'ਅਣਗਾਹੇ ਰਾਹ' ਪੁਸਤਕ ਪਰਵਾਸੀਆਂ ਦੀ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੀ ਕਹਾਣੀ - ਉਜਾਗਰ ਸਿੰਘ
ਗਿਆਨ ਸਿੰਘ ਸੰਧੂ ਦੀ ਪੁਸਤਕ ''ਅਣਗਾਹੇ ਰਾਹ'' ਪਰਵਾਸੀਆਂ ਦੀ ਜ਼ਿੰਦਗੀ ਵਿਚ ਸਫਲ ਹੋਣ ਲਈ ਜਦੋਜਹਿਦ ਭਰੀ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਦੀ ਦਾਸਤਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਪੁਸਤਕ ਨੂੰ ਪੜ੍ਹਨ ਲੱਗਿਆਂ ਇਹ ਸਵੈ ਜੀਵਨੀ ਜਾਪਦੀ ਸੀ ਪ੍ਰੰਤੂ ਜਦੋਂ ਪੂਰੀ ਪੁਸਤਕ ਪੜ੍ਹ ਲਈ ਤਾਂ ਮਹਿਸੂਸ ਹੋਇਆ ਕਿ ਇਹ ਇਕੱਲੇ ਗਿਆਨ ਸਿੰਘ ਸੰਧੂ ਦੀ ਕਹਾਣੀ ਨਹੀਂ ਸਗੋਂ ਇਹ ਕੈਨੇਡਾ ਵਿਚ ਵਸ ਰਹੇ ਹਰ ਪਰਵਾਸੀ ਦੀ ਸਵੈ ਜੀਵਨੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਿੱਖਾਂ/ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿਚ ਸੱਤ ਸਮੁੰਦਰੋਂ ਪਾਰ ਜਾ ਕੇ ਅਨੇਕਾਂ ਮੁਸ਼ਕਲਾਂ, ਦੁਸ਼ਵਾਰੀਆਂ ਅਤੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਦਾ ਹੋਇਆ ਸਫਲ ਹੋਇਆ ਹੈ। ਇਹ ਦਰਦ ਭਰੀ ਕਹਾਣੀ ਪੰਜਾਬੀਆਂ ਦੇ ਪਰਵਾਸ ਵਿਚ ਵਸਣ ਅਤੇ ਸਫਲ ਹੋਣ ਦੇ ਲਿਖੇ ਜਾਣ ਵਾਲੇ ਇਤਿਹਾਸ ਦਾ ਹਿੱਸਾ ਬਣ ਗਈ ਹੈ। ਇਹ ਪੁਸਤਕ ਪੜ੍ਹਕੇ ਹਰ ਪਰਵਾਸੀ ਨੂੰ ਇਹ ਉਸਦੀ ਆਪਣੀ ਜਦੋਜਹਿਦ ਦੀ ਦਾਸਤਾਂ ਲੱਗਦੀ ਹੈ। ਇਹੋ ਗਿਆਨ ਸਿੰਘ ਸੰਧੂ ਦੀ ਪ੍ਰਾਪਤੀ ਹੈ। 248 ਪੰਨਿਆਂ ਦੀ ਇਹ ਪੁਸਤਕ ਯੂਨੀਸਟਾਰ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋਂ ਪ੍ਰਕਾਸ਼ਤ ਕੀਤੀ, ਗਿਆਨ ਸਿੰਘ ਸੰਧੂ ਦੀ ਪੰਜਾਬੀ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਸਿੱਖ ਜਗਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 2017 ਤੱਕ ਦੇ ਸਮੇਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਲੜੀਵਾਰ ਮੋਤੀਆਂ ਦੀ ਤਰ੍ਹਾਂ ਪ੍ਰੋਇਆ ਗਿਆ ਹੈ। ਲੇਖਕ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਇਨ੍ਹਾਂ ਘਟਨਾਵਾਂ ਦੇ ਸਿੱਖ ਜਗਤ ਉਪਰ ਪਏ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਸੰਧੂ ਦੀ ਲੇਖਣੀ ਦਾ ਉਸਾਰੂ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਜਿਸ ਵਿਚ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਬਾਦ ਕਰਨ ਦੀ ਵਿਚਾਰਧਾਰਾ ਦਾ ਆਸਰਾ ਲੈਣ ਦੀ ਨਸੀਅਤ ਦਿੱਤੀ ਹੈ। ਹਰ ਸਮੱਸਿਆ ਦਾ ਹਲ ਸੰਬਾਦ ਨਾਲ ਕਰਨ ਲਈ ਕਿਹਾ ਹੈ ਕਿਉਂਕਿ ਟਕਰਾਓ ਨਾਲ ਸਾਰਥਿਕ ਨਤੀਜੇ ਨਹੀਂ ਨਿਕਲਦੇ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ, ਪੰਡਤਾਂ ਅਤੇ ਮੱਕੇ ਵਿਖੇ ਮੁਸਲਮਾਨ ਭਾਈਚਾਰੇ ਨਾਲ ਸੰਬਾਦ ਕਰਕੇ ਆਪਣੀ ਗੱਲ ਨੂੰ ਮੰਨਵਾਇਆ ਸੀ। ਸਾਂਤਮਈ ਢੰਗ ਨਾਲ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਕੰਮ ਵਿਚ ਸੰਧੂ ਨੇ ਸ਼ਾਂਤਮਈ ਢੰਗ ਵਰਤਿਆ ਉਥੇ ਹੀ ਸਫਲਤਾ ਨੇ ਉਸਦੀਆਂ ਮੰਜ਼ਲਾਂ ਸਫਲ ਕੀਤੀਆਂ। ਭਾਵੇਂ ਸਿੱਖਾਂ ਅਤੇ ਗਿਆਨ ਸਿੰਘ ਸੰਧੂ 'ਤੇ ਅਨੇਕਾਂ ਦੋਸ਼ ਅਤੇ ਤੂਹਮਤਾਂ ਲੱਗੀਆਂ ਪ੍ਰੰਤੂ ਸ਼ਾਂਤੀ ਨਾਲ ਸੰਬਾਦ ਕਰਨ ਕਰਕੇ ਅਖ਼ੀਰ ਕੈਨੇਡਾ ਵਿਚ ਸਿੱਖ ਮੁੱਖ ਧਾਰਾ ਵਿਚ ਆਕੇ ਵਿਲੱਖਣ ਯੋਗਦਾਨ ਪਾ ਰਹੇ ਹਨ। ਪੰਜਾਬੀ ਦੀ ਇਕ ਕਹਾਵਤ ਹੈ 'ਪੰਜਾਬੀਆਂ ਨੂੰ ਜੰਮਦਿਆਂ ਨਿਤ ਮੁਹਿੰਮਾ'। ਪੰਜਾਬੀ ਇਨ੍ਹਾਂ ਮੁਹਿੰਮਾ ਵਿਚ ਹਮੇਸ਼ਾ ਸਫਲ ਹੁੰਦੇ ਰਹੇ ਹਨ ਜਿਵੇਂ ਗਿਆਨ ਸਿੰਘ ਸੰਧੂ ਸਫਲ ਹੋਇਆ ਹੈ। ਉਸ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਜਦੋਂ ਉਹ ਕੈਨੇਡਾ ਜਾਣ ਤੋਂ ਬਾਅਦ, ਪਹਿਲੀ ਵਾਰ ਨੌਕਰੀ ਲੈਣ ਲਈ ਜਿਸ ਗੋਰੇ ਵਿਅਕਤੀ ਕੋਲ ਗਿਆ ਸੀ, ਉਸਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਅਖ਼ੀਰ ਉਹੀ ਗੋਰਾ ਉਸਦੇ ਕੋਲ ਨੌਕਰੀ ਲੈਣ ਲਈ ਆਇਆ ਤੇ ਉਸ ਦੇ ਕਾਰੋਬਾਰ ਵਿਚ ਨੌਕਰੀ ਕਰਦਾ ਰਿਹਾ।
ਗਿਆਨ ਸਿੰਘ ਸੰਧੂ ਦੇ ਜੀਵਨ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਇਨਸਾਨ ਆਪਣੇ ਧਰਮ ਵਿਚ ਪਰਪੱਕ ਹੋਵੇਗਾ ਤਾਂ ਹੀ ਉਸਨੂੰ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ। ਪਰਵਾਸ ਵਿਚ ਜਾ ਕੇ ਵਸਣ ਵਾਲੇ ਪੰਜਾਬੀਆਂ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਹੋਵੇਗੀ ਕਿਉਂਕਿ ਲੇਖਕ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਸ਼ਾਖ ਘਟਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਣੇ ਸਫਾਰਤਖਾਨੇ ਦੇ ਅਮਲੇ ਦੇ ਤਾਣੇ ਪੇਟੇ ਰਾਹੀਂ ਕੀਤੀਆਂ ਕਰਤੂਤਾਂ ਦਾ ਪਾਜ ਵੀ ਉਘੇੜਿਆ ਹੈ। ਭਾਰਤ ਸਰਕਾਰ ਦੀ ਸਿੱਖਾਂ ਦੀ ਵੱਧਦੀ ਸ਼ੋਹਰਤ ਨੂੰ ਰੋਕਣ ਲਈ ਪਰਵਾਸ ਦੇ ਗੁਰਦੁਆਰਿਆਂ ਵਿਚ ਧੜੇਬੰਦੀ ਪੈਦਾ ਕਰਕੇ ਸੂਹੀਆ ਤੰਤਰ ਦਾ ਜਾਲ ਵਿਛਾਕੇ ਉਨ੍ਹਾਂ ਨੂੰ ਦੋਫਾੜ ਕਰਨ ਦੇ ਢੰਗ ਨੂੰ ਵੀ ਨੰਗਿਆਂ ਕੀਤਾ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਗਰਦਾਨਕੇ ਕੈਨੇਡਾ ਸਰਕਾਰ ਨੂੰ ਵੀ ਗ਼ਲਤ ਗੁਪਤ ਜਾਣਕਾਰੀ ਦੇ ਕੇ ਸਿੱਖਾਂ ਵਿਰੁੱਧ ਭੜਕਾਇਆ ਜਾਂਦਾ ਰਿਹਾ ਹੈ। ਗਿਆਨ ਸਿੰਘ ਸੰਧੂ ਲਗਪਗ ਅੱਧੀ ਸਦੀ ਤੋਂ ਪਰਵਾਸ ਵਿਚ ਵਿਚਰ ਰਿਹਾ ਹੈ ਪ੍ਰੰਤੂ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਸ ਉਪਰ ਪੰਜਾਬ ਦੀਆਂ ਘਟਨਾਵਾਂ ਦਾ ਡੂੰਘਾ ਪ੍ਰਭਾਵ ਪਿਆ ਜਿਸਦਾ ਸੰਤਾਪ ਸਮੁੱਚਾ ਸਿੱਖ ਭਾਈਚਾਰਾ ਹੰਢਾਉਂਦਾ ਰਿਹਾ। ਇਸ ਵਜਾਹ ਕਰਕੇ ਪੰਜਾਬੀ ਭਾਈਚਾਰਾ ਕੈਨੇਡਾ ਵਿਚ ਹਾਸ਼ੀਏ ਤੋਂ ਦੂਰ ਰੱਖਿਆ ਗਿਆ। ਗਿਆਨ ਸਿੰਘ ਸੰਧੂ ਦੀ ਘਾਲਣਾ ਨੇ ਸਿੱਖ ਭਾਈਚਾਰੇ ਨੂੰ ਮੁੱਖਧਾਰਾ ਵਿਚ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਕਿਉਂਕਿ ਉਹ ਕੈਨੇਡਾ ਸਰਕਾਰ ਨੂੰ ਇਹ ਗੱਲ ਦਲੀਲਾਂ ਨਾਲ ਸਮਝਾਉਣ ਵਿਚ ਸਫਲ ਹੋਇਆ ਕਿ ਸਿੱਖ ਧਰਮ ਦੇ ਪੈਰੋਕਾਰ ਧਰਮ ਨਿਰਪੱਖ ਅਤੇ ਸ਼ਾਂਤੀ ਪਸੰਦ ਹਨ। ਜਿਹੜਾ ਉਨ੍ਹਾਂ ਬਾਰੇ ਗ਼ਲਤ ਪ੍ਰਚਾਰ ਕੀਤਾ ਗਿਆ ਉਹ ਗੈਰ ਵਾਜਬ ਹੈ। ਮੁੱਖ ਤੌਰ ਤੇ 'ਅਣਗਾਹੇ ਰਾਹ' ਦਾ ਵਿਸ਼ਾ ਭਾਰਤ ਅਤੇ ਕੈਨੇਡਾ ਵਿਚ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ 'ਤੇ ਹੋ ਰਹੀਆਂ ਜ਼ਿਆਦਤੀਆਂ ਅਤੇ ਬਦਨਾਮ ਕਰਨ ਦਾ ਵਿਵਰਣ ਦਿੰਦਾ ਹੈ। ਸਿੱਖ ਉਨ੍ਹਾਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਹੋਏ ਹਾਸ਼ੀਏ ਤੋਂ ਮੁੱਖ ਧਾਰਾ ਵਿਚ ਸ਼ਾਮਲ ਹੋ ਜਾਂਦੇ ਹਨ। ਪੁਸਤਕ ਵਿਚ ਗਿਆਨ ਸਿੰਘ ਸੰਧੂ ਨੇ ਸੰਕੇਤਕ ਤੌਰ ਤੇ ਲਿਖਿਆ ਹੈ ਕਿ ਭਾਰਤ ਸਰਕਾਰ ਦੇ ਸਫਾਰਤਖਾਨੇ ਆਪਣੀ ਸਰਕਾਰੀ ਮਸ਼ਨਰੀ ਦੀ ਗੁਪਤ ਮਦਦ ਨਾਲ ਕੁਝ ਲੋਕਾਂ ਤੋਂ ਖਾਲਿਸਤਾਨ ਦਾ ਪਰਪੰਚ ਚਲਾਕੇ ਸਿੱਖਾਂ ਨੂੰ ਬਦਨਾਮ ਕਰਦੇ ਰਹੇ ਹਨ। ਉਨ੍ਹਾਂ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪ੍ਰੰਤੂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਵਾਜ ਉਠਾਉਣ ਵਾਲਿਆਂ ਦੇ ਸ਼ਾਂਤੀ ਪੂਰਬਕ ਢੰਗ ਨਾਲ ਕੰਮ ਕਰਨ ਕਰਕੇ ਵੀ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਦਰਜ ਕਰਕੇ ਪੰਜਾਬ ਦੀ ਧਰਤੀ ਤੇ ਜਾਣ ਤੋਂ ਰੋਕਿਆ ਜਾਂਦਾ ਰਿਹਾ ਹੈ।
ਇਸ ਪੁਸਤਕ ਨੂੰ ਭਾਵੇਂ ਗਿਆਨ ਸਿੰਘ ਸੰਧੂ ਨੇ ਦਸ ਭਾਗਾਂ ਵਿਚ ਵੰਡਿਆ ਹੈ ਪ੍ਰੰਤੂ ਅਸਲ ਵਿਚ ਇਸ ਪੁਸਤਕ ਦੇ ਤਿੰਨ ਭਾਗ ਹਨ। ਬਾਕੀ ਇਨ੍ਹਾਂ ਤਿੰਨਾਂ ਦੇ ਉਪ ਭਾਗ ਹਨ। ਪਹਿਲੇ ਭਾਗ ਵਿਚ ਦੇਸ ਦੀ ਵੰਡ ਦਾ ਸੰਤਾਪ, ਖਾਲਿਸਤਾਨ ਦੀ ਮੁਹਿੰਮ, ਪੰਜਾਬ ਵਿਚ ਕਤਲੇਆਮ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਲਾਓ ਅਤੇ ਅੰਤ, ਸ੍ਰੀ ਹਰਿਮੰਦਰ ਸਾਹਿਬ ਉਪਰ ਨੀਲਾ ਤਾਰਾ ਅਪ੍ਰੇਸ਼ਨ, ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ, ਭਾਰਤੀ ਸਿਆਸਤ ਦੀ ਗੁੰਝਲਦਾਰ ਸਾਜਿਸ, ਸਿੱਖਾਂ ਵਿਚ ਗੁਪਤਚਰ ਏਜੰਸੀਆਂ ਦੀ ਘੁਸਪੈਠ ਸ਼ਾਮਲ ਹੈ। ਦੂਜੇ ਭਾਗ ਵਿਚ ਸਿੱਖ ਭਾਈਚਾਰੇ ਦੀ ਘੇਰਾਬੰਦੀ ਏਅਰ ਇੰਡੀਆ ਜਹਾਜ ਦਾ ਹਾਦਸਾ, ਸਿੱਖਾਂ ਨੂੰ ਬਦਨਾਮ ਕਰਨ ਕਰਕੇ ਤੇ ਸ਼ੱਕ ਦੀ ਸੂਈ ਸਿੱਖਾਂ ਵਲ ਕਰਨਾ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਸਰਗਰਮੀਆਂ, ਪਰਵਾਸੀਆਂ ਦੀ ਭਾਰਤ ਸਰਕਾਰ ਵੱਲੋਂ ਜਾਸੂਸੀ ਅਤੇ ਸਿੱਖਾਂ ਦਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ। ਤੀਜੇ ਭਾਗ ਵਿਚ ਰਾਇਲ ਕੈਨੇਡੀਅਨ ਮਾਂਉਂਟਿਡ ਪੁਲਿਸ ਵਿਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ, ਵਰਲਡ ਸਿੱਖ ਆਰਗੇਨਾਈਜੇਸਸ਼ਨ ਕੈਨੇਡਾ ਨੇ ਸਿੱਖ ਅਤੇ ਹੋਰ ਸਮੁਦਾਏ ਹਿਤਾਂ ਲਈ ਕੇਸ ਲੜਨੇ ਤੇ ਜਿਤ ਪ੍ਰਾਪਤ ਕਰਨੀ, ਕਾਰੋਬਾਰ ਵਿਚ ਫੈਲਾਓ ਅਤੇ ਗਿਰਾਵਟ, 'ਦਾ ਕੂਇਨ ਗੋਲਡਨ ਜੁਬਲੀ ਮੈਡਲ' ਅਤੇ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਸਨਮਾਨ ਦਾ ਮਿਲਣਾ, ਕ੍ਰਿਪਾਨ ਪਹਿਨਣ ਦਾ ਕੇਸ ਜਿੱਤਣਾ, ਦੂਜੇ ਸਮੁਦਾਏ ਦੇ ਕੇਸ ਲੜਕੇ ਜਿੱਤਣਾ, ਸਿੱਖਾਂ ਦਾ ਮੁੱਖ ਧਾਰਾ ਵਿਚ ਆਉਣਾ ਅਤੇ ਕਾਲੀ ਸੂਚੀ ਵਿਚੋਂ ਨਾਮ ਨਿਕਲਣਾ ਆਦਿ ਸ਼ਾਮਲ ਹਨ। ਭਾਵੇਂ ਪੁਸਤਕ ਦੇ ਇਨ੍ਹਾਂ ਤਿੰਨ ਭਾਗਾਂ ਅਤੇ ਉਪ ਭਾਗਾਂ ਦੇ ਨਾਵਾਂ ਤੋਂ ਹੀ ਉਨ੍ਹਾਂ ਵਿਚਲੀ ਸਮਗਰੀ ਦਾ ਪ੍ਰਗਟਾਵਾ ਹੋ ਜਾਂਦਾ ਹੈ ਪ੍ਰੰਤੂ ਫਿਰ ਵੀ ਪੁਸਤਕ ਪੜ੍ਹਨ ਲਈ ਰੌਚਕਤਾ ਬਰਕਰਾਰ ਰਹਿੰਦੀ ਹੈ।
ਇਸ ਪੁਸਤਕ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਿਆਨ ਸਿੰਘ ਸੰਧੂ ਦਾ ਇਕ ਆਮ ਮੱਧ ਵਰਗੀ ਪਰਿਵਾਰ ਵਿਚੋਂ ਕੈਨੇਡਾ ਵਿਚ ਜਾ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਲਡ ਕੈਨੇਡਾ, ਸਿੱਖ ਇੰਟਰਨੈਸ਼ਨਲ ਸੰਸਥਾ ਦਾ ਮੁੱਖੀ ਬਣਨਾ, ਉਥੋਂ ਦੇ ਲਗਪਗ ਸਾਰੇ ਪ੍ਰਧਾਨ ਮੰਤਰੀਆਂ, ਸੰਸਦ ਤੇ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨਾਲ ਵਰਕਿੰਗ ਤਾਲਮੇਲ ਬਣਾਈ ਰੱਖਣਾ ਅਤੇ ਸਿੱਖ ਜਗਤ ਦੇ ਹਿਤਾਂ ਤੇ ਪਹਿਰਾ ਦੇਣਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾਦਾਇਕ ਸਾਬਤ ਹੋਵੇਗਾ ਹੈ ਕਿਉਂਕਿ ਨੌਜਵਾਨ ਪਨੀਰੀ ਲਈ ਉਹ ਇਕ ਮਾਰਗ ਦਰਸ਼ਕ ਦੇ ਤੌਰ ਤੇ ਜਾਣੇ ਜਾਣਗੇ। ਗਿਆਨ ਸਿੰਘ ਸੰਧੂ ਨੇ ਇਕ ਸਿੱਖ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਦੀ ਪਰਜਾਤੰਤਰ ਪੱਖੀ ਵਿਚਾਰਧਾਰਾ ਨੂੰ ਆਧਾਰ ਬਣਾਕੇ ਕੈਨੇਡਾ ਦੇ ਪ੍ਰਬੰਧਕੀ ਢਾਂਚੇ ਨੂੰ ਦਲੀਲਾਂ ਨਾਲ ਇਹ ਦੱਸਣ ਅਤੇ ਮਨਾਉਣ ਵਿਚ ਸਫਲ ਹੋਇਆ ਹੈ ਕਿ ਕੈਨੇਡਾ ਦਾ ਪਰਜਤੰਤਰਿਕ ਢਾਂਚਾ ਸਿੱਖ ਧਰਮ ਦੀ ਵਿਰਾਸਤ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਉਸਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਵੇਂ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ ਪ੍ਰੰਤੂ ਉਹ ਤੇ ਉਨ੍ਹਾਂ ਦੀਆਂ ਲੜਕੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਉਚ ਅਹੁਦੇ ਤੇ ਮਾਣ ਸਨਮਾਨ ਪ੍ਰਾਪਤ ਕਰਕੇ ਸਿੱਖ ਧਰਮ ਦੇ ਅਨੁਆਈਆਂ ਦਾ ਸਿਰ ਸਮਾਜ ਵਿਚ ਉਚਾ ਕੀਤਾ ਹੈ। ਉਨ੍ਹਾਂ ਦੀ ਇਕ ਲੜਕੀ ਪਲਬਿੰਦਰ ਕੌਰ ਕੇਸਕੀ ਸਜਾਉਂਦੀ ਹੈ ਤੇ ਇਸ ਸਮੇਂ ਉਹ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਇਸ ਤੋਂ ਸਿਖਿਆ ਮਿਲਦੀ ਹੈ ਕਿ ਮਿਹਨਤ ਅਤੇ ਦ੍ਰਿੜ੍ਹਤਾ ਹਮੇਸਾ ਰੰਗ ਲਿਆਉਂਦੀ ਹੈ। ਗਿਆਨ ਸਿੰਘ ਸੰਧੂ ਨੇ ਗਦਰੀ ਬਾਬਿਆਂ ਦੀ ਕੈਨੇਡੀਅਨ ਸਮਾਜ ਵਿਚ ਬਰਾਬਰਤਾ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿਉਂਕਿ ਗਦਰੀ ਬਾਬਿਆਂ ਨਾਲ ਵੀ ਨਸਲੀ ਵਿਤਕਰਿਆਂ ਕਰਕੇ ਅਨੇਕਾਂ ਮੁਸੀਬਤਾਂ ਆਈਆਂ ਸਨ ਇਥੋਂ ਤੱਕ ਕਿ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com