ਕਦੋਂ ਖ਼ਤਮ ਹੋਵੇਗਾ ਪੰਜਾਬ ਵਿੱਚਲਾ ਪਰਿਵਾਰਕ ਸਿਆਸੀ ਗਲਬਾ? - ਗੁਰਮੀਤ ਸਿੰਘ ਪਲਾਹੀ
ਸਿਆਸਤ ਨੂੰ ਪਰਿਵਾਰਵਾਦ ਦੀ ਮਾਰ ਪਈ ਹੋਈ ਹੈ। ਦੇਸ਼ ਭਰ ਵਿੱਚ ਪਰਿਵਾਰਕ ਸਿਆਸਤ ਛਾਈ ਹੋਈ ਹੈ। ਨੇਤਾ ਲੋਕ ਆਪਣੇ ਪੁੱਤਾਂ,ਪੋਤਿਆਂ, ਪੋਤੀਆਂ ਧੀਆਂ ਨੂੰ ਆਪਣੀ ਸਿਆਸੀ ਵਿਰਾਸਤ ਦੇ ਰਹੇ ਹਨ। ਦੇਸ਼ ਦੀ ਸਭ ਤੋਂ ਵੱਡੀ ਰਹੀ ਸਿਆਸੀ ਧਿਰ ਕਾਂਗਰਸ, ਲਗਾਤਾਰ ਪਰਿਵਾਰਵਾਦ ਵਿੱਚ ਗ੍ਰਸੀ ਦਿਖਾਈ ਦੇ ਰਹੀ ਹੈ। ਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਪੁੱਤਰ ਰਾਹੁਲ ਗਾਂਧੀ ਜਾਂ ਧੀ ਪ੍ਰਿਯੰਕਾ ਗਾਂਧੀ ਤੋਂ ਬਿਨ੍ਹਾਂ ਕਾਂਗਰਸ ਦੀ ਵਾਂਗਡੋਰ ਸੰਭਾਲਣ ਵਾਲਾ ਹੋਰ ਕੋਈ ਨੇਤਾ ਕਾਂਗਰਸ ਵਿਚੋਂ ਭਾਉਂਦਾ ਹੀ ਨਹੀਂ। ਕਾਂਗਰਸ ਵਾਂਗਰ ਇੱਕ ਸਦੀ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਜੋ 100ਵੇਂ ਵਰ੍ਹੇ ਵਿੱਚ ਪੈਰ ਧਰ ਬੈਠਾ ਹੈ, ਨੂੰ ਵੀ ਪਰਿਵਾਰਵਾਦ ਨੇ ਲਪੇਟਾ ਮਾਰਿਆ ਹੋਇਆ ਹੈ। ਪੰਜ ਵੇਰ ਸੂਬੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪੁੱਤਰ-ਮੋਹ ਨੇ ਇੰਨਾ ਹਾਲੋਂ-ਬੇਹਾਲ ਕੀਤਾ ਕਿ ਆਪਣੇ ਸਿਆਣੇ, ਚੰਗੀ ਸੋਚ ਵਾਲੇ ਸਾਥੀਆਂ ਨੂੰ ਛੱਡਕੇ ਸਮੇਂ-ਸਮੇਂ ਉਹ ਆਪਣੀ ਤੱਕੜੀ 'ਚ, ਆਪਣੇ ਹੀ ਸਾਵੇਂ ਵੱਟੇ ਪਾਉਂਦਾ ਰਿਹਾ ਅਤੇ ਪਹਿਲਾਂ ਗੁਰਚਰਨ ਸਿੰਘ ਟੋਹੜਾ, ਜਗਦੇਵ ਸਿੰਘ ਤਲਵੰਡੀ, ਸੰਤ ਹਰਚੰਦ ਸਿੰਘ ਲੌਂਗੇਵਾਲ ਵਰਗੇ ਵੱਡੇ ਪੰਥਕ ਨੇਤਾਵਾਂ ਨੂੰ ਨੁਕਰੇ ਲਾਉਣ ਦੀਆਂ ਤਰਕੀਬਾਂ ਨੂੰ ਅਮਲ 'ਚ ਲਿਆਉਂਦਾ ਰਿਹਾ ਅਤੇ ਬਾਅਦ 'ਚ ਆਪਣੇ ਪੁੱਤਰ-ਮੋਹ ਕਾਰਨ, ਆਪਣੇ ਸਿਆਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਉਸਨੇ ਨਹੀਂ ਬਖਸ਼ਿਆ ਅਤੇ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਸਿਆਸੀ ਵਾਰਸ ਬਣਾਉਣ 'ਚ ਕਾਮਯਾਬ ਹੋ ਗਿਆ। ਆਪਣੇ ਸਾਥੀ ਸੁਖਦੇਵ ਸਿੰਘ ਢੀਂਡਸਾ ਵਰਗੇ ਪ੍ਰਪੱਕ ਪੰਥਕ ਆਗੂ ਦੀ ਵੀ ਇਸ ਮਾਮਲੇ 'ਚ ਉਸਨੇ ਕੋਈ ਪ੍ਰਵਾਹ ਨਾ ਕੀਤੀ। ਢੀਂਡਸਾ ਦਾ, ਕੇਂਦਰੀ ਸਰਕਾਰ ਵਿੱਚ ਕੇਂਦਰੀ ਮੰਤਰੀ ਬਨਣ ਦਾ ਹੱਕ ਖੋਹਕੇ, ਆਪਣੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾ ਦਿੱਤਾ।
ਪਰਿਵਾਰਵਾਦ ਦੀ ਇਸ ਕਿਸਮ ਦੀ ਮਿਸਾਲ ਦੇਸ਼ ਦੇ ਹੋਰ ਸੂਬਿਆਂ 'ਚ ਵੀ ਵੇਖਣ ਨੂੰ ਮਿਲਦੀ ਹੈ। ਬਿਹਾਰ 'ਚ ਲਾਲੂ ਪ੍ਰਸ਼ਾਦ, ਯੂ.ਪੀ.ਦਾ ਮੁਲਾਇਮ ਸਿੰਘ ਯਾਦਵ, ਹਰਿਆਣਾ 'ਚ ਚੌਧਰੀ ਦੇਵੀ ਲਾਲ, ਯੂ.ਪੀ. 'ਚ ਮਾਇਆਵਤੀ, ਪਰਿਵਾਰਵਾਦ ਨੂੰ ਉਤਸ਼ਾਹਤ ਕਰਦੇ ਹੋਏ, ਜਿਥੇ ਆਪਣੇ ਵਰਕਰਾਂ ਅਤੇ ਨੇਤਾਵਾਂ ਵਿੱਚ ਆਪਣੀ ਇੱਜ਼ਤ, ਮਾਣ,ਸਤਿਕਾਰ, ਰੁਤਬਾ ਗੁਆ ਬੈਠੇ ਜਾਂ ਘੱਟ ਕਰ ਬੈਠੇ, ਉਥੇ ਸਿਆਸੀ ਤਾਕਤ ਤੋਂ ਵੀ ਹੱਥ ਧੋ ਬੈਠੇ। ਇਹੋ ਹਾਲ ਪੰਜਾਬ ਵਿੱਚ ਬਾਦਲ ਪਰਿਵਾਰ ਦਾ ਹੋਇਆ ਹੈ। ਦਸ ਸਾਲ ਲਗਾਤਾਰ ਭਾਜਪਾ ਨਾਲ ਸਾਂਝ-ਭਿਆਲੀ ਨਾਲ ਸਰਕਾਰ ਚਲਾਕੇ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਪ੍ਰਕਾਸ਼ ਸਿੰਘ ਬਾਦਲ ਬੁਰੀ ਤਰ੍ਹਾਂ ਹਾਰ ਗਏ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਦਰਜ਼ਾ ਵੀ ਹਾਸਲ ਨਾ ਕਰ ਸਕੇ। ਇਥੋਂ ਤੱਕ ਕਿ 2018 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦੀਆਂ 13 ਸੀਟਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ ਦੋ ਲੋਕ ਸਭਾ ਸੀਟਾਂ ਉਤੇ ਜਿੱਤ ਹਾਸਲ ਕੀਤੀ। ਇਹ ਉਹ ਹੀ ਸੀਟਾਂ ਸਨ ਜਿਥੇ ਬਾਦਲ ਪਰਿਵਾਰ ਦੇ ਦੋ ਜੀਅ ਸੁਖਬੀਰ ਸਿੰਘ ਬਾਦਲ ਅਤੇ ਉਹਨਾ ਦੀ ਪਤਨੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਸਨ। ਜਿੱਤ ਉਪਰੰਤ ਹਰਸਿਮਰਤ ਕੌਰ ਮੁੜ ਮੋਦੀ ਸਰਕਾਰ ਦੀ ਦੂਜੀ ਵੇਰ ਬਣੀ ਸਰਕਾਰ ਵਿੱਚ ਕੈਬਨਿਟ ਰੈਂਕ ਦੇ ਮੰਤਰੀ ਵਜੋਂ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ਾਮਲ ਕਰਵਾਈ ਗਈ। ਇਸ ਸਭ ਕੁਝ ਦਾ ਲੋਕਾਂ ਅਤੇ ਵਰਕਰਾਂ ਵਿੱਚ ਮੁੜਕੇ ਫਿਰ ਇਹੋ ਪ੍ਰਭਾਵ ਗਿਆ ਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ''ਆਪਣਿਆਂ ਘਰ ਦਿਆਂ'' ਲਈ ਹੀ ਵਰਤਿਆ ਹੈ, ਦੂਜੇ ਆਪਣੇ ਖੜੇ ਕੀਤੇ ਲੋਕ ਸਭਾ ਦੇ 8 ਉਮੀਦਵਾਰਾਂ ਅਤੇ ਭਾਜਪਾ ਦੇ ਤਿੰਨ ਉਮੀਦਵਾਰਾਂ ਦੀ ਚੋਣ ਮੁਹਿੰਮ 'ਚ ਬਾਦਲਾਂ ਸਾਰ ਨਹੀਂ ਲਈ, ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਹ ਜ਼ੁੰਮੇਵਾਰੀ ਸੁਖਬੀਰ ਸਿੰਘ ਬਾਦਲ ਦੀ ਬਣਦੀ ਸੀ।
ਦੇਸ਼ ਦੀ ਲੋਕ ਸਭਾ ਚੋਣ 2018 ਅਤੇ ਪੰਜਾਬ ਦੀ ਵਿਧਾਨ ਸਭਾ ਚੋਣ 2017 ਤੋਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਨੇਤਾਵਾਂ ਵਿੱਚ ਅਸੰਤੁਸ਼ਟਤਾ ਵੇਖਣ ਨੂੰ ਮਿਲ ਰਹੀ ਸੀ। ਬਾਦਲ ਪਰਿਵਾਰ ਤੋਂ ਵਿਰੋਧ ਵਾਲੀ ਸੁਰ ਰੱਖਣ ਵਾਲਿਆਂ ਅਤੇ ਖ਼ਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਤੇ ਅਕਾਲੀ-ਭਾਜਪਾ ਸਰਕਾਰ ਅਤੇ ਖ਼ਾਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਾ ਕਰਨ ਕਰਕੇ ਮਨ 'ਚ ਰੋਸਾ ਰੱਖਣ ਵਾਲੇ ਨੇਤਾਵਾਂ ਨੂੰ 'ਬਾਦਲ ਪਰਿਵਾਰ' ਵਲੋਂ ਨੁਕਰੇ ਲਗਾ ਦਿੱਤਾ ਗਿਆ। ਸਿੱਟੇ ਵਜੋਂ ਟਕਸਾਲੀ ਅਕਾਲੀ ਦਲ ਹੋਂਦ ਵਿੱਚ ਆਇਆ ਅਤੇ ਉਸ ਦਿਨ, ਜਿਸ ਦਿਨ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵੇਰ,ਆਪਣੇ 600 ਡੇਲੀਗੇਟਾਂ ਵਿੱਚੋਂ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਹਨ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਬਾਗੀ ਹੋਏ ਵੱਖ-ਵੱਖ ਧੜਿਆਂ ਨੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ 'ਚ ਇੱਕ ਪ੍ਰਧਾਨ, ਇੱਕ ਵਿਧਾਨ ਅਤੇ ਇੱਕ ਪਾਰਟੀ ਬਨਾਉਣ ਲਈ ਵੱਡਾ ਇੱਕਠ ਅੰਮ੍ਰਿਤਸਰ ਵਿੱਚ ਕੀਤਾ, ਜਿਸ ਵਿੱਚ ਬੁਲਾਰਿਆਂ ਨੇ ਬਾਦਲਾਂ ਦੇ ਬਾਈਕਾਟ ਦਾ ਸੱਦਾ ਦਿੱਤਾ। ਜ਼ਾਹਰ ਹੈ ਕਿ ਇਹ ਅਕਾਲੀ ਆਗੂ ਬਾਦਲਾਂ ਦੀਆਂ ਧੱਕੇਸ਼ਾਹੀਆਂ ਤੋਂ ਸਤਾਏ ਘਰ ਬੈਠੇ ਆਗੂ ਸਨ, ਜਿਹਨਾ ਨੇ ਬਾਦਲ ਪਰਿਵਾਰ ਉਤੇ ਇਹ ਦੋਸ਼ ਲਾਇਆ ਕਿ ਉਹਨਾ ਨੇ ਸਿੱਖ ਧਰਮ ਅਤੇ ਸਿੱਖ ਸਭਿਆਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਅਜੰਡੇ ਨੂੰ ਤਹਿਸ਼-ਨਹਿਸ਼ ਕਰਕੇ ਰੱਖ ਦਿੱਤਾ ਹੈ। ਇਹਨਾ ਨੇਤਾਵਾਂ 'ਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ, ਮਨਜੀਤ ਸਿੰਘ ਜੀ ਕੇ, ਸੁਖਦੇਵ ਸਿੰਘ ਭੌਰ, ਸੇਵਾ ਸਿੰਘ ਸੇਖਵਾਂ ਜਿਹੇ ਆਗੂ ਸ਼ਾਮਲ ਸਨ। ਸ਼੍ਰੋਮਣੀ ਅਕਾਲੀ ਦਲ (ਮਾਨ) ਨੇ ਭਾਵੇਂ ਆਪਣੀ ਵੱਖਰੀ ਡਫਰੀ ਵਜਾਉਂਦਿਆਂ ਸਿਮਰਨਜੀਤ ਸਿੰਘ ਮਾਨ ਨੂੰ ਅਗਲੇ ਪੰਜ ਸਾਲਾਂ ਲਈ ਪ੍ਰਧਾਨ ਚੁਣ ਲਿਆ ਹੈ, ਪਰ ਉਸ ਦਲ ਵਲੋਂ ਵੀ 'ਬਾਦਲ ਪਰਿਵਾਰ' ਦੇ 'ਅਕਾਲੀ ਦਲ' ਉਤੇ ਵੱਡੇ ਹਮਲੇ ਕੀਤੇ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਹਾੜੇ ਦੇ ਮੌਕੇ ਤੇ ਨਾਰਾਜ਼ ਅਕਾਲੀਆਂ ਨੇ ਬਾਦਲ ਪਰਿਵਾਰ ਉਤੇ ਜਿੱਥੇ 'ਧਨ ਅਤੇ ਬਲ' ਦੀ ਸ਼ਕਤੀ ਇੱਕਠੀ ਕਰਨ ਦਾ ਦੋਸ਼ ਲਾਇਆ, ਉਥੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ, ਜੋ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਸਬੰਧੀ ਕਮੇਟੀ ਹੈ, ਨੂੰ ਵੀ ਆਪਣੇ ਹਿੱਤਾਂ ਲਈ ਵਰਤਣ ਦਾ ਦੋਸ਼ ਲਾਇਆ ਹੈ। ਇਹਨਾ ਨੇਤਾਵਾਂ ਨੇ ਹੋਰਨਾਂ ਮੰਗਾਂ ਦੇ ਨਾਲ-ਨਾਲ ਇੱਕਠ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਹੈ, ਕਿਉਂਕਿ ਇਹ ਨੇਤਾ ਸਮਝਦੇ ਤੇ ਮਹਿਸੂਸ ਕਰਦੇ ਹਨ ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ 'ਬਾਦਲ ਪਰਿਵਾਰ' ਦਾ ਕਬਜ਼ਾ ਹੈ ਅਤੇ ਜਿਸਦਾ ਪ੍ਰਧਾਨ 'ਬਾਦਲ ਪਰਿਵਾਰ' ਵਲੋਂ ਭੇਜੀ ਗਈ 'ਪਰਚੀ' ਨਾਲ ਬਣਦਾ ਹੈ, ਉਦੋਂ ਤੱਕ ਬਾਦਲ ਪਰਿਵਾਰ ਨੂੰ ਸਿੱਖ ਸਿਆਸਤ ਤੋਂ ਲਾਂਭੇ ਨਹੀਂ ਕੀਤਾ ਜਾ ਸਕਦਾ, ਜਿਹਨਾ ਨੇ ਸਿੱਖ ਮੁਦਿਆਂ ਤੋਂ ਕਿਨਾਰਾ ਕਰਕੇ, ਪੰਜਾਬ ਦੇ ਲੋਕਾਂ ਦੀਆਂ ਭਖਦੀਆਂ ਮੰਗਾਂ ਅਤੇ ਸਮੱਸਿਆਵਾਂ ਤੋਂ ਮੁੱਖ ਮੋੜਕੇ ਸਿਰਫ਼ ਆਪਣੇ ਹਿੱਤ ਸਾਹਮਣੇ ਰੱਖਣ ਨੂੰ ਹੀ ਪਹਿਲ ਦਿੱਤੀ ਹੈ।
ਪੰਜਾਬ ਦੀ ਸਿੱਖ ਸਿਆਸਤ ਗੰਭੀਰ ਸੰਕਟ ਵਿੱਚ ਹੈ। ਲੰਮਾ ਸਮਾਂ ਸਿੱਖ ਸਿਆਸਤ ਉਤੇ ਕਾਬਜ਼ ਰਿਹਾ 'ਬਾਦਲ ਪਰਿਵਾਰ' ਹੁਣ ਆਪਣੇ ਭਾਈਵਾਲ ''ਭਾਜਪਾ'' ਦੀਆਂ ਨਜ਼ਰਾਂ ਵਿੱਚ 'ਸ਼ਕਤੀਸ਼ਾਲੀ' ਨਹੀਂ ਰਿਹਾ। ਭਾਜਪਾ ਕਿਉਂਕਿ ਪੰਜਾਬ ਉਤੇ ਇਕੱਲਿਆਂ ਰਾਜ ਕਰਨ ਦੀ ਸਥਿਤੀ ਵਿੱਚ ਨਹੀਂ ਹੈ, ਉਸਨੂੰ ਇਹੋ ਜਿਹੀ ਸਿੱਖ ਲੀਡਰਸ਼ਿਪ ਜਾਂ ਸਿੱਖ ਸਿਆਸਤਦਾਨ ਦੀ ਪੰਜਾਬ ਵਿੱਚ ਲੋੜ ਹੈ, ਜੋ ਪੰਜਾਬ ਵਿਚਲੀ ਕਾਂਗਰਸ ਅਤੇ ਸਰਕਾਰ ਨੂੰ ਟੱਕਰ ਦੇ ਸਕੇ, ਜੋ ਟੱਕਰ ਬਾਦਲ ਪਰਿਵਾਰ ਦੇਣ 'ਚ ਕਾਮਯਾਬ ਹੋ ਰਿਹਾ ਹੈ। ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸਦਾ ਸਬੂਤ ਹਨ। ਦੇਸ਼ 'ਚ ਮੋਦੀ ਲਹਿਰ ਹੋਣ ਦੇ ਬਾਵਜੂਦ ਵੀ ਪੰਜਾਬ ਨੇ ਦੇਸ਼ ਨਾਲੋਂ ਵੱਖਰਾ ਰਾਹ ਅਖਤਿਆਰ ਕੀਤਾ ਹੈ। ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਆਸਤਦਾਨਾਂ ਦੀ ਫੁੱਟ ਅਤੇ ਲੜਾਈ ਦੀ ਇਸ ਘੜੀ'ਚ ਭਾਜਪਾ ਸਰਕਾਰ ਦੇ ਮੁਖੀ ਨਰੇਂਦਰ ਮੋਦੀ ਨੇ ਬਾਦਲ ਪਰਿਵਾਰ ਦੀ ਸਰਪ੍ਰਸਤੀ 'ਚ ਕੰਮ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਵਧਾਈ ਸੰਦੇਸ਼ ਭੇਜਿਆ ਹੈ ਪਰ ਭਾਜਪਾ ਅਤੇ ਕੇਂਦਰ ਸਰਕਾਰ, ਬਾਦਲ ਪਰਿਵਾਰ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਅਗਲਾ ਰੁਖ ਕੀ ਹੋਏਗਾ, ਇਸ ਬਾਰੇ ਹੁਣ ਉਸ ਵੇਲੇ ਤੋਂ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ, ਜਦੋਂ ਤੋਂ ਹਰਿਆਣਾ 'ਚ ਸ੍ਰੋਮਣੀ ਅਕਾਲੀ ਦਲ(ਬ) ਨੇ ਭਾਜਪਾ ਦੇ ਵਿਰੋਧ 'ਚ ਸਟੈਂਡ ਲਿਆ ਅਤੇ ਪੰਜਾਬ ਵਿੱਚ ਵੀ ਉਪ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਦੇਣ ਦੀ ਥਾਂ ਅੰਦਰੋਗਤੀ ਕਾਂਗਰਸ ਉਮੀਦਵਾਰਾਂ ਨੂੰ ਦੇਣ ਦੇ ਚਰਚੇ ਸੁਨਣ ਨੂੰ ਮਿਲੇ। ਵਿਰੋਧੀ ਧਿਰ ਦੋਸ਼ ਤਾਂ ਇਹ ਵੀ ਲਗਾ ਰਹੀ ਹੈ ਕਿ ਬਾਦਲ ਪਰਿਵਾਰ ਤੇ ਕੈਪਟਨ ਆਪਸ ਵਿੱਚ ਰਲੇ ਹੋਏ ਹਨ। ਬਿਨ੍ਹਾਂ ਸ਼ੱਕ ਪਰਿਵਾਰਕ ਸਿਆਸਤ ਨੇ ਸਿੱਖ ਸਿਆਸਤ ਦਾ ਹੀ ਨਹੀਂ, ਪੰਜਾਬ ਦਾ ਵੀ ਵੱਡਾ ਨੁਕਸਾਨ ਕੀਤਾ ਹੈ। ਸਿਆਸੀ ਖੁਦਗਰਜ਼ੀ ਕਾਰਨ ਚਾਪਲੂਸੀ ਦਾ ਮਹੌਲ ਪੰਜਾਬ 'ਚ ਪੈਦਾ ਹੋਇਆ ਹੈ, ਜਿਸ ਨਾਲ ਸਿਆਸੀ ਵਰਕਰ ਸਿਆਸੀ ਧਿਰਾਂ ਤੋਂ ਪਿਛਾਂਹ ਹਟੇ ਹਨ ਅਤੇ ਮਾਫੀਆ ਦੇ ਲੋਕਾਂ ਨੇ ਨੇਤਾਵਾਂ ਦੁਆਲੇ ਘੇਰਾ ਪਾਇਆ ਹੈ। ਨਿੱਤ ਦਿਹਾੜੇ ਮਾਫੀਆ ਗ੍ਰੋਹਾਂ ਦੀਆਂ ਕਾਰਵਾਈਆਂ ਅਤੇ ਸਿਆਸੀ ਲੋਕਾਂ ਵਲੋਂ ਇਹਨਾ ਗੁੰਡਾ ਗਿਰੋਹਾਂ ਨਾਲ ਜੁੜੇ ਹੋਣ ਦੀਆਂ ਖ਼ਬਰਾਂ ਆਮ ਲੋਕਾਂ ਨੂੰ ਚਿੰਤਤ ਕਰ ਰਹੀਆਂ ਹਨ। ਉਪਰੋਂ ਸ਼੍ਰੋਮਣੀ ਅਕਾਲੀ ਦਲ ਦੇ ਰਾਜਾਂ ਲਈ ਖੁਦਮੁਖਤਿਆਰੀ ਦੇ ਅਜੰਡੇ ਨੂੰ ਕਹਿਣ ਨੂੰ ਤਾਂ ਭਾਵੇਂ ਅਪਨਾਈ ਰੱਖਿਆ, ਪਰ ਆਪਣੀ ਭਾਈਵਾਲ ਭਾਜਪਾ ਵਲੋਂ ਰਾਜਾਂ ਦੀ ਖੁਦਮੁਖਤਿਆਰੀ ਦੇ ਹੱਕ ਨੂੰ ਜਦੋਂ ਵੀ ਸੱਟ ਮਾਰੀ, ਉਦੋਂ 'ਬਾਦਲ ਪਰਿਵਾਰ' ਨੇ ਆਪਣੇ ਬੁਲ੍ਹ ਸੀਤੇ ਰੱਖੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਲੋਕਾਂ ਵਿਚੋਂ ਲਗਾਤਾਰ ਡਿੱਗਿਆ ਹੈ।
ਦੇਸ਼ ਭਰ ਵਿੱਚ ਖਾਸ ਕਰਕੇ ਇਲਾਕਾਈ ਸਿਆਸੀ ਪਾਰਟੀਆਂ ਦੇ ਨੇਤਾ, ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਆਪਣੇ ਵਾਰਸ ਮੰਨਕੇ ਉਹਨਾ ਨੂੰ ਪਾਰਟੀ ਪੱਧਰ ਉਤੇ ਅਤੇ ਸਰਕਾਰ 'ਚ ਆਉਣ ਵੇਲੇ ਵੱਡੇ ਆਹੁਦੇ ਦਿੰਦੇ ਹਨ, ਜੋ ਦੇਸ਼ ਦੀ ਸਿਆਸਤ ਲਈ ਚੰਗਾ ਸ਼ਗਨ ਨਹੀਂ ਹੈ।
ਧਰਮ, ਪਰਿਵਾਰਵਾਦ ਵਾਲੀ ਸਿਆਸਤ ਹੀ ਦੇਸ਼ ਵਿੱਚ ਪ੍ਰਫੁਲਤ ਹੋ ਰਹੀ ਹੈ, ਜੋ ਕਿ ਦੇਸ਼ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਸਾਬਤ ਹੋਏਗੀ।
-ਗੁਰਮੀਤ ਸਿੰਘ ਪਲਾਹੀ
-9815802070
-(ਪੰਜਾਬੀ ਫੀਚਰ ਸਿੰਡੀਕੇਟ ਵਲੋਂ ਜਾਰੀ)