ਮੁਕਤੀ- ਇਕ ਜੀਵਨ ਮਨੋਰਥ - ਐਡਵੋਕੇਟ ਸੁਰਿੰਦਰ ਸਿੰਘ ਕੰਵਰ
ਹਰ ਧਰਮ ਦੇ ਪਰਚਾਰਕ ਹਰ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਵਾਸਤੇ ਪ੍ਰੇਰਦੇ ਆ ਰਹੇ ਹਨ ਅਤੇ ਹਰ ਇਨਸਾਨ ਲਈ ਮੁਕਤੀ ਦੀ ਪ੍ਰਾਪਤੀ ਇਕ ਜੀਵਨ ਮਨੋਰਥ ਮੰਨਿਆ ਗਿਆ ਹੈ। ਪਰ ਮੁਕਤੀ ਹੈ ਕੀ? ਇਸ ਸੰਬੰਧ ਵਿਚ ਬਹੁਤ ਭੁਲੇਖੇ ਪਾ ਦਿੱਤੇ ਗਏ ਹਨ ਅਤੇ ਮੁਕਤੀ ਦੇ ਸੰਕਲਪ ਨੂੰ ਨਾ ਤਾਂ ਸਮਝਿਆ ਗਿਆ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ।
ਮੁਕਤੀ ਦੇ ਸੰਬੰਧ ਵਿਚ ਆਮ ਧਾਰਨਾ ਇਹ ਹੈ ਕਿ ਹਰ ਜੀਵ-ਜੰਤੂ, ਹਰ ਪ੍ਰਾਣੀ, ਮਰ ਕੇ ਫਿਰ ਕਿਸੇ ਨਵੀਂ ਜੂਨ ਵਿਚ ਜਨਮ ਲੈਂਦਾ ਹੈ। ਇਸੇ ਤਰ੍ਹਾਂ ਉਹ ਕਈ ਵਾਰ ਜੰਮਦਾ ਅਤੇ ਮਰਦਾ ਰਹਿੰਦਾ ਹੈ। ਵੱਖ ਵੱਖ ਧਰਮਾਂ ਦੇ ਪਰਚਾਰਕਾਂ ਅਨੁਸਾਰ ਦੁਨੀਆ ਵਿਚ ਚੁਰਾਸੀ ਲੱਖ ਜੂਨਾਂ ਹਨ ਅਤੇ ਹਰ ਕਿਸੇ ਨੂੰ ਇਹ ਚੁਰਾਸੀ ਲੱਖ ਜੂਨਾਂ ਭੁਗਤਨੀਆ ਪੈਂਦੀਆਂ ਹਨ। ਇਸੇ ਨੂੰ ਚੁਰਾਸੀ ਦਾ ਗੇੜ ਕਿਹਾ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਰ ਕਿਸੇ ਪ੍ਰਾਣੀ ਨੂੰ ਮਰਨ ਤੋਂ ਬਾਅਦ ਕੋਈ ਜੂਨ ਨਹੀਂ ਮਿਲਦੀ ਤਾਂ ਉਸ ਪ੍ਰਾਣੀ ਦੀ ਆਤਮਾ ਜਿੰਨ, ਭੂਤ,ਪ੍ਰੇਤ, ਚੂੜੇਲ ਆਦਿ ਬਣ ਕੇ ਭਟਕਦੀ ਰਹਿੰਦੀ ਹੈ। ਜਾਂ ਫਿਰ ਕੋਈ ਨਰਕਾਂ ਵਿਚ ਹੀ ਪਇਆ ਰਹਿੰਦਾ ਹੈ ਅਤੇ ਉਥੇ ਕੜੀਆਂ ਸਜਾਵਾਂ ਭੁਗਤਦਾ ਰਹਿੰਦਾ ਹੈ। ਇਸ ਤਰ੍ਹਾਂ ਇਸ ਆਵਾ ਗਵਣ ਦੇ ਚੱਕਰ ਅਤੇ ਨਰਕਾਂ ਦੀ ਮਾਰ ਤੋਂ ਬਚਣ ਨੂੰ ਹੀ ਮੁਕਤੀ ਕਿਹਾ ਗਿਆ ਹੈ।
ਇਸ ਵਿਸ਼ਵਾਸ ਦੀ ਆੜ ਵਿਚ, ਧਰਮ ਦੇ ਪੁਜਾਰੀਆਂ ਨੇ ਭੋਲੀ ਭਾਲੀ ਜਨਤਾ ਨੂੰ ਪੂਰੀ ਤਰ੍ਹਾਂ ਉਲਝਾ ਰੱਖਿਆ ਹੈ ਅਤੇ ਇਕ ਬਹੁਤ ਡਰਾਉਣਾ ਮਾਹੋਲ ਪੈਦਾ ਕਰਕੇ ਇਹ ਯਕੀਣ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਹੀ ਤੁਹਾਨੂੰ ਇਸ ਚੁਰਾਸੀ ਦੇ ਗੇੜ ਤੋਂ ਬਚਾ ਸਕਦਾ ਹੈ।
ਇਸ ਤਰ੍ਹਾਂ ਦੇ ਮਾਹੋਲ ਵਿਚ ਮੁਕਤੀ ਦੀ ਪ੍ਰਾਪਤੀ ਵਾਸਤੇ ਕਈ ਤਰ੍ਹਾਂ ਦੇ ਕਰਮਕਾਂਡ ਸਥਾਪਤ ਕਰ ਦਿਤੇ ਜਾਂਦੇ ਹਨ ਅਤੇ ਇਹ ਸਮਝਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਬਣਾਏ ਗਏ ਕਰਮਕਾਂਡਾਂ ਦੀ ਪੂਰਤੀ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ। ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਅਸਲੀ ਧਰਮ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਕਰਮਕਾਂਡਾਂ ਦੀ ਪੂਰਤੀ ਨੂੰ ਹੀ ਮੁਕਤੀ ਦਾ ਇਕ ਰਾਹ ਦਸਿਆ ਜਾਂਦਾ ਹੈ।
ਇਨ੍ਹਾਂ ਧਰਮ ਦੇ ਉਪਦੇਸ਼ਕਾਂ ਦੀ ਸਿੱਖਿਆ ਅਨੁਸਾਰ ਨਿਜੀ ਮੁਕਤੀ ਦੀ ਪ੍ਰਾਪਤੀ ਹੀ ਧਾਰਮਿਕ ਜੀਵਨ ਦਾ ਇਕ ਵਡਮੁੱਲਾ ਮਨੋਰਥ ਹੈ। ਇਸ ਮੁਕਤੀ ਨੂੰ ਰੱਬ ਜੀ ਨਾਲ ਇਕਮਿਕਤਾ ਪ੍ਰਾਪਤ ਕਰਨੀ ਵੀ ਕਿਹਾ ਗਿਆ ਹੈ। ਇਸੇ ਲਈ ਮਰੇ ਹੋਏ ਪ੍ਰਾਣੀ ਲਈ ਪ੍ਰਮਾਤਮਾਂ ਦੇ ਚਰਨਾਂ ਵਿਚ ਸਦੀਵੀਂ ਨਿਵਾਸ ਵਾਸਤੇ ਅਰਦਾਸ ਕੀਤੀ ਜਾਂਦੀ ਹੈ।
ਕ੍ਰਿਸਚਣ ਧਰਮ ਦੇ ਉਪਦੇਸ਼ਕ ਆਖਦੇ ਹਨ ਕਿ ਜੇ ਤੁਸੀਂ ਇਸਾਈ ਬਣ ਜਾਂਦੇ ਹੋ ਅਤੇ ਕਿਰਾਇਸਟ ਉਤੇ ਭਰੋਸਾ ਰਖਦੇ ਹੋ ਤਾਂ ਯਸੂਮਸੀਹ ਰੱਬ ਜੀ ਪਾਸ ਤੁਹਾਡੀ ਵਕਾਲਤ ਕਰਕੇ ਤੁਹਾਨੂੰ ਨਰਕ ਦੀ ਮਾਰ ਅਤੇ ਆਵਾਗਵਣ ਦੇ ਚੱਕਰ ਤੋਂ ਬਚਾ ਸਕਦਾ ਹੈ। ਇਸੇ ਤਰ੍ਹਾਂ ਇਸਲਾਮ ਧਰਮ ਵਾਲੇ ਵੀ ਇਹ ਆਖਦੇ ਹਨ ਕਿ ਤੁਸੀਂ ਮੁਹੰਮਦ ਸਾਹਿਬ ਉਤੇ ਭਰੋਸਾ ਰੱਖੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਦੇ ਰੱਖਿਅਕਾਂ ਨੇ ਤਾਂ ਤੇਤੀ ਕ੍ਰੋੜ ਦੇਵੀ ਦੇਵਤੇ ਘੜ ਲਿੱਤੇ ਹਨ। ਇਨ੍ਹਾਂ ਦੇਵੀ ਦੇਵਤਿਆਂ ਦੇ ਪਰਚਾਰਕ ਇਹ ਯਕੀਣ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਕਹੇ ਅਨੁਸਾਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਰਹੋ ਤਾਂ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਹਿੰਦੂ ਧਰਮ ਨੂੰ ਮੰਨਣ ਵਾਲੇ ਤਾਂ ਵਿਅਕਤੀ ਦੇ ਮਰ ਜਾਣ ਤੋਂ ਬਾਅਦ ਵੀ ਹਰ ਸਾਲ ਮਰੇ ਹੋਏ ਪ੍ਰਾਣੀ ਦੀ ਮੁਕਤੀ ਵਾਸਤੇ ਪੰਡਿਤਾਂ ਪਾਸੋਂ ਸਰਾਧ ਕਰਵਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਦਛਣਾ ਦਿੰਦੇ ਰਹਿੰਦੇ ਹਨ।
ਇਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਈਆਂ ਨੇ, ਗੁਰੂ ਨਾਨਕ ਸਾਹਿਬ ਦੇ ਨਾਮ ਤੇ, ਜੋ ਸਿੱਖ ਧਰਮ ਬਣਾ ਰੱਖਿਆ ਹੈ, ਉਸ ਧਰਮ ਦੇ ਪੁਜਾਰੀਆਂ ਨੇ ਵੀ ਹੋਰ ਧਰਮਾਂ ਦੀ ਤਰ੍ਹਾਂ ਸਿੱਖਾਂ ਨੂੰ ਵੀ ਚੁਰਾਸੀ ਦੇ ਗੇੜ ਵਿਚ ਉਲਝਾ ਰੱਖਿਆ ਹੈ। ਇਸ ਧਰਮ ਦੇ ਪੁਜਾਰੀ ਵੀ ਉਸੇ ਤਰ੍ਹਾਂ ਹੀ ਮਰਨ ਤੋਂ ਬਾਅਦ ਵਾਲੀ ਮੁਕਤੀ ਦਿਵਾਉਣ ਦਾ ਭਰੋਸਾ ਦੇਈ ਜਾਂਦੇ ਹਨ। ਕਹੇ ਜਾਂਦੇ ਸਿੱਖ ਧਰਮ ਦੇ ਪੁਜਾਰੀਆਂ ਨੇ ਵੀ ਬਹੁਤ ਸਾਰੇ ਕਰਮਕਾਂਡ ਘੜ ਲਿੱਤੇ ਹਨ ਅਤੇ ਇਨ੍ਹਾਂ ਵਿਚ, ਹਰ ਰੋਜ਼, ਹੋਰ ਵਾਧਾ ਵੀ ਕਰੀ ਜਾ ਰਹੇ ਹਨ।
ਜਦੋਂ ਕਿ ਗੁਰਬਾਣੀ, ਮਰਨ ਤੋਂ ਬਾਅਦ ਵਾਲੀ ਨਿਜੀ ਮੁਕਤੀ ਵਾਲੇ ਧਾਰਮਿਕ ਸੰਕਲਪ ਨੂੰ ਪੂਰੀ ਤਰ੍ਹਾਂ ਨਿਕਾਰਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥(ਗ:ਗ:ਸ: ਪੰਨਾ-1292) ਭਾਵ ਗੁਰਬਾਣੀ ਵਿਚ ਭਗਤ ਜੀ ਦੀ ਰਸਨਾ ਤੋਂ ਇਹ ਸਮਝਾਅਿਾ ਗਿਆ ਹੈ ਕਿ ਜੋ ਮੁਕਤੀ ਮਰਨ ਦੇ ਮਗਰੋਂ ਮਿਲਦੀ ਹੈ, ਉਸ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਚੱਲ ਸਕਦਾ ਹੈ। ਜੋ ਪੁਜਾਰੀ ਇਹ ਦਾਵਾ ਕਰਦੇ ਹਨ ਕਿ ਉਨ੍ਹਾਂ ਦੇ ਕਰਮਕਾਂਡ ਅਪਨਾਉਣ ਨਾਲ ਮਰਨ ਤੋਂ ਬਾਅਦ ਮੁਕਤੀ ਮਿਲ ਸਕਦੀ ਹੈ ਤਾਂ ਉਸ ਮੁਕਤੀ ਦਾ ਪਤਾ ਕਿਸ ਤਰ੍ਹਾਂ ਅਤੇ ਕਿਸ ਨੂੰ ਲੱਗ ਸਕਦਾ ਹੈ? ਕੌਣ ਦੱਸੇਗਾ ਕਿ ਉਸ ਨੂੰ ਮੁਕਤੀ ਮਿਲ ਗਈ ਹੈ। ਸਪਸ਼ਟ ਹੈ ਕਿ ਇਹ ਸਭ ਧੋਖਾ ਹੈ। ਭਾਵ, ਇਹ ਕਹਿਣਾ ਕਿ ਮਰਨ ਮਗਰੋਂ ਕੋਈ ਵਿਅਕਤੀ ਮੁਕਤ ਹੋ ਗਿਆ ਹੈ।ਇਹ ਸਭ ਫ਼ਰੇਬ ਹੈ, ਕਪਟ ਹੈ।
ਇਸੇ ਵਿਚਾਰ ਨੂੰ ਇਸ ਤਰ੍ਹਾਂ ਵੀ ਫ਼ਰਮਾਇਆ ਹੈ: ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥ (ਗ:ਗ:ਸ: ਪੰਨਾ-93) ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਇਸ ਸਾਰੇ ਸ਼ਬਦ ਨੂੰ ਵਿਚਾਰਦਿਆਂ ਭਗਤ ਜੀ ਸਮਝਾਉਂਦੇ ਹਨ: ਹੇ ਭੱਦਰ ਪੁਰਸ਼ੋ ਜੋ ਵਿਅਕਤੀ ਸਾਰੀ ਜ਼ਿੰਦਗੀ ਮੋਹ ਮਾਇਆ ਵਿਚ ਗਰੱਸਿਆ ਰਹਿੰਦਾ ਹੈ, ਰੱਬੀ ਗੁਣਾਂ ਨੂੰ ਧਾਰਨ ਨਹੀਂ ਕਰਦਾ। ਭਾਵ ਜੀਊਂਦੇ ਜੀ ਕਿਸੇ ਵੇਲੇ ਵੀ ਵਿਕਾਰਾਂ ਅਤੇ ਮੋਹ ਮਾਇਆ ਦੇ ਜਾਲ ਤੋਂ ਮੁਕਤ ਨਹੀਂ ਹੋਇਆ, ਤਾਂ ਇਹ ਸੱਚ ਜਾਣੋਂ ਕਿ ਮਰਨ ਤੋਂ ਪਿਛੋਂ ਮੁਕਤੀ ਕਿਸੇ ਨੂੰ ਨਹੀਂ ਮਿਲਦੀ। ਭਾਵ ਲੋੜ ਤਾਂ ਇਹ ਹੈ ਕਿ ਜਿਊਂਦੇ ਜੀ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਇਆ ਜਾਵੇ। ਮਰਨ ਮਗਰੋਂ ਮੁਕਤੀ ਦਾ ਕੋਈ ਅਰਥ ਨਹੀਂ।
ਹਿੰਦੋਸਤਾਨ ਵਿਚ ਕਈ ਪੁਜਾਰੀਆਂ, (ਮੱਤਾਂ) ਦਾ ਇਹ ਮੱਤ ਵੀ ਰਿਹਾ ਹੈ ਕਿ ਨੰਗੇ ਰਹਿ ਕੇ ਜਾਂ ਫਿਰ ਸਭ ਕੁਝ ਛੱਡ-ਛਡਾ ਕੇ, ਭਾਵ ਸਭ ਕੁਝ ਤਿਆਗ ਕੇ ਮੁਕਤੀ ਮਿਲ ਸਕਦੀ ਹੈ: ਕਈ ਮੁਕਤੀ ਵਾਸਤੇ ਸਿਰ, ਮੂੰਹ ਮੁੰਨਾ ਕੇ ਇਹ ਸੋਚਦੇ ਸਨ ਕਿ ਇਸ ਤਰ੍ਹਾਂ ਮੁਕਤੀ ਮਿਲ ਜਾਵੇਗੀ। ਕਈ ਜਤੀ ਹੋਣ ਨਾਲ ਮੁਕਤੀ ਪ੍ਰਾਪਤ ਕਰਨ ਦਾ ਰਾਹ ਸਮਝਾਉਂਦੇ ਰਹੇ ਹਨ।
ਇਸ ਤਰ੍ਹਾਂ ਦੀਆਂ ਸਭ ਧਾਰਨਾਵਾਂ ਨੂੰ ਨਿਕਾਰਦੇ ਹੋਏ ਗੁਰਬਾਣੀ ਰਾਹੀਂ ਸਮਝਾਇਆ ਹੈ: ਨਗਨ ਫਿਰਤ ਜੌ ਪਾਈਐ ਜੋਗੁ॥ ਬਨ ਕਾ ਮਿਰਗੁ ਮੁਕਤਿ ਸਭੁ ਹੋਗੁ॥ ਕਿਆ ਨਾਗੇ ਕਿਆ ਬਾਧੇ ਚਾਮ॥ ਜਬ ਨਹੀ ਚੀਨਸਿ ਆਤਮ ਰਾਮ॥ ਰਹਾਉ॥ ਮੂਡ ਮੁੰਡਾਏ ਜੌ ਸਿਧਿ ਪਾਈ॥ ਮੁਕਤੀ ਭੇਡ ਨ ਗਈਆ ਕਾਈ॥ ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥ ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਨਿ ਗਤਿ ਪਾਈ॥ (ਗ:ਗ:ਸ: ਪੰਨਾ-324) ਭਾਵ ਸਪਸ਼ਟ ਹਨ ਕਿ ਜੇਕਰ ਨੰਗੇ ਰਹਿਣ ਨਾਲ ਹੀ ਮੁਕਤੀ ਮਿਲ ਸਕਦੀ ਹੁੰਦੀ ਤਾਂ ਜੋ ਜਾਨਵਰ ਨੰਗੇ ਫਿਰਦੇ ਹਨ ਉਨ੍ਹਾਂ ਨੂੰ ਮੁਕਤੀ ਮਿਲ ਜਾਂਦੀ। ਭਗਤ ਜੀ ਸਮਝਾਉਂਦੇ ਹਨ ਕਿ ਨੰਗੇ ਰਹਿਣ ਨਾਲ, ਤੇ ਜਾ ਫਿਰ ਸਰੀਰ ਨੂੰ ਕਿਸੇ ਚਮੜੀ ਨਾਲ ਢੱਕ ਲੈਣ ਨਾਲ ਕੋਈ ਲਾਭ ਨਹੀਂ ਹੁੰਦਾ, ਕੋਈ ਫਰਕ ਨਹੀਂ ਪੈਂਦਾ, ਜਦੋਂ ਤਕ ''ਨਹੀ ਚੀਨਸਿ ਆਤਮ ਰਾਮ'' ਭਾਵ ਜਦੋਂ ਤਕ ਆਤਮਾਂ ਵਿਚ ਰੱਬੀ ਗੁਣ ਵਸਾ ਕੇ ਉਨ੍ਹਾਂ ਅਨੁਸਾਰ ਕਰਮ ਨਾ ਕੀਤੇ ਜਾਨ। ਇਸੇ ਤਰ੍ਹਾਂ ਜੇ ਕਰ ਸਿਰ, ਮੂੰਹ ਮੁੰਨਾ ਕੇ ਮੁਕਤੀ ਮਿਲਦੀ ਹੈ, ਕਲਿਆਣ ਹੋ ਜਾਣਾ ਹੁੰਦਾ ਤਾਂ ਤੇ ਭੇਡਾਂ ਵਾਸਤੇ ਇਹ ਮੁਕਤੀ ਤਾਂ ਵੱਟ ਤੇ ਪਈ ਹੈ, ਭਾਵ ਉਨ੍ਹਾਂ ਦੀ ਮੁਕਤੀ, ਜਾਂ ਉਨ੍ਹਾਂ ਦਾ ਕਲਿਆਣ ਤਾਂ ਲਾਜ਼ਮੀਂ ਹੋ ਜਾਂਦਾ ਹੈ। ਗੁਰਬਾਣੀ ਦਾ ਉਪਦੇਸ਼ ਹੈ ਕਿ ਇਸੇ ਤਰ੍ਹਾਂ ਜੇਕਰ ਜਤੀ ਹੋਣ ਨਾਲ ਮੁਕਤੀ ਮਿਲ ਸਕਦੀ ਹੋਵੇ, ਜਾਂ ਇਸ ਦੁਨੀਆ ਦੇ ਭਵਸਾਗਰ ਤੋਂ ਕੋਈ ਪਾਰ ਹੁੰਦਾ ਹੋਵੇ, ਤਾਂ ਖੁਸਰਿਆ ਨੂੰ ਹੀ ਮੁਕਤੀ ਮਿਲਦੀ, ਉਹ ਹੀ ਪਰਮਗਤ ਪਾਉਂਦੇ। ਇਸ ਸ਼ਬਦ ਦਾ ਭਾਵ ਇਹ ਹੈ ਕਿ ਕਿਸੇ ਤਰ੍ਹਾਂ ਦੇ ਪਖੰਡ ਕਰਨ ਨਾਲ ਮੁਕਤੀ ਨਹੀਂ ਮਿਲ ਸਕਦੀ। ਭਗਤ ਜੀ ਕਹਿੰਦੇ ਹਨ ਕਿ ਹੇ ਮੇਰੇ ਮਿਤਰੋ ਸੁਣੋਂ: ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥ ਭਾਵ ਇਹ ਕਿ ਰੱਬੀ ਗੁਣ ਅਪਨਾਉਣ ਤੋਂ ਬਿਨਾਂ ਜਾਂ ਵਿਵੇਕ ਬੁਧੀ (Devine wisdome) ਹਾਸਲ ਕਰਨ ਦੇ ਬਿਨਾਂ, ਸੋਝੀ ਨਹੀਂ ਆਉਂਦੀ, ਗਤੀ ਨਹੀਂ ਹੁੰਦੀ ਅਤੇ ਇਸ ਸੋਝੀ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ।
ਗੁਰਬਾਣੀ ਸਮਝਾਉਂਦੀ ਹੈ ਕਿ ਮੁਕਤੀ ਦਾ ਭਾਵ ਵਿਕਾਰਾਂ ਅਤੇ ਇਛਾਵਾਂ ਤੋਂ ਮੁਕਤ ਹੋਣਾ ਹੈ। ਸਰੀਰ ਤੋਂ ਮੁਕਤ ਹੋਣਾ ਕੋਈ ਮੁਕਤੀ ਨਹੀਂ। ਵਿਕਾਰਾਂ ਤੋਂ ਜਾਂ ਇਛਾਵਾਂ ਤੋਂ ਮੁਕਤੀ ਮਿਲਦੀ ਹੈ, ਸੋਝੀ ਹਾਸਲ ਕਰਨ ਨਾਲ, ਚੰਗੇ ਗੁਣ, ਰੱਬੀ ਗੁਣ ਅਪਨਾਉਣ ਨਾਲ ਨਾ ਕਿ ਕਰਮਕਾਂਡਾਂ ਦੀ ਪੂਰਤੀ ਨਾਲ।
ਗੁਰੂ ਸਾਹਿਬਾਨ ਨੇ ਮੁਕਤੀ ਨੂੰ ਕੇਵਲ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਤੋਂ ਉਪਰ ਉਠ ਕੇ ਉਨ੍ਹਾਂ ਨੇ ਸਾਰੇ ਸਮਾਜ ਦੀ ਮੁਕਤੀ ਦੀ ਕਾਮਨਾ ਕੀਤੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਪਿ ਮੁਕਤੁ ਮੁਕਤੁ ਕਰੈ ਸੰਸਾਰੁ॥ ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ॥ (ਗ:ਗ:ਸ: ਪੰਨਾ-295) ਇਸ ਤਰ੍ਹਾਂ ਮੁਕਤੀ ਦੇ ਸੰਬੰਧ ਵਿਚ ਗੁਰੂ ਸਾਹਿਬ ਦਾ ਜੋ ਸੰਕਲਪ ਹੈ ਉਹ ਕੇਵਲ ਨਿਜੀ ਮੁਕਤੀ ਹਾਸਲ ਕਰਨਾ ਨਹੀਂ ਸਗੋਂ ਸਾਰੇ ਸਮਾਜ, ਸਾਰੇ ਸੰਸਾਰ, ਨੂੰ ਮੁਕਤੀ ਦਿਵਾਉਣਾ ਹੈ। ਉਹ ਵਿਅਕਤੀ ਜੋ ਆਪ ਤਾਂ ਮੁਕਤ ਹੁੰਦਾ ਹੈ ਅਤੇ ਨਾਲ ਸਾਰੇ ਸੰਸਾਰ ਦੀ ਮੁਕਤੀ ਵਾਸਤੇ ਕਾਮਨਾ ਕਰਦਾ ਹੈ, ਸਭ ਦੇ ਕਲਿਆਨ ਲਈ ਘਾਲਣਾ ਘਾਲਦਾ ਹੈ, ਐਸੇ ਵਿਕਤੀ ਨੂੰ ਗੁਰੂ ਸਾਹਿਬ ਨਮਸਕਾਰ ਕਰਦੇ ਹਨ, ਭਾਵ ਐਸਾ ਵਿਅਕਤੀ ਆਦਰ ਯੋਗ ਹੁੰਦਾ ਹੈ। ਇਸ ਤਰ੍ਹਾਂ ਗੁਰਬਾਣੀ ਸਰਬੱਤ ਦੇ ਭਲੇ ਵਾਸਤੇ, ਸਾਰੀ ਲੋਕਾਈ ਦੇ ਕਲਿਆਨ ਵਾਸਤੇ, ਸਾਰੇ ਸਮਾਜ ਦੀ ਮੁਕਤੀ ਵਾਸਤੇ, ਨਿਸ਼ਾਨਾ ਮਿੱਥਦੀ ਹੈ। ਇਹ ਹੀ ਹੈ ਸਰਬੱਤ ਦੇ ਭਲੇ ਦਾ ਸੰਕਲਪ। ਜੋ ਮੁਕਤੀ ਦੀ ਪ੍ਰਾਪਤੀ ਕਰਨੀ ਹੈ ਉਹ ਨਿਜੀ ਮੁਕਤੀ ਤਕ ਹੀ ਸੀਮਤ ਨਹੀਂ ਹੈ ਅਤੇ ਨਾ ਹੀ ਕਿਸੇ ਆਪਣੇ ਖਾਸ ਧਰਮ ਦੇ ਖਾਸ ਅਨੁਯਾਈਆਂ ਨੂੰ ਮੁਕਤੀ ਦਿਵਾਉਣ ਤਕ ਸੀਮਤ ਹੈ। ਗੁਰਬਾਣੀ ਦਾ ਉਦੇਸ਼ ਤਾਂ ਸਮੁੱਚੇ ਸਮਾਜ ਦੀ ਮੁਕਤੀ, ਭਾਵ ਕਲਿਆਣ ਵਾਸਤੇ ਹੈ।
ਗੁਰਬਾਣੀ ਵਿਚ ਜਦੋਂ ਵਿਕਾਰਾਂ ਤੋਂ ਛੁਟਕਾਰਾ ਪਾ ਕੇ ਮੁਕਤ ਹੋਣ ਲਈ ਪ੍ਰੇਰਿਆ ਹੈ ਤਾਂ ਉਥੇ ਇਹ ਵੀ ਸਮਝਾਇਆ ਹੈ ਕਿ ਜਿਉਂਦੇ ਜੀ ਵਿਕਰਾਂ ਤੋਂ ਮੁਕਤ ਕਿਵੇਂ ਹੋਣਾ ਹੈ। ਭਾਵ ਜੋ ਮੁਕਤੀ ਦਾ ਸੰਕਲਪ ਦਰਸਾਇਆ ਹੈ ਉਸ ਮੁਕਤੀ ਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿਚ ਗੁਰਬਾਣੀ ਇਸ ਤਰ੍ਹਾਂ ਸੇਧ ਦਿੰਦੀ ਹੈ: ਜੀਵਨ ਮੁਕਤੁ ਜਾ ਸਬਦੁ ਸੁਣਾਏ॥ ਸਚੀ ਰਹਤ ਸਚਾ ਸੁਖੁ ਪਾਏ॥(ਗ:ਗ:ਸ: ਪੰਨਾ-1343) ਭਾਵ ਜਦੋਂ ਵਿਅਕਤੀ ''ਸਬਦੁ ਸੁਣਾਏ'' ਭਾਵ ਜਦੋਂ ਕੋਈ ਸੱਚ ਦੇ ਗਿਆਨ ਨੂੰ, ਰੱਬੀ ਗਿਆਨ ਨੂੰ, ਸੁੰਣਦਾ, ਵਿਚਾਰਦਾ ਅਤੇ ਸਮਝਦਾ ਹੈ ਤਾਂ ਉਸ ਦੀ ''ਸਚੀ ਰਹਤ'' ਭਾਵ ਉਸ ਦੀ ਰਹਿਣੀ ਵੀ ਸੱਚੀ ਹੋ ਜਾਂਦੀ ਹੈ; ਉਸ ਦੀ ਸੋਚ ਵੀ ਸੁਚੱਜੀ ਹੋ ਜਾਂਦੀ ਹੈ। ਸੁਚੱਜੀ ਸੋਚ ਅਤੇ ਸੁਚੱਜੀ ਰਹਿਤ ਕਾਰਨ ਵਿਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਵਿਕਾਰਾਂ ਤੋਂ ਛੁਟਕਾਰਾ ਮਿਲਣ ਨਾਲ ''ਸਚਾ ਸੁਖੁ ਪਾਏ'' ਉਸ ਨੂੰ ਸਦੀਵੀਂ ਅੰਨਦ ਦੀ ਪ੍ਰਾਪਤੀ ਹੋ ਜਾਂਦੀ ਹੈ।ਇਸ ਤਰ੍ਹਾਂ ਉਹ ਜੀਵਨ ਮੁਕਤ ਹੋ ਜਾਂਦਾ ਹੈ। ਉਸ ਨੂੰ ਜੀਉਂਦੇ ਜੀਅ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਦੋਂ ਇਹ ਸਮਝਾ ਦਿੱਤਾ ਗਿਆ ਕਿ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੀ ਮੁਕਤੀ ਹੈ ਤਾਂ ਗੁਰਬਾਣੀ ਇਹ ਵੀ ਸਮਝਾਉਂਦੀ ਹੈ ਕਿ ਵਿਕਾਰ ਉਪਜਦੇ ਕਿਥੋਂ ਹਨ। ਤਾਂ ਕਿ ਵਿਕਾਰ ਪੈਦਾ ਹੀ ਨਾ ਹੋਣ ਦਿੱਤੇ ਜਾਣ। ਇਸ ਸੰਬੰਧ ਵਿਚ ਗੁਰਬਾਣੀ ਦਾ ਫ਼ਰਮਾਨ ਹੈ: ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ॥(ਗ:ਗ:ਸ: ਪੰਨਾ-1009) ਭਾਵ ਵਿਕਾਰ ਪੈਦਾ ਹੁੰਦੇ ਹਨ ਹਉਮੈ ਤੋਂ ਇਸ ਲਈ ਜਿਸ ਮਨੁੱਖ ਦੇ ਅੰਦਰੋਂ ਹਉਮੈ ਦੂਰ ਹੋ ਜਾਏ ਉਸ ਦੀ ਬਾਬਤ ਕਿਹਾ ਜਾ ਸਕਦਾ ਹੈ ਕਿ ਉਹ ਜੀਊਂਦਿਆਂ ਹੀ ਮੁਕਤ ਹੋ ਗਿਆ। ਇਥੇ ਹੀ ਬਸ ਨਹੀਂ; ਗੁਰਬਾਣੀ ਰਾਹੀਂ ਇਹ ਵੀ ਸਮਝਾਇਆ ਹੈ ਕਿ ਹਉਮੈ ਤੋਂ ਬਚਣਾ ਕਿਵੇਂ ਹੈ। ਗੁਰਬਾਣੀ ਅਨੁਸਾਰ ਜੇਕਰ ਹਉਮੈ ਤੇ ਕਾਬੂ ਪਾਉਣਾ ਹੈ ਤਾਂ ਮਨ ਵਿਚ ਨਿਮਰਤਾ ਪੈਦਾ ਕੀਤੀ ਜਾਵੇ। ਇਹ ਨਿਮਰਤਾ ਵੀ ਮੁਕਤੀ ਦਾ ਇਕ ਰਾਹ ਹੈ। ਇਸ ਸੰਬੰਧ ਵਿਚ ਗੁਰਬਾਣੀ ਦਾ ਫਰਮਾਨ ਹੈ: ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ ॥ ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥ (ਗ:ਗ:ਸ: ਪੰਨਾ-278) ਭਾਵ ''ਕਰਿ ਕਿਰਪਾ'' ਜਿਸ ਉਤੇ ਕਿਰਪਾ ਹੋ ਜਾਂਦੀ ਹੈ ਭਾਵ ਜਿਸ ਨੂੰ ਸੋਝੀ ਆ ਜਾਂਦੀ ਹੈ, ਸੋਝੀ ਦਾ ਆਉਣਾ ਹੀ ਕਿਰਪਾ ਦਾ ਹੋਣਾ ਹੁੰਦਾ ਹੈ। ਇਸ ਸੋਝੀ ਨਾਲ ਰੱਬੀ ਗੁਣ ਹਿਰਦੇ ਵਿਚ ਵਸ ਜਾਂਦੇ ਹਨ: ਉਸ ਦੇ ਹਿਰਦੇ ਵਿਚ ਨਿਮਰਤਾ ਆ ਜਾਂਦੀ ਹੈ। ਜਿਤਨੀ ਦੇਰ ਮਨ ਵਿਚ ਹਉਮੈ ਹੁੰਦੀ ਹੈ, ਨਿਮਰਤਾ ਨਹੀਂ ਆ ਸਕਦੀ, ਗਰੀਬੀ ਦਾ ਵਾਸਾ ਨਹੀਂ ਹੋ ਸਕਦਾ।ਜਿਸ ਦੇ ਮਨ ਵਿਚ ਨਿਮਰਤਾ ਆ ਜਾਂਦੀ ਹੈ, ਜਿਸ ਦੇ ਮਨ ਵਿਚ ਗਰੀਬੀ ਦਾ ਵਾਸਾ ਹੋ ਜਾਂਦਾ ਹੈ ਤਾਂ ਐਸਾ ਵਿਅਕਤੀ ''ਈਹਾ ਮੁਕਤੁ'' ਸੰਸਾਰ ਵਿਚ ਰਹਿੰਦਿਆ, ਜੀਊਂਦੇ ਜੀਅ, ਮੁਕਤ ਹੋ ਜਾਂਦਾ ਹੈ, ਇਸ ਮੁਕਤੀ ਕਾਰਨ ਉਸ ਨੂੰ ਜਿਥੇ ਜੀਉਂਦਿਆਂ ਸੁਖ ਮਿਲਦਾ ਹੈ ਉਸ ਦੇ ਮਰਨ ਮਗਰੋਂ ਵੀ ਉਸ ਦੀ ਉਸਤਤੀ ਹੁੰਦੀ ਹੈ। ਇਹ ਹੈ ਆਗੈ ਸੁਖੁ ਪਾਵੈ।
ਜੀਉਂਦੇ ਜੀ ਮੁਕਤ ਹੋਣ ਵਾਸਤੇ ਗੁਰਬਾਣੀ ਇਸ ਤਰ੍ਹਾਂ ਵੀ ਸਮਝਾਉਂਦੀ ਹੈ: ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ (ਪੰਨਾ-1155) ਭਾਵ ਜਿਸ ਵਿਅਕਤੀ ਮਨ ਵਿਚ ''ਨਾਮੁ ਰਿਦੈ'' ਭਾਵ ਰੱਬੀ ਗੁਣ (ਚੰਗੇ ਗੁਣ) ਵਸ ਜਾਂਦੇ ਹਨ ਉਹ ਜੀਵਨ ਮੁਕਤ ਹੋ ਜਾਂਦਾ ਹੈ।
ਗੁਰਬਾਣੀ ਵਿਚ ਜੀਊਂਦੇ ਜੀਅ ਮੁਕਤੀ ਪ੍ਰਾਪਤ ਕਰਨ ਦੇ ਕਈ ਹੋਰ ਨੁਕਤੇ, ਫਾਰਮੂਲੇ (Formulae) ਦੱਸੇ ਹਨ, ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ:-ਜਿਵੇਂ ਕਿ:
1) ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ॥ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ (ਗ:ਗ:ਸ: ਪੰਨਾ-1427) ਭਾਵ ਐਸਾ ਵਿਅਕਤੀ ਜੋ ਆਪਣੀ ਉਸਤਤ ਸੁਣ ਕੇ ਕਿਸੇ ਗੁਮਾਨ ਵਿਚ ਨਹੀਂ ਆਉਂਦਾ, ਕੋਈ ਹੰਕਾਰ ਨਹੀਂ ਕਰਦਾ ਅਤੇ ਨਾਂ ਹੀ ਆਪਣੀ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ ਅਤੇ ਗੁਸਾ ਨਹੀਂ ਕਰਦਾ। ਐਸਾ ਵਿਅਕਤੀ ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ ਜਾਪਦੇ ਹਨ ਭਾਵ ਸੋਨੇ ਨੂੰ ਵੇਖ ਕੇ ਲਲਚਾਉਂਦਾ ਨਹੀਂ ਅਤੇ ਲੋਹੇ ਨੂੰ ਦੁਰਕਾਰਦਾ ਨਹੀਂ। ਗੁਰੂ ਸਾਹਿਬ ਆਖਦੇ ਹਨ ਐਸਾ ਵਿਕਤੀ ਹੀ ਮੋਹ ਮਾਇਆ ਤੋਂ ਨਿਰਲੇਪ ਹੁੰਦਾ ਹੈ ਅਤੇ ਉਸੇ ਨੂੰ ਮੁਕਤ ਸਝਿਆ ਜਾਨਾਂ ਚਾਹੀਦਾ ਹੈ।
2) ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥ ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ॥ (ਗ:ਗ:ਸ: ਪੰਨਾ-86) ਜੋ ਵਿਅਕਤੀ ਗਿਆਨਵਾਨ ਪਾਸੋਂ ਰੱਬੀ ਗੁਣਾਂ ਨੂੰ ਸਮਝ ਕੇ ਅਪਣਾ ਲੈਂਦਾ ਹੈ, ਉਹ ਆਪਣਾ ਜੀਵਨ ਸੁਧਾਰ ਲੈਂਦਾ ਹੈ; ਆਪਣੀ ਸੋਚ ਨੂੰ ਚੰਗੀ ਸੇਧ ਦੇ ਲੈਂਦਾ ਹੈ। ਐਸਾ ਵਿਅਕਤੀ ਆਪ ਹਮੇਸ਼ਾਂ ਲਈ ਮੁਕਤ ਹੋ ਜਾਂਦਾ ਹੈ, ਵਿਕਾਰਾਂ ਤੋਂ ਛੁੱਟ ਜਾਂਦਾ ਹੈ, ਅਤੇ ਆਪਣੀ ਸਾਰੀ ਕੁਲ ਨੂੰ ਵੀ ਸਿਧੇ ਰਸਤੇ ਪਾ ਜਾਂਦਾ ਹੈ। ਇਸ ਤਰ੍ਹਾਂ ਵਿਕਾਰਾਂ ਤੋਂ ਮੁਕਤ ਹੋਣਾ ਹੀ ਅਸਲ ਮੁਕਤੀ ਹੈ।
ਇਸ ਤਰ੍ਹਾਂ ਦੇ ਹੋਰ ਬਹੁਤ ਸ਼ਬਦ ਹਨ ਜੋ ਇਹ ਸਮਝਾਉਂਦੇ ਹਨ ਕਿ ਰੱਬੀ ਗੁਣਾਂ ਦੀ ਸੋਝੀ ਪਾ ਕੇ ਅਤੇ ਉਨ੍ਹਾਂ ਗੁਣਾਂ ਨੂੰ ਅਪਣਾ ਕੇ ਜੀਉਂਦੇ ਜੀ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿਉਂਦੇ ਜੀ ਮੁਕਤੀ ਦੀ ਪ੍ਰਾਪਤੀ ਹੀ ਜੀਵਨ ਦਾ ਅਸਲ ਮਨੋਰਥ ਹੈ। ਮਰਨ ਤੋਂ ਬਾਅਦ ਵਾਲੀ ਮੁਕਤੀ ਕੋਈ ਮੁਕਤੀ ਨਹੀਂ। ਇਹ ਹੈ ਗੁਰਬਾਣੀ ਅਨੁਸਾਰ ਮੁਕਤੀ ਦਾ ਸੰਕਲਪ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।
ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +61-468432632
E-mail- kanwar238@yahoo.com