ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
16 Dec. 2019
ਬੇਅਦਬੀ, ਸੌਦਾ-ਸਾਧ, ਪੁੱਤਰ ਮੋਹ ਬਾਦਲ ਪਰਵਾਰ ਲਈ ਪਤਨ ਦਾ ਕਾਰਨ ਬਣਿਆਂ-ਇਕ ਖ਼ਬਰ
ਹਵਾ ਉਤਲੀ 'ਚ ਜਾ ਕੇ ਫਟ ਜਾਂਦੇ, ਜਿਹਨਾਂ ਗੁੱਡਿਆਂ ਨੂੰ ਖੁੱਲ੍ਹੀ ਡੋਰ ਲੱਭੇ।
ਡੈਮੋਕਰੈਟਾਂ ਨੇ ਟਰੰਪ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਦੱਸਿਆ-ਇਕ ਖ਼ਬਰ
ਕਿੱਕਰ 'ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖ਼ਮਾਇਆ।
ਪੀ.ਐਮ.ਸੀ. ਬੈਂਕ ਦੇ ਦੇ ਗਾਹਕ ਪ੍ਰਦਰਸ਼ਨ ਤੋਂ ਬਾਅਦ ਹਿਰਾਸਤ ਵਿਚ- ਇਕ ਖ਼ਬਰ
ਯਾਨੀ ਕਿ ਜਿਹੜੇ ਲੁੱਟੇ ਗਏ ਉਹੋ ਹੀ ਜੇਹਲ ਵਿਚ, ਵਾਹ ਰੇ ਭਾਰਤ ਦੇ ਨਿਆਂ ਸਿਸਟਮ।
ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਕੋਈ ਪ੍ਰਸਤਾਵ ਨਹੀਂ - ਆਸ਼ਾ ਕੁਮਾਰੀ
ਐਵੇਂ ਹੀ ਰੌਲ਼ਾ ਪੈ ਗਿਆ, ਐਵੇਂ ਹੀ ਰੌਲ਼ਾ ਪੈ ਗਿਆ।
ਰਾਜ ਸਭਾ ਦੇ ਮੈਂਬਰਾਂ ਨੇ ਆਪਣੀ ਤਨਖਾਹ ਤੋਂ ਕਈ ਗੁਣਾ ਵਧੇਰੇ ਟੀ.ਏ.ਡੀ.ਏ. ਵਸੂਲਿਆ-ਇਕ ਖ਼ਬਰ
ਭਰ ਲਉ ਝੋਲ਼ੀਆਂ ਮਿੱਤਰੋ ਕਿ ਲੱਡੂਆਂ ਦਾ ਮੀਂਹ ਵਰ੍ਹਦਾ।
ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਚੀਮਾ ਵਲੋਂ ਜ਼ਮਾਨਤ ਲਈ ਅਰਜ਼ੀ- ਇਕ ਖ਼ਬਰ
ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ!
ਸ਼੍ਰੋਮਣੀ ਅਕਾਲੀ ਦਲ ਦਾ 99 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਅਕਾਲੀ ਤੇ ਟਕਸਾਲੀ ਆਹਮੋ-ਸਾਹਮਣੇ-ਇਕ ਖ਼ਬਰ
ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਤਰੂ ਵੜੇਂਵੇਂ ਖਾਣੀ।
ਸੁਖਦੇਵ ਸਿੰਘ ਢੀਂਡਸਾ ਦੇ ਹੱਕ ਵਿਚ ਨਿੱਤਰਿਆ ਬਲਵੰਤ ਸਿੰਘ ਰਾਮੂਵਾਲੀਆ-ਇਕ ਖ਼ਬਰ
ਓਧਰੋਂ ਰੁਮਾਲ ਹਿੱਲਿਆ, ਮੇਰੀ ਇਧਰੋਂ ਹਿੱਲੀ ਫੁੱਲਕਾਰੀ।
ਸੱਤਾਧਾਰੀ ਧਿਰ ਦੇ ਮੰਤਰੀ ਆਪਣੀਆਂ ਜੇਬਾਂ ਭਰਨ 'ਚ ਵਿਅਸਤ- ਸੁਖਬੀਰ ਬਾਦਲ
ਅੱਧੋ ਅੱਧ ਨਾ ਸਹੀ ਪਰ ਬਾਕੀਆਂ ਦਾ ਵੀ ਕੁਝ ਤਾਂ ਖ਼ਿਆਲ ਰੱਖਣ।
ਮਹਿਲਾਵਾਂ ਖ਼ਿਲਾਫ਼ ਅਪਰਾਧਾਂ 'ਚ ਨਾਮਜ਼ਦ ਸਭ ਤੋਂ ਵੱਧ ਕਾਨੂੰਨਸਾਜ਼ (ਐਮ.ਪੀ.) ਭਾਜਪਾ ਦੇ- ਇਕ ਖ਼ਬਰ
ਸੁਣ ਲੈ ਨਿਹਾਲੀਏ ਚੋਰਾਂ ਦੀਆਂ ਗੱਲਾਂ।
ਅਕਾਲੀ ਦਲ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਾਵਾਂਗੇ- ਢੀਂਡਸਾ
ਨਾਲ਼ੇ ਤੇਰੇ ਬੰਦ ਜਾਣਗੇ, ਨਾਲ਼ ਜਾਊਗੀ ਸਾਧ ਦੀ ਲੋਈ।
ਅਰਥਚਾਰੇ ਨੂੰ ਪੈਰਾਂ-ਸਿਰ ਕਰਨ ਲਈ ਹੋਰ ਕਦਮ ਪੁੱਟੇ ਜਾਣਗੇ-ਸੀਤਾਰਮਨ
ਜ਼ਰਾ ਸੰਭਲ ਕੇ ਤੁਰੀਂ ਮੁਟਿਆਰੇ, ਗਿੱਟੇ ਦੀ ਮਚਕੋੜ ਬੁਰੀ।
600 ਰੁਪਏ ਦੀ ਪੈਨਸ਼ਨ ਲਈ 100 ਸਾਲਾ ਬਜ਼ੁਰਗ ਔਰਤ ਨੇ ਕੀਤਾ 40 ਕਿਲੋਮੀਟਰ ਸਫ਼ਰ-ਇਕ ਖ਼ਬਰ
ਮੇਰਾ ਭਾਰਤ ਮਹਾਨ!
ਨਾਗਰਿਕਤਾ ਬਿੱਲ 'ਤੇ ਪਾਕਿਸਤਾਨ ਦੀ ਬੋਲੀ ਬੋਲ ਰਹੀ ਹੈ ਵਿਰੋਧੀ ਧਿਰ- ਮੋਦੀ
ਨੀਂ ਉਹ ਲੰਬੜਾਂ ਦਾ ਮੁੰਡਾ ਬੋਲੀ ਹੋਰ ਬੋਲਦਾ।
ਲੜਕਿਆਂ ਨੂੰ 'ਸੁਧਾਰਨ' ਲਈ ਸਹੁੰ ਚੁਕਾਈ ਜਾਵੇਗੀ- ਕੇਜਰੀਵਾਲ
ਕੇਜਰੀਵਾਲ ਸਾਬ੍ਹ ਪਾਰਲੀਮੈਂਟ 'ਚ 'ਸਵੱਛ ਅਭਿਆਨ' ਚਲਾਉਣ ਦੀ ਗੱਲ ਕਰੋ।