ਪੰਜਾਬ ਵਿਚ ਭਾਈਚਾਰਕ ਸਾਂਝ ਦੀਆਂ ਟੁੱਟਦੀਆਂ ਤੰਦਾਂ - ਸਵਰਾਜਬੀਰ
ਕੋਈ ਫੜੇ ਨਾ ਸਾਡੀ ਬਾਂਹ, ਬਾਬਾ ਨਾਨਕਾ !
'ਪੰਜਾਬੀ ਟ੍ਰਿਬਿਊਨ' ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ। ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਅਖ਼ਬਾਰ ਵਿਚ ਕੰਮ ਕਰਦੇ ਸਾਥੀਆਂ ਵਿਚ ਇਹ ਸੋਚ ਪਣਪ ਰਹੀ ਸੀ ਕਿ ਸਾਨੂੰ ਬਾਬਾ ਜੀ ਦੇ ਵਿਚਾਰਾਂ ਦੀ ਲੋਅ ਵਿਚ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਤੇ ਵਿਚਾਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਮਹਾਨ ਸਿਧਾਂਤ ਦਿੱਤਾ। 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਅਤੇ ਹੋਰ ਅਜਿਹੇ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਪੰਜਾਬ ਨੂੰ ਇਸ ਵੇਲੇ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪੰਜਾਬੀ ਕਿਸਾਨ ਤੇ ਮਜ਼ਦੂਰ ਜਿਨ੍ਹਾਂ ਨੇ ਕਈ ਸਦੀਆਂ ਜਾਬਰਾਂ-ਜਰਵਾਣਿਆਂ ਤੇ ਹਮਲਾਵਰਾਂ ਦਾ ਸਾਹਮਣਾ ਕੀਤਾ, ਅੱਜ ਖ਼ੁਦਕਸ਼ੀ ਦੇ ਰਾਹ ਪਏ ਹੋਏ ਹਨ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਕ ਅਧਿਐਨ ਕਰਵਾਇਆ ਜਿਸ ਅਨੁਸਾਰ 2000 ਤੋਂ ਲੈ ਕੇ 2015 ਤਕ 16606 ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕਸ਼ੀ ਕੀਤੀ ਜਿਨ੍ਹਾਂ ਵਿਚੋਂ 7234 ਬੇਜ਼ਮੀਨੇ ਖੇਤ ਮਜ਼ਦੂਰ ਸਨ ਅਤੇ 9007 ਕਿਸਾਨ। ਇਕ ਕਿਸਾਨ ਜਥੇਬੰਦੀ ਦੁਆਰਾ ਅਖ਼ਬਾਰਾਂ ਵਿਚੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ 1 ਅਪਰੈਲ 2017 ਤੋਂ 31 ਜਨਵਰੀ 2019 ਦੇ ਵਿਚਕਾਰ 919 ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕਸ਼ੀ ਕੀਤੀ। ਜ਼ਿਆਦਾ ਖ਼ੁਦਕੁਸ਼ੀਆਂ ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ ਤੇ ਮੋਗਾ ਵਿਚ ਹੋਈਆਂ। ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ, ਮੁਹਾਲੀ, ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ ਜ਼ਿਲ੍ਹੇ ਵੀ ਪ੍ਰਭਾਵਿਤ ਹੋਏ। ਖੇਤੀ ਨਾਲ ਸਬੰਧਿਤ ਮਾਹਿਰਾਂ ਅਤੇ ਖੋਜਕਾਰਾਂ ਨੇ ਇਸ ਸਬੰਧੀ ਕਈ ਅਧਿਐਨ ਕੀਤੇ ਅਤੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਖ਼ੁਦਕਸ਼ੀਆਂ ਦੇ ਕਾਰਨ ਅਤੇ ਇਸ ਸੰਕਟ ਵਿਚੋਂ ਨਿਕਲਣ ਦੇ ਹੱਲ ਦੱਸੇ ਗਏ ਹਨ। ਸਭ ਤੋਂ ਵੱਡੇ ਕਾਰਨ ਵਧ ਰਿਹਾ ਕਰਜ਼ਾ, ਫ਼ਸਲਾਂ ਦਾ ਮਾਰੇ ਜਾਣਾ, ਨਸ਼ਿਆਂ ਦਾ ਫੈਲਾਓ, ਆਰਥਿਕ ਤੇ ਨਿੱਜੀ ਜ਼ਿੰਦਗੀ ਵਿਚਲੀ ਅਸਫ਼ਲਤਾ ਆਦਿ ਦੱਸੇ ਗਏ ਹਨ। 'ਪੰਜਾਬੀ ਟ੍ਰਿਬਿਊਨ' ਦੇ ਨਿਊਜ਼ ਕੁਆਰਡੀਨੇਟਰ ਹਮੀਰ ਸਿੰਘ ਨੇ 'ਕੋਈ ਫੜੇ ਨਾ ਸਾਡੀ ਬਾਂਹ' ਦੇ ਨਾਂ ਹੇਠਲੀ ਖ਼ਬਰ ਲੜੀ ਆਰੰਭੀ ਹੈ ਜਿਸ ਵਿਚ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਦੇ ਕਮਾਊ ਜੀਆਂ ਨੇ ਖ਼ੁਦਕੁਸ਼ੀ ਕਰ ਲਈ। ਹੋਰ ਪੱਤਰਕਾਰ ਇਸ ਲੜੀ ਨੂੰ ਜਾਰੀ ਰੱਖ ਰਹੇ ਹਨ।
ਇਸ ਖ਼ਬਰ ਲੜੀ ਵਿਚ ਦੱਸੇ ਗਏ ਬਿਆਨ ਦਿਲ ਦਹਿਲਾਉਣ ਵਾਲੇ ਹਨ। ਉਦਾਹਰਣ ਦੇ ਤੌਰ 'ਤੇ ਸੁਨਾਮ ਤਹਿਸੀਲ ਵਿਚ ਇਕ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕਸ਼ੀ ਕਰ ਗਿਆ। ਉਸ ਵੇਲੇ ਉਸ ਦੇ ਦੋ ਬੱਚੇ ਸਨ ਅਤੇ ਪਤਨੀ ਦੀ ਉਮਰ 25 ਸਾਲ ਸੀ। ਕੁਝ ਦੇਰ ਤਕ ਤਾਂ ਇਹ ਕੁੜੀ ਸਹੁਰੇ ਘਰ ਰਹੀ ਪਰ ਬਾਅਦ ਵਿਚ ਆਪਣੇ ਪੇਕੇ ਆ ਗਈ। ਸਹੁਰੇ ਤੇ ਪੇਕਿਆਂ ਵਿਚਕਾਰ ਖਿੱਚੋਤਾਣ ਵਧੀ ਕਿਉਂਕਿ ਪਤਨੀ ਪਤੀ ਦੇ ਹਿੱਸੇ ਦੀ ਜ਼ਮੀਨ ਆਪਣੇ ਬੱਚਿਆਂ ਦੇ ਨਾਂ ਲਵਾਉਣਾ ਚਾਹੁੰਦੀ ਸੀ। ਹੁਣ ਬੱਚੇ ਸਹੁਰੇ ਪਰਿਵਾਰ ਕੋਲ ਹਨ। ਇਸ ਤਰ੍ਹਾਂ ਪਤਨੀ, ਬੱਚੇ ਅਤੇ ਦੋਵਾਂ ਪਰਿਵਾਰਾਂ ਦੇ ਜੀਅ ਅਣਮੁੱਕਵਾਂ ਦੁੱਖ ਝੱਲ ਰਹੇ ਹਨ। ਇਸੇ ਹੀ ਖ਼ਬਰ ਲੜੀ ਦੀ ਇਕ ਹੋਰ ਖ਼ਬਰ ਅਨੁਸਾਰ ਸੰਗਰੂਰ ਜ਼ਿਲ੍ਹੇ ਦਾ ਇਕ ਬੇਜ਼ਮੀਨਾ ਖੇਤ ਮਜ਼ਦੂਰ 27 ਸਾਲ ਦੀ ਉਮਰ ਵਿਚ ਜ਼ਿੰਦਗੀ ਨੂੰ ਸਪਰੇਅ ਪੀ ਕੇ ਅਲਵਿਦਾ ਕਹਿ ਗਿਆ ਕਿਉਂਕਿ ਪਰਿਵਾਰ ਦੇ ਸਿਰ 'ਤੇ ਡੇਢ ਲੱਖ ਰੁਪਏ ਦਾ ਕਰਜ਼ਾ ਸੀ। ਉਹ ਪਿੱਛੇ ਜਵਾਨ ਪਤਨੀ ਤੇ 2 ਬੱਚੇ ਛੱਡ ਗਿਆ ਹੈ ਜਿਨ੍ਹਾਂ ਕੋਲ ਨਾ ਤਾਂ ਕੋਈ ਜਾਇਦਾਦ ਹੈ ਅਤੇ ਨਾ ਹੀ ਕਮਾਈ ਦਾ ਕੋਈ ਹੋਰ ਸਾਧਨ। ਇਕ ਹੋਰ ਖ਼ਬਰ ਅਨੁਸਾਰ ਵਿਧਵਾ ਖ਼ੁਦ ਪੋਲੀਓ ਤੋਂ ਪੀੜਤ ਹੈ। ਬਠਿੰਡੇ ਜ਼ਿਲ੍ਹੇ ਦੀ ਇਕ ਹੋਰ ਪੀੜਤਾ ਬਿਲਕੁਲ ਬੇਸਹਾਰਾ ਹੈ ਕਿਉਂਕਿ ਪਿਤਾ ਨੇ ਖ਼ੁਦਕਸ਼ੀ ਕਰ ਲਈ ਅਤੇ ਮਾਂ ਦੀ ਮੌਤ ਹੋ ਗਈ ਹੈ।
ਸਿਆਸੀ ਜਮਾਤ ਤੇ ਸਰਕਾਰੀ ਤੰਤਰ ਦੀ ਉਦਾਸੀਨਤਾ (Indifference)
ਇਸੇ ਤਰ੍ਹਾਂ ਹੋਰ ਕਹਾਣੀਆਂ ਵੀ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੇ ਦੁੱਖ ਦਰਦ ਬਿਆਨ ਕਰਦੀਆਂ ਹਨ ਜਿਨ੍ਹਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਸਰਕਾਰੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਮਿਲਦੇ ਹਨ, ਵਿਧਵਾ ਪੈਨਸ਼ਨ ਅਤੇ ਬੱਚਿਆਂ ਨੂੰ ਵੀ ਸਹਾਇਤਾ ਮਿਲਣੀ ਹੈ। ਇਨ੍ਹਾਂ ਕੇਸਾਂ ਵਿਚ ਥਾਣੇ ਤੋਂ ਐਫ਼ਆਈਆਰ ਦੀ ਕਾਪੀ, ਪੋਸਟ ਮਾਰਟਮ ਦੀ ਕਾਪੀ ਅਤੇ ਹੋਰ ਕਾਗਜ਼ਾਤ ਦੀ ਜ਼ਰੂਰਤ ਪੈਂਦੀ ਹੈ। ਇਹ ਕੇਸ ਤਿੰਨ ਮਹੀਨੇ ਦੇ ਅੰਦਰ ਅੰਦਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਹੋਈ ਕਮੇਟੀ ਨੂੰ ਭੇਜਣਾ ਹੁੰਦਾ ਹੈ। 23 ਜੁਲਾਈ 2015 ਦੀ ਨੀਤੀ ਅਨੁਸਾਰ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਮਾਲ ਤੇ ਖੇਤੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਸਬੰਧੀ ਕਾਰਵਾਈ ਕਰਨੀ ਹੁੰਦੀ ਹੈ। ਸਰਕਾਰੀ ਕਰਮਚਾਰੀਆਂ ਦੁਆਰਾ ਦਿਖਾਈ ਗਈ ਉਦਾਸੀਨਤਾ ਅਤੇ ਬੇਰਹਿਮੀ ਦਾ ਆਲਮ ਇਹ ਹੈ ਕਿ ਜਿੰਨੇ ਪਰਿਵਾਰਾਂ ਬਾਰੇ 'ਪੰਜਾਬੀ ਟ੍ਰਿਬਿਊਨ' ਨੇ ਇਸ ਲੜੀ ਤਹਿਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਵਿਚ ਪੀੜਤ ਪਰਿਵਾਰਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ। ਕਈ ਕੇਸਾਂ ਵਿਚ ਪੰਚਾਇਤਾਂ ਦੁਆਰਾ ਤਸਦੀਕ ਕੀਤੇ ਜਾਣ 'ਤੇ ਵੀ ਰਾਹਤ ਕੇਸ ਰੱਦ ਕਰ ਦਿੱਤੇ ਜਾਂਦੇ ਹਨ। ਨੀਤੀਗਤ ਪੱਧਰ 'ਤੇ ਸੂਬਾ ਸਰਕਾਰ ਏਨਾ ਤਾਂ ਕਰ ਹੀ ਸਕਦੀ ਸੀ ਕਿ ਆਪਣੇ ਕਰਵਾਏ ਸਰਵੇਖਣ ਵਿਚ ਆਏ ਪਰਿਵਾਰਾਂ ਨੂੰ ਰਾਹਤ ਯਕੀਨੀ ਬਣਾ ਦਿੰਦੀ ਪਰ ਸਰਕਾਰਾਂ ਸਰਕਾਰਾਂ ਹਨ, ਉਨ੍ਹਾਂ ਕੋਲ ਨਿਯਮ ਹਨ, ਦਿਲ ਨਹੀਂ।
ਬਹੁਤ ਸਾਰੇ ਕੇਸਾਂ ਵਿਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਪਰਿਵਾਰਾਂ ਦੀ ਸਾਰ ਨਹੀਂ ਲਈ। ਕੋਈ ਧਾਰਮਿਕ ਜਥੇਬੰਦੀਆਂ ਜਾਂ ਐਨਜੀਓ ਵੀ ਇਨ੍ਹਾਂ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ। ਏਹੀ ਨਹੀਂ ਇਹ ਖ਼ਬਰਾਂ ਪੜ੍ਹ ਕੇ ਕੁਝ ਸਰਕਾਰੀ ਕਰਮਚਾਰੀ ਵਿਧਵਾਵਾਂ ਨੂੰ ਅਫ਼ਸਰੀ ਲਹਿਜੇ ਵਿਚ ਫ਼ੋਨ ਕਰ ਰਹੇ ਹਨ ਕਿ ਕਾਗਜ਼ਾਤ ਪੂਰੇ ਕਰਨ। ਸਿਆਸੀ ਜਮਾਤ ਅਤੇ ਅਫ਼ਸਰਸ਼ਾਹੀ/ਬਾਬੂਸ਼ਾਹੀ ਦੀ ਕਠੋਰਤਾ ਵੇਖ ਸੁਣ ਕੇ ਬਾਬਾ ਜੀ ਦਾ ਸਲੋਕ ਚੇਤਾ ਆਉਂਦਾ ਹੈ, ''ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥''
ਭਾਈਚਾਰਕ ਸਾਂਝ ਦਾ ਟੁੱਟਣਾ
ਪੀੜਤ ਪਰਿਵਾਰ ਨਾਲ ਕੁਝ ਦਿਨਾਂ ਵਾਸਤੇ ਹਮਦਰਦੀ ਪ੍ਰਗਟਾਉਣ ਤੋਂ ਬਾਅਦ ਪਿੰਡ ਦੇ ਵਾਸੀ ਵੀ ਪਰਿਵਾਰ ਵੱਲੋਂ ਮੂੰਹ ਮੋੜ ਲੈਂਦੇ ਹਨ। ਬਹੁਤ ਸਾਰੇ ਕੇਸਾਂ ਵਿਚ ਪਰਿਵਾਰ ਦਾ ਸਾਰਾ ਭਾਰ ਜਵਾਨ ਵਿਧਵਾ 'ਤੇ ਪੈਂਦਾ ਹੈ ਜਿਹਦੇ ਸਾਹਮਣੇ ਇਕ ਪਾਸੇ ਆਪਣੇ ਬੱਚਿਆਂ ਨੂੰ ਸੰਭਾਲਣ, ਰੋਟੀ ਖਵਾਉਣ ਤੇ ਪੜ੍ਹਾਉਣ ਦੇ ਮਸਲੇ ਹੁੰਦੇ ਹਨ ਅਤੇ ਦੂਸਰੇ ਪਾਸੇ ਸਹੁਰੇ ਪਰਿਵਾਰ ਨਾਲ ਹੁੰਦੀ ਖਿੱਚੋਤਾਣ। ਅਜਿਹੀਆਂ ਔਰਤਾਂ ਨੂੰ ਅਜਿਹੇ ਮਾਨਸਿਕ ਦੁੱਖ ਤੇ ਕਲੇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲਿਖਣਾ ਸੰਭਵ ਨਹੀਂ : ਇਕ ਪਾਸੇ ਜਵਾਨ ਪਤੀ ਦੇ ਤੁਰ ਜਾਣ ਦਾ ਦੁੱਖ ਤੇ ਦੂਜੇ ਪਾਸੇ ਸਾਹਮਣੇ ਪਈ ਪਹਾੜ ਵਰਗੀ ਜ਼ਿੰਦਗੀ। ਸਹੁਰੇ ਘਰਾਂ ਵਿਚ ਨੂੰਹ ਨਾਲ ਰਿਸ਼ਤੇ ਪਹਿਲਾਂ ਹੀ ਕਲੇਸ਼ਮਈ ਹੁੰਦੇ ਹਨ ਪਰ ਪਤੀ ਦੀ ਖ਼ੁਦਕਸ਼ੀ ਤੋਂ ਬਾਅਦ ਅਜਿਹੇ ਕਲੇਸ਼ ਸਿਖਰਾਂ 'ਤੇ ਪਹੁੰਚਦੇ ਹਨ। ਮਾਂ ਇਕ ਪਾਸੇ ਆਪਣੇ ਬੱਚਿਆਂ ਲਈ ਤੜਫਦੀ ਹੈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨਾ ਚਾਹੁੰਦੀ ਹੈ ਅਤੇ ਦੂਸਰੇ ਪਾਸੇ ਉਸ ਨੂੰ ਮੋਏ ਪਤੀ ਦੇ ਮਾਤਾ-ਪਿਤਾ ਤੇ ਭੈਣ ਭਰਾਵਾਂ ਦੇ ਤਾਅਨੇ ਮਿਹਣਿਆਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਏ ਬੰਦੇ ਦੇ ਮਾਪੇ ਤੇ ਭੈਣ ਭਰਾ ਵੀ ਵੱਡਾ ਦੁੱਖ ਸਹਾਰਦੇ ਹਨ। ਆਪਸੀ ਲੜਾਈ ਦੁੱਖ ਹੋਰ ਵਧਾਉਂਦੀ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਧੀ ਭੈਣ ਪਿੰਡ ਦੀ ਸਾਂਝੀ ਹੁੰਦੀ ਹੈ ਅਤੇ ਲੋਕ ਦੁਖਿਆਰਿਆਂ ਤੇ ਦੁਖਿਆਰੀਆਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ ਪਰ ਇਹ ਵਰਤਾਰਾ ਲੋਪ ਹੋ ਗਿਆ ਲੱਗਦਾ ਹੈ। ਇਨ੍ਹਾਂ ਖ਼ਬਰਾਂ ਵਿਚ ਦੱਸੀਆਂ ਗਈਆਂ ਕਹਾਣੀਆਂ 'ਪਿੰਡਾਂ ਵਿਚੋਂ ਲੋਪ ਹੋ ਰਹੇ ਪਿੰਡਾਂ' ਦੀਆਂ ਕਹਾਣੀਆਂ ਹਨ, ਪਿੰਡਾਂ ਵਿਚਲੀ ਭਾਈਚਾਰਕ ਸਾਂਝ ਦੀ ਮੌਤ ਦੇ ਬਿਆਨ ਹਨ।
ਕੁਝ ਹੋਰ ਚਿੰਤਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਦੇ ਖ਼ਤਮ ਹੋਣ ਬਾਰੇ ਗੱਲ ਕਰਨਾ ਭਾਵੁਕਤਾ ਹੈ। ਕੁਝ ਚਿੰਤਕ ਇਸ ਵਰਤਾਰੇ ਨੂੰ 1947 ਦੀ ਵੰਡ, ਹਰੇ ਇਨਕਲਾਬ ਵਿਚ ਪਈ ਅੰਦਰੂਨੀ ਹਿੰਸਾ ਅਤੇ 1980ਵਿਆਂ ਦੇ ਸੰਤਾਪ ਨਾਲ ਜੋੜ ਕੇ ਵੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈਚਾਰਕ ਸਾਂਝ ਪਿੰਡਾਂ ਵਿਚ ਜਾਗੀਰਦਾਰੀ ਰਿਸ਼ਤਿਆਂ ਜਿਨ੍ਹਾਂ ਦਾ ਜੁੱਸਾ ਦਮਨਕਾਰੀ, ਮਰਦ-ਪ੍ਰਧਾਨ ਅਤੇ ਜਾਤੀਵਾਦੀ ਹੈ, ਦਾ ਬਾਹਰਲਾ ਖੋਲ ਹੈ, ਉਨ੍ਹਾਂ ਰਿਸ਼ਤਿਆਂ ਦੀ ਖੁਸ਼ਬੋ ਜਿਨ੍ਹਾਂ ਦਾ ਅਸਲਾ ਬਦਬੂ ਮਾਰਦਾ ਹੈ। ਉਹ ਉਦਾਹਰਣ ਦਿੰਦੇ ਹਨ- ਕੁਝ ਦਹਾਕੇ ਪਹਿਲਾਂ ਸ਼ਾਹੂਕਾਰ ਜੱਟ ਦੀ ਧੀ ਨੂੰ ਪਿੰਡ ਦੀ ਧੀ ਕਹਿ ਕੇ ਕਰਜ਼ਾ ਦਿੰਦਾ ਸੀ ਪਰ ਅਸਲ ਵਿਚ ਉਹ ਜੱਟ ਨੂੰ ਕਰਜ਼ੇ ਦੀਆਂ ਬੇੜੀਆਂ ਵਿਚ ਜਕੜ ਰਿਹਾ ਹੁੰਦਾ ਸੀ। ਇਨ੍ਹਾਂ ਚਿੰਤਕਾਂ ਅਨੁਸਾਰ ਬੈਂਕਾਂ, ਖੇਤੀ ਦੇ ਮਸ਼ੀਨੀਕਰਨ, ਹਰੇ ਇਨਕਲਾਬ ਆਦਿ ਨਾਲ ਪਿੰਡਾਂ ਅਤੇ ਖੇਤੀ ਦੇ ਖੇਤਰ ਵਿਚ ਸਰਮਾਏਦਾਰੀ ਯੁੱਗ ਨੇ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਅਨੁਸਾਰ (ਮਾਰਕਸ ਅਤੇ ਏਂਜਲਸ ਦੀ ਭਾਸ਼ਾ ਵਿਚ) ਸਰਮਾਏਦਾਰੀ ਦੁਆਰਾ ਨਿਸ਼ਚਤ ਕੀਤੇ ਜਾਣ ਵਾਲੇ ਸਮਾਜਿਕ ਰਿਸ਼ਤਿਆਂ ਨੇ 'ਸਾਰੇ ਜਾਗੀਰਦਾਰੀ, ਮਰਦ-ਪ੍ਰਧਾਨ ਅਤੇ ਪੇਂਡੂ-ਆਦਰਸ਼ਵਾਦੀ (Idyllic) ਰਿਸ਼ਤਿਆਂ' ਨੂੰ ਖ਼ਤਮ ਕਰ ਦੇਣਾ ਹੈ, ਨਵੇਂ ਰਿਸ਼ਤਿਆਂ ਵਿਚ ''ਮਨੁੱਖ ਦਾ ਮਨੁੱਖ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ, ਸਿਵਾਇ ਨੰਗੇ ਸਵਾਰਥ ਅਤੇ ਪੈਸੇ ਦੇ ਨਕਦ ਲੈਣ ਦੇਣ ਦੀ ਕਠੋਰਤਾ ਦੇ ਪਰਿਵਾਰਕ ਸਾਂਝ ਦਾ ਭਾਵੁਕ ਪਰਦਾ ਤਾਰ ਤਾਰ ਹੋ ਜਾਏਗਾ'' ਅਤੇ ''ਪਰਿਵਾਰਕ ਰਿਸ਼ਤੇ ਪੈਸਿਆਂ ਦੇ ਲੈਣ ਦੇਣ ਦੇ ਰਿਸ਼ਤੇ'' ਬਣ ਜਾਣਗੇ।
ਮਾਰਕਸ ਸਰਮਾਏਦਾਰੀ ਆਉਣ ਦੇ ਨਾਲ ਹੋਣ ਵਾਲੇ ਬਦਲਾਉ ਨੂੰ ਬਿਆਨ ਕਰਦਾ ਹੋਇਆ ਇਸ ਨਿਜ਼ਾਮ ਦੁਆਰਾ ਪੈਦਾ ਕੀਤੇ ਜ਼ਾਲਮਾਨਾ ਰਿਸ਼ਤਿਆਂ ਤੋਂ ਮੁਕਤੀ ਵੀ ਚਾਹੁੰਦਾ ਸੀ। ਉਹ ਅਸਲੀ ਮਨੁੱਖੀ ਆਜ਼ਾਦੀ, ਨਵੀਂ ਮਨੁੱਖਤਾ ਤੇ ਸਾਂਝੀਵਾਲਤਾ ਦੀ ਤਲਾਸ਼ ਕਰ ਰਿਹਾ ਸੀ। ਉਸ ਦੀ ਆਪਣੇ ਸਮਿਆਂ ਦੇ ਸਮਾਜਿਕ ਰਿਸ਼ਤਿਆਂ ਦੀ ਆਲੋਚਨਾ ਇਹ ਦੱਸਦੀ ਹੈ ਕਿ ਸਰਮਾਏਦਾਰੀ ਨਿਜ਼ਾਮ ਕਿੰਨੀ ਬੇਕਿਰਕੀ ਅਤੇ ਬੇਰਹਿਮੀ ਨਾਲ ਮਨੁੱਖੀ ਰਿਸ਼ਤਿਆਂ ਵਿਚਲੀ ਮਨੁੱਖਤਾ ਨੂੰ ਮਲੀਆਮੇਟ ਕਰਕੇ ਉਨ੍ਹਾਂ ਨੂੰ ਆਰਥਿਕ ਰਿਸ਼ਤਿਆਂ ਤਕ ਸੀਮਤ ਕਰ ਦਿੰਦਾ ਹੈ। ਅਸਲੀ ਤੇ ਹਕੀਕੀ ਸਵਾਲ ਇਹ ਹੈ ਕਿ ਜੇ ਸਰਮਾਏਦਾਰੀ ਪੰਜਾਬ ਦੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ ਤਾਂ ਕੀ ਇਸ ਨੂੰ ਭਾਵੀ ਜਾਂ ਅਮੋੜ ਇਤਿਹਾਸਕ ਅਮਲ ਸਮਝ ਕੇ ਇਸ ਟੁੱਟ ਫੁੱਟ ਵਿਚ ਪਿਸ ਰਹੇ ਇਨਸਾਨਾਂ ਨੂੰ ਇਸ ਬੇਰਹਿਮ ਚੱਕੀ ਵਿਚ ਪਿਸਣ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ।
ਆਰਥਿਕ ਤੇ ਸਮਾਜਿਕ ਰਿਸ਼ਤਿਆਂ ਨੇ ਬਦਲਣਾ ਹੈ। ਭਾਵੁਕਤਾ ਇਸ ਬਦਲਾਉ ਨੂੰ ਰੋਕ ਨਹੀਂ ਸਕਦੀ। ਜਾਗੀਰਦਾਰੀ ਪ੍ਰਬੰਧ ਵਿਚ ਸਥਾਪਿਤ ਰਿਸ਼ਤਿਆਂ ਦੀ ਥਾਂ ਸਰਮਾਏਦਾਰੀ ਪ੍ਰਬੰਧ ਦੇ ਰਿਸ਼ਤਿਆਂ ਨੇ ਲੈਣੀ ਹੈ ਪਰ ਇੱਥੇ ਗੱਲ ਉਸ ਬਦਲਾਉ ਨੂੰ ਰੋਕਣ ਦੀ ਨਹੀਂ ਸਗੋਂ ਜ਼ਿੰਦਗੀਆਂ ਨੂੰ ਬਚਾਉਣ ਦੀ ਹੈ ਜਿਹੜੀਆਂ ਉਸ ਬਦਲਾਉ ਦਾ ਕਹਿਰ ਝੱਲ ਰਹੀਆਂ ਹਨ। ਇਤਿਹਾਸ ਹਮੇਸ਼ਾਂ ਮਨੁੱਖਾਂ ਦੇ ਸਰੀਰਾਂ 'ਤੇ ਲਿਖਿਆ ਜਾਂਦਾ ਹੈ। ਪੰਜਾਬ ਦੇ ਸਮਕਾਲੀਨ ਇਤਿਹਾਸ ਵਿਚ ਮੰਡੀ ਦੇ ਥਪੇੜਿਆਂ ਦੀ ਮਾਰ ਖਾਂਦੇ ਸਰੀਰ ਆਪਣੇ ਹੱਥੀਂ ਸਲਫ਼ਾਸ ਪੀ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਨ, ਉਨ੍ਹਾਂ ਦੇ ਪਿੱਛੇ ਰਹਿ ਜਾਂਦੇ ਹਨ, ਉਨ੍ਹਾਂ ਦੀਆਂ ਭੈਣਾਂ, ਪਤਨੀਆਂ, ਮਾਵਾਂ, ਬੱਚਿਆਂ ਤੇ ਭੈਣ ਭਰਾਵਾਂ ਦੇ ਸਰੀਰ। ਉਨ੍ਹਾਂ ਸਰੀਰਾਂ ਤੇ ਗ਼ਰੀਬੀ, ਲੁੱਟ, ਸਮਾਜਿਕ ਅਤੇ ਸਰਕਾਰੀ ਉਦਾਸੀਨਤਾ ਦਾ ਕਹਿਰ ਟੁੱਟਦਾ ਹੈ, ਚੁਣੌਤੀ ਉਨ੍ਹਾਂ ਸਰੀਰਾਂ ਨੂੰ ਸੰਭਾਲਣ ਦੀ ਹੈ, ਉਨ੍ਹਾਂ ਸਰੀਰਾਂ ਦੀ ਮਨੁੱਖਤਾ ਤੇ ਆਤਮਾ ਨੂੰ ਬਚਾਉਣ ਦੀ ਹੈ, ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਹੈ।
(ਆਸ ਦੀ ਕਿਰਨ ਇਹ ਹੈ ਕਿ ਇਨ੍ਹਾਂ ਖ਼ਬਰਾਂ ਨੂੰ ਪੜ੍ਹ ਕੇ ਕਈ ਲੋਕਾਂ ਨੇ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ।) 'ਪੰਜਾਬੀ ਟ੍ਰਿਬਿਊਨ' 'ਚੋਂ ਧੰਨਵਾਦ ਸਹਿਤ।