇ ਸਵਾਲ ਇਹ ਹੈ ਕਿ ਜੇ ਇਹ ਸਮੱਸਿਆ ਰਿਆਸਤ/ਸਮਾਜ ਦੁਆਰਾ ਪੈਦਾ ਕੀਤੀ ਗਈ ਹੈ ਤਾਂ ਕੀ ਇਸ ਦਾ ਹੱਲ ਰਿਆਸਤ/ਸਟੇਟ ਦੇ ਯਤਨਾਂ ਰਾਹੀਂ ਹੋਵੇਗਾ ਜਾਂ ਸਮਾਜਿਕ ਅੰਦੋਲਨਾਂ ਰਾਹੀਂ? ਵੱਖ ਵੱਖ ਸਮਾਜਿਕ ਤੇ ਧਾਰਮਿਕ ਅੰਦੋਲਨਾਂ ਨੇ ਜਾਤੀਵਾਦ ਵਿਰੁੱਧ ਸੰਘਰਸ਼ ਕਰਨ ਦਾ ਯਤਨ ਕੀਤਾ ਪਰ ਜ਼ਿਆਦਾ ਸਫ਼ਲ ਨਹੀਂ ਹੋਏ। ਕੁਝ ਚਿੰਤਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮਿਆਂ ਵਿਚ ਜਾਤੀਵਾਦ ਸਮਾਜਿਕ ਹਿੰਸਾ ਦਾ ਵੱਡਾ ਕਾਰਨ ਬਣ ਸਕਦਾ ਹੈ।
ਜਾਤੀਵਾਦ ਨੂੰ ਖ਼ਤਮ ਕਰਨ ਲਈ ਰਿਆਸਤ/ਸਟੇਟ ਦੀ ਕੀ ਭੂਮਿਕਾ ਹੋ ਸਕਦੀ ਹੈ? ਰਿਆਸਤ/ਸਟੇਟ ਵੀ ਸਮਾਜ ਦਾ ਅਕਸ ਹੀ ਹੁੰਦੀ ਹੈ। ਪ੍ਰੋ. ਰੌਣਕੀ ਰਾਮ ਅਨੁਸਾਰ ਰਿਆਸਤ/ਸਟੇਟ ਨੇ ਕਦੇ ਵੀ ਇਸ ਸਮੱਸਿਆ ਨਾਲ ਲੜਨ ਲਈ ਵੱਡੀ ਭੂਮਿਕਾ ਨਹੀਂ ਨਿਭਾਈ। ਹਿੰਦੂ ਜਾਂ ਮੁਸਲਮਾਨ ਹਾਕਮਾਂ ਦੇ ਰਾਜ ਵੇਲ਼ੇ ਕਦੇ ਵੀ ਇਹੋ ਜਿਹੇ ਫ਼ਤਵੇ ਜਾਂ ਆਦੇਸ਼ ਜਾਰੀ ਨਹੀਂ ਕੀਤੇ ਗਏ ਜਿਹੜੇ ਜਾਤੀਵਾਦ ਦੇ ਵਿਰੁੱਧ ਹੁੰਦੇ। ਬਸਤੀਵਾਦੀ ਹਕੂਮਤ ਨੇ ਧੀਆਂ ਨੂੰ ਮਾਰਨ ਅਤੇ ਸਤੀ ਜਿਹੀਆਂ ਕੁਰੀਤੀਆਂ ਦੇ ਵਿਰੁੱਧ ਤਾਂ ਕਾਨੂੰਨ ਬਣਾਏ ਪਰ ਜਾਤੀਵਾਦੀ ਜੀਵਨ-ਜਾਚ ਨਾਲ ਕੋਈ ਛੇੜਛਾੜ ਨਹੀਂ ਕੀਤੀ ਸਗੋਂ ਫ਼ੌਜਾਂ ਵਿਚ ਧਰਮ ਤੇ ਜਾਤਾਂ ਦੇ ਨਾਂ 'ਤੇ ਰਜਮੈਂਟਾਂ ਬਣਾ ਕੇ ਲੋਕਾਂ ਨੂੰ ਹੋਰ ਵਧੇਰੇ ਫ਼ਿਰਕੂ ਅਤੇ ਜਾਤੀਵਾਦੀ ਲੀਹਾਂ 'ਤੇ ਵੰਡਿਆ। ਸੰਵਿਧਾਨ ਬਣਾਉਣ ਵੇਲ਼ੇ ਇਸ ਸਮੱਸਿਆ ਨੂੰ ਪਛਾਣਦਿਆਂ ਹੋਇਆਂ ਛੂਤ-ਛਾਤ ਦਾ ਖਾਤਮਾ ਕੀਤਾ ਗਿਆ ਅਤੇ ਅਨੁਸੂਚਿਤ ਜਾਤੀਆਂ ਨੂੰ ਰਾਖਵਾਂਕਰਨ ਦੇ ਅਧਿਕਾਰ ਦਿੱਤੇ ਗਏ। ਆਜ਼ਾਦੀ ਤੋਂ ਬਾਅਦ ਹੋਏ ਵੱਖ ਵੱਖ ਦਲਿਤ ਅੰਦੋਲਨਾਂ ਅਤੇ ਦਲਿਤ ਸਿਆਸੀ ਪਾਰਟੀਆਂ ਨੇ ਜਾਤੀਵਾਦ ਦਾ ਵਿਰੋਧ ਕੀਤਾ।
ਕੁਝ ਚਿੰਤਕ ਇਸ ਬਾਰੇ ਚਿੰਤਾ ਜ਼ਾਹਿਰ ਕਰਦੇ ਹੋਏ ਬਹੁਤ ਨਿਰਾਸ਼ਾਵਾਦੀ ਸਿੱਟਿਆਂ 'ਤੇ ਪਹੁੰਚਦੇ ਹਨ ਅਤੇ ਉਨ੍ਹਾਂ ਅਨੁਸਾਰ ਜਾਤੀਵਾਦ ਨੇ ਸਾਡੇ ਸਮਾਜ ਦੀ ਨਸ ਨਸ ਵਿਚ ਜ਼ਹਿਰ ਭਰ ਦਿੱਤਾ ਹੈ ਅਤੇ ਸਾਨੂੰ ਇਸ ਜ਼ਹਿਰ ਦੇ ਨਸ਼ੇ ਵਿਚ ਜਿਊਣ ਦੀ ਆਦਤ ਪੈ ਗਈ ਹੈ। ਜਾਤੀਵਾਦ ਦਾ ਵਿਚਾਰਧਾਰਕ ਸੀਰ ਬਹੁਤ ਡੂੰਘਾ ਹੈ। ਇਸ ਦੀਆਂ ਜੜ੍ਹਾਂ ਕਰਮਵਾਦ ਅਤੇ ਪੁਨਰ-ਜਨਮ ਦੇ ਸਿਧਾਂਤਾਂ ਵਿਚ ਹਨ। ਮੱਧਕਾਲੀਨ ਅਤੇ ਆਧੁਨਿਕ ਸਮਿਆਂ ਵਿਚ ਜਾਤੀਵਾਦ ਦੇ ਵਿਰੁੱਧ ਵੱਡੇ ਕਦਮ ਚੁੱਕੇ ਗਏ ਪਰ ਇਸ ਸੋਚ ਦੀ ਲੋਕਾਂ ਦੇ ਮਨਾਂ 'ਤੇ ਜਕੜ ਢਿੱਲੀ ਨਹੀਂ ਪਈ।
ਇਸ ਦੇ ਵਿਰੁੱਧ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਹ ਵਰਤਾਰਾ ਮਨੁੱਖਾਂ ਦਾ ਬਣਾਇਆ ਹੋਇਆ ਹੈ ਤੇ ਮਨੁੱਖਾਂ ਦੇ ਬਣਾਏ ਵਰਤਾਰੇ, ਨੇਮ ਤੇ ਨਿਯਮ ਮਨੁੱਖਾਂ ਦੁਆਰਾ ਹੀ ਬਦਲੇ ਜਾਂਦੇ ਹਨ। ਅਜਿਹੇ ਬਦਲਾਓ ਲਈ ਸੰਘਰਸ਼ ਕਰਨੇ ਪੈਂਦੇ ਹਨ। ਇਕ ਨਹੀਂ ਸਗੋਂ ਕਈ ਸੰਘਰਸ਼ ਅਤੇ ਸੰਘਰਸ਼ ਲਗਾਤਾਰ ਹੁੰਦਾ ਹੈ। ਕਦੇ ਧੀਮੇ ਬੋਲਾਂ ਰਾਹੀਂ ਤੇ ਕਦੀ ਉੱਚੀ ਆਵਾਜ਼ ਵਿਚ, ਕਦੇ ਸ਼ਾਂਤਮਈ ਤੇ ਕਦੀ ਹਿੰਸਕ। ਸਾਨੂੰ ਇਸ ਅਣਮਨੁੱਖੀ ਵਰਤਾਰੇ ਵਿਰੁੱਧ ਜੰਗ, ਜਿਸ ਵਿਚ ਸਭ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ, ਜਾਰੀ ਰੱਖਣੀ ਪੈਣੀ ਹੈ।