ਭੋਗ ਤੇ ਵਿਸਸ਼ੇ : ਧਾਰਮਿਕ ਬਿਰਤੀ ਨੂੰ ਪ੍ਰਣਾਇਆ ਬਾਬਾ ਨਿਰਮਲ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ - ਉਜਾਗਰ ਸਿੰਘ
ਪੰਜਾਬ ਦੀ ਧਰਤੀ 'ਤੇ ਸੰਤਾਂ, ਮਹਾਂ ਪੁਰਸ਼ਾਂ ਅਤੇ ਅਧਿਆਤਮਕ ਦਰਵੇਸਾਂ ਨੇ ਜਨਮ ਲਿਆ ਅਤੇ ਪੰਜਾਬ ਦੀ ਸਰ ਜ਼ਮੀਂ ਨੂੰ ਆਪਣੀ ਦਰਵੇਸ਼ੀ ਨਾਲ ਧਾਰਮਿਕ ਰੰਗ ਵਿਚ ਰੰਗ ਦਿੱਤਾ। ਅਧਿਆਤਮਿਕਤਾ ਦੀ ਖ਼ੁਸ਼ਬੂ ਨੇ ਪੰਜਾਬੀਆਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਪ੍ਰੇਰਨਾ ਭਰ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸਾਨੀ ਅਤੇ ਦਿਹਾਤੀ ਇਲਾਕਿਆਂ ਵਿਚ ਵਸਣ ਵਾਲੇ ਲੋਕ ਸਿੱਖ ਧਰਮ ਨੂੰ ਤਾਂ ਮੰਨਦੇ ਸਨ ਪ੍ਰੰਤੂ ਅੰਮ੍ਰਿਤਧਾਰੀ ਨਹੀਂ ਸਨ। ਸਿੰਘ ਸਭਾ ਲਹਿਰ ਅਧੀਨ ਲੁਧਿਆਣਾ ਜਿਲ੍ਹੇ ਦੇ ਰਾੜਾ ਸਾਹਿਬ ਅਤੇ ਰਾਮਪੁਰ ਪਿੰਡ ਕੋਲ ਰੇਰੂ ਸਾਹਿਬ ਵਿਖੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰੂ ਘਰਾਂ ਦੀ ਸਥਾਪਨਾ ਹੋਈ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਗੁਰਮਤਿ ਦੀ ਇਸ ਲਹਿਰ ਨੇ ਦਿਹਾਤੀ ਇਲਾਕਿਆਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਰਵ ਪ੍ਰਵਾਨ ਕਰਕੇ ਨੌਜਵਾਨ ਪੀੜ੍ਹੀ ਦੀ ਰਹਿਨੁਮਾਈ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਦੀ ਬਖ਼ਸ਼ਿਸ਼ ਨਾਲ ਪਿੰਡਾਂ ਵਿਚ ਵੀ ਗੁਰਮਤਿ ਦੀ ਲਹਿਰ ਦਾ ਅਜਿਹਾ ਅਸਰ ਹੋਇਆ ਕਿ ਪਿੰਡਾਂ ਦੇ ਨੌਜਵਾਨ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ। ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੋਰਾਹਾ ਅਤੇ ਪਾਇਲ ਦੇ ਅੱਧ ਵਿਚਕਾਰ ਜਰਨੈਲੀ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਹੈ, ਜਿਹੜਾ ਪੜ੍ਹੇ ਲਿਖੇ ਵਿਦਵਾਨਾਂ, ਗੀਤਕਾਰਾਂ, ਡਾਕਟਰਾਂ, ਇੰਜਨੀਅਰਾਂ, ਪ੍ਰੋਫੈਸਰਾਂ, ਖਿਡਾਰੀਆਂ, ਵਕੀਲਾਂ, ਕਵੀਆਂ, ਗਾਇਕਾਂ, ਕਲਾਕਾਰਾਂ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸ ਪਿੰਡ ਵਿਚ ਵੀ ਗੁਰਮਤਿ ਲਹਿਰ ਦਾ ਅਜਿਹਾ ਵਾਵਰੋਲਾ ਉਠਿਆ ਕਿ ਪਿੰਡ ਦੇ ਨੌਜਵਾਨਾਂ ਨੇ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਬੀੜਾ ਚੁੱਕਿਆ। ਅਜਿਹੇ ਨੌਜਵਾਨਾ ਵਿਚ ਇਕ ਅਜਿਹਾ ਫ਼ਕਰ ਕਿਸਮ ਦਾ ਨੌਜਵਾਨ ਸੀ, ਦਿਆਲ ਸਿੰਘ ਜਿਹੜਾ 3 ਭਰਾਵਾਂ ਬਖਤੌਰ ਸਿੰਘ, ਸੰਪੂਰਨ ਸਿੰਘ, ਭਾਗ ਸਿੰਘ, ਦੋ ਭੈਣਾਂ ਗੁਰਨਾਮ ਕੌਰ ਅਤੇ ਹਰਬੰਸ ਕੌਰ ਦਾ ਲਾਡਲਾ ਭਰਾ ਸੀ। ਉਸਦਾ ਜਨਮ 12 ਜੂਨ 1931 ਨੂੰ ਪਿਤਾ ਪੰਜਾਬ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਪਿੰਡ ਕੱਦੋਂ ਵਿਚ ਹੋਇਆ। ਦਿਆਲ ਸਿੰਘ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਸੀ ਪ੍ਰੰਤੂ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਲਹਿਰ ਵਿਚ ਉਹ ਅਜਿਹਾ ਸ਼ਾਮਲ ਹੋਇਆ ਕਿ ਉਹ ਗੁਰੂ ਘਰ ਨੂੰ ਪ੍ਰਣਾਇਆ ਗਿਆ ਅਤੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਸੰਤ ਈਸ਼ਰ ਸਿੰਘ ਕੋਲ ਕਰਮਸਰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਜਾ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਘਰ ਦੇ ਹੀ ਲੇਖੇ ਆਪਣਾ ਸਾਰਾ ਜੀਵਨ ਲਾਉਣ ਦਾ ਪ੍ਰਣ ਕਰ ਲਿਆ। ਅੰਮ੍ਰਿਤ ਛੱਕਣ ਤੋਂ ਬਾਅਦ ਉਸਦਾ ਨਾਮ ਨਿਰਮਲ ਸਿੰਘ ਰੱਖਿਆ ਗਿਆ, ਜਿਸਦਾ ਜੀਵਨ ਸਵੱਛ ਪਾਣੀ ਦੀ ਤਰ੍ਹਾਂ ਨਿਰਮਲ ਅਤੇ ਪਵਿਤਰ ਸੀ। ਬਾਬਾ ਨਿਰਮਲ ਸਿੰਘ ਸੰਤ ਈਸ਼ਰ ਸਿੰਘ ਨਾਲ ਜਦੋਂ ਕੀਰਤਨ ਕਰਦੇ ਸਨ ਤਾਂ ਉਹ ਉਨ੍ਹਾਂ ਦੇ ਜਥੇ ਵਿਚ ਬਰਛਾ ਲੈ ਕੇ ਖੜ੍ਹਦਾ ਸੀ। ਜਦੋਂ ਸੰਤਾਂ ਦੇ ਕੀਰਤਨ ਨਹੀਂ ਹੁੰਦੇ ਸਨ ਤਾਂ ਉਹ ਲੰਗਰ ਵਿਚ ਸੇਵਾ ਕਰਦਾ ਸੀ। ਉਸਨੇ ਪਿੰਡ ਕੱਦੋਂ ਦੇ ਸਕੂਲ ਦੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ, ਉਨ੍ਹਾਂ ਨੂੰ ਰਾੜਾ ਸਾਹਿਬ ਗੁਰਦੁਆਰੇ ਵਿਚ ਲਿਜਾਉਣ ਦਾ ਪ੍ਰਬੰਧ ਵੀ ਕੀਤਾ। ਪਿੰਡ ਦੇ ਹੋਰ ਲੋਕਾਂ ਨੂੰ ਵੀ ਅਮ੍ਰਿਤ ਛੱਕਣ ਲਈ ਪ੍ਰੇਰ ਕੇ ਲੈ ਕੇ ਜਾਂਦੇ ਸਨ। ਉਸਦੇ ਉਦਮ ਸਦਕਾ ਪਿੰਡ ਕੱਦੋਂ ਵਿਖੇ 1972 ਵਿਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸਜਾਏ ਗਏ, ਜਿਸ ਵਿਚ ਪਿੰਡ ਕੱਦੋਂ ਅਤੇ ਉਸਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਅਮ੍ਰਿਤ ਪਾਨ ਕੀਤਾ। 1975 ਤੱਕ ਆਪ ਗੁਰਦੁਆਰਾ ਰਾੜਾ ਸਾਹਿਬ ਵਿਚ ਸੇਵਾ ਕਰਦੇ ਰਹੇ। ਜਦੋਂ 1975 ਵਿਚ ਸੰਤ ਈਸ਼ਰ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਬਾਬਾ ਨਿਰਮਲ ਸਿੰਘ ਆਪਣੇ ਪਿੰਡ ਕੱਦੋਂ ਆ ਗਏ। ਕੱਦੋਂ ਪਿੰਡ ਦੇ ਬਾਹਰਵਾਰ ਸ਼ਮਸ਼ਾਨ ਘਾਟ ਦੋਰਾਹੇ ਵਾਲੇ ਪਾਸੇ ਕਾਫੀ ਵੱਡੀ ਝਿੜੀ ਵਿਚ ਬਣੀ ਹੋਈ ਹੈ। ਦੋਰਾਹੇ ਜਾਣ ਲਈ ਲੋਕ ਭੂਤਾਂ ਪ੍ਰੇਤਾਂ ਤੋਂ ਡਰਦੇ ਦੂਸਰੇ ਰਸਤੇ ਦੋਰਾਹੇ ਨੂੰ ਵਿੰਗ ਵਲ ਪਾ ਕੇ ਜਾਂਦੇ ਸਨ। ਬਾਬਾ ਮੇਜਰ ਸਿੰਘ, ਬਾਬਾ ਨਿਰਮਲ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਇੱਕ ਟਰੱਸਟ ਬਣਾਕੇ ਫੈਸਲਾ ਕੀਤਾ ਕਿ ਇਸ ਸ਼ਮਸ਼ਾਨ ਘਾਟ ਵਿਚ ਗੁਰਦੁਆਰਾ ਬਣਾਇਆ ਜਾਵੇ ਤਾਂ ਜੋ ਲੋਕਾਂ ਵਿਚੋਂ ਡਰ ਖ਼ਤਮ ਹੋ ਜਾਵੇ, ਲੋਕਾਂ ਵਿਚ ਸਿੱਖ ਧਰਮ ਨਾਲ ਜੁੜ ਜਾਣ ਅਤੇ ਦੋਰਾਹੇ ਜਾਣ ਲਈ ਲੋਕ ਸਿਧੇ ਰਸਤੇ ਜਾ ਸਕਣ। ਇਨ੍ਹਾਂ ਨੇ 1976 ਵਿਚ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਸਰੋਵਰ ਅਤੇ ਫਿਰ 1977 ਵਿਚ ਗੁਰੂ ਘਰ ਦੀ ਉਸਾਰੀ ਸ਼ੁਰੂ ਕੀਤੀ, ਜਿਥੇ ਹੁਣ ਆਲੀਸ਼ਾਨ ਬਾਬਾ ਸਿੱਧਸਰ ਗੁਰੂ ਘਰ ਅਤੇ ਇਕ ਸਿਵਲ ਹਸਪਤਾਲ ਗੁਰੂ ਘਰ ਦੇ ਟਰੱਸਟ ਦੀ ਸਰਪਰਸਤੀ ਹੇਠ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਰਾੜਾ ਸਾਹਿਬ ਤੋਂ ਵਾਪਸ ਆ ਕੇ ਬਾਬਾ ਨਿਰਮਲ ਸਿੰਘ ਸਿੱਧਸਰ ਗੁਰੂ ਘਰ ਵਿਚ ਹੀ ਰਹਿਣ ਲੱਗ ਪਏ ਸੀ। 1980 ਵਿਚ ਜਦੋਂ ਸਰਦਾਰ ਬੇਅੰਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਨ ਤਾਂ ਉਨ੍ਹਾਂ ਪਿੰਡ ਤੋਂ ਸਿੱਧਸਰ ਗੁਰੂ ਘਰ ਤੱਕ ਪੱਕੀ ਸੜਕ ਬਣਵਾ ਦਿੱਤੀ ਸੀ। ਇਸ ਸੜਕ ਦੇ ਆਲੇ ਦੁਆਲੇ ਲੋਹੇ ਦਾ ਜੰਗਲਾ, ਲਾਈਟਾਂ ਅਤੇ ਗੁਰੂ ਘਰ ਤੋਂ ਕੀਰਤਨ ਸੁਣਨ ਲਈ ਸਪੀਕਰ ਪਿੰਡ ਦੀ ''ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ'' ਨੇ ਲਗਵਾ ਦਿੱਤੀਆਂ ਹਨ। ਬਾਬਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਬਾਬਾ ਨਿਰਮਲ ਸਿੰਘ ਦੇ ਬਿਮਾਰ ਹੋਣ ਕਰਕੇ ਉਸਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਸੀ। ਗੁਰਦੁਆਰਾ ਸਿੱਧਸਰ ਦੀ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਸਕੱਤਰ ਮਾਸਟਰ ਗੁਰਦੇਵ ਸਿੰਘ ਨੇ ਵੀ ਦੋ ਸਾਲ ਪਹਿਲਾਂ ਗੁਰੂ ਘਰ ਦੀ ਜ਼ਿੰਮੇਵਾਰੀ ਪਿੰਡ ਦੇ ਨੌਜਵਾਨਾ ਦੇ ਹੱਥ ਦੇ ਦਿੱਤੀ ਹੈ। ਗੁਰੂ ਘਰ ਸਿੱਧਸਰ ਵਿਚ ਸਿਆਸਤ ਨਾ ਹੋਣ ਕਰਕੇ ਹਸਪਤਾਲ ਅਤੇ ਗੁਰੂਘਰ ਦਾ ਕੰਮ ਵਧੀਆ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ 88 ਸਾਲ ਦੀ ਉਮਰ ਭੋਗ ਕੇ 14 ਦਸੰਬਰ 2019 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਭੋਗ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਿੱਧਸਰ ਪਿੰਡ ਕੱਦੋਂ ਵਿਖੇ 22 ਦਸੰਬਰ ਨੂੰ 12 ਵਜੇ ਦੁਪਹਿਰ ਤੋਂ 2 ਵਜੇ ਤੱਕ ਹੋਵੇਗੀ।
ਤਸਵੀਰ- ਬਾਬਾ ਨਿਰਮਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com