ਕੀ ਮੌਜੂਦਾ ਅਕਾਲੀ ਦਲ ਮੁੜ ਤੋ ਪੰਥ ਦੀ ਪਹਿਰੇਦਾਰੀ ਵਾਲਾ ਸਰੋਮਣੀ ਅਕਾਲੀ ਦਲ ਬਣ ਸਕੇਗਾ ? - ਬਘੇਲ ਸਿੰਘ ਧਾਲੀਵਾਲ

ਸ਼ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਸਿੱਖ ਜਥੇਬੰਦੀ ਹੈ,ਜਿਹੜੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਪ੍ਰਧਾਨਗੀ ਹੇਠ ਬੁਲਾਏ ਇਕੱਠ ਵਿੱਚ ਜਥੇਦਾਰ ਝੱਬਰ ਵੱਲੋਂ ਇੱਕ ਪੰਥਕ ਪਾਰਟੀ ਦੇ ਗਠਨ ਦੀ ਰੱਖੀ ਗਈ ਤਜਵੀਜ ਨਾਲ ਹੋਂਦ ਵਿੱਚ ਆਈ।ਜਥੇਦਾਰ ਝੱਬਰ ਵੱਲੋਂ ਰੱਖੀ ਤਜਵੀਜ ਵਿੱਚ ਇਹ ਸੁਝਾਅ ਦਿੱਤੇ ਗਏ ਸਨ ਕਿ ਗੁਰਦੁਆਰਿਆਂ ਦੇ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਹੈ,ਇਸ ਲਈ ਅਜਿਹੀ ਸਿੱਖ ਜਥੇਬੰਦੀ ਕਾਇਮ ਕੀਤੀ ਜਾਵੇ,ਜਿਹੜੀ ਕੌਂਮ ਨੂੰ ਸਮਰਪਿਤ ਹੋਵੇ।ਉਹਨਾਂ ਵੱਲੋਂ ਰੱਖੇ ਗਏ ਸੁਝਾਵਾਂ ਵਿੱਚ ਇਹ ਜੋਰ ਦੇਕੇ ਕਿਹਾ ਗਿਆ ਸੀ ਕਿ ਇਸ ਪਾਰਟੀ ਦੇ ਸੇਵਕ ਸਾਲ ਵਿੱਚ ਘੱਟੋ ਘੱਟ ਇੱਕ ਮਹੀਨਾ ਪਾਰਟੀ ਨੂੰ ਸਮੱਰਪਿਤ ਹੋਣ।ਇਸ ਪਾਰਟੀ ਦਾ ਕੇਂਦਰ ਸ੍ਰੀ ਅਮ੍ਰਿਤਸਰ ਹੋਵੇਗਾ।ਸੋ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਉਸ ਮੌਕੇ ਸਿੱਖ ਸੇਵਕਾਂ ਦੀ ਭਾਵਨਾ ਕਿੰਨੀ ਪਾਕ ਸਾਫ ਸੀ,ਜਿੰਨਾਂ ਨੇ ਗੁਰਦੁਆਰਾ ਪਰਬੰਧ ਨੂੰ ਸੁਧਾਰਨ ਲਈ ਕੁਰਬਾਨੀਆਂ ਦੀ ਲੋੜ ਨੂੰ ਭਾਂਪਦਿਆ ਜਥੇਬੰਦੀ ਬਨਾਉਣ ਦਾ ਫੈਸਲਾ ਕੀਤਾ।ਜੇਕਰ ਇਸ ਪੰਥਕ ਜਜ਼ਬੇ ਨਾਲ ਲਬਰੇਜ਼ ਪਾਰਟੀ ਦੇ ਕਾਇਮੀ ਸਮੇ ਲਏ ਗਏ ਫੈਸਲਿਆਂ ਤੇ ਝਾਤ ਮਾਰੀ ਜਾਵੇ,ਤਾਂ ਇਹ ਸੱਚਮੁੱਚ ਹੀ ਕੌਂਮੀ ਹਿਤਾਂ ਨੂੰ ਪਰਨਾਈ ਹੋਈ ਜਥੇਬੰਦੀ ਸੀ ਜਿਸ ਨੇ ਕੌਂਮੀ ਹਿਤਾਂ ਦੇ ਮੱਦੇਨਜਰ ਭਵਿਖੀ ਫੈਸਲੇ ਲੈਣੇ ਸਨ।ਬੇਸ਼ੱਕ ਅਕਾਲੀਆਂ ਵਿੱਚ ਮੁੱਢ ਤੋਂ ਹੀ ਪਾਟੋਧਾੜ ਵਾਲੀ ਸਥਿੱਤੀ ਬਣੀ ਰਹੀ ਹੈ,ਪ੍ਰੰਤੂ ਮੌਜੂਦਾ ਹਾਲਾਤ ਦੇ ਮੁਕਾਬਲੇ ਉਸ ਮੌਕੇ ਦੇ ਸਿੱਖ ਆਗੂਆਂ ਦੀ ਕੌਂਮੀ ਭਾਵਨਾ ਵਿੱਚ ਦਿਨ ਰਾਤ ਜਿੰਨਾ ਫਰਕ ਨਜਰ ਆਉਂਦਾ ਹੈ।ਉਸ ਮੌਕੇ ਦੇ ਸਿੱਖਾਂ ਵਿੱਚ ਪਰਿਵਾਰਵਾਦ ਨਹੀ ਸੀ ਹੁੰਦਾ,ਉਹ ਹਰ ਸਮੇ ਕੌਂਮੀ ਸੇਵਾ ਨੂੰ ਸਮਰਪਿਤ ਸਨ।ਪ੍ਰੰਤੂ ਮੌਜੂਦਾ ਸਮੇ ਤੱਕ ਪਹੁੰਚਦਿਆਂ ਪਹੁੰਚਦਿਆਂ ਅਕਾਲੀ ਦਲ ਦੀ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ,ਜਿਸ ਦਾ ਮੁੱਖ ਕਾਰਨ ਜਿੱਥੇ ਨਿੱਜੀ ਲਾਲਸਾ,ਪਰਿਵਾਰਵਾਦ ਦਾ ਪੰਥਕ ਹਿਤਾਂ ਤੇ ਭਾਰੂ ਹੋਣਾ ਹੈ,ਓਥੇ ਪਾਰਟੀ ਆਗੂਆਂ ਵੱਲੋਂ ਸਿਧਾਂਤਹੀਣ ਗੱਠਜੋੜ ਵਾਲੇ ਰਾਸਤੇ ਅਖਤਿਆਰ ਕਰਨਾ ਵੀ ਅਕਾਲੀ ਦਲ ਦੀ ਇਸ ਅਧੋਗਤੀ ਲਈ ਜੁੰਮੇਵਾਰ ਹੈ।।ਜਿਸ ਪਾਰਟੀ ਦੀ ਕਾਇਮੀ ਦੇ ਮੁਢਲੇ ਸਾਲਾਂ ਵਿੱਚ ਹੀ ਇਹ ਮਹਿਸੂਸ ਕੀਤਾ ਜਾ ਚੁੱਕਾ ਹੋਵੇ ਕਿ ਕੋਈ ਵੀ ਅਕਾਲੀ ਦਲ ਦਾ ਆਹੁਦੇਦਾਰ  ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਹੁਦੇਦਾਰ ਨਹੀ ਬਣੇਗਾ,ਤਾਂ ਸਮਝਣਾ ਚਾਹੀਦਾ ਹੈ ਕਿ ਇਸ ਦਾ ਕਾਰਨ ਕੀ ਰਿਹਾ ਹੋਵੇਗਾ।ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠ ਕਰਕੇ ਪਾਰਟੀ ਬਨਾਉਣ ਦਾ ਮਤਲਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੋ ਸੇਧ ਲੈ ਕੇ ਚੱਲਣਾ,ਰਾਜਨੀਤੀ ਧਰਮ ਦੇ ਅਧੀਨ ਰਹਿ ਕੇ ਕਰਨੀ,ਪ੍ਰੰਤੂ ਮੌਜੂਦਾ ਹਾਲਾਤ ਇਹ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰੋਮਣੀ ਅਕਾਲੀ ਦਲ ਚਲਾ ਰਿਹਾ ਹੈ,ਤੇ ਜੋ ਫੈਸਲੇ ਅਕਾਲੀ ਦਲ ਦਾ ਮੁਖੀ ਚਾਹੁੰਦਾ ਹੈ,ਉਹ ਸ੍ਰੀ ਅਕਾਲ ਤਖਤ ਸਾਹਿਬ ਤੋ ਲਏ ਜਾਂਦੇ ਹਨ।ਧਰਮ ਦੇ ਅਧੀਨ ਰਹਿ ਕੇ ਚੱਲਣ ਵਾਲੀ ਸਿਆਸੀ ਪਾਰਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਅਪਣੇ ਅਧੀਨ ਕਰ ਲਿਆ ਹੋਇਆ ਹੈ,ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਰਾਜਨੀਤੀ ਦੀ ਮਜਬੂਤ ਪਕੜ ਵਿੱਚ ਲੈ ਲਿਆ ਹੋਇਆ ਹੈ,ਜਿਸ ਦਾ ਖਮਿਆਜਾ ਪੰਥ ਵਿੱਚ ਪਈ ਪਾਟੋਧਾੜ ਅਤੇ ਸਿੱਖੀ ਸਿਧਾਤਾਂ ਦੇ ਘਾਣ ਦੇ ਰੂਪ ਵਿੱਵ ਭੁਗਤਿਆ ਜਾ ਰਿਹਾ ਹੈ।ਇਸ ਪੰਥਕ ਜਜ਼ਬੇ ਵਾਲੀ ਪਾਰਟੀ ਅੰਦਰ ਜਿਆਦਾ ਨਿਘਾਰ ਉਸ ਮੌਕੇ ਆਇਆ ਜਦੋ 1994 ਵਿੱਚ ਅਕਾਲੀ ਦਲ ਨੂੰ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਅਪਣੀ ਮੋਗਾ ਰੈਲੀ ਵਿੱਚ ਪੰਜਾਬੀ ਪਾਰਟੀ ਦਾ ਨਾਮ ਦੇ ਦਿੱਤਾ,ਉਸ ਤੋ ਬਾਅਦ ਆਰ ਐਸ ਐਸ ਅਤੇ ਉਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨਾਲ ਹੋਏ ਸਮਝੌਤੇ ਨੇ ਸ੍ਰ ਪ੍ਰਕਾਸ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਤਾਂ ਬਣਾ ਦਿੱਤਾ,ਪ੍ਰੰਤੂ ਅਕਾਲੀ ਦਲ ਅਪਣੇ ਪਿਛੋਕੜ ਤੋ ਹਮੇਸਾਂ ਲਈ ਟੁੱਟ ਕੇ ਭਾਜਪਾ ਦਾ ਹੋ ਕੇ ਰਹਿ ਗਿਆ।ਪੰਜਾਬੀ ਬੋਲਦੇ ਇਲਾਕੇ,ਪੰਜਾਬ ਦੇ ਪਾਣੀ,ਡੈਮਾਂ,ਬਿਜਲੀ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ,ਜਿਸ ਨੂੰ ਅਧਾਰ ਬਣਾ ਕੇ ਧਰਮ ਯੁੱਧ ਮੋਰਚਾ ਲੱਗਾ ਤੇ ਅਖੀਰ 1984 ਦਾ ਫੌਜੀ ਹਮਲਾ ਹੋਇਆ,ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ,ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਸਮੇਤ ਸੈਕੜੇ ਨੌਜਵਾਨ ਅਤੇ ਹਜਾਰਾਂ ਨਿਹੱਥੇ ਸਿੱਖ ਸ਼ਹੀਦ ਹੋਏ,ਉਹਨਾਂ ਮੰਗਾਂ ਅਤੇ ਮਤੇ ਦਾ ਬਿਲਕੁਲ ਹੀ ਭੋਗ ਪਾ ਦਿੱਤਾ ਗਿਆ।ਅਕਾਲੀ ਦਲ ਦੀ ਜਿਆਦਾ ਮਿੱਟੀ ਪਲੀਤ ਉਸ ਮੌਕੇ ਹੋਈ ਜਦੋ ਪੰਜਾਬ ਅੰਦਰ ਅਕਾਲੀ ਦਲ, ਭਾਜਪਾ ਦੀ ਸਾਂਝੀ ਸਰਕਾਰ ਦੇ ਹੁੰਦਿਆਂ ਪੰਜਾਬ ਅੰਦਰ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਨਿਰੰਤਰ ਚੱਲਿਆ ਅਤੇ ਇਹਨਾਂ ਅਤਿ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਦਾ ਪਤਾ ਲਾਉਣ ਦੀ ਬਜਾਏ,ਬੇਅਦਬੀਆਂ ਦੇ ਰੋਸ ਵਿੱਚ ਪ੍ਰਦਰਸ਼ਣ ਕਰਦੀਆਂ ਸਿੱਖ ਸੰਗਤਾਂ ਤੇ ਅਕਾਲੀ ਸਰਕਾਰ ਨੇ ਗੋਲੀ ਚਲਾਉਣ ਦਾ ਹੁਕਮ ਦੇ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ।ਇਹਨਾਂ ਬੇਅਦਬੀਆਂ ਅਤੇ ਗੋਲੀਕਾਂਡ ਦੇ ਰੋਸ ਨੇ ਹੀ ਅਕਾਲੀ ਦਲ ਦੀ ਹਾਲਤ ਪਾਣੀਓਂ ਪਤਲੀ ਕਰ ਦਿੱਤੀ।ਪਾਰਟੀ ਦੇ ਵਫਾਦਾਰਾਂ ਨੇ ਪਾਰਟੀ ਤੋ ਕਿਨਾਰਾ ਕਰਨ ਨੂੰ ਤਰਜੀਹ ਦਿੱਤੀ।ਲੋਕਾਂ ਵਿੱਚ ਗੁਆਚੀ ਸਾਖ ਨੂੰ ਮੁੜ ਬਹਾਲ ਕਰਨ ਲਈ ਭਾਂਵੇ ਅਕਾਲੀ ਦਲ ਦਾ ਮੌਜੂਦਾ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਯਤਨਸੀਲ ਹੈ,ਪ੍ਰਤੂ ਉਹਨਾਂ ਦੇ ਯਤਨਾਂ ਨੂੰ ਬੂਰ ਪੈਂਦਾ ਨਜਰ ਨਹੀ ਆ ਰਿਹਾ।ਬੀਤੇ ਦਿਨੀ ਪਾਰਟੀ ਦੇ ਵੱਡੇ ਥੰਮ ਸਮਝੇ ਜਾਂਦੇ ਸ੍ਰ ਸੁਖਦੇਵ ਸਿੰਘ ਢੀਡਸਾ ਨੇ ਪਾਰਟੀ ਚੋ ਕੱਢੇ ਟਕਸਾਲੀਆਂ ਨਾਲ ਹੱਥ ਮਿਲਾ ਕੇ ਸੁਖਬੀਰ ਸਿੰਘ ਬਾਦਲ ਨੂੰ ਚੈਲੰਜ ਦੇਣ ਲਈ ਮਹਿੰਮ ਅਰੰਭ ਦਿੱਤੀ ਹੈ।ਉਹਨਾਂ ਵੱਲੋਂ ਅਪਣੇ ਪਰੋਗਰਾਮ ਦਾ ਐਲਾਨ ਪਾਰਟੀ ਦੀ 99ਵੀ ਵਰੇਗੰਢ ਮੌਕੇ ਸ੍ਰੀ ਅਮ੍ਰਿਤਸਰ ਵਿਖੇ ਕੀਤਾ ਜਾਣਾ ਹੈ,ਪ੍ਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਸਰੋਮਣੀ ਅਕਾਲੀ ਦਲ ਮੁੜ ਤੋ ਅਪਣੀਆਂ ਪੁਰਾਤਨ ਲੀਹਾਂ ਤੇ ਆ ਸਕੇਗਾ,ਇਸ ਗੱਲ ਦੀ ਸੰਭਾਵਨ ਬਹੁਤ ਘੱਟ ਨਜਰ ਪੈਂਦੀ ਹੈ,ਕਿਉਕਿ ਅਕਾਲੀ ਦਲ ਨੂੰ ਬਚਾਉਣ ਲਈ ਇਕੱਠੇ ਹੋ ਰਹੇ ਕੁੱਝ ਧੜਿਆਂ ਦੀ ਅਪਣੀ ਭਰੋਸੇਯੋਗਤਾ ਵੀ ਸ਼ੱਕ ਦੇ ਘੇਰੇ ਵਿੱਚ ਹੈ।ਸ੍ਰ ਢੀਡਸਾ ਦੀ ਭਾਜਪਾ ਹਾਈ ਕਮਾਂਡ ਨਾਲ ਨੇੜਤਾ ਕਿਸੇ ਤੋ ਲੁਕੀ ਛੁਪੀ ਨਹੀ ਹੈ,ਅਤੇ ਉਸ ਨੇੜਤਾ ਨੂੰ ਮੁੜ ਰਾਜਨੀਤਕ ਸਾਂਝਾਂ ਵਿੱਚ ਬਦਲਣ ਦੀਆਂ ਚਰਚਾਵਾਂ ਵੀ ਜੋਰਾਂ ਤੇ ਚੱਲ ਰਹੀਆਂ ਹਨ।ਉਧਰ ਬੈਸ ਭਰਾਵਾਂ ਅਤੇ ਸੁਖਪਾਲ ਖਹਿਰੇ ਦੀ ਵੀ ਗਾਹੇ ਬ ਗਾਹੇ ਭਾਜਪਾ ਨਾਲ ਜੋਟੀ ਪਾਉਣ ਦੀ ਚਰਚਾ ਚੱਲਦੀ ਰਹੀ ਹੈ,ਫਿਰ ਅਜਿਹੇ ਹਾਲਾਤਾਂ ਦੇ ਮੱਦੇਨਜਰ ਸੁਆਲ ਇਹ ਉਠਦਾ ਹੈ ਕਿ ਕੀ ਦਿੱਲੀ ਦੇ ਥਾਪੜੇ ਨਾਲ ਅਕਾਲੀ ਦਲ ਨੂੰ ਮੁੜ ਕੇ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਵਾਲਾ ਸ਼ਰੋਮਣੀ ਅਕਾਲੀ ਦਲ ਬਣਾਇਆ ਜਾ ਸਕੇਗਾ, ਇਸ ਦਾ ਜਵਾਬ ਨਾਹ ਵਿੱਚ ਹੀ ਮਿਲੇਗਾ,ਕਿਉਕਿ ਭਾਜਪਾ ਨਾਲ ਸਾਂਝ ਕਦੇ ਵੀ ਪੰਜਾਬ ਦੇ ਹਿਤ ਵਿੱਚ ਨਹੀ ਹੋ ਸਕਦੀ। ਜੇਕਰ ਮੁੜ ਤੋ ਸਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਪਾਰਟੀ ਵਜੋ ਮਜਬੂਤ ਕਰਨ ਦਾ ਨੇਕ ਇਰਾਦਾ ਹੈ,ਤਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹਾਉਮੈ ਨੂੰ ਤਿਆਗਣਾ ਪਵੇਗਾ,ਸਿਧਾਤਕ ਮੱਤਭੇਦ ਦੂਰ ਕਰਕੇ ਅਪਣੇ ਭਰਾਵਾਂ ਨਾਲ ਹੱਥ ਮਿਲਾਉਣਾ ਪਵੇਗਾ,ਦਿੱਲੀ ਦੀ ਸਾਂਝ ਨਾਲੋਂ ਪੰਥਕ ਧੜਿਆਂ ਨਾਲ ਸਾਂਝ ਪਾਉਣ ਨੂੰ ਪਹਿਲ ਦੇਣੀ ਪਵੇਗੀ,ਨਹੀ ਫਿਰ ਭਾਜਪਾ ਨਾਲ ਸਾਂਝ ਪਾਕੇ ਅਕਾਲੀ ਦਲ ਨੂੰ,ਬਾਦਲ ਪਰਿਵਾਰ ਦੇ ਕਬਜੇ ਚੋ ਕੱਢ ਕੇ ਰਾਜਨੀਤਕ ਲਾਹਾ  ਤਾਂ ਲਿਆ ਜਾ ਸਕਦਾ ਹੈ,ਪਰੰਤੂ ਇਹ ਕਹਿਣਾ ਕਿ ਸਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਵਜੋਂ ਉੱਭਰ ਸਕੇਗਾ,ਇਹ ਬੇਹੱਦ ਹੀ ਮੁਸ਼ਕਲ ਅਤੇ ਅਸੰਭਵ ਹੈ।ਦੂਸਰਾ ਪੱਖ ਇਹ ਵੀ ਹੈ ਕਿ ਪੰਥ ਦਾ ਕੁੱਝ ਹੋਵੇ ਜਾਂ ਨਾਂ ਹੋਵੇ ਸ੍ਰ ਸੁਖਦੇਵ ਸਿੰਘ ਢੀਡਸੇ ਦਾ ਇਹ ਪੈਂਤੜਾ ਜਥੇਦਾਰ ਗੁਰਚਰਨ ਸਿੰਘ ਟੌਹੜੇ ਵਾਲੀ ਭੂਮਿਕਾ ਜਰੂਰ ਨਿਭਾ ਸਕਦਾ ਹੈ,ਪੰਜਾਬ ਅੰਦਰ ਅਕਾਲੀ ਦਲ ਬਾਦਲ ਦੇ ਨਾਲ ਨਾਲ ਕਾਂਗਰਸ ਦਾ ਅਧਾਰ ਵੀ ਰਹਿੰਦਾ ਪਰਤੀਤ ਨਹੀ ਹੁੰਦਾ,ਇਸ ਲਈ ਇਸ ਪੈਂਤੜੇ ਦਾ ਲਾਭ ਕਿਸੇ ਤੀਜੀ ਧਿਰ ਨੂੰ ਹੋਣਾ ਸੁਭਾਵਿਕ ਹੈ,ਪ੍ਰੰਤੂ ਪੰਜਾਬ,ਪੰਜਾਬੀਅਤ ਅਤੇ ਪੰਥ ਦੇ ਭਲੇ ਦੀ ਕੋਈ ਸੰਭਾਵਨਾ ਨਹੀ ਹੈ।

ਬਘੇਲ ਸਿੰਘ ਧਾਲੀਵਾਲ
99142-58142